ਮਨਪ੍ਰੀਤ ਬਾਦਲ ਨੇ ਰਿਸ਼ਵਤ ਲੈਂਦੇ ਪੁਲਸ ਮੁਲਾਜ਼ਮਾਂ ਦੀ ਵੀਡੀਓ ਬਣਾ ਕੀਤਾ ਸਟਿੰਗ ਆਪ੍ਰੇਸ਼ਨ
ਲੁਧਿਆਣਾ, 23 ਮਾਰਚ (ਪੰਜਾਬ ਮੇਲ)- ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ’ਤੇ ਲੰਘਦਿਆਂ ਇੱਕ ਟਰੈਫ਼ਿਕ ਪੁਲੀਸ ਮੁਲਾਜ਼ਮ ਵੱਲੋਂ ਰਿਸ਼ਵਤ ਲਏ ਜਾਣ ਦੀ ਵੀਡੀਓ ਬਣਾ ਲਈ। ਉਨ੍ਹਾਂ ਜਾਂਦੇ ਸਮੇਂ ਗੱਡੀ ਦੁਬਾਰਾ ਘੁੰਮਾ ਕੇ ਟਰੈਫ਼ਿਕ ਕਰਮੀ ਦੀ ਕਲਾਸ ਲਾਈ ਅਤੇ ਸਾਰੇ ਘਟਨਾਕ੍ਰਮ ਦੀ ਵੀਡੀਓ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਭੇਜ ਦਿੱਤੀ। ਇਸ ਮਗਰੋਂ ਪੁਲੀਸ ਕਮਿਸ਼ਨਰ ਨੇ ਏਡੀਸੀਪੀ (ਕ੍ਰਾਈਮ) ਬਲਕਾਰ ਸਿੰਘ ਤੇ ਏਡੀਸੀਪੀ (ਟਰੈਫ਼ਿਕ) ਧਰੁਵ ਦਹੀਆ ਨਾਲ ਜਾਂਚ ਕੀਤੀ। ਇਸ ’ਤੇ ਪਤਾ ਲੱਗਿਆ ਕਿ ਇਹ ਕਰਮੀ ਖੰਨਾ ਪੁਲੀਸ ਦਾ ਸੀ।
ਜਾਣਕਾਰੀ ਅਨੁਸਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਫਿਰੋਜ਼ਪੁਰ ਵਿੱਚ ਸਮਾਗਮ ’ਚ ਹਾਜ਼ਰੀ ਭਰ ਕੇ ਖ਼ੁਦ ਗੱਡੀ ਚਲਾ ਕੇ ਚੰਡੀਗੜ੍ਹ ਜਾ ਰਹੇ ਸਨ। ਉਹ ਲੁਧਿਆਣਾ ਦੱਖਣੀ ਬਾਈਪਾਸ ਵਾਲੀ ਸੜਕ ਤੋਂ ਵਾਇਆ ਦੋਰਾਹਾ ਹੁੰਦੇ ਹੋਏ ਚੰਡੀਗੜ੍ਹ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਦੋਰਾਹਾ ਦੇ ਗੁਰਥਲੀ ਪੁਲ ’ਤੇ ਪੁੱਜੇ ਤਾਂ ਇੱਕ ਟਰੈਫ਼ਿਕ ਮੁਲਾਜ਼ਮ ਕਿਸੇ ਵਿਅਕਤੀ ਤੋਂ ਰਿਸ਼ਵਤ ਲੈ ਰਿਹਾ ਸੀ। ਇਸ ਨੂੰ ਮਨਪ੍ਰੀਤ ਸਿੰਘ ਬਾਦਲ ਨੇ ਤੁਰੰਤ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਉਨ੍ਹਾਂ ਵੀਡੀਓ ਬਣਾ ਕੇ ਗੱਡੀ ਘੁੰਮਾ ਕੇ ਉਸ ਮੁਲਾਜ਼ਮ ਕੋਲ ਰੋਕ ਲਈ ਤੇ ਟਰੈਫ਼ਿਕ ਮੁਲਾਜ਼ਮ ਦੀ ਕਲਾਸ ਲਾਈ। ਇਸ ਮਗਰੋਂ ਵੀਡੀਓ ਨੂੰ ਪੁਲੀਸ ਕਮਿਸ਼ਨਰ ਕੋਲ ਭੇਜ ਦਿੱਤਾ ਗਿਆ। ਇਸ ਮਗਰੋਂ ਮਨਪ੍ਰੀਤ ਸਿੰਘ ਬਾਦਲ ਉਥੋਂ ਚਲੇ ਗਏ। ਉਨ੍ਹਾਂ ਤੁਰੰਤ ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨਾਲ ਗੱਲ ਕੀਤੀ। ਇਸ ਮਗਰੋਂ ਪੁਲੀਸ ਕਮਿਸ਼ਨਰ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਕਰਮੀ ਖੰਨਾ ਪੁਲੀਸ ਦਾ ਹੈ, ਜੋ ਦੋਰਾਹਾ ਪੁਲ ’ਤੇ ਡਿਊਟੀ ਦਿੰਦਾ ਹੈ।
ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੀਡੀਓ ਮਿਲਣ ਤੋਂ ਬਾਅਦ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਸਬੰਧਤ ਮੁਲਾਜ਼ਮ ਖੰਨਾ ਪੁਲੀਸ ਦਾ ਹੈ ਅਤੇ ਦੋਰਾਹਾ ਪੁਲ ’ਤੇ ਡਿਊਟੀ ਕਰਦਾ ਹੈ। ਇਸ ਕਰਮੀ ਦੀ ਪਛਾਣ ਹੈੱਡ ਕਾਂਸਟੇਬਲ ਜਗਜੀਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਖੰਨਾ ਦੇ ਐਸਐਸਪੀ ਨਾਲ ਗੱਲ ਕਰਕੇ ਕਾਂਸਟੇਬਲ ਜਗਜੀਤ ਸਿੰਘ ਦੀ ਵੀਡੀਓ ਬਾਰੇ ਦੱਸਿਆ ਹੈ। ਹੁਣ ਉਹ ਖ਼ੁਦ ਇਸ ਮਾਮਲੇ ਵਿੱਚ ਕਾਰਵਾਈ ਕਰਨਗੇ। ਉਧਰ, ਕੱਲ੍ਹ ਜਬਰੀ ਸੇਵਾਮੁਕਤ ਕੀਤੇ ਤਿੰਨ ਮੁਲਾਜ਼ਮਾਂ ਦੇ ਮਾਮਲੇ ਵਿੱਚ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਇਸ ਸਬੰਧੀ ਰਿਪੋਰਟ ਮੰਗੀ ਗਈ ਹੈ ਅੱਜ ਛੁੱਟੀ ਹੋਣ ਕਾਰਨ ਅਗਲੀ ਕਾਰਵਾਈ ਨਹੀਂ ਹੋ ਸਕੀ।