ਟਰੰਪ ਦੇ ਰੂਸ ਨਾਲ ਸਬੰਧਾਂ ਬਾਰੇ ਖੁਫੀਆ ਏਜੰਸੀਆਂ ਦੇ ਆਗੂਆਂ ਵਿਚਾਲੇ ਝਗੜਾ ਹੋਇਆ ਜੱਗ ਜ਼ਾਹਿਰ
ਵਾਸ਼ਿੰਗਟਨ, 1 ਮਾਰਚ (ਪੰਜਾਬ ਮੇਲ)- ਖੁਫੀਆ ਏਜੰਸੀ ਦੇ ਆਗੂਆਂ ਵਿਚਾਲੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਰੂਸ ਨਾਲ ਸਬੰਧਾਂ ਨੂੰ ਲੈ ਕੇ ਚੱਲ ਰਿਹਾ ਝਗੜਾ ਸੋਮਵਾਰ ਨੂੰ ਲੋਕਾਂ ਸਾਹਮਣੇ ਆ ਗਿਆ।
ਰਿਪਬਲਿਕਨ ਕਮੇਟੀ ਦੇ ਚੇਅਰਮੈਨ ਕੈਲੀਫੋਰਨੀਆ ਦੇ ਡੈਵਿਨ ਨੂਨਜ਼ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਕਿ ਟਰੰਪ ਦੇ ਰੂਸ ਨਾਲ ਸਬੰਧਾਂ ਦਾ ਖੁਲਾਸਾ ਹੋ ਸਕੇ, ਨਾ ਹੀ ਟਰੰਪ ਦੇ ਦਾਇਰੇ ਵਿਚ ਕੋਈ ਅਜਿਹਾ ਸ਼ਖ਼ਸ ਹੈ, ਜਿਸ ਦੇ ਰੂਸ ਨਾਲ ਸਬੰਧ ਹੋਣ। ਦੂਜੇ ਪਾਸੇ ਕੈਲੀਫੋਰਨੀਆ ਤੋਂ ਹੀ ਕਮੇਟੀ ਵਿਚ ਸ਼ਾਮਲ ਡੈਮੋਕ੍ਰੈਟ ਐਡਮ ਸ਼ਿਫ ਦਾ ਕਹਿਣਾ ਹੈ ਕਿ ਕਮੇਟੀ ਦੀ ਜਾਂਚ ਅਜੇ ਪੂਰੀ ਨਹੀਂ ਹੋਈ ਹੈ ਤੇ ਇਸ ਤਰ੍ਹਾਂ ਦੇ ਸਿੱਟਿਆਂ ਉੱਤੇ ਪਹੁੰਚਣਾ ਜਲਦਬਾਜ਼ੀ ਵਾਲੀ ਗੱਲ ਹੋਵੇਗੀ।
ਸੋਮਵਾਰ ਨੂੰ ਇੱਕ ਵਾਰੀ ਫਿਰ ਇਨ੍ਹਾਂ ਅਜੀਬ ਹਾਲਾਤ ਦੀ ਜਾਂਚ ਲਈ ਵਿਸ਼ੇਸ਼ ਪ੍ਰੌਸੀਕਿਊਟਰ ਲਾਏ ਜਾਣ ਦੀ ਵੀ ਮੰਗ ਕੀਤੀ ਗਈ। ਫੈਡਰਲ ਜਾਂਚਕਰਤਾ ਕਈ ਮਹੀਨਿਆਂ ਤੋਂ ਟਰੰਪ ਦੇ ਸਲਾਹਕਾਰਾਂ ਤੇ ਰੂਸ ਦਰਮਿਆਨ ਕਿਸੇ ਤਰ੍ਹਾਂ ਦੇ ਸਬੰਧਾਂ ਦੀ ਜਾਂਚ ਕਰ ਰਹੇ ਹਨ। ਇਸ ਤੋਂ ਇਲਾਵਾ ਟਰੰਪ ਦੀ ਚੋਣ ਮੁਹਿੰਮ ਦੌਰਾਨ ਰੂਸ ਵੱਲੋਂ ਕਿਸੇ ਤਰ੍ਹਾਂ ਦੀ ਸਿਆਸੀ ਹੈਕਿੰਗ ਵਿਚ ਨਿਭਾਈ ਕਥਿਤ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਟਰੰਪ ਨੇ ਆਖਿਆ ਕਿ ਉਨ੍ਹਾਂ ਪਿਛਲੇ ਦਸ ਸਾਲਾਂ ਵਿਚ ਕਦੇ ਰੂਸ ਨਾਲ ਸੰਪਰਕ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਹਾਊਸ ਤੇ ਸੈਨੇਟ ਖੁਫੀਆ ਕਮੇਟੀਆਂ ਵੱਖੋ-ਵੱਖਰੇ ਤੌਰ ਉੱਤੇ ਜਾਂਚ ਕਰ ਰਹੀਆਂ ਹਨ। ਪਰ ਪਿਛਲੇ ਹਫਤੇ ਹੋਏ ਖੁਲਾਸੇ ਕਿ ਵਾਈਟ ਹਾਊਸ ਵੱਲੋਂ ਇਨ੍ਹਾਂ ਕਮੇਟੀਆਂ ਦੇ ਚੇਅਰਮੈਨ ਦੀ ਇਹ ਜ਼ਿੰਮੇਵਾਰੀ ਲਾਈ ਗਈ ਹੈ ਕਿ ਇਸ ਸਬੰਧੀ ਖਬਰਾਂ ਬਾਹਰ ਨਾ ਆਉਣ ਦਿੱਤੀਆਂ ਜਾਣ, ਜਿਸ ਕਾਰਨ ਚਿੰਤਾਵਾਂ ਹੋਰ ਵੱਧ ਗਈਆਂ ਹਨ। ਹੁਣ ਸਾਰਿਆਂ ਨੂੰ ਇਹ ਲੱਗਣ ਲੱਗਿਆ ਹੈ ਕਿ ਕਿਤੇ ਕਾਂਗਰਸ ਵੱਲੋਂ ਕਰਵਾਈ ਜਾਣ ਵਾਲੀ ਜਾਂਚ ਸਿਆਸੀ ਤੌਰ ਉੱਤੇ ਤਾਂ ਪ੍ਰਭਾਵਿਤ ਨਹੀਂ ਹੈ।