ਇਟਲੀ ‘ਚ ਨਸ਼ੇ ਦਾ ਕਾਰੋਬਾਰ ਕਰਦੇ ਚਾਰ ਪੰਜਾਬੀ ਕਾਬੂ
ਮਿਲਾਨ, 20 ਫਰਵਰੀ (ਪੰਜਾਬ ਮੇਲ)- ਇਟਲੀ ਦੀ ਪੁਲਸ ਨੇ ਚਾਰ ਭਾਰਤੀ ਨੌਜਵਾਨਾਂ ਨੂੰ ਨਸ਼ਿਆਂ ਦੀ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਇਨ੍ਹਾਂ ਦੀ ਲੰਬੇ ਸਮੇਂ ਤੋਂ ਭਾਲ ਸੀ।
ਇਟਲੀ ਦੇ ਕਾਸੇਰਤਾ ਦੀ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਭਾਰਤੀ ਨੌਜਵਾਨਾਂ ਦਾ ਇਕ ਗਰੋਹ ਤੇਰਾਚੀਨਾ ਵਿੱਚ ਨਸ਼ਿਆਂ ਦੀ ਤਸਕਰੀ ਕਰਨ ਵਿੱਚ ਸਰਗਰਮ ਹੈ। ਕੰਪਾਨੀਆ ਖੇਤਰ ਦੇ ਕਮੂਨਾ ਕਾਸਤੇਲਵੋਲਤੂਰਨੋ ਦੀ ਪੁਲਸ ਨੇ ਇਨ੍ਹਾਂ ਚਾਰ ਭਾਰਤੀਆਂ ਦੀਆਂ ਸਰਗਰਮੀਆਂ ਉੱਤੇ ਸਖਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਤੇਰਾਚੀਨਾ ਵਾਸੀ 25 ਸਾਲਾ ਮਨਦੀਪ ਮਹੇ, 30 ਸਾਲਾ ਗੁਰਦੀਪ ਮਹੇ, 37 ਸਾਲਾ ਮਹਾਂਬੀਰ ਸਿੰਘ ਤੇ 39 ਸਾਲਾ ਪ੍ਰਗਟ ਸਿੰਘ ਨੂੰ ਇਕ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ ਸਵਾਰ ਹੋ ਕੇ ਇਹ ਚਾਰੇ ਭਾਰਤੀ ਨਸ਼ੇ ਦੀ ਤਸਕਰੀ ਕਰਦੇ ਸਨ। ਇਨ੍ਹਾਂ ਦੀ ਭਾਲ ‘ਚ ਪਹਿਲਾਂ ਤੋਂ ਲੱਗੀ ਪੁਲਸ ਨੇ ਇਨ੍ਹਾਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਇਹ ਨਸ਼ਾ ਵੇਚਣ ਲਈ ਇਸ ਇਲਾਕੇ ‘ਚ ਪਹੁੰਚੇ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 50 ਨਸ਼ੇ ਦੇ ਕੈਪਸੂਲ, ਹੈਰੋਇਨ ਦੇ ਕੈਪਸੂਲ ਜਿਨ੍ਹਾਂ ਨੂੰ ਚਿਪਸ ਦੇ ਪੈਕਟਾਂ ਚ ਛੁਪਾ ਕੇ ਰੱਖਿਆ ਗਿਆ ਸੀ, ਬਰਾਮਦ ਕੀਤੇ ਗਏ। ਇਸ ਸਮੇਂ ਇਹ ਚਾਰੇ ਦੋਸ਼ੀ ਭਾਰਤੀ, ਸਾਂਤਾ ਮਾਰੀਆ ਕਾਪੂਆ ਵੇਤੇਰੇ ਦੀ ਜੇਲ ‘ਚ ਹਨ ‘ਤੇ ਅਦਾਲਤ ਦੇ ਅਗਲੇ ਹੁਕਮਾਂ ਤੱਕ ਇਥੇ ਪੁਲਸ ਹਿਰਾਸਤ ‘ਚ ਰਹਿਣਗੇ।