ਅਮਰੀਕਾ ‘ਚ ਭਾਰਤੀ ਔਰਤ ਤੇ ਉਸ ਦੇ 7 ਸਾਲਾ ਪੁੱਤਰ ਦਾ ਕਤਲ
ਵਾਸ਼ਿੰਗਟਨ, 24 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸਾਂਭਣ ਤੋਂ ਬਾਅਦ ਪਿਛਲੇ ਦੋ ਮਹਨਿਆਂ ਵਿੱਚ ਅਮਰੀਕਾ ਵਿੱਚ ਭਾਰਤੀਆਂ ‘ਤੇ ਹਮਲੇ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਤਾਜ਼ਾ ਘਟਨਾ ਅਮਰੀਕਾ ਦੇ ਨਿਊਜਰਸੀ ਵਿੱਚ ਵਾਪਰੀ ਹੈ ਜਿਸ ਵਿੱਚ ਇੱਕ ਭਾਰਤੀ ਔਰਤ ਤੇ ਉਸ ਦੇ 7 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਇਹ ਜਾਣਕਾਰੀ ਉਕਤ ਮ੍ਰਿਤਕਾਂ ਦੇ ਭਾਰਤ ਵਿੱਚ ਆਂਧਰਾ ਪ੍ਰਦੇਸ਼ ਰਹਿੰਦੇ ਪਰਿਵਾਰ ਨੇ ਮੀਡੀਆ ਨੂੰ ਦਿੱਤੀ ਹੈ। ਜਾਣਕਾਰੀ ਮੁਤਾਬਕ ਐਨ.ਹਨੂਮੰਥਾ ਵੀਰਵਾਰ ਨੂੰ ਜਦੋਂ ਕੰਮ ਤੋਂ ਘਰ ਵਾਪਸ ਆਇਆ ਤਾਂ ਉਸ ਨੂੰ ਆਪਣੀ 40 ਸਾਲਾ ਪਤਨੀ ਐਨ ਸਸ਼ੀਕਲਾ ਤੇ ਉਸਦੇ 7 ਸਾਲਾ ਪੁੱਤਰ ਅਨੀਸ਼ ਰਾਏ ਵੀਰਵਾਰ ਨੂੰ ਮ੍ਰਿਤਕ ਰੂਪ ‘ਚ ਮਿਲੇ।
ਦੋਵਾਂ ਦਾ ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਖਦਸ਼ਾ ਹੈ। ਹਨੂੰਮੰਥਾ ਤੇ ਸ਼ਸ਼ੀਕਲਾ ਦੋਵੇਂ ਅਮਰੀਕਾ ਵਿੱਚ ਸਾਫਟਵੇਅਰ ਇੰਜੀਨੀਅਰ ਸਨ। ਸ਼ਸ਼ੀਕਲਾ ਜ਼ਿਆਦਾਤਰ ਘਰ ਤੋਂ ਹੀ ਕੰਮ ਕਰਦੀ ਸੀ। ਪਿਛਲੇ 9 ਸਾਲਾਂ ਤੋਂ ਅਮਰੀਕਾ ਰਹਿ ਰਹੇ ਸਨ। ਇਸ ਹਮਲੇ ਵਿੱਚ ਪਲਿਸ ਦੀ ਜਾਂਚ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਤੇ ਨਾ ਹੀ ਦੋਵੇਂ ਮਾਂ-ਪੁੱਤਰ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਖੁਲਾਸਾ ਹੋਇਆ ਹੈ।