ਅਮਰੀਕਾ ‘ਚ ਭਾਰਤੀ ਅਥਲੀਟ ਦਾ ਸ਼ਰਮਨਾਕ ਕਾਰਾ
ਨਾਬਾਲਗ ਲੜਕੀ ਨਾਲ ਛੇੜਛਾੜ ਦੇ ਦੋਸ਼ ‘ਚ ਗਿ੍ਫ਼ਤਾਰ
ਨਿਊਯਾਰਕ, 3 ਮਾਰਚ (ਪੰਜਾਬ ਮੇਲ)- ਜੰਮੂ-ਕਸ਼ਮੀਰ ਤੋਂ ਇਥੇ ਸਨੋ-ਸ਼ੂ ਚੈਂਪੀਅਨਸ਼ਿਪ ਲਈ ਪਹੁੰਚੇ 24 ਸਾਲਾ ਭਾਰਤੀ ਖਿਡਾਰੀ ਨੂੰ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਦੋਸ਼ ‘ਚ ਗਿ੍ਫਤਾਰ ਕੀਤਾ ਗਿਆ ਹੈ | ਤਨਵੀਰ ਹੁਸੈਨ ਨਾਂਅ ਦਾ ਭਾਰਤੀ ਖਿਡਾਰੀ ਨਿਊਯਾਰਕ ਦੀ ਸਾਰਾਨੈਕ ਝੀਲ ਦੇ ਛੋਟੇ ਜਿਹੇ ਪਿੰਡ ‘ਚ ਵਿਸ਼ਵ ਸਨੋ-ਸ਼ੂ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਆਇਆ ਸੀ | ਪੁਲਿਸ ਨੇ ਦੱਸਿਆ ਕਿ ਉਕਤ ਖਿਡਾਰੀ ਨੂੰ 12 ਸਾਲ ਦੀ ਬੱਚੀ ਨਾਲ ਛੇੜਛਾੜ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗਿ੍ਫਤਾਰ ਕੀਤਾ ਗਿਆ ਹੈ | ਸਨੋ-ਸ਼ੂ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਮੀਰ ਮੁਦੱਸਿਰ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਨ | ਜੰਮੂ-ਕਸ਼ਮੀਰ ਸਪੋਰਟਸ ਕੌਾਸਲ ਦੇ ਸੈਕਟਰੀ ਵਹੀਦ ਉਰ ਰਹਿਮਾਨ ਨੇ ਖਿਡਾਰੀ ਨੂੰ ਹਿਰਾਸਤ ‘ਚ ਲੈਣ ਦੀ ਪੁਸ਼ਟੀ ਕੀਤੀ ਹੈ | ਦੱਸਣਯੋਗ ਹੈ ਕਿ ਤਨਵੀਰ ਨੇ 23 ਤੋਂ 25 ਫਰਵਰੀ ਤੱਕ ਹੋਈ 2017 ਵਿਸ਼ਵ ਸਨੋ-ਸ਼ੂ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਸੀ ਤੇ ਉਸ ਨੇ ਵੀਰਵਾਰ ਨੂੰ ਭਾਰਤ ਪਰਤਣਾ ਸੀ | ਇਥੇ ਇਹ ਵੀ ਜ਼ਿਕਰਯੋਗ ਹੈ ਕਿ 31 ਜਨਵਰੀ ਨੂੰ ਤਨਵੀਰ ਤੇ ਇਕ ਹੋਰ ਖਿਡਾਰੀ ਆਬਿਦ ਖਾਨ ਨੂੰ ਅਮਰੀਕਾ ਨੇ ਆਪਣੀ ਮੌਜੂਦਾ ਨੀਤੀ ਦੇ ਚੱਲਦਿਆਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ | ਹਾਲਾਂਕਿ ਇਸ ਮਾਮਲੇ ਦੇ ਮੀਡੀਆ ‘ਚ ਛਾ ਜਾਣ ਤੋਂ ਬਾਅਦ ਉਨ੍ਹਾਂ ਨੂੰ ਟਰੈਵਲ ਪਰਮਿਟ ਮਿਲ ਗਿਆ ਸੀ |