ਟਰੰਪ ਨੇ ਇੰਮੀਗ੍ਰੇਸ਼ਨ ਮਾਮਲੇ ‘ਚ ਆਪਣੇ ਸੁਰ ਕੀਤੇ ਨਰਮ
ਵਾਸ਼ਿੰਗਟਨ, 1 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੁਰ ਪਹਿਲਾਂ ਨਾਲੋਂ ਕੁੱਝ ਨਰਮ ਕੀਤੇ ਹਨ। ਮੰਗਲਵਾਰ ਨੂੰ ਇਥੇ ਸਾਂਝੇ ਸਦਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦਾ ਭਾਸ਼ਨ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਅਤੇ ਆਪਣੀ ਜਿੱਤ ਤੋਂ ਬਾਅਦ ਦਿੱਤੇ ਪਹਿਲੇ ਭਾਸ਼ਨ ਨਾਲੋਂ ਕਾਫੀ ਨਰਮੀ ਵਿਚ ਸੀ। ਟਰੰਪ ਨੇ ਆਪਣੇ ਭਾਸ਼ਨ ਦੇ ਸ਼ੁਰੂਆਤ ਵਿਚ ਹੀ ਕੈਨਸਾਸ ਵਿਚ ਦੋ ਭਾਰਤੀਆਂ ਦੇ ਮਾਰੇ ਜਾਣ ਅਤੇ ਜਿਊਸ਼ ਕਮਿਊਨਿਟੀ ਸੈਂਟਰ ਵਿਖੇ ਹੋਏ ਨਸਲ ਭੇਦਭਾਵ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਅੱਤਵਾਦ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਦੇ ਹਾਂ। ਪਰ ਅਸੀਂ ਆਪਣੇ ਨਾਗਰਿਕਾਂ ਨੂੰ ਕੱਟੜਵਾਦੀ ਇਸਲਾਮਿਕ ਅੱਤਵਾਦ ਤੋਂ ਬਚਾਉਣ ਲਈ ਜ਼ਰੂਰੀ ਕਦਮ ਵੀ ਚੁੱਕ ਰਹੇ ਹਾਂ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਅਮਰੀਕਾ ਵਿਚ ਰਹਿੰਦੇ ਨਾਗਰਿਕਾਂ ਦੀ ਰੱਖਿਆ ਕੀਤੀ ਜਾਵੇਗੀ। ਜਿਹੜੇ ਲੋਕ ਇਥੇ ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ। ਪਰ ਉਨ੍ਹਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਹੜੇ ਇਥੇ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੇਸ਼ਾਂ ਵਿਚ ਕਾਬਿਲ ਲੋਕਾਂ ਨੂੰ ਹੀ ਸੱਦਿਆ ਜਾਂਦਾ ਹੈ ਤੇ ਅਮਰੀਕਾ ਵੀ ਇਸ ਬਾਰੇ ਸੋਚ ਰਿਹਾ ਹੈ। ਡੋਨਾਲਡ ਟਰੰਪ ਨੇ ਦੇਸ਼ ਵਿਚੋਂ ਨਸ਼ਾ ਖਤਮ ਕਰਨ ਦਾ ਵੀ ਐਲਾਨ ਕੀਤਾ ਅਤੇ ਇਹ ਵੀ ਕਿਹਾ ਕਿ ਨਸ਼ੱਈਆਂ ਦੇ ਇਲਾਜ ਲਈ ਸੈਂਟਰ ਖੋਲ੍ਹੇ ਜਾਣਗੇ। ਟਰੰਪ ਨੇ ਮੈਕਸਿਕੋ ਦੀ ਦੀਵਾਰ ਬਣਾਉਣ ਦੀ ਵਚਨਬੱਧਤਾ ਵੀ ਦੁਹਰਾਈ, ਤਾਂਕਿ ਗੈਰ ਕਾਨੂੰਨੀ ਘੁਸਪੈਠ ਨੂੰ ਅਮਰੀਕਾ ਵਿਚ ਰੋਕਿਆ ਜਾ ਸਕੇ। ਹਾਲਾਂਕਿ ਇਸ ਵਾਰ ਟਰੰਪ ਨੇ ਮੈਕਸਿਕੋ ਵੱਲੋਂ ਦੀਵਾਰ ਦਾ ਖਰਚਾ ਚੁੱਕਣ ਬਾਰੇ ਕੋਈ ਗੱਲ ਨਹੀਂ ਕੀਤੀ।
ਡੋਨਾਲਡ ਟਰੰਪ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਕੁਝ ਨਵੇਂ ਬਿੱਲ ਪੇਸ਼ ਕਰਨ ਜਾ ਰਹੇ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਡੈਮੋਕ੍ਰੇਟ ਅਤੇ ਰਿਪਬਲਿਕਨ ਦੋਵੇਂ ਰਲ ਕੇ ਉਨ੍ਹਾਂ ਬਿੱਲਾਂ ਨੂੰ ਪਾਸ ਕਰਵਾਉਣ।