ਡੋਨਾਲਡ ਟਰੰਪ ਵਿਰੁੱਧ ਅਮਰੀਕੀ ਸੈਨੇਟ ‘ਚ ਜਲਦ ਹੀ ਪੇਸ਼ ਹੋਵੇਗਾ ਮਹਾਂਦੋਸ਼ ਮਤਾ!
ਵਾਸ਼ਿੰਗਟਨ, 1 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਦੋ ਮਹੀਨੇ ਵੀ ਪੂਰੇ ਨਹੀਂ ਹੋਏ, ਪਰ ਵਿਸ਼ਵ ਪੱਧਰ ‘ਤੇ ਇਹ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਡੋਨਾਲਡ ਟਰੰਪ ਵਿਰੁੱਧ ਜਲਦ ਹੀ ਅਮਰੀਕੀ ਸੈਨੇਟ ਵਿਚ ਮਹਾਂਦੋਸ਼ ਭਾਵ ਇੰਪੀਚਮੈਂਟ ਮੋਸ਼ਨ ਆਵੇਗਾ ਅਤੇ ਉਹ ਇਤਿਹਾਸ ‘ਚ ਸਭ ਤੋਂ ਘੱਟ ਦਿਨਾਂ ਵਿਚ ਇੰਪੀਚ ਹੋਣ ਵਾਲੇ ਰਾਸ਼ਟਰਪਤੀ ਬਣ ਜਾਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੁਰਸੀ ਤੋਂ ਹਟਾਉਣ ਦੀ ਡਰਿਲ ਇੱਕ ਮਹੀਨੇ ਵਿਚ ਹੀ ਸ਼ੁਰੂ ਹੋ ਚੁੱਕੀ ਹੈ, ਜਿਸ ਉੱਤੇ ਕੈਲੀਫੋਰਨੀਆ ਦੀ ਰਿਚਮੰਡ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਅਮਰੀਕੀ ਸੰਸਦ ਨੂੰ ਗੁਹਾਰ ਲਗਾਈ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਇੰਪੀਚਮੈਂਟ ਮਤਾ ਲਿਆਉਣ ਲਈ ਜਾਂਚ ਸ਼ੁਰੂ ਕਰੇ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਣਨ ਸਾਰ ਹੀ 7 ਦੇਸ਼ਾਂ ਦੀ ਅਮਰੀਕਾ ‘ਚ ਦਾਖ਼ਲੇ ‘ਤੇ ਪਾਬੰਦੀ ਲਗਾ ਦਿੱਤੀ। ਇਸ ਤੋਂ ਬਾਅਦ ਸੰਸਾਰ ਭਰ ਵਿਚ ਟਰੰਪ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ।
ਕੈਲੀਫੋਰਨੀਆ ਤੋਂ ਮੈਂਬਰ ਗੇਲ ਮੈਕਲਾਘਲਿਨ ਨੇ ਇਸ ਮਤੇ ਨੂੰ ਵਧਾਉਂਦੇ ਹੋਏ ਦਲੀਲ ਦਿੱਤੀ ਹੈ ਕਿ ਡੋਨਾਲਡ ਟਰੰਪ ਦਾ ਕਾਰੋਬਾਰ ਸਾਰੀ ਦੁਨੀਆ ਵਿਚ ਫੈਲਿਆ ਹੋਇਆ ਹੈ, ਜਿਸ ਦਾ ਬਿਊਰਾ ਦੇਣ ਤੋਂ ਉਹ ਮਨ੍ਹਾਂ ਕਰ ਚੁੱਕੇ ਹਨ। ਸੰਵਿਧਾਨ ਅਤੇ ਕਾਨੂੰਨ ਮੁਤਾਬਕ ਇਹ ਲੋੜੀਂਦਾ ਕਾਰਨ ਹੈ ਕਿ ਸੰਸਦ ਉਨ੍ਹਾਂ ਵਿਰੁੱਧ ਇੰਪੀਚਮੈਂਟ ਮਤਾ ਲਿਆਉਣ ਦੀ ਤਿਆਰੀ ਸ਼ੁਰੂ ਕਰੇ।