ਏ.ਸੀ. ਬੱਸ ਨੂੰ ਲੱਗੀ ਅੱਗ; ਜਿਊਂਦੇ ਸੜੇ ਤਿੰਨ ਮੁਸਾਫਰ, ਦੋ ਦਰਜਨ ਤੋਂ ਵੱਧ ਜ਼ਖ਼ਮੀ
ਰਾਮਪੁਰਾ ਫੂਲ, 13 ਮਈ (ਪੰਜਾਬ ਮੇਲ)- ਇੱਥੇ ਰੇਲਵੇ ਫਾਟਕਾਂ ਕੋਲ ਅੱਜ ਸ਼ਾਮੀਂ ਇਕ ਪ੍ਰਾਈਵੇਟ ਕੰਪਨੀ ਦੀ ਏਅਰਕੰਡੀਸ਼ਨਡ ਬੱਸ ਨੂੰ ਅੱਗ ਲੱਗਣ ਕਾਰਨ ਤਿੰਨ ਮੁਸਾਫਰ ਜਿਊਂਦੇ ਸੜ ਗਏ, ਜਦੋਂ ਕਿ ਦੋ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਸੱਤ ਮੁਸਾਫਰਾਂ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ, ਜਿਨ੍ਹਾਂ ਵਿੱਚੋਂ ਚਾਰ ਗੰਭੀਰ ਜ਼ਖ਼ਮੀਆਂ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਅਤੇ ਤਿੰਨ ਜ਼ਖ਼ਮੀਆਂ ਨੂੰ ਭੁੱਚੋ ਦੇ ਆਦੇਸ਼ ਹਸਪਤਾਲ ਭੇਜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਈਆ ਟਰਾਂਸਪੋਰਟ ਕੰਪਨੀ (ਆਰਟੀਸੀ) ਦੀ ਏਅਰਕੰਡੀਸ਼ਨਡ ਬੱਸ (ਪੀਬੀ19 ਐਲ 0555) ਸ਼ਾਮ ਨੂੰ ਬਠਿੰਡਾ ਤੋਂ ਲੁਧਿਆਣਾ ਜਾ ਰਹੀ ਸੀ। ਸੂਤਰਾਂ ਮੁਤਾਬਕ ਯਾਤਰੀਆਂ ਨਾਲ ਭਰੀ ਹੋਈ ਇਹ ਬੱਸ ਜਿਉਂ ਹੀ ਰਾਮਪੁਰਾ ਫੂਲ ਰੇਲਵੇ ਫਾਟਕਾਂ ਕੋਲ ਪੁੱਜੀ ਤਾਂ ਇਸ ਵਿੱਚੋਂ ਅੱਗ ਦੇ ਭਾਂਬੜ ਨਿਕਲਦੇ ਦਿਖਾਈ ਦਿੱਤੇ। ਚਸ਼ਮਦੀਦਾਂ ਅਨੁਸਾਰ ਘਟਨਾ ਸਥਾਨ ਤੋਂ ਕਿਲੋਮੀਟਰ ਪਿੱਛੇ ਹੀ ਬੱਸ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਪਰ ਡਰਾਈਵਰ ਨੇ ਬੱਸ ਰੋਕ ਕੇ ਚੈੱਕ ਕਰਨ ਦੀ ਥਾਂ ਰਾਮਪੁਰਾ ਫੂਲ ਦਾ ਰੇਲਵੇ ਫਾਟਕ ਪਾਸ ਕਰਨ ਦੀ ਕਾਹਲ ਕੀਤੀ। ਲੋਕਾਂ ਦੇ ਦੱਸਣ ਮੁਤਾਬਕ ਇਸ ਕਥਿਤ ਲਾਪ੍ਰਵਾਹੀ ਕਾਰਨ ਬੱਸ ਜਿਉਂ ਹੀ ਰੇਲਵੇ ਫਾਟਕਾਂ ਤੱਕ ਪੁੱਜੀ ਤਾਂ ਅੱਗ ਦੀਆਂ ਉੱਚੀਆਂ ਉੱਚੀਆਂ ਲਾਟਾਂ ਦਿਖਾਈ ਦਿੱਤੀਆਂ। ਡਰਾਈਵਰ ਨੇ ਜਦੋਂ ਹਾਈਡਰੌਲਿਕ ਤਾਕੀਆਂ ਖੋਲ੍ਹੀਆਂ ਤਾਂ ਅੱਗ ਨੇ ਯਾਤਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਯਕਦਮ ਹਫੜਾ ਦਫੜੀ ਮੱਚਣ ਕਾਰਨ ਯਾਤਰੀ ਬੱਸ ਵਿੱਚੋਂ ਉਤਰਨ ਲਈ ਇਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਕਰਨ ਲੱਗੇ। ਜਿਉਂ ਹੀ ਇਸ ਘਟਨਾ ਦਾ ਪਤਾ ਆਮ ਲੋਕਾਂ ਨੂੰ ਲੱਗਿਆ ਤਾਂ ਵੱਡੀ ਗਿਣਤੀ ਲੋਕੀਂ ਜ਼ਖ਼ਮੀਆਂ ਦੀ ਸਹਾਇਤਾ ਲਈ ਪੁੱਜੇ।
ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲਾਂ ਵਿੱਚ ਪਹੁੰਚਾਉਣ ਦੇ ਪ੍ਰਬੰਧ ਕੀਤੇ। ਰਾਮਪੁਰਾ ਫੂਲ ਦੇ ਹਸਪਤਾਲਾਂ ਵਿੱਚ ਲਿਆਂਦੇ ਗਏ ਜ਼ਖ਼ਮੀਆਂ ਦੇ ਇਲਾਜ ਲਈ ਵਧੀਆ ਪ੍ਰਬੰਧ ਨਾ ਹੋਣ ਕਾਰਨ ਚਾਰ ਜਣਿਆਂ ਨੂੰ ਦਯਾਨੰਦ ਹਸਪਤਾਲ ਲੁਧਿਆਣਾ ਅਤੇ ਤਿੰਨ ਨੂੰ ਆਦੇਸ਼ ਹਸਪਤਾਲ ਭੁੱਚੋ ਭੇਜਿਆ ਗਿਆ ਹੈ। ਹੋਰ ਮਰੀਜ਼ਾਂ ਨੂੰ ਵੀ ਬਾਹਰਲੇ ਹਸਪਤਾਲਾਂ ਵਿੱਚ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ। ਘਟਨਾ ਵਿੱਚ ਨਿੱਜੀ ਕੰਪਨੀ ਦੀ ਬੱਸ ਪੂਰੀ ਤਰ੍ਹਾਂ ਸੜ ਗਈ। ਰਾਮਪੁਰਾ ਫੂਲ ਤੋਂ ਇਲਾਵਾ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਹਸਪਤਾਲ ਵਿੱਚ ਮਰੀਜ਼ਾਂ ਦਾ ਹਾਲ ਜਾਨਣ ਲਈ ਪੁਲੀਸ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਐਸਪੀਡੀ ਬਿਕਰਮਜੀਤ ਸਿੰਘ ਅਤੇ ਹੋਰ ਅਧਿਕਾਰੀ ਪੁੱਜੇ। ਘਟਨਾ ਤੋਂ ਤੁਰੰਤ ਬਾਅਦ ਬੱਸ ਦਾ ਡਰਾਈਵਰ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ 14 ਅਕਤੂਬਰ 1988 ਨੂੰ ਨਥਾਣਾ ਦੇ ਪਿੰਡ ਕਲਿਆਣ ਮਲਕਾ ਨੇੜੇ ਪੰਜਾਬ ਰੋਡਵੇਜ਼ ਦੀ ਜਲੰਧਰ ਤੋਂ ਬਠਿੰਡਾ ਜਾ ਰਹੀ ਬੱਸ ਨੂੰ ਵੀ ਅਚਾਨਕ ਅੱਗ ਲੱਗ ਲਈ ਸੀ, ਜਿਸ ਵਿੱਚ 14 ਯਾਤਰੀ ਜਿਊਂਦੇ ਸੜ ਗਏ ਸਨ।