ਗੌਰੇ ਵੱਲੋਂ ਸਿੱਖ ਅਮਰੀਕੀ ਕੁੜੀ ‘ਤੇ ਨਸਲੀ ਹਮਲਾ
ਆਪਣੇ ਦੇਸ਼ ਵਾਪਸ ਜਾਣ ਨੂੰ ਕਿਹਾ
ਨਿਊਯਾਰਕ, 25 ਮਾਰਚ (ਪੰਜਾਬ ਮੇਲ)-ਅਮਰੀਕਾ ਵਿੱਚ ਇੱਕ ਸਿੱਖ ਲੜਕੀ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਪ੍ਰੀਤ ਹੇਅਰ ਜਦੋਂ ਟਰੇਨ ਵਿੱਚ ਸਫ਼ਰ ਕਰ ਰਹੀ ਸੀ ਤਾਂ ਇੱਕ ਅਮਰੀਕਨ ਨੇ ਉਸ ਨੂੰ ਉੱਚੀ ਉੱਚੀ ਆਖਣਾ ਸ਼ੁਰੂ ਕਰ ਦਿੱਤਾ ਕਿ ਗੋ ਬੈਕ ਲਿਬਾਨਾਨ , ਆਪਣੇ ਦੇਸ਼ ਵਾਪਸ ਜਾਓ। ਅਸਲ ਵਿੱਚ ਅਮਰੀਕਨ ਨੌਜਵਾਨ ਸਿੱਖ ਲੜਕੀ ਨੂੰ ਲਿਬਨਾਨ ਦੇਸ਼ ਦੀ ਸਮਝ ਬੈਠਾ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਰਾਜਪ੍ਰੀਤ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਜਦੋਂ ਟਰੇਨ ਵਿੱਚ ਸਫ਼ਰ ਕਰ ਰਹੀ ਸੀ ਤਾਂ ਇਹ ਘਟਨਾ ਉਸ ਨਾਲ ਹੋਈ । ਰਾਜਪ੍ਰੀਤ ਅਨੁਸਾਰ ਜਦੋਂ ਉਹ ਸਫ਼ਰ ਦੌਰਾਨ ਆਪਣੇ ਫ਼ੋਨ ਨੂੰ ਦੇਖ ਰਹੀ ਸੀ ਤਾਂ ਅਮਰੀਕਨ ਵਿਅਕਤੀ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਲਿਬਨਾਨ ਵਾਪਸ ਜਾਓ ਲਈ ਕਹਿਣਾ ਸ਼ੁਰੂ ਕਰ ਦਿੱਤਾ”। ਰਾਜਪ੍ਰੀਤ ਅਨੁਸਾਰ ਉਸ ਦਾ ਜਨਮ ਅਮਰੀਕਾ ਵਿੱਚ ਹੋਇਆ ਹੈ ਅਤੇ ਉਹ ਕਾਫ਼ੀ ਸਮੇਂ ਤੋਂ ਇੰਡੀਅਨ ਸੂਬੇ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ।
ਇਸ ਘਟਨਾ ਤੋਂ ਬਾਅਦ ਬੁਰੀ ਤਰ੍ਹਾਂ ਮਾਯੂਸ ਹੋਈ ਰਾਜਪ੍ਰੀਤ ਦੀ ਮਦਦ ਰੇਲ ਵਿੱਚ ਸਫ਼ਰ ਕਰ ਰਹੀਆਂ ਦੋ ਮਹਿਲਾਵਾਂ ਨੇ ਕੀਤੀ। ਰਾਜਪ੍ਰੀਤ ਅਨੁਸਾਰ ਦੋਵਾਂ ਮਹਿਲਾਵਾਂ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਪੁਲਿਸ ਵਿੱਚ ਸ਼ਿਕਾਇਤ ਵੀ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਣਨ ਤੋਂ ਬਾਅਦ ਇੱਥੇ ਘੱਟ ਗਿਣਤੀ ਭਾਈਚਾਰੇ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।