ਪ੍ਰਵਾਸੀ ਭਾਰਤੀ ਕਰੰਸੀ ਬਦਲਣ ਲਈ ਹੋ ਰਹੇ ਖੱਜਲ-ਖੁਆਰ
ਚੰਡੀਗੜ੍ਹ, 2 ਮਾਰਚ (ਪੰਜਾਬ ਮੇਲ)- ਨੋਟਬੰਦੀ ਕਾਰਨ ਜਿੱਥੇ ਪੂਰੇ ਦੇਸ਼ ਦੇ ਲੋਕ ਖੱਜਲ ਖੁਆਰ ਹੋ ਰਹੇ ਹਨ, ਉਥੇ ਹੀ ਵਿਦੇਸ਼ ਤੋਂ ਆਉਣ ਵਾਲੇ ਐਨਆਰਆਈਜ਼ ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਪ੍ਰੇਸ਼ਾਨ ਹੀ ਨਹੀਂ ਹੋ ਰਹੇ ਸਗੋਂ ਉਨ੍ਹਾਂ ਕੋਲ ਜਮ੍ਹਾਂ ਭਾਰਤੀ ਕਰੰਸੀ ਮਿੱਟੀ ਹੋ ਰਹੀ ਹੈ। ਪੁਰਾਣੀ ਕਰੰਸੀ ਬਦਲਣ ਲਈ ਪਰਵਾਸੀ ਭਾਰਤੀ ਰਿਜ਼ਰਵ ਬੈਂਕ ਦੇ ਗੇੜੇ ਕੱਢ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਰਵਾਸੀ ਭਾਰਤੀਆਂ ਪ੍ਰਤੀ ਕੇਂਦਰ ਸਰਕਾਰ ਅਤੇ ਰਿਜ਼ਰਵ ਬੈਂਕ ਦੀਆਂ ਨੀਤੀਆਂ ਦੀ ਲੋਕ ਨਿੰਦਾ ਕਰ ਰਹੇ ਹਨ। ਕੈਨੇਡਾ ਤੋਂ ਭਾਰਤ ਪਰਤੇ ਭਗਤਾ ਭਾਈਕਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਫੁੰਮਣ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿਚੋਂ ਭਾਰਤ ਆਉਣ ਵਾਲੇ ਐਨਆਰਆਈਜ਼ ਲਈ 25 ਹਜ਼ਾਰ ਰੁਪਏ ਤੱਕ ਦੀ ਭਾਰਤੀ ਕਰੰਸੀ ਦੇ ਬੰਦ ਕੀਤੇ ਪੰਜ ਪੰਜ ਸੌ ਤੇ ਹਜ਼ਾਰ ਦੇ ਨੋਟ ਬਦਲਣ ਦੀ ਸਹੂਲਤ ਦਿੱਤੀ ਸੀ ਪਰ ਐਨਆਰਆਈਜ਼ ਆਪਣੇ ਨੋਟ ਬਦਲਾਉਣ ਲਈ ਖੱਜਲ ਖੁਆਰ ਹੋ ਰਹੇ ਹਨ। ਫੁੰਮਣ ਸਿੰਘ ਕੋਲ 25 ਹਜ਼ਾਰ ਰੁਪਏ ਦੇ ਪੁਰਾਣੇ ਨੋਟ ਸਨ।
ਕੈਨੇਡਾ ਤੋਂ 25 ਜਨਵਰੀ ਨੂੰ ਆਏ ਸ਼੍ਰੋਮਣੀ ਕਮੇਟੀ ਮੈਂਬਰ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਉਹ ਨੋਟ ਬਦਲਣ ਲਈ ਕਰੀਬ ਡੇਢ ਸੌ ਐਨਆਰਆਈਜ਼ ਦੀ ਲਾਈਨ ਲੱਗੀ ਹੋਈ ਸੀ। ਉਹ ਵੀ ਨੋਟ ਬਦਲਣ ਲਈ ਲਾਈਨ ਵਿਚ ਲੱਗ ਗਿਆ। ਪੰਜ ਘੰਟੇ ਬਾਅਦ ਜਦੋਂ ਉਸ ਦੀ ਵਾਰੀ ਆਈ ਤਾਂ ਉਸ ਦੀ ਕਰੰਸੀ ਬਦਲਣ ਤੋਂ ਇਨਕਾਰ ਕਰ ਦਿੱਤਾ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਉਹ ਕਸਟਮ ਅਧਿਕਾਰੀਆਂ ਤੋਂ ਫਾਰਮ ਭਰਵਾ ਕੇ ਲਿਆਓ। ਫੁੰਮਣ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਐਨਆਰਆਈਜ਼ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਹੀ ਸਿੰਗਾਪੁਰ ਤੋਂ ਵਾਪਸ ਪਰਤੇ ਜ਼ਿਲ੍ਹੇ ਦੇ ਪਿੰਡ ਸੀਰੀਏਵਾਲਾ ਦੇ ਨੌਜਵਾਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਵਾਈ ਅੱਡੇ ਤੋਂ ਸਿੱਧਾ ਅਪਣੇ ਪਿੰਡ ਆ ਗਿਆ। ਕੁਝ ਦਿਨਾਂ ਬਾਅਦ ਜਦੋਂ ਉਸ ਨੂੰ ਪੈਸਿਆਂ ਦੀ ਜ਼ਰੂਰਤ ਪਈ ਤਾਂ ਉਹ ਨੇੜਲੇ ਬੈਂਕ ਵਿਚ ਪੈਸੇ ਕਢਾਉਣ ਗਿਆ ਪਰ ਪੈਸੇ ਨਹੀਂ ਮਿਲੇ। ਉਹ ਨੋਟ ਬਦਲਣ ਲਈ ਗਿਆ ਤਾਂ ਉਸ ਦੇ ਨਾਲ ਵੀ ਫੁੰਮਣ ਸਿੰਘ ਵਾਲਾ ਹੀ ਹੋਈ।