ਬਿਹਾਰ ‘ਚ ਚੂਹੇ ਪੀ ਗਏ 9 ਲੱਖ ਲੀਟਰ ਸ਼ਰਾਬ
ਪਟਨਾ, 5 ਮਈ (ਪੰਜਾਬ ਮੇਲ)- ਬਿਹਾਰ ਪੁਲਿਸ ਨੇ ਸ਼ਰਾਬ ਨੂੰ ਲੈ ਕੇ ਇਕ ਬੇਹੱਦ ਅਜੀਬੋ ਗਰੀਬ ਬਿਆਨ ਦਿੱਤਾ ਹੈ। ਪੁਲਿਸ ਮੁਤਾਬਕ ਉਨ੍ਹਾਂ ਨੇ ਸੂਬੇ ਤੋਂ ਸ਼ਰਾਬ ਨੂੰ ਜ਼ਬਤ ਕਰਕੇ ਮਾਲਖਾਨੇ ਵਿਚ ਰੱਖਿਆ ਸੀ, ਜਿੱਥੇ 9 ਲੱਖ ਲੀਟਰ ਸ਼ਰਾਬ ਚੂਹੇ ਪੀ ਗਏ। ਮੀਡੀਆ ਵਿਚ ਆਏ ਇਸ ਹੈਰਾਨ ਕਰਨ ਵਾਲੀ ਰਿਪੋਰਟ ਤੋਂ ਬਾਅਦ ਬਿਹਾਰ ਪੁਲਿਸ ਹੈਡਕੁਆਰਟਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਐਡੀਸ਼ਨਲ ਡੀਜੀਪੀ ਐਸਕੇ ਸਿੰਘਲ ਨੇ ਦੱਸਿਆ ਕਿ ਪਟਨਾ ਖੇਤਰ ਦੇ ਡੀਜੀਪੀ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਜਾਂਚ ਰਿਪੋਰਟ ਦੇ ਆਧਾਰ ‘ਤੇ ਪੁਲਿਸ ਹੈਡਕੁਆਰਟਰ ਦੁਆਰਾ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਮੀਡੀਆ ਰੋਪਰਟਾਂ ਦੇ ਅਨੁਸਾਰ ਪਿਛਲੇ 13 ਮਹੀਨੇ ਦੌਰਾਨ 9.15 ਲੱਖ ਲੀਟਰ ਅਲਕੋਹਲ, ਦੇਸ਼ੀ ਅਤੇ ਵਿਦੇਸ਼ੀ ਸ਼ਰਾਬ ਜ਼ਬਤ ਕੀਤੀ ਗਈ ਅਤੇ ਪੁਲਿਸ ਕਰਾਈਮ ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਵਿਚੋਂ ਇਕ ਵੱਡਾ ਹਿੱਸਾ ਪੁਲਿਸ ਥਾਣੇ ਲਿਆਉਣ ਦੌਰਾਨ ਬਰਬਾਦ ਹੋ ਗਿਆ, ਜਦ ਕਿ ਓਨੀ ਹੀ ਵੱਡੀ ਮਾਤਰਾ ਵਿਚ ਚੂਹੇ ਪੁਲਿਸ ਮਾਲਖਾਨੇ ਵਿਚ ਹਜ਼ਮ ਕਰ ਗਏ। ਪਟਨਾ ਖੇਤਰ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੇ ਪਟਨਾ ਦੇ ਐਸਐਸਪੀ ਨੂੰ ਪੁਲਿਸ ਮਾਲਖਾਨੇ ਤੋਂ ਇਸ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਲਈ ਕਿਹਾ ਹੈ, ਬਿਹਾਰ ਵਿਚ ਕਰੀਬ 1053 ਪੁਲਿਸ ਥਾਣੇ ਹਨ।