ਵਿਧਾਨ ਸਭਾ ‘ਚ ਸਿੱਧੂ ਤੇ ਮਜੀਠੀਆ ਵਿਚ ਖੜਕੀ!
ਚੰਡੀਗੜ੍ਹ, 29 ਮਾਰਚ (ਪੰਜਾਬ ਮੇਲ)- ਰਸਮੀ ਕਾਰਵਾਈਆਂ ਤੋਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਵਿੱਚ ਪਾਰਾ ਚੜ੍ਹਿਆ ਨਜ਼ਰ ਆਇਆ। ਅੱਜ ਵਿਧਾਨ ਸਭਾ ਵਿੱਚ ਦੋ ਅੰਬਰਸਰੀਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਤੇ ਸਾਬਕਾ ਮਾਲ ਮੰਤਰੀ ਬਿਕਰਮ ਮਜੀਠੀਆ ਆਪਸ ਵਿੱਚ ਭਿੜ ਗਏ। ਸਿੱਧੂ ਤੇ ਮਜੀਠੀਆ ਵਿਚਾਲੇ ਡਰੱਗ ਮਾਮਲੇ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋਈ। ਸਿੱਧੂ ਇੰਨਾ ਤੱਤਾ ਹੋ ਗਿਆ ਕਿ ਉਸ ਨੇ ਅਕਾਲੀਆਂ ਨੂੰ ਬਨਾਰਸ ਦੇ ਠੱਗ ਤੱਕ ਕਹਿ ਦਿੱਤਾ। ਅੱਜ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੁੰਦਿਆਂ ਹੀ 15 ਮ੍ਰਿਤਕ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ ਪੰਜਾਬ ਲਾਅ ਆਫਿਸਰਜ਼ (ਅੰਗੇਜ਼ਮੈਂਟ) ਬਿੱਲ, 2017 ਪੇਸ਼ ਕੀਤਾ ਗਿਆ ਜਿਸ ਨੂੰ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਗਲੇ ਤਿੰਨ ਮਹੀਨਿਆਂ ਦਾ ਖਰਚਾ ਤੋਰਨ ਲਈ 29,389 ਕਰੋੜ ਦਾ ਲੇਖਾ ਅਨੁਦਾਨ ਪੇਸ਼ ਕੀਤਾ। ਇਸ ਦੌਰਾਨ ਸਿੱਧੂ ਨੇ ਮਜੀਠੀਆ ਨੂੰ ਕਿਹਾ ਕਿ ਸਾਡੀ ਸਰਕਾਰ ਨੇ ਚਿੱਟਾ ਨਹੀਂ ਵੇਚਣਾ, ਇਹ ਇਮਾਨਦਾਰੀ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਬਨਾਰਸ ਦੇ ਠੱਗਾਂ ਵਾਂਗ ਤੁਸੀਂ ਪੰਜਾਬ ਦੇ ਠੱਗ ਹੋ। ਉਨ੍ਹਾਂ ਕਿਹਾ ਤੁਸੀਂ ਜੋ ਲੋਕਾਂ ਨਾਲ ਕੀਤਾ ਲੋਕਾਂ ਨੇ ਉਹੀ ਤੁਹਾਡੇ ਨਾਲ ਕੀਤਾ। ਦਰਅਸਲ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਜਦੋਂ ਕਿਸਾਨਾਂ ਦੀ ਜ਼ਮੀਨ ਕੁਰਕੀ ਤੇ ਖੁਦਕੁਸ਼ੀਆਂ ਦਾ ਮਾਮਲਾ ਉਠਾਇਆ ਤਾਂ ਮਜੀਠੀਆ ਵੀ ਉਨ੍ਹਾਂ ਦੇ ਹੱਕ ਵਿੱਚ ਕੁੱਦ ਪਏ। ਇਸ ਤੋਂ ਸਿੱਧੂ ਭੜਕ ਗਏ ਤੇ ਉਨ੍ਹਾਂ ਮਜੀਠੀਆ ਨੂੰ ਬਨਾਰਸ ਦੇ ਠੱਗ ਤੱਕ ਕਹਿ ਦਿੱਤਾ। ਸਿੱਧੂ ਨੇ ਕਿਹਾ ਕਿ ਸ਼ਰਮਾ ਜਿਸ ਵੇਲੇ ਦੀ ਗੱਲ ਕਰ ਰਹੇ ਹਨ ਉਸ ਵੇਲੇ ਅਕਾਲੀ-ਬੀਜੇਪੀ ਦੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ਵਿੱਚ ਤਾਂ ਕੁੰਭਕਰਨ ਵੀ ਉੱਠ ਜਾਂਦਾ ਹੈ ਪਰ ਤੁਹਾਡੀ ਸਰਕਾਰ ਸੁੱਤੀ ਰਹੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ 10 ਸਾਲਾਂ ਵਿੱਚ ਕੁਝ ਨਹੀਂ ਕੀਤਾ ਸਵਾਏ ਚਿੱਟਾ ਵੇਚਣ ਤੋਂ। ਇਸ ‘ਤੇ ਸਿੱਧੂ ਤੇ ਮਜੀਠੀਆ ਵਿਚਾਲੇ ਕਾਫੀ ਬਹਿਸ ਚੱਲਦੀ ਰਹੀ।