ਬੀਐੱਸਐਫ ਨੇ ਸਰਹੱਦ ਤੋਂ 26 ਕਰੋੜ ਦੀ ਹੈਰੋਇਨ ਫੜੀ
ਜਲਾਲਾਬਾਦ, 6 ਅਪ੍ਰੈਲ (ਪੰਜਾਬ ਮੇਲ)- ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਚੌਕਸੀ ਕਾਰਨ ਪਾਕਿਸਤਾਨੀ ਤਸਕਰਾਂ ਵੱਲੋਂ ਹੈਰੋਇਨ ਦੀ ਖੇਪ ਭਾਰਤ ਭੇਜਣ ਦੀ ਕੋਸ਼ਿਸ਼ ਨਾਕਾਮ ਹੋ ਗਈ, ਜਦਕਿ ਬੀਓਪੀ ਝੁੱਗੇ ਫੌਜਾ ਸਿੰਘ ਨੇੜਿਓਂ ਪਾਕਿਸਤਾਨ ਤੋਂ ਆਈ 5 ਕਿੱਲੋ ਅਤੇ 300 ਗ੍ਰਾਮ ਹੈਰੋਇਨ ਫੜ ਲਈ ਗਈ।
ਇਸ ਸਬੰਧੀ ਅੱਜ ਬੀਐੱਸਐੱਫ ਸੈਕਟਰ ਫਲੀਆਂਵਾਲਾ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਬੀਐੱਸਐਫ 2 ਬਟਾਲੀਅਨ ਦੇ ਕਮਾਂਡੈਂਟ ਅਫਸਰ ਐੱਚਪੀ ਸਿੰਘ ਨੇ ਦੱਸਿਆ ਕਿ 5 ਅਤੇ 6 ਅਪਰੈਲ ਦਰਮਿਆਨੀ ਰਾਤ ਨੂੰ ਮੀਂਹ ਤੇ ਹਨੇਰੀ ਦਾ ਫਾਇਦਾ ਉਠਾਉਂਦਿਆਂ ਬੀਓਪੀ ਝੁੱਗੇ ਫੌਜਾ ਸਿੰਘ ਨੇੜੇ ਕੰਡਿਆਲੀ ਤਾਰ ਦੇ ਪਾਰ ਭਾਰਤ ਦੀ ਸੀਮਾ ਅੰਦਰ ਦੋ ਪਾਕਿਸਤਾਨੀ ਤਸਕਰ ਆ ਰਹੇ ਸਨ ਅਤੇ ਜਿਨ੍ਹਾਂ ਨੂੰ ਦੇਖ ਬੀਐੱਸਐੱਫ ਦੇ ਜਵਾਨਾਂ ਨੇ ਗੋਲੀ ਚਲਾਈ, ਪਰ ਇਹ ਤਸਕਰ ਵਾਪਸ ਭੱਜ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਸਵੇਰੇ ਜਦੋਂ ਇਸ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ 5 ਪੈਕਟ ਹੈਰੋਇਨ ਦੇ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ 5 ਕਿੱਲੋ 300 ਗ੍ਰਾਮ ਹੈ ਅਤੇ ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 26 ਕਰੋੜ ਰੁਪਏ ਦੇ ਕਰੀਬ ਹੈ। ਇਸ ਮੌਕੇ ਸੈਕਿੰਡ ਕਮਾਂਡੈਂਟ ਆਫਿਸਰ ਵਿਜੈ ਕਪਿਲਾ, ਬੀਐਸਐਫ ਦੇ ਅਫਸਰ ਅਤੇ ਜਵਾਨ ਵੀ ਮੌਜੂਦ ਸਨ।