ਨਹੀਂ ਡਰ ਰਿਹਾ ਉਤਰ ਕੋਰੀਆ, ਮੁੜ ਕੀਤਾ ਮਿਜ਼ਾਈਲ ਪ੍ਰੀਖਣ
ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਉਤਰ ਕੋਰੀਆ ਨੇ ਅਮਰੀਕਾ ਸਮੇਤ ਕੌਮਾਂਤਰੀ ਭਾਈਚਾਰੇ ਦੀ ਚਿਤਾਵਨੀ ਨੂੰ ਅਣਸੁਣੀ ਕਰਦਿਆਂ ਬੈਲੀਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਦੱਖਣੀ ਕੋਰੀਆ ਦੀ ਸੈਨਾ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਨੇ ਹੁਣ ਉਤਰ ਕੋਰੀਆ ‘ਤੇ ਜਵਾਬੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਤੱਕ ਉਤਰ ਕੋਰੀਆ ਨੌਂ ਵਾਰ ਮਿਜ਼ਾਈਲ ਪ੍ਰੀਖਣ ਕਰ ਚੁੱਕਾ ਹੈ। ਪੈਂਟਾਗਨ ਨੇ ਵੀ ਉਤਰ ਕੋਰੀਆ ਵਲੋਂ ਮਿਜ਼ਾਈਲ ਪ੍ਰੀਖਣ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਸੀਐਨਐਨ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਉਤਰ ਕੋਰੀਆ ਨੇ ਮੱਧਮ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਨੂੰ ਮੋਬਾਈਲ ਰਾਹੀਂ ਲਾਂਚ ਕੀਤਾ, ਜੋ ਜਾਪਾਨ ਸਾਗਰ ਤੱਕ ਨਹੀਂ ਪਹੁੰਚ ਸਕੀ। ਅਮਰੀਕੀ ਸੈਨਾ ਦੇ ਬੁਲਾਰੇ ਬੇਨਹਮ ਨੇ ਕਿਹਾ ਕਿ ਉਤਰ ਕੋਰੀਆ ਬੈਲੀਸਟਿਕ ਮਿਜ਼ਾਈਲ ਸ਼ਨਿੱਚਰਵਾਰ ਸਵੇਰੇ 10.33 ਵਜੇ ਲਾਂਚ ਕੀਤੀ ਗਈ। ਹਾਲਾਂਕਿ ਅਜੇ ਉਤਰ ਕੋਰੀਆ ਵਲੋਂ ਇਸ ਸਬੰਧੀ ਕੋਈ ਟਿੱਪਣੀ ਨਹੀਂ ਆਈ ਹੈ। ਅਮਰੀਕਾ ਦੇ ਨਾਲ ਵਧ ਰਹੇ ਤਣਾਅ ਦੇ ਵਿਚ ਉਤਰ ਕੋਰੀਆ ਵਲੋਂ ਮੁੜ ਤੋਂ ਕੀਤੇ ਗਏ ਮਿਜ਼ਾਈਲ ਪ੍ਰੀਖਣ ਨੇ ਵਿਸ਼ਵ ਪੱਧਰ ‘ਤੇ ਚਿੰਤਾ ਵਧਾ ਦਿੱਤੀ ਹੈ।
ਦੱਖਣੀ ਕੋਰੀਆਈ ਸੈਨਾ ਮੁਖੀ ਮੁਤਾਬਕ ਸ਼ਨਿੱਚਰਵਾਰ ਤੜਕੇ ਇਹ ਮਿਜ਼ਾਈਲ ਉਤਰ ਕੋਰੀਆ ਦੀ ਰਾਜਧਾਨੀ ਦੇ ਇਕ ਸੂਬੇ ‘ਚ ਇਕ ਪ੍ਰੀਖਣ ਸਥਾਨ ‘ਤੇ ਲਾਂਚ ਕੀਤੀ ਗਈ। ਇਸ ਤੋਂ ਪਹਿਲਾਂ ਉਤਰ ਕੋਰੀਆ ਨੇ ਕਰੀਬ 12 ਦਿਨ ਪਹਿਲਾਂ ਇਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ, ਉਸ ਨੇ ਯੂਐਨ ਵਿਚ ਧਮਕੀ ਵੀ ਦਿੱਤੀ ਸੀ ਕਿ ਉਹ ਹਰ ਹਫ਼ਤੇ ਮਿਜ਼ਾਈਲ ਪ੍ਰੀਖਣ ਕਰੇਗਾ। ਵਾਈਟ ਹਾਊਸ ਨੇ ਦੱਸਿਆ ਕਿ ਉਤਰ ਕੋਰੀਆ ਦੇ ਮਿਜ਼ਾਈਲ ਪੀ੍ਰਖਣ ਦੀ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦੇ ਦਿੱਤੀ ਗਈ ਹੈ।
ਟਰੰਪ ਨੇ ਕਿਹਾ ਕਿ ਉਤਰ ਕੋਰੀਆ ਨੇ ਮਿਜ਼ਾਈਲ ਪ੍ਰੀਖਣ ਕਰਕੇ ਚੀਨ ਦਾ ਅਪਮਾਨ ਕੀਤਾ ਹੈ। ਇਹ ਬੇਹੱਦ ਬੁਰਾ ਵਰਤਾਰਾ ਹੈ। ਦਰਅਸਲ ਚੀਨ ਨੇ ਉਤਰ ਕੋਰੀਆ ਨੂੰ ਮਿਜ਼ਾਈਲ ਪ੍ਰੀਖਣ ਅਤੇ ਪਰਮਾਣੂ ਪ੍ਰੋਗਰਾਮ ਬੰਦ ਕਰਨ ਲਈ ਕਿਹਾ ਸੀ, ਅਜਿਹੇ ਵਿਚ ਟਰੰਪ ਚੀਨ ਨੂੰ ਅਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਇਹ ਬਿਆਨ ਚੀਨ ਨੂੰ ਉਤਰ ਕੋਰੀਆ ਦੇ ਖ਼ਿਲਾਫ਼ ਉਕਸਾਵੇ ਦੇ ਰੂਪ ਵਿਚ ਮੰਨਿਆ ਜਾ ਰਿਹਾ ਹੈ।