ਸਿੱਖ ਭਾਈਚਾਰੇ ਨਾਲ ਪਾਕਿਸਤਾਨ ‘ਚ ਹੋ ਰਿਹਾ ਵੱਡਾ ਧੱਕਾ
ਪੇਸ਼ਾਵਰ, 19 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੀ ਕੌਮੀ ਮਰਦਮ ਸ਼ੁਮਾਰੀ ਵਿੱਚ ਸਿੱਖਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸ਼ਨੀਵਾਰ ਨੂੰ ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ‘ਤੇ ਨਿਰਾਸ਼ਾ ਪ੍ਰਗਟਾਈ। ਸਿੱਖਾਂ ਦਾ ਕਹਿਣਾ ਹੈ ਕਿ 19 ਸਾਲ ਬਾਅਦ ਦੇਸ਼ ਵਿੱਚ ਹੋ ਰਹੀ ਮਰਦਮ ਸ਼ੁਮਾਰੀ ਵਿੱਚ ਉਨ੍ਹਾਂ ਨੂੰ ਸ਼ਾਮਲ ਨਾ ਕੀਤਾ ਜਾਣਾ ਪਾਕਿਸਤਾਨ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਨੂੰ ਨਕਾਰਨਾ ਹੈ।
ਪਾਕਿਸਤਾਨ ਸਿੱਖ ਭਾਈਚਾਰੇ ਦੇ ਚੇਅਰਮੈਨ ਰਾਦੇਸ਼ ਸਿੰਘ ਟੋਨੀ ਨੇ ਪਾਕਿਸਤਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ ਸਰਕਾਰ ਨੇ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਨੂੰ ਮਰਦਮ ਸ਼ੁਮਾਰੀ ਵਿੱਚ ਸ਼ਾਮਲ ਨਹੀਂ ਕੀਤਾ ਜੋ ਮੰਦਭਾਗਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦਾ ਇਹ ਫ਼ੈਸਲਾ ਚਿੰਤਾ ਦਾ ਵਿਸ਼ਾ ਹੈ। ਰਾਦੇਸ਼ ਸਿੰਘ ਟੋਨੀ ਨੇ ਆਖਿਆ ਕਿ ਪਾਕਿਸਤਾਨ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰਾ ਰਹਿੰਦਾ ਹੈ ਪਰ ਭਾਈਚਾਰੇ ਨੂੰ ਮਰਦਮ ਸ਼ੁਮਾਰੀ ਫਾਰਮ ਦੀ ਧਰਮ ਕੈਟਾਗਰੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਉਨ੍ਹਾਂ ਆਖਿਆ ਕਿ ਇਸ ਫਾਰਮ ਵਿੱਚ ਸਿੱਖਾਂ ਦੀ ਗਿਣਤੀ ‘ਅਦਰ’ ਰਿਲੀਜ਼ਨ ਕੈਟਾਗਰੀ ਵਿੱਚ ਕੀਤੀ ਜਾਵੇਗੀ ਜੋ ਸਿੱਖਾਂ ਲਈ ਠੀਕ ਨਹੀਂ। ਯਾਦ ਰਹੇ ਕਿ ਸਿੱਖ ਧਰਮ ਦੀ ਸ਼ੁਰੂਆਤ ਪਾਕਿਸਤਾਨ ਤੋਂ ਹੋਈ ਸੀ। 1947 ਦੀ ਵੰਡ ਤੋਂ ਬਾਅਦ ਬਹੁਤ ਸਾਰੇ ਸਿੱਖ ਪਾਕਿਸਤਾਨ ਤੋਂ ਭਾਰਤ ਵਿੱਚ ਆ ਗਏ ਪਰ ਵੀ ਵੱਡੀ ਗਿਣਤੀ ਵਿੱਚ ਸਿੱਖ ਪਾਕਿਸਤਾਨ ਵਿੱਚ ਰਹਿ ਗਏ। ਇਹਨਾਂ ਦੀ ਗਿਣਤੀ ਕਰੀਬ 20,000 ਹੈ। ਜ਼ਿਆਦਾਤਰ ਸਿੱਖ ਪਾਕਿਸਤਾਨ ਦੇ ਨਾਰਥ ਵੈਸਟ ਇਲਾਕੇ ਵਿੱਚ ਰਹਿੰਦੇ ਹਨ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਪਾਕਿਸਤਾਨ ਦੇ ਮਰਦਮ ਸ਼ੁਮਾਰੀ ਵਿਭਾਗ ਦੇ ਬੁਲਾਰੇ ਹਬੀਉੱਲਾ ਖ਼ਾਨ ਨਾਲ ਇਸ ਮੁੱਦੇ ਉੱਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਇੱਕ ਇਹ ਵੱਡੀ ਗ਼ਲਤੀ ਹੈ ਇਸ ਨੂੰ ਸੁਧਾਰਿਆ ਜਾਵੇਗਾ। ਉਨ੍ਹਾਂ ਮੰਨਿਆ ਕਿ ਪਾਕਿਸਤਾਨ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਮਰਦਮ ਸ਼ੁਮਾਰੀ ਫਾਰਮ ਦੀ ਛਪਾਈ 2007 ਵਿੱਚ ਹੋਈ ਸੀ। 120 ਮੈਂਬਰੀ ਤਕਨੀਕੀ ਕਮੇਟੀ ਦੀ ਸਿਫ਼ਾਰਸ਼ ਉੱਤੇ ਮਰਦਮ ਸ਼ੁਮਾਰੀ ਫਾਰਮ ਵਿੱਚ ਪੰਜ ਧਰਮਾਂ ਨੂੰ ਸ਼ਾਮਲ ਕੀਤਾ ਸੀ।