ਖਾਲਸੇ ਦੇ ਜਨਮ ਦਿਹਾੜੇ ਦੇ ਮੌਕੇ ‘ਤੇ ਨਿਊਯਾਰਕ ਗੁਰਦੁਆਰੇ ‘ਚ ਲੱਥੀਆਂ ਪੱਗਾਂ
ਕੰਗ ਅਤੇ ਬੋਪਾਰਾਏ ਧੜਿਆਂ ਵਿਚਕਾਰ ਹੋਇਆ ਝਗੜਾ
ਨਿਊਯਾਰਕ, 19 ਅਪ੍ਰੈਲ (ਪੰਜਾਬ ਮੇਲ)- ਨਿਊਯਾਰਕ ਦੇ ਰਿਚਮੰਡ ਹਿੱਲ ਸਥਿਤ ਅਮਰੀਕਾ ਦੇ ਸਭ ਤੋਂ ਵੱਡੇ ਗੁਰਦੁਆਰੇ ਸਿੱਖ ਕਲਚਰਲ ਸੋਸਾਇਟੀ ਵਿਖੇ ਵਿਸਾਖੀ ਮੌਕੇ ਹੋਏ ਸਮਾਗਮ ‘ਚ ਦੋ ਧੜਿਆਂ ਦਰਮਿਆਨ ਹੋਏ ਝਗੜੇ ਵਿਚ ਸਿੱਖਾਂ ਦੀਆਂ ਪੱਗਾਂ ਲੱਥ ਗਈਆਂ। ਲੜਾਈ ਝਗੜਿਆਂ ਲਈ ਲੰਬੇ ਸਮੇਂ ਤੋਂ ਜਾਣੇ ਜਾਂਦੇ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੋਸਾਇਟੀ ਵਿਖੇ ਕੰਗ ਅਤੇ ਬੋਪਾਰਾਏ ਧੜਿਆਂ ਦਰਮਿਆਨ ਜੰਮ ਕੇ ਧੱਕਾ-ਮੁੱਕੀ ਅਤੇ ਲੜਾਈ ਹੋਈ। ਇਹ ਧੱਕਾ-ਮੁੱਕੀ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਹੋਈ।
ਵੱਡੀ ਗਿਣਤੀ ਵਿਚ ਪੁੱਜੀਆਂ ਸਿੱਖ ਬੀਬੀਆਂ ਭੜਕੇ ਹੋਏ ਦੋ ਧੜਿਆਂ ਦੇ ਬੰਦਿਆਂ ਨੂੰ ਸ਼ਾਂਤ ਕਰਾਉਣ ਦਾ ਯਤਨ ਕਰਦੀਆਂ ਰਹੀਆਂ, ਪਰ ਇਸ ਦਾ ਕਿਸੇ ਉਪਰ ਵੀ ਕੋਈ ਅਸਰ ਨਹੀਂ ਹੋਇਆ।
ਆਖਰ ਪੁਲਿਸ ਦੇ ਦਖਲ ਬਾਅਦ ਹੀ ਦੋਵਾਂ ਧੜਿਆਂ ਦਰਮਿਆਨ ਲੜਾਈ ਖਤਮ ਹੋਈ। ਦੱਸਿਆ ਜਾਂਦਾ ਹੈ ਕਿ ਇਸ ਲੜਾਈ ਦਾ ਮੁੱਢ ਪਹਿਲਾਂ ਤੋਂ ਹੀ ਦੋ ਧੜਿਆਂ ਵਿਚ ਚੱਲਦੇ ਆ ਰਹੇ ਗਰੁੱਪਾਂ ਦੇ ਵਿਅਕਤੀਆਂ ਵੱਲੋਂ ਇਕ ਦੂਜੇ ਖਿਲਾਫ ਗਾਲਾਂ ਕੱਢਣ ਬਾਅਦ ਬੱਝਿਆ। ਵਿਸਾਖੀ ਪੁਰਬ ਮਨਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸਿੱਖ ਸੰਗਤ ਪੁੱਜੀ ਹੋਈ ਸੀ। ਇਸ ਵੇਲੇ ਦੀਵਾਨ ਸਜੇ ਹੋਏ ਸਨ। ਜਦੋਂ ਕੰਗ ਅਤੇ ਬੋਪਾਰਾਏ ਧੜਿਆਂ ਦੇ ਵਿਅਕਤੀ ਆਪਸ ਵਿਚ ਉਲਝ ਪਏ ਅਤੇ ਗਾਲੀ-ਗਲੋਚ ਆਰੰਭ ਹੋ ਗਿਆ। ਇਸ ਤੋਂ ਬਾਅਦ ਹੱਥੋਪਾਈ ਦੌਰਾਨ ਕਈ ਸਿੱਖਾਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਦੌਰਾਨ ਸਮੁੱਚੇ ਦੀਵਾਨ ਹਾਲ ਵਿਚ ਹਫੜਾ-ਦਫੜੀ ਮੱਚ ਗਈ।
ਪ੍ਰਬੰਧਕਾਂ ਵੱਲੋਂ ਸਟੇਜ ਉਪਰੋਂ ਝਗੜ ਰਹੇ ਲੋਕਾਂ ਨੂੰ ਬਾਹਰ ਜਾਣ ਦੀਆਂ ਅਪੀਲਾਂ ਵੀ ਕੀਤੀਆਂ ਗਈਆਂ। ਪਰ ਦੋਵਾਂ ਧੜਿਆਂ ਦੇ ਲੋਕ ਕਿਸੇ ਦੀ ਗੱਲ ਸੁਣਨ ਦੀ ਬਜਾਏ ਆਪਸ ਵਿਚ ਹੀ ਉਲਝਦੇ ਰਹੇ।