ਹੜ੍ਹ ਕਾਰਨ ਆਸਾਮ ਦੇ 140 ਪਿੰਡ ਪਾਣੀ ‘ਚ ਡੁੱਬੇ
ਨਵੀਂ ਦਿੱਲੀ, 7 ਜੂਨ (ਪੰਜਾਬ ਮੇਲ) -ਆਸਾਮ ਵਿੱਚ ਹੜ੍ਹ ਕਾਰਨ ਇੱਕ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹਾਂ ਦੀ ਮਾਰ ਕਾਰਨ ਆਸਾਮ ਦੇ 140 ਪਿੰਡ ਪਾਣੀ ਨਾਲ ਭਰ ਗਏ ਹਨ। ਜਦਕਿ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ।
ਆਸਾਮ ਦੇ ਲਖੀਮਪੁਰ ਤੇ ਕਰੀਮਗੰਜ ਜ਼ਿਲਿਆਂ ਵਿੱਚ ਇੱਕ ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਜਦਕਿ ਸੂਬੇ ਵਿੱਚ 4 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀਆਂ ਹਨ। ਝਾਰਖੰਡ ਵਿੱਚ ਬਿਜਲੀ ਡਿੱਗਣ ਨਾਲ 4 ਬੱਚਿਆਂ ਦੀ ਮੌਤ ਹੋ ਗਈ। ਰਾਜਧਾਨੀ ਦੀ ਗੱਲ ਕਰੀਏ ਤਾਂ ਇੱਥੇ ਵੀ ਬੀਤੇ ਦਿਨ ਅੰਤਾਂ ਦੀ ਗਰਮੀ ਪਈ ਤੇ ਪਾਰਾ ਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਹਰਿਆਣਾ ਤੇ ਪੰਜਾਬ ਦੇ ਵਧੇਰੇ ਹਿੱਸਿਆਂ ਵਿੱਚ ਅੱਜ ਸਵੇਰੇ ਮੀਂਹ ਪੈਣ ਨਾਲ ਮੌਸਮ ਥੋੜ੍ਹਾ ਖੁਸ਼ਗਵਾਰ ਹੋਇਆ ਹੈ ਪਰ ਬੀਤੇ ਦਿਨ ਪੰਜਾਬ ਦਾ ਪਟਿਆਲਾ ਜ਼ਿਲ੍ਹਾ ਸਭ ਤੋਂ ਵੱਧ ਗਰਮ ਰਿਹਾ ਜਿੱਥੇ ਪਾਰਾ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।