ਲੋਕ ਡਰੇ, ਕਿਤੇ ਕਾਂਗਰਸ ਸਰਕਾਰ ਵੀ ਅਕਾਲੀਆਂ ਦੇ ਰਾਹ ‘ਤੇ ਤਾਂ ਨਹੀਂ!
ਚੰਡੀਗੜ੍ਹ, 23 ਮਾਰਚ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚਹੇਤਿਆਂ ਦੀਆਂ ਮੌਜਾਂ ਲਈ ਬਾਦਲਾਂ ਨੂੰ ਵੀ ਮਾਤ ਪਾ ਦਿੱਤੀ ਹੈ। ਕੈਪਟਨ ਅਮਰਿੰਦਰ ਦੇ ਸਿਆਸੀ ਤੇ ਮੀਡੀਆ ਸਲਾਹਕਾਰਾਂ ਦੀ ਫੌਜ ਵਿੱਚ 13 ਜਰਨੈਲ ਸ਼ਾਮਲ ਹੋ ਚੁੱਕੇ ਹਨ। ਇਹ ਗਿਣਤੀ ਅਜੇ ਹੋਰ ਵਧ ਸਕਦੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਜਿਹੇ ਸਲਾਹਕਾਰਾਂ ਦੀ ਗਿਣਤੀ ਨੌਂ ਹੀ ਸੀ।
ਦਰਅਸਲ ਪੰਜਾਬ ਦੀ ਜਨਤਾ ਨੇ ਕਾਂਗਰਸ ਨੂੰ ਇਸ ਉਮੀਦ ਨਾਲ ਫਤਵਾ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਨੂੰ ਆਰਥਿਕ ਕੰਗਾਲੀ ਵਿੱਚੋਂ ਉਭਾਰਨਗੇ। ਨੌਜਵਾਨਾਂ ਨੂੰ ਰੁਜਗਾਰ ਮਿਲੇਗਾ ਤੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕੇਗਾ। ਕੈਪਟਨ ਅਮਰਿੰਦਰ ਦੀ ਪਹਿਲੀ ਕੈਬਨਿਟ ਮੀਟਿੰਗ ਦੇ ਫੈਸਲਿਆਂ ਨੇ ਜਨਤਾ ਦੇ ਦਿਲਾਂ ਨੂੰ ਛੂਹ ਲਿਆ ਸੀ। ਆਮ ਆਦਮੀ ਪਾਰਟੀ ਵੀ ਕਹਿਣ ਲਈ ਮਜਬੂਰ ਹੋ ਗਈ ਕਿ ਇਹ ਫੈਸਲੇ ਉਨ੍ਹਾਂ ਦੇ ਦਬਾਅ ਕਰਕੇ ਹੀ ਹੋਏ ਹਨ।
ਕੈਪਟਨ ਅਮਰਿੰਦਰ ਦੀ ਹੋ ਰਹੀ ਇਸ ਵਾਹ-ਵਾਹ ਨੂੰ ਅਚਾਨਕ ਝਟਕਾ ਲੱਗਾ ਹੈ। ਉਤਸ਼ਹਿਤ ਹੋਈ ਜਨਤਾ ਨੂੰ ਨਿਰਾਸ਼ਾ ਹੋਣ ਲੱਗੀ ਹੈ। ਚਰਚਾ ਹੈ ਕਿ ਕੈਪਟਨ ਅਮਰਿੰਦਰ ਵੀ ਬਾਦਲ ਸਰਕਾਰ ਵਾਲੇ ਰਾਹ ਚੱਲ ਪਏ ਹਨ। ਕਿਤੇ ਕੈਬਨਿਟ ਵੱਲੋਂ ਲਏ ਗਏ ਵੱਡੇ-ਵੱਡੇ ਫੈਸਲੇ ਵਿਖਾਉਣ ਲਈ ਹੀ ਤਾਂ ਨਹੀਂ। ਕਿਤੇ ਜਨਤਾ ਇੱਕ ਵਾਰ ਫਿਰ ਤਾਂ ਨਹੀਂ ਠੱਗੀ ਗਈ।
ਦਰਅਸਲ ਕੈਪਟਨ ਅਮਰਿੰਦਰ ਨੇ ਵੀ ਆਪਣੇ ਲਈ ਸਿਆਸੀ ਸਲਾਹਕਾਰਾਂ ਦੀ ਫੌਜ ਖਰ੍ਹੀ ਕਰ ਲਈ ਹੈ। ਇਸ ਫੌਜ ਨੂੰ ਮੋਟੀਆਂ ਤਨਖਾਹਾਂ ਤੇ ਭੱਤੇ ਸਰਕਾਰੀ ਖਜ਼ਾਨੇ ਵਿੱਚੋਂ ਦਿੱਤੇ ਜਾਣਗੇ ਜਿਸ ਦਾ ਬੋਝ ਆਮ ਜਨਤਾ ‘ਤੇ ਹੀ ਪਏਗਾ। ਪੰਜਾਬ ਦੀ ਵਿੱਤੀ ਹਾਲਤ ਦਾ ਪਹਿਲਾਂ ਹੀ ਦੀਵਾਲਾ ਨਿਕਲਿਆ ਹੋਇਆ ਹੈ। ਅਜਿਹੇ ਵਿੱਚ ਅਜਿਹੀਆਂ ਬੇਲੋੜੀਆਂ ਨਿਯੁਕਤੀਆਂ ਨੂੰ ਕੈਪਟਨ ਸਰਕਾਰ ਕਿਵੇਂ ਜਾਇਜ਼ ਠਹਿਰਾ ਸਕਦੀ ਹੈ।
......................................................
ਟਿੱਪਣੀ :- ਕਾਂਗਰਸ ਅਤੇ ਬੀ.ਜੇ.ਪੀ.+ ਅਕਾਲੀ ਇਕੋ ਸਿੱਕੇ ਦੇ ਦੋ ਪਾਸੇ ਹਨ, ਪੰਜਾਬ ਦੇ ਲੋਕਾਂ ਨੂੰ ਆਪਣੀ ਕੀਤੀ ਭੁਲ੍ਹ ਦਾ ਫਲ 5 ਸਾਲ ਤਾਂ ਭੁਗਤਣਾ ਹੀ ਪੈਣਾ ਹੈ। ਅਗਾਂਹ ਦੀਆਂ ਰੱਬ ਜਾਣੇ। ਅਮਰ ਜੀਤ ਸਿੰਘ ਚੰਦੀ