ਅਮਰੀਕਾ-ਉੱਤਰੀ ਕੋਰੀਆ ਜੰਗ ਲਈ ਤਿਆਰ!
ਸਿਓਲ, 23 ਅਪ੍ਰੈਲ (ਪੰਜਾਬ ਮੇਲ)- ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਸ ਦੀ ਫੌਜ ਅਮਰੀਕਾ ਦੇ ਏਅਰਕਰਾਫਟ ਕਰੀਅਰ ‘ਤੇ ਹਮਲਾ ਕਰੇਗੀ। ਦੋ ਜਾਪਨੀ ਨੇਵੀ ਬੇੜਿਆਂ ਨਾਲ ਅਮਰੀਕਾ ਪੱਛਮੀ ਪੈਸੇਫਿਕ ‘ਚ ਅਭਿਆਸ ਕਰ ਰਿਹਾ ਹੈ। ਓਧਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਹਮਲੇ ਦੀ ਪੂਰੀ ਤਿਆਰੀ ਰੱਖੀ ਜਾਵੇ। ਹਾਲਾਂਕਿ ਉਨ੍ਹਾਂ ਕੋਈ ਵਿਸ਼ੇਸ਼ ਇਲਾਕੇ ਦੀ ਗੱਲ ਨਹੀਂ ਕਹੀ।
ਇਸ ਤੋਂ ਪਹਿਲਾਂ ਉੱਤਰੀ ਨੇ ਅਮਰੀਕਾ ਨੂੰ ਪ੍ਰਮਾਣੂ ਹਮਲੇ ਦੀ ਵੀ ਧਮਕੀ ਦਿੱਤੀ ਹੈ। ਅਮਰੀਕਾ ਦੇ ਬੁਲਾਰੇ ਨੇ ਕਿਹਾ ਕਿ ਸਾਡੇ ਏਅਰਕਰਾਫਟ ਉੱਥੇ ਜਾਣਗੇ ਤੇ ਅਸੀਂ ਇਸ ਤੋਂ ਵੱਧ ਕੁਝ ਨਹੀਂ ਦੱਸ ਸਕਦੇ। ਉਨ੍ਹਾਂ ਕਿਹਾ ਕਿ ਸਾਡੀਆਂ ਮਿੱਤਰ ਫੋਰਸਾਂ ਹਰ ਤਰ੍ਹਾਂ ਦੇ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹਨ। ਰੱਖਿਆ ਮਾਹਰ ਮੰਨਦੇ ਹਨ ਉੱਤਰ ਕੋਰੀਆ ਦੀ ਸਰਜ਼ਮੀਨ ‘ਤੇ ਤੀਸਰੇ ਵਿਸ਼ਵ ਯੁੱਧ ਦੇ ਬੀਜ ਬੀਜੇ ਜਾ ਰਹੇ ਹਨ। ਉੱਤਰ ਕੋਰੀਆ ਦੀ ਤਾਨਾਸ਼ਾਹ ਸਰਕਾਰ ਦੇ ਤਲਖ਼ ਤੇਵਰਾਂ ‘ਤੇ ਅਮਰੀਕਾ ਦੇ ਬਿਆਨਾਂ ਦਾ ਅਸਰ ਦਿਖਾਈ ਨਹੀਂ ਦੇ ਰਿਹਾ।
ਦੱਸਣਯੋਗ ਹੈ ਕਿ ਨਾਰਥ ਕੋਰੀਆ ਦੇ ਯੂਐਨ ਵਿੱਚ ਡਿਪਟੀ ਰਾਜਦੂਤ ਕਿਮ ਇੰਨ ਰੇਯੌਂਗ ਨੇ ਸਾਫ਼ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਖ਼ਿਲਾਫ਼ ਹਰ ਤਰ੍ਹਾਂ ਦੀ ਲੜਾਈ ਦੀ ਤਿਆਰੀ ਕਰ ਰਿਹਾ ਹੈ। ਰਾਜਦੂਤ ਅਨੁਸਾਰ ਅਸੀਂ ਜੰਗ ਦੀ ਤਿਆਰੀ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਜੇਕਰ ਅਮਰੀਕਾ ਨੇ ਕੋਈ ਵੀ ਹਰਕਤ ਕੀਤੀ ਤਾਂ ਅਸੀਂ ਮਿਜ਼ਾਈਲ ਜਾਂ ਪ੍ਰਮਾਣੂ ਹਮਲੇ ਰਾਹੀਂ ਜਵਾਬ ਦੇਵਾਂਗੇ।