ਇੰਪੀਰੀਅਲ ਐਜੂਕੇਸ਼ਨ ਵਲੋਂ ਵਿਦੇਸ਼ ਭੇਜਣ ਦੇ ਨਾਂ ‘ਤੇ 5 ਕਰੋੜ ਦੀ ਠੱਗੀ
ਜਲੰਧਰ, 19 ਫਰਵਰੀ (ਪੰਜਾਬ ਮੇਲ)-ਬੱਸ ਅੱਡੇ ਦੇ ਕੋਲ 7 ਮਹੀਨੇ ਪਹਿਲਾਂ ਖੁਲ੍ਹੀ ਇੰਪੀਰੀਅਲ ਐਜੂਕੇਸ਼ਨ ਕਰੀਬ 5 ਕਰੋੜ ਰੁਪਏ ਦੀ ਠੱਗੀ ਕਰਕੇ ਫਰਾਰ ਹੋ ਗਈ ਹੈ। ਇਹ ਕੰਪਨੀ ਲੋਕਾਂ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ ਕਬੂਤਰਬਾਜ਼ੀ ਕਰਦੀ ਸੀ।
ਪੁਲਿਸ ਨੇ ਇੰਪੀਰੀਅਲ ਐਜੈਕੇਸ਼ਨ ਦੇ ਮਾਲਕ ਅਰਵਿੰਦਰ ਮੌੜ, ਉਸ ਦੀ ਪਤਨੀ ਸ਼ਿਵਾਨੀ, ਪਿਤਾ ਸੁਰੇਸ਼ ਮੌੜ , ਉਸ ਦੀ ਮਾਂ ਬਬੀਤਾ ਮੌੜ ਅਤੇ ਭੂਆ ਸੁਮਿਤਰਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸੋਨੀਪਤ ਦੇ ਸੈਕਟਰ 15 ਵਿਚ ਰਹਿੰਦੀ ਸੁਮਿਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੌੜ ਪਰਿਵਾਰ ਮੂਲ ਤੌਰ ‘ਤੇ ਸੋਨੀਪਤ ਦੀ ਰਹਿਣ ਵਾਲੀ ਹੈ ਅਤੇ ਵਰਤਮਾਨ ਵਿਚ ਛੋਟੀ ਬਾਰਾਦਰੀ ਵਿਚ ਰਹਿੰਦੀ ਸੀ।
ਡੀਸੀਪੀ ਜੀਐਸ ਔਲਖ ਨੇ ਕਿਹਾ ਕਿ ਫਰਾਰ ਦੋਸ਼ੀਆਂ ਦੀ ਐਲਓਸੀ ਜਾਰੀ ਕੀਤੀ ਗਈ ਹੈ। ਦੋਸ਼ੀ ਦੇ ਦਫ਼ਤਰ ਦੀ ਸਰਚ ਕਰਨ ‘ਤੇ 26 ਪਾਸਪੋਰਟ ਮਿਲੇ ਹਨ। ਡੀਸੀਪੀ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਪੁਲਿਸ ਦੇ ਕੋਲ 20 ਸ਼ਿਕਾਇਤਾਂ ਆਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਸਪੋਰਟ ਧਾਰਕਾਂ ਨੂੰ ਬੁਲਾਇਆ ਜਾ ਰਿਹਾ ਹੈ। ਮੁੱਖ ਦੋਸ਼ੀ ਅਰਵਿੰਦਰ ਮੌੜ ਦੇ ਵਿਦੇਸ਼ ਭੱਜ ਜਾਣ ਦੀ ਚਰਚਾ ਨੂੰ ਲੈ ਕੇ ਡੀਸੀਪੀ ਨੇ ਕਿਹਾ ਕਿ ਅਜਿਹੀ ਸੂਚਨਾ ਉਨ੍ਹਾਂ ਕੋਲ ਨਹੀਂ ਹੈ।
ਡੀਸੀਪੀ ਅਨੁਸਾਰ ਸ਼ੁੱਕਰਵਾਰ ਨੂੰ ਪਿੰਡ ਮੁਬਾਰਕਪੁਰ ਦੀ ਰਹਿਣ ਵਾਲੀ ਰੁਪਿੰਦਰ ਕੌਰ ਦੇ ਜ਼ਰੀਏ ਮਾਮਲਾ ਪੁਲਿਸ ਦੇ ਨੋਟਿਸ ਵਿਚ ਆਇਆ ਸੀ। ਇਸ ਔਰਤ ਦੇ ਨਾਲ ਦਸ ਲੱਖ ਦੀ ਠੱਗੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਫਰਾਰ ਦੋਸ਼ੀ ਫੜਨ ਦੇ ਲਈ ਵਿਸ਼ੇਸ਼ ਪੁਲਿਸ ਪਾਰਟੀਆਂ ਰੇਡ ਕਰ ਰਹੀਆਂ ਹਨ। ਸੁਮਿਤਰਾ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।