ਦਿੱਲੀ ‘ਚ ਅਣਪਛਾਤੇ ਲੋਕਾਂ ਵੱਲੋਂ ਸਿੱਖ ਬੱਚੇ ਦੇ ਜ਼ਬਰਦਸਤੀ ਕੇਸ ਕਤਲ
ਚੰਡੀਗੜ੍ਹ, 17 ਮਾਰਚ (ਪੰਜਾਬ ਮੇਲ)- ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਵਿੱਚ ਇੱਕ 13 ਸਾਲਾ ਸਿੱਖ ਮੁੰਡੇ ਦੇ ਜ਼ਬਰਦਸਤੀ ਕੇਸ ਕਤਲ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਪੀੜਤ ਮੁੰਡੇ ਸਿਦਕ ਸਿੰਘ ਦੇ ਪਰਿਵਾਰ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਜਦੋਂ ਸਿਦਕ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਤਾਂ 3-4 ਅਣਪਛਾਤੇ ਲੋਕਾਂ ਨੇ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਪਹਿਲਾਂ ਉਸ ਨੂੰ ਕੁੱਟਿਆ ਤੇ ਫਿਰ ਕੇਸ ਕਤਲ ਕਰਕੇ ਫਰਾਰ ਹੋ ਗਏ।
ਇਸ ਘਟਨਾ ਨੂੰ ਲੈ ਕੇ ਪਰਿਵਾਰ ਵਾਲਿਆਂ ਸਮੇਤ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸਿਦਕ ਦੇ ਘਰ ਲੋਕਾਂ ਦੀ ਭੀੜ ਲਗਾਤਾਰ ਲੱਗੀ ਹੋਈ ਹੈ। ਮਾਮਲਾ ਗੰਭੀਰ ਹੋਣ ਕਰਕੇ ਘਟਨਾ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਪ੍ਰਸ਼ਾਸਨ ਐਡੀਸ਼ਨਲ ਜੀਸੀਪੀ ਸਾਗਰ ਸਿੰਘ ਕਲਸੀ ਦੀ ਅਗਵਾਈ ਵਿੱਚ ਇਸ ਮਾਮਲੇ ਦੀ ਤਫਤੀਸ਼ ਕਰ ਰਿਹਾ ਹੈ।
ਇਸ ਘਟਨਾ ਤੋਂ ਬਾਅਦ 13 ਸਾਲਾ ਬੱਚਾ ਸਿਦਕ ਸਿੰਘ ਆਪਣੇ ਕੇਸ ਕਤਲ ਕੀਤੇ ਜਾਣ ਕਾਰਨ ਸਦਮੇ ਵਿੱਚ ਹੈ। ਸਿਦਕ ਦੇ ਪਿਤਾ ਨੇ ਪੁਲਿਸ ਨੂੰ ਅੱਜ ਸ਼ਾਮ 7 ਵਜੇ ਤੱਕ ਦੋਸ਼ੀਆਂ ਨੂੰ ਫੜਨ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਆਪਣੇ ਧਾਰਮਿਕ ਚਿੰਨਾਂ ‘ਤੇ ਸ਼ਰੇਆਮ ਹਮਲਾ ਕੀਤੇ ਜਾਣ ਦੇ ਰੋਸ ਵਜੋਂ ਉਹ ਕੋਈ ਹੋਰ ਕਦਮ ਚੁੱਕਣਗੇ। ਫਿਲਹਾਲ ਸਿਦਕ ਸਿੰਘ ਦੀ ਡਾਕਟਰੀ ਜਾਂਚ ਲਈ ਉਸਨੂੰ ਹਸਪਤਾਲ ਭੇਜਿਆ ਗਿਆ ਹੈ।