ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ ਹੈ
(ਭਾਗ ੧ )
ਵਿਗਿਆਨ ਦਿਖਾਈ ਦੇ ਰਹੇ ਜਾਂ ਅਨੁਭਵ ਕੀਤੇ ਜਾਣ ਵਾਲੇ ਪਦਾਰਥ ਦੀ ਜਾਣਕਾਰੀ ਹੁੰਦਾ ਹੈ। ਸਾਰਾ ਪਦਾਰਥਕ ਜਗਤ ਨਿਰੰਤਰ ਬਦਲ ਰਿਹਾ ਹੈ ਅਤੇ ਜਮਣ-ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ। ਇਸ ਲਈ ਵਿਗਿਆਨਕ ਜਾਣਕਾਰੀ ਅਧੂਰੀ ਹੁੰਦੀ ਹੈ ਅਤੇ ਬਦਲਦੀ ਵੀ ਰਹਿੰਦੀ ਹੈ। ਇਸ ਜਾਣਕਾਰੀ ਨੂੰ ਪ੍ਰਦਰਸ਼ਤ ਕੀਤਾ ਜਾ ਸਕਦਾ ਹੈ। ਵਿਗਿਆਨੀ ਨਾ ਦਿਖਾਈ ਦੇਣ ਵਾਲੀ ਜਾਂ ਨਾ ਅਨੁਭਵ ਕੀਤੀ ਜਾਣ ਵਾਲੀ ਅਪਦਾਰਥਕ ਹਸਤੀ ਬਾਰੇ ਕੋਈ ਰਾਏ ਨਹੀਂ ਦਿੰਦੇ ਕਿਊਂਕੇ ਅਪਦਾਰਥ ਵਿਗਿਆਨ ਦਾ ਵਿਸ਼ਾ ਹੀ ਨਹੀਂ ਹੈ। ਇਸ ਦੇ ਉਲਟ ਅਧਿਆਮਤਕ ਗਿਆਨ ਅਦਿੱਖ ਸਿਰਜਣਹਾਰ ਪ੍ਰਭੂ ਅਤੇ ਉਸ ਦੀ ਸਾਜੀ ਅਤੇ ਦਿਖਾਈ ਦੇਣ ਵਾਲੀ ਕਿਰਤ ਦਾ ਗਿਆਨ ਹੈ। ਇਹ ਪ੍ਰਭੂ ਦੇ ਸੰਸਾਰ ਅਤੇ ਮਨੁੱਖ ਨਾਲ ਸਬੰਧਾਂ ਦਾ ਗਿਆਨ ਹੈ। ਇਸ ਗਿਆਨ ਨੂੰ ਸਦੀਵੀ ਸੱਚ ਮੰਨਿਆ ਜਾਂਦਾ ਹੈ ਅਤੇ ਇਹ ਬਦਲਦਾ ਨਹੀਂ। ਅਧਿਆਤਮਕ ਗਿਆਨ ਨੂੰ ਪ੍ਰਦਰਸ਼ਤ ਨਹੀਂ ਕੀਤਾ ਜਾ ਸਕਦਾ ਕਿਊਂਕੇ ਇਹ ਦਿਖਾਈ ਦੇ ਰਹੇ ਪਦਾਰਥ ਦਾ ਗਿਆਨ ਨਹੀਂ ਹੁੰਦਾ। ਇਸ ਤੇ ਵਿਸ਼ਵਾਸ ਕਰਨਾ ਪੈਂਦਾ ਹੈ। ਜੋ ਇਸ ਤੇ ਵਿਸ਼ਵਾਸ ਨਹੀਂ ਕਰਦਾ ਉਸ ਲਈ ਇਹ ਗਿਆਨ ਭਰਮ ਜਾਂ ਨਾ ਮੰਨਣਯੋਗ ਬਿਰਤਾਂਤ ਤੋਂ ਵੱਧ ਕੁੱਝ ਵੀ ਨਹੀਂ ਹੁੰਦਾ।
ਅਧਿਆਤਮਕ ਗਿਆਨ ਦਾ ਮੂਲ ਵਿਸ਼ਾ ਪ੍ਰਭੂ ਹੈ। ਇਸ ਨੂੰ ਵਿਗਿਆਨ ਜਾਂ ਤਰਕ ਨਾਲ ਰਲਗੱਡ ਕਰਨਾ ਠੀਕ ਨਹੀਂ ਹੈ ਕਿਊਂਕੇ ਪ੍ਰਭੂ ਪਦਾਰਥ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ, ਜੋ ਅਧਿਆਤਮਕ ਗਿਆਨ ਦਾ ਸਾਰ ਹੈ, ਪ੍ਰਭੂ ਇੱਕ ਹੈ ਅਤੇ ਕੇਵਲ ਉਸ ਦੀ ਹੀ ਹੋਂਦ ਹੈ, ਹੋਰ ਕਿਸੇ ਦੀ ਹੋਂਦ ਨਹੀਂ ਹੈ। ਉਹ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਅਤੇ ਆਪਣੀ ਕਿਰਤ ਵਿੱਚ ਵਿਆਪਕ ਹੈ। ਮਨੁੱਖ ਪ੍ਰਭੂ ਦੀ ਕਿਰਤ ਹੈ ਅਤੇ ਉਸ ਵਿੱਚ ਪ੍ਰਭੂ ਨੂੰ ਜਾਨਣ ਦੀ ਸਮਰਥਾ ਨਹੀਂ ਹੈ। ਉਸ ਲਈ ਪ੍ਰਭੂ ਦੀ ਕਲਪਨਾ ਕਰਨੀ ਵੀ ਸੰਭਵ ਨਹੀਂ ਹੈ ਕਿਊਂਕੇ ਪ੍ਰਭੂ
"ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥" (ਪੰ: 283) ਹੈ।
ਪ੍ਰਭੂ ਦਾ ਅਨੁਭਵ ਕਰਨ ਲਈ ਤ੍ਰੈਗੁਣੀ ਸੰਸਾਰ ਤੋਂ ਉਪਰ ਉਠ ਕੇ ਚੌਥੇ ਪਦ ਜਾਂ ਨਿਜ ਘਰ ਵਿੱਚ ਪ੍ਰਵੇਸ਼ ਕਰਨਾ ਪੈਂਦਾ ਹੈ ਅਤੇ ਉਸ ਦੇ ਦੈਵੀ ਗੁਣ ਧਾਰਨ ਕਰਨੇ ਪੈਂਦੇ ਹਨ। ਗੁਰਬਾਣੀ ਦੇ ਕਥਨ ਹਨ,
"ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥
ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥" (ਪੰ: 1123) ਅਤੇ
"ਨਿਰਗੁਣ ਰਾਮ ਗੁਣਹ ਵਸਿ ਹੋਇ ਆਪੁ ਨਿਵਾਰਿ ਬੀਚਾਰੇ ਸੋਇ॥" (ਪੰ: 222)।
ਅਧਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਾ ਹੁੰਦੇ ਹੋਏ ਵੀ ਇਨ੍ਹਾਂ ਦੋਨਾਂ ਦੇ ਤਿੰਨ ਵਿਸ਼ੇ ਸਾਂਝੇ ਹਨ। ਉਹ ਹਨ: ਸ੍ਰਿਸ਼ਟੀ, ਸੰਸਾਰ ਅਤੇ ਮਨੁੱਖ। ਇਨ੍ਹਾਂ ਤਿੰਨਾਂ ਵਿਸ਼ਿਆਂ ਵਿੱਚ ਵਿਗਿਆਨ ਦੀ ਪਹੁੰਚ ਅਤੇ ਜਾਣਕਾਰੀ ਅਧਿਆਤਮਕ ਗਿਆਨ ਨਾਲੋਂ ਵਖਰੀ ਹੈ।
ਵਿਗਿਆਨ ਨੇ ਸ੍ਰਿਸ਼ਟੀ ਬਾਰੇ ਕਾਫੀ ਮਹਤੱਵਪੂਰਨ ਜਾਣਕਾਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਹੋਰ ਕਰੀ ਜਾ ਰਿਹਾ ਹੈ। ਗੁਰਬਾਣੀ ਦਾ ਸ਼੍ਰਿਸ਼ਟੀ ਬਾਰੇ ਦ੍ਰਿਸ਼ਟੀਕੋਣ ਵਿਗਿਆਨ ਤੋਂ ਵਖਰਾ ਹੈ। ਗੁਰੂ ਨਾਨਕ ਸਾਹਿਬ ਨੇ ਮਾਰੂ ਰਾਗ ਵਿੱਚ ਸ੍ਰਿਸ਼ਟੀ ਦੀ ਸਿਰਜਨਾ ਤੇ ਪ੍ਰਭੂ ਦੇ ਸੋਹਲੇ ਗਾਇਨ ਕੀਤੇ ਹਨ ਅਤੇ ਕਥਨ ਕੀਤਾ ਹੈ,
"ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥" ਅਤੇ
ਗੁਰੂ ਸਾਹਿਬ ਦੱਸਦੇ ਹਨ,
"ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥
ਬਾਝੁ ਕਲਾ ਆਡਾਣੁ ਰਹਾਇਆ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥
ਵਿਰਲੇ ਕਉ ਗੁਰ ਸਬਦੁ ਸੁਣਾਇਆ॥
ਕਰਿ ਕਰਿ ਦੇਖੇ ਹੁਕਮੁ ਸਬਾਇਆ॥
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤੁਹ ਪਰਗਟੀ ਆਇਦਾ॥" (ਪੰ: 1036)।
ਗੁਪਤ ਪ੍ਰਭੂ ਆਪਣੀ ਸਾਜੀ ਸ੍ਰਿਸ਼ਟੀ ਵਿੱਚ ਪ੍ਰਗਟ ਹੋ ਗਿਆ ਹੈ ਅਤੇ ਉਸ ਦੀ ਕਿਰਤ ਵਿੱਚ ਉਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਗੁਰਬਾਣੀ ਅਨੁਸਾਰ ਉਸ ਨੂੰ ਦੇਖਣ ਲਈ ਵਿਸ਼ੇਸ਼ ਅੱਖਾਂ ਦੀ ਲੋੜ ਹੁੰਦੀ ਹੈ।
"ਨਾਨਕ ਸੇ ਅਖੜੀਆਂ ਬਿਅੰਨ ਜਿਨੀ ਡਿਸੰਦੋ ਮਾਪਿਰੀ॥" (ਪੰ: 1100)
ਪ੍ਰਭੂ ਨੂੰ ਦੇਖਣ ਦੀ ਯੋਗਤਾ ਪ੍ਰਭੂ ਦੇ ਗੁਣ ਧਾਰਨ ਕਰਨ ਨਾਲ ਬਣੇ ਭਗਤ ਜਨ ਪ੍ਰਾਪਤ ਕਰ ਲੈਂਦੇ ਹਨ ਕਿਊਂਕੇ
"ਵਿਣੁ ਗੁਣ ਕੀਤੇ ਭਗਤਿ ਨ ਹੋਇ॥" (ਪੰ: 4)।
ਵਿਗਿਆਨ ਦੀ ਬਹੁਤੀ ਜਾਣਕਾਰੀ ਦਾ ਸਬੰਧ ਸੰਸਾਰ ਨਾਲ ਹੈ। ਵਿਗਿਆਨ ਪਦਾਰਥਕ ਜਗਤ, ਜੀਵ ਅਤੇ ਸਮਾਜ ਬਾਰੇ ਵਿਸਤਰਤ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਜਾਣਕਾਰੀ ਏਨੀ ਵਿਸ਼ਾਲ ਅਤੇ ਬਾਰੀਕ ਹੁੰਦੀ ਹੈ ਕਿ ਸਾਧਾਰਣ ਮਨੁੱਖ ਲਈ ਇਸ ਨੂੰ ਪੂਰੀ ਤਰ੍ਹਾਂ ਜਾਨਣਾ ਸੰਭਵ ਨਹੀਂ ਹੁੰਦਾ। ਇਹ ਵਖੋ ਵੱਖ ਵਿਸ਼ਿਆਂ ਵਿੱਚ ਵੰਡੀ ਹੋਈ ਹੈ ਅਤੇ ਇਸ ਦੇ ਵਿਸ਼ਿਆਂ ਦਾ ਪ੍ਰਸਾਰ ਅਤੇ ਖੋਜ ਅਕਾਦਮਿਕ ਸੰਸਥਾਵਾਂ ਵਿੱਚ ਵਿਸ਼ੇਸ਼ਗ ਕਰਦੇ ਹਨ। ਇਸ ਜਾਣਕਾਰੀ ਦੀ ਬੁਹਤਾਤ ਹੋਣ ਕਾਰਨ ਅਜੋਕੇ ਯੁਗ ਨੂੰ ਜਾਣਕਾਰੀ ਦਾ ਯੁਗ ਵੀ ਆਖ ਦਿੱਤਾ ਜਾਂਦਾ ਹੈ। ਪਰ ਇਸ ਵਿਚੋਂ ਬਹੁਤੀ ਜਾਣਕਾਰੀ ਵਿਸ਼ੇਸ਼ਗਾਂ ਤਕ ਹੀ ਸੀਮਤ ਰਹਿੰਦੀ ਹੈ। ਇਸ ਦਾ ਮਨੋਰਥ ਤੇ ਆਮ ਲੋਕਾਂ ਦੀ ਬੇਹਤਰੀ ਅਤੇ ਖੁਸ਼ਹਾਲੀ ਵਿੱਚ ਵਾਧਾ ਕਰਨਾ ਦੱਸਿਆ ਜਾਂਦਾ ਹੈ ਪਰ ਕਿਊਂਕੇ ਇਹ ਜਾਣਕਾਰੀ ਪ੍ਰਾਪਤ ਕਰਨ ਲਈ ਸਰਕਾਰਾਂ ਜਾਂ ਵੱਡੇ ਉਦਯੋਗਪਤੀ ਧਨ ਖਰਚਦੇ ਹਨ, ਇਸ ਲਈ ਲਭੀ ਜਾਣਕਾਰੀ ਵਿਚੋਂ ਬਹੁਤੀ ਨੂੰ ਗੁਪਤ ਰਖਣ ਦੀ ਪਰਥਾ ਹੈ। ਪੁਰਾਤਨ ਸੰਮਿਆਂ ਤੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਗਿਆਨ ਸ਼ਕਤੀ ਹੁੰਦਾ ਹੈ ਇਸ ਲਈ ਜਾਣਕਾਰੀ ਨੂੰ ਗੁਪਤ ਰੱਖ ਕੇ ਸਮਾਜ ਵਿੱਚ ਸ਼ਕਤੀ ਵਧਾਉਣ ਜਾਂ ਲਾਭ ਲੈਣ ਦੀ ਰੀਤ ਚਲੀ ਆਉਂਦੀ ਹੈ। ਜਿਨੀ ਜਾਣਕਾਰੀ ਇਸ ਸਮੇਂ ਉਪਲਬਧ ਹੈ ਉਸ ਨਾਲ ਸਾਰੀ ਦੁਨੀਆਂ ਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਉਨ੍ਹਾਂ ਦੇ ਜੀਵਨ ਖੁਸ਼ਹਾਲ ਬਣਾਏ ਜਾ ਸਕਦੇ ਹਨ, ਪਰ ਸਰਕਾਰਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਜਾਣਕਾਰੀ ਨੂੰ ਜੰਗਾਂ ਕਰਨ, ਆਪਣੇ ਨਾਗਰਿਕਾਂ ਨੂੰ ਕਾਬੂ ਵਿੱਚ ਰਖਣ ਅਤੇ ਘੱਟ ਵਿਕਸਤ ਜਾਂ ਦੂਜੇ ਦੇਸ਼ਾਂ ਦੇ ਲੋਕਾਂ ਦਾ ਸ਼ੋਸ਼ਨ ਕਰਨ ਲਈ ਵਰਤਦੀਆਂ ਹਨ ਅਤੇ ਉਦਯੋਗਪਤੀ ਲਭੀ ਜਾਣਕਾਰੀ ਨੂੰ ਆਪਣੀ ਸੰਪੱਤੀ ਅਤੇ ਧਨ ਵਿੱਚ ਵਾਧਾ ਕਰਨ ਲਈ ਵਰਤਦੇ ਹਨ। ਵਿਗਿਆਨ ਦੀ ਪ੍ਰਗਤੀ ਨੇ ਲੋਕਾਂ ਦਾ ਜੀਵਨ ਸੁੱਖੀ ਬਨਾਉਣ ਦੀ ਥਾਂ ਡਾਵਾਂ ਡੋਲ ਕਰ ਦਿੱਤਾ ਹੈ।
ਅਜੋਕੇ ਸੰਸਾਰ ਵਿੱਚ ਜੰਗਾਂ, ਅਸ਼ਾਂਤੀ, ਵਿਤਕਰੇ, ਊਚ ਨੀਚ, ਗਰੀਬੀ, ਭੁਖਮਰੀ, ਉਜਾੜੇ, ਕੁਦਰਤ ਦੇ ਕਹਿਰ ਅਤੇ ਅਨਿਸ਼ਚਤੱਤਾ ਨੇ ਮਨੁੱਖਾ ਜੀਵਨ ਚਿੰਤਾਜਨਕ ਬਣਾ ਦਿੱਤਾ ਹੈ। ਜਦੋਂ ਸਮਾਜ, ਵਿਗਿਆਨ ਤੋਂ ਸੇਧ ਲੈ ਕੇ, ਲੋਕਾਂ ਦੇ ਜਵਿਨ ਨੂੰ ਸੁਖਾਲਾ ਅਤੇ ਖੁਸ਼ਹਾਲ ਬਨਾਉਣ ਦਾ ਯਤਨ ਕਰਦਾ ਹੈ ਤਾਂ ਸਮਾਜ ਵਿੱਚ ਪ੍ਰਚਲਤ ਰੀਤਾਂ, ਰਿਵਾਜ, ਭਰਮ, ਵਹਿਮ, ਪਰੰਪਰਾਵਾਂ, ਨਿਸਚਤੱਤਾ, ਲੋਭ ਅਤੇ ਅਹੰਕਾਰ ਵਿਗਿਆਨਕ ਸੋਚ ਦੇ ਵਿਰੁਧ ਖੜ੍ਹੇ ਹੋ ਜਾਂਦੇ ਹਨ।
ਇਹ ਮੰਨਿਆ ਜਾਂਦਾ ਹੈ ਕਿ ਵਿਗਿਅਨ ਨੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਅਤੇ ਬੇਹਤਰ ਬਣਾਇਆ ਹੈ ਅਤੇ ਲੋਕ ਵਿਗਿਆਨ ਦੀ ਪ੍ਰਸੰਸਾ ਕਰਦੇ ਹਨ। ਇਸ ਲਈ ਕਈ ਸਿੱਖ ਚਿੰਤਕ ਗੁਰਬਾਣੀ ਦੀ ਵਡਿਆਈ ਕਰਨ ਲਈ ਗੁਰਬਾਣੀ ਨੂੰ ਸਮਾਜ ਸੁਧਾਰ ਦੀ ਵਿਧੀ ਪ੍ਰਚਾਰਨ ਲੱਗ ਜਾਂਦੇ ਹਨ ਪਰ ਉਹ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਗੁਰਬਾਣੀ ਵਿਚੋਂ ਸਪਸ਼ਟ ਪ੍ਰਮਾਣ ਨਹੀਂ ਦੇ ਪਾਉਂਦੇ। ਉਹ ਗੁਰਬਾਣੀ ਵਿੱਚ ਸਮਾਜਕ ਕੁਰੀਤੀਆਂ ਦੀ ਆਲੋਚਨਾ ਨੂੰ ਹੀ ਸਮਾਜ ਸੁਧਾਰ ਦਾ ਸੰਕੇਤ ਸਮਝ ਲੈਂਦੇ ਹਨ। ਗੁਰਬਾਣੀ ਵਿੱਚ ਸਮਾਜ ਸੁਧਾਰ ਦਾ ਕੋਈ ਉਪਦੇਸ਼ ਨਹੀਂ ਦਿੱਤਾ ਗਿਆ ਹੈ। ਇਸ ਵਿਸ਼ੇ ਤੇ ਸਿੱਖ ਜਗਤ ਵਿੱਚ ਬਹੁਤ ਭੁਲੇਖਾ ਹੈ।
ਗੁਰਬਾਣੀ ਦਾ ਸੰਸਾਰ ਅਤੇ ਸਮਾਜ ਬਾਰੇ ਵਿਗਿਆਨ ਤੋਂ ਬਿਲਕੁਲ ਵਖਰਾ ਦ੍ਰਿਸ਼ਟੀਕੋਣ ਹੈ। ਇਸ ਵਿੱਚ ਸੰਸਾਰ ਨੂੰ ਪ੍ਰਭੂ ਦੇ ਹੁਕਮ ਵਿੱਚ ਹੋ ਰਹੀ ਖੇਡ ਅਤੇ ਉਸ ਤੋਂ ਵਖਰੀ ਅਤੇ ਦੂਜੀ ਆਖਿਆ ਗਿਆ ਹੈ। ਗੁਰਬਾਣੀ ਦੇ ਕਥਨ ਹਨ,
"ਆਤਮ ਰਾਮੁ ਸੰਸਾਰਾ॥ ਸਾਚਾ ਖੇਲੁ ਤੁਮਾਰਾ॥
ਸਚੁ ਖੇਲੁ ਤੁਮ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ॥" (ਪੰ: 764) ਅਤੇ
"ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥" (ਪੰ: 463)।
ਗੁਰਬਾਣੀ ਅਨੁਸਾਰ ਸੰਸਾਰਕ ਖੇਡ ਵਿੱਚ ਮਾਇਆ ਦਾ ਵਰਤਾਰਾ ਹੈ। ਗੁਰਵਾਕ ਹਨ:
"ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥
ਇਹ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥" (ਪੰ: 921) ਅਤੇ
"ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥
ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥" (ਪੰ: 693)।
ਮਾਇਆ ਦੇ ਪ੍ਰਭਾਵ ਕਾਰਨ ਗੁਰਬਾਣੀ ਸੰਸਾਰ ਨੂੰ ਝੂਠਾ, ਭੌਜਲ, ਬਿਖੁ, ਗੁਝੀ ਭਾਹ, ਭਰਮਾਊ, ਅੰਧ ਕੂਪ, ਧੂਏ ਕਾ ਧਵਲਹਰ, ਸਿਵ ਸਕਤੀ ਕਾ ਮੇਲ, ਖੋਟੀ ਰਾਸ, ਕਾਗਦ ਕੋਟ, ਸੁਪਨਾ ਆਦਿ ਆਖਦੀ ਹੈ। ਇਸ ਪ੍ਰਥਾਇ ਗੁਰਬਾਣੀ ਦੇ ਕੁੱਝ ਕਥਨ ਹਨ:
"ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥" (ਪੰ: 1428);
"ਦੁਨੀਆਂ ਖੋਟੀ ਰਾਸਿ ਕੂੜੁ ਕਮਾਈਐ॥" (ਪੰ: 144);
"ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੋਹ॥
ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ॥" (ਪੰ: 1240);
"ਇਹ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ॥" (ਪੰ: 353);
"ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ" (ਪੰ: 702);
"ਹਉਮੈ ਮੇਰਾ ਭਰਮੈ ਸੰਸਾਰੁ" (ਪੰ: 841);
"ਧੰਧੁ ਪਿਟੋ ਸੰਸਾਰੁ ਸਚੁ ਨ ਭਾਇਆ॥" (ਪੰ: 419);
"ਬਾਬਾ ਬਿਖੁ ਦੇਖਿਆ ਸੰਸਾਰੁ" (ਪੰ: 382);
"ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ॥" (ਪੰ: 1274) ਅਤੇ
"ਜਗ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ॥" (ਪੰ: 18)।
ਮਾਇਆ ਅਤੇ ਉਸ ਦੇ ਪੰਜ ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਹੀ ਸਮਾਜ ਵਿੱਚ ਬੁਰਾਈਆਂ ਨੂੰ ਜਨਮ ਦਿੰਦੇ ਹਨ। ਗੁਰਬਾਣੀ ਦੇ ਕਥਨ ਹਨ:
"ਇਸ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੁਕਾਰਾ॥" (ਪੰ: 100);
"ਤੂ ਸੁਣ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ॥
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ॥" (ਪੰ: 438);
"ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ॥
ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹ ਜੰਤੁ ਵਿਚਾਰਾ॥" (ਪੰ: 673);
"ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥" (ਪੰ: 643);
"ਮਾਇਆ ਭੁਇਅੰਗਮ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ॥" (ਪੰ: 1415);
"ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ॥" (ਪੰ: 570) ਅਤੇ
"ਸਰਪਨੀ ਤੇ ਊਪਰਿ ਨਹੀਂ ਬਲੀਆ॥" (ਪੰ: 480)।
ਮਾਇਆ ਤੇ ਮਨੁੱਖ ਦਾ ਕੋਈ ਕੰਟਰੋਲ ਨਹੀਂ ਹੈ ਕਿਊਂਕੇ ਇਹ ਪ੍ਰਭੂ ਨੇ ਮਨੁੱਖ ਵਿੱਚ ਦੂਜਾ ਭਾਉ ਅਤੇ ਅਗਿਆਨ ਪੈਦਾ ਕਰਨ ਲਈ ਆਪ ਪਾਈ ਹੈ। ਗੁਰਵਾਕ ਹਨ:
"ਮਾਇਆ ਮਮਤਾ ਕਰਤੈ ਲਾਈ॥" (ਪੰ: 1261);
"ਤੀਨਿ ਭਵਨ ਮਹਿ ਏਕਾ ਮਾਇਆ॥
ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ॥’ (ਪੰ: 424) ਅਤੇ
"ਦੂਜੈ ਭਾਇ ਅਗਿਆਨੁ ਦੁਹੇਲਾ" (ਪੰ: 226)।
ਪ੍ਰਭੂ ਵਲੋਂ ਪਾਈ ਹੋਣ ਕਾਰਨ ਮਨੁੱਖ ਵਿੱਚ ਮਾਇਆ ਨੂੰ ਸਮਾਜ ਵਿਚੋਂ ਕਢਣ ਜਾਂ ਉਸ ਦੇ ਪ੍ਰਭਾਵ ਨੂੰ ਘੱਟ ਕਰਨ ਦੀ ਸਮ੍ਰਥਾ ਨਹੀਂ ਹੈ। ਇਸੇ ਲਈ ਸਮਾਜ ਸੁਧਾਰ ਦਾ ਸੰਕਲਪ ਗੁਰਬਾਣੀ ਵਿੱਚ ਨਹੀਂ ਹੈ। ਗੁਰਬਾਣੀ ਸਮਾਜ ਸੁਧਾਰਨ ਦਾ ਨਹੀਂ ਬਲਕਿ ਮਨੁੱਖ ਨੂੰ ਸੰਸਾਰ ਵਿੱਚ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਦਾ ਉਪਦੇਸ਼ ਕਰਦੀ ਹੈ।।
ਹਾਕਮ ਸਿੰਘ
ਹਾਕਮ ਸਿੰਘ
ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ ਹੈ (ਭਾਗ ੧ )
Page Visitors: 2688