ਕਾਂਗਰਸੀ ਸਮਰਥਕਾਂ ਉੱਤੇ ਅਕਾਲੀ ਸਰਪੰਚ ਨੇ ਚਲਾਈ ਗੋਲੀ, ਇੱਕ ਜ਼ਖਮੀ
ਬਟਾਲਾ, 17 ਮਾਰਚ (ਪੰਜਾਬ ਮੇਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਅਗਵਾਨ ‘ਚ ਅਕਾਲੀ ਸਰਪੰਚ ਵੱਲੋਂ ਕਾਂਗਰਸੀ ਸਮਰਥਕਾਂ ਉੱਤੇ ਚਲਾਈ ਗਈ ਗੋਲੀ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਨੂੰ ਲੈ ਕੇ ਪੈਦਾ ਹੋਈ ਧੜੇਬੰਦੀ ਨੂੰ ਇਸ ਲੜਾਈ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਇਲਾਕੇ ਦੇ ਐਸਐਸਪੀ ਦੀਪਕ ਹੀਲੋਰੀ ਵੀ ਕੀਤੀ ਹੈ। ਐਸਐਸਪੀ ਅਨੁਸਾਰ ਚੋਣ ਨਤੀਜਿਆਂ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਤਣਾਅ ਚੱਲ ਰਿਹਾ ਸੀ। ਅੱਜ ਇਹ ਹਿੰਸਕ ਰੂਪ ਲੈ ਗਿਆ। ਕਾਂਗਰਸੀ ਆਗੂ ਰਿੰਕੂ ਅਗਵਾਨ ਨੇ ਦੱਸਿਆ ਕਿ ਕੰਵਲਜੀਤ ਸਿੰਘ ਆਪਣੀ ਮੋਟਰ ਤੋਂ ਵਾਪਸ ਘਰ ਆ ਰਿਹਾ ਸੀ। ਰਸਤੇ ਵਿੱਚ ਅਕਾਲੀ ਆਗੂ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਅਗਵਾਨ ਜੋ ਅਕਾਲੀ ਦਲ ਦਾ ਹਲਕਾ ਇੰਚਾਰਜ ਵੀ ਹੈ, ਨੇ ਉਸ ਨੂੰ ਘੇਰਿਆ ਲਿਆ। ਇਸ ਦੌਰਾਨ ਕੁਲਵੰਤ ਸਿੰਘ ਨੇ ਗੋਲੀ ਚਲਾ ਦਿੱਤੀ ਜੋ ਕੰਵਲਜੀਤ ਸਿੰਘ ਨੂੰ ਲੱਗੀ।
ਪਿੰਡ ਵਾਸੀਆਂ ਅਨੁਸਾਰ ਕੁਲਵੰਤ ਸਿੰਘ ਜੋ ਅਗਵਾਨ ਪਿੰਡ ਦਾ ਸਰਪੰਚ ਵੀ ਹੈ, ਨੇ ਆਪਣੇ ਹਮਾਇਤੀਆਂ ਨਾਲ ਜ਼ਖਮੀ ਕੰਵਲਜੀਤ ਸਿੰਘ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ। ਕੰਵਲਜੀਤ ਸਿੰਘ ਨੂੰ ਤੁਰੰਤ ਡੇਰਾ ਬਾਬਾ ਨਾਨਕ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਪੁੱਜੇ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ. ਬਲਜੀਤ ਸਿੰਘ ਕਿਹਾ ਕਿ ਇਸ ਸਾਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫ਼ਿਲਹਾਲ ਪਿੰਡ ਵਿੱਚ ਦੋਵਾਂ ਧਿਰਾਂ ਵਿੱਚ ਤਣਾਅ ਦਾ ਮਾਹੌਲ ਹੈ। ਦੂਜੇ ਪਾਸੇ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਤੁਰੰਤ ਐਸਐਸਪੀ ਨੂੰ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਦਾ ਆਦੇਸ਼ ਦਿੱਤਾ। ਇਸ ਦੌਰਾਨ ਉਨ੍ਹਾਂ ਆਖਿਆ ਕਿ ਅਕਾਲੀ ਆਪਣੀ ਹਾਰ ਨੂੰ ਹਜ਼ਮ ਨਹੀਂ ਕਰ ਪਏ ਜਿਸ ਕਾਰਨ ਉਹ ਬੁਖਲਾ ਕੇ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਰੰਧਾਵਾ ਅਨੁਸਾਰ ਅਕਾਲੀ ਆਗੂ ਕੁਲਵੰਤ ਸਿੰਘ ਦੀ ਪੂਰੀ ਇਲਾਕੇ ਵਿੱਚ ਦਹਿਸ਼ਤ ਹੈ।