ਕੈਟੇਗਰੀ

ਤੁਹਾਡੀ ਰਾਇ



ਹਾਕਮ ਸਿੰਘ
ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ ਹੈ (ਭਾਗ ੨)
ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ ਹੈ (ਭਾਗ ੨)
Page Visitors: 2614

ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ ਹੈ
                                (ਭਾਗ ੨)

  ਇਸ ਦਾ ਇਹ ਅਰਥ ਨਹੀਂ ਕਿ ਸਮਾਜ ਵਿੱਚ ਸੁਧਾਰ ਨਹੀਂ ਆਉਂਦਾ ਜਾਂ ਨਹੀਂ ਆਉਣਾ ਚਾਹੀਦਾ। ਗੁਰਬਾਣੀ ਦੇ ਫਰਮਾਨ ਹਨ:
"ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥
 ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਨੀ ਤਾਹ॥
 ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗ
॥" (ਪੰ: 467);
"ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥
 ਜਲ ਮਹਿ ਜੰਤ ਉਪਾਇਨ ਤਿਨਾ ਭਿ ਰੋਜੀ ਦੇਇ॥
 ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ
॥" (ਪੰ: 955) ਅਤੇ
"ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ॥" (ਪੰ: 1355)।
 ਪ੍ਰਭੂ ਨੂੰ ਜਗ ਦੀ ਚਿੰਤਾ ਹੈ ਜਦੋਂ ਕਿ ਮਨੁੱਖ ਅਕਸਰ ਸਮਾਜ ਵਿੱਚ ਵਿਘਨ ਹੀ ਪਾਉਂਦਾ ਆਇਆ ਹੈ। ਕਿਊਂਕੇ ਪ੍ਰਭੂ ਨੂੰ ਜਗ ਦੀ ਚਿੰਤਾ ਹੈ ਇਸ ਲਈ ਕੁਦਰਤ ਦਾ ਨਿਯਮ ਹੈ ਕਿ ਜਦੋਂ ਸਮਾਜ ਵਿੱਚ ਅਨਿਆ ਅਤੇ ਅਤਿਆਚਾਰ ਵਧ ਜਾਂਦਾ ਹੈ ਤਾਂ ਲੋਕਾਂ ਵਿਚੋਂ ਸਮਾਜ ਸੁਧਾਰ ਦੀ ਲਹਿਰ ਉਠੱਦੀ ਹੈ ਜੋ ਲੋਕ ਵਿਰੋਧੀ ਨਿਜ਼ਾਮ ਨੂੰ ਬਦਲ ਦਿੰਦੀ ਹੈ। ਅਜਿਹੀ ਲਹਿਰ ਇੱਕ ਇਤਹਾਸਕ ਘਟਨਾ ਹੁੰਦੀ ਹੈ। ਕੁੱਝ ਸਮਾਂ ਪਾ ਕੇ ਹਾਲਾਤ ਫਿਰ ਵਿਗੜਨ ਲੱਗ ਪੈਂਦੇ ਹਨ ਅਤੇ ਉਹੋ ਚਕਰ ਫਿਰ ਚਲ ਪੈਂਦਾ ਹੈ। ਮਨੁੱਖਾ ਇਤਹਾਸ ਅਜਿਹੀ ਸਮਾਜਕ ਪ੍ਰਕਿਰਿਆ ਦਾ ਹੀ ਪ੍ਰਮਾਣ ਹੈ।
ਮਨੁੱਖ ਬਾਰੇ ਵੀ ਵਿਗਿਆਨ ਅਤੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਵਿੱਚ ਮੂਲ ਅੰਤਰ ਹੈ। ਵਿਗਿਆਨ ਮਨੁਖ ਦੀ ਸਰੀਰਕ, ਸਮਾਜਕ ਅਤੇ ਮਾਨਸਕ ਖੁਸ਼ਹਾਲੀ ਅਤੇ ਬੇਹਤਰੀ ਦੇ ਸਾਜ਼ੋ ਸਾਮਾਨ ਅਤੇ ਹਾਲਾਤ ਪੈਦਾ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਇਸ ਨੇ ਮਨੁੱਖੀ ਸਰੀਰ ਅਤੇ ਸਮਾਜ ਬਾਰੇ ਵਿਸਤਰਤ ਅਤੇ ਡੂੰਘੀ ਜਾਣਕਾਰੀ ਪ੍ਰਾਪਤ ਕੀਤੀ ਹੋਈ ਹੈ। ਇਸ ਜਾਣਕਾਰੀ ਨੂੰ ਸਪਸ਼ਟ ਰਖਣ ਲਈ ਹਰ ਵਿਸ਼ੇ ਵਿੱਚ ਵਿਸ਼ੇਸ਼ ਪਰਿਭਾਸ਼ਕ ਸ਼ਬਦਾਵਲੀ ਵਰਤੀ ਜਾਂਦੀ ਹੈ। ਕੁਦਰਤੀ ਵਿਗਿਆਨ ਵਿੱਚ ਤੇ ਗਣਿਤ ਨੂੰ ਹੀ ਸ਼ਬਦਾਵਲੀ ਬਣਾ ਲਿਆ ਗਿਆ ਹੈ। ਇਸ ਲਈ ਬਹੁਤੀ ਵਿਗਿਆਨਕ ਜਾਣਕਾਰੀ ਨੂੰ ਵਿਸ਼ੇਸ਼ਗ ਹੀ ਸਮਝ ਸਕਦੇ ਹਨ, ਆਮ ਲੋਕਾਂ ਨੂੰ ਉਸ ਦੀ ਥੋੜੀ ਬਹੁਤ ਸਮਝ ਹੀ ਪੈਂਦੀ ਹੈ। ਹਰ ਵਿਅਕਤੀ ਸਮਾਜ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਉਦੱਮ ਕਰਦਾ ਹੈ ਜਿਸ ਵਿੱਚ ਵਿਗਿਆਨਕ ਜਾਣਕਾਰੀ ਉਸ ਦੀ ਸਹਾਇਤਾ ਕਰਦੀ ਹੈ ਪਰ ਬਹੁਤੇ ਵਿਅਕਤੀ ਅਜੇ ਵੀ ਵਹਿਮਾਂ, ਭਰਮਾਂ, ਅਰਦਾਸਾਂ ਅਤੇ ਗੈਰ-ਵਿਗਿਆਨਕ ਢੰਗਾਂ ਵਿੱਚ ਵਿਸ਼ਵਾਸ ਰੱਖਦੇ ਹਨ।
ਵਿਗਿਆਨ ਮਨੁੱਖ ਨੂੰ ਸਮਾਜ ਵਿੱਚ ਸਫਲਤਾ ਦੇ ਯੋਗ ਬਣਾਉਂਦਾ ਹੈ ਅਤੇ ਗੁਰਬਾਣੀ ਮਨੁੱਖ ਨੂੰ ਜਮਣ-ਮਰਨ ਦੇ ਚਕਰ ਤੋਂ ਨਿਜਾਤ ਦਿਵਾਉਂਦੀ ਹੈ। ਗੁਰਬਾਣੀ ਅਨੁਸਾਰ ਜਮਣ-ਮਰਨ ਦਾ ਚਕਰ ਮਨੁੱਖ ਦੀ ਮੂਲ ਸਮੱਸਿਆ ਹੈ ਜਿਸ ਨੂੰ ਕੇਵਲ ਪ੍ਰਭੂ ਮਿਲਾਪ ਦੁਆਰਾ ਹੀ ਦੂਰ ਕੀਤਾ ਜਾ ਸਕਦਾ ਹੈ। ਅਸਲ ਵਿੱਚ ਮਨੁੱਖਾ ਜਨਮ ਦਾ ਮਨੋਰਥ ਹੀ ਪ੍ਰਭੂ ਮਿਲਾਪ ਹੈ, ਇਹੋ ਮੁਕਤੀ ਹੈ। ਗੁਰਵਾਕ ਹੈ:
 "ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
॥ (ਪੰ: 12)।
ਗੁਰਬਾਣੀ ਜੰਮਣ-ਮਰਨ ਦੇ ਚਕਰ ਨੂੰ ਹਉਮੈ ਦੀ ਉਪਜ ਦੱਸਦੀ ਹੈ:
 "ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥
 ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ
॥" (ਪੰ: 999);
 "ਕਾਇਆ ਅੰਦਿਰ ਹਉਮੈ ਮੇਰਾ॥
 ਜੰਮਣ ਮਰਨ ਨ ਚੂਕੈ ਫੇਰਾ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ॥
 ਕਾਇਆ ਅੰਦਰਿ ਪਾਪੁ ਪੁੰਨ ਦੁਇ ਭਾਈ॥
 ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥
 ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ
॥" (ਪੰ: 126) ਅਤੇ
"ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ॥
 ਨਰਕ ਸੁਰਗ ਫਿਰਿ ਫਿਰਿ ਅਉਤਾਰਾ
॥" (ਪੰ: 389)।
ਜੰਮਣ-ਮਰਨ ਨੂੰ ਗੁਰਬਾਣੀ ਧਿੱਕਾਰ, ਦੁਖ ਅਤੇ ਸੋਗ ਆਖਦੀ ਹੈ,
 "ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ॥
 ਜਨਮ ਮਰਣ ਦੋਊ ਦੁਖੁ ਭਾਗੇ
॥" (ਪੰ: 1178);
"ਬੂਝਿ ਬੈਰਾਗੁ ਕਰੇ ਜੇ ਕੋਇ॥
ਜਨਮ ਮਰਣ ਫਿਰਿ ਸੋਗੁ ਨ ਹੋਇ
॥" (ਪੰ: 1145);
 "ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ॥
 ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ
॥" (ਪੰ: 966);
 "ਸਾਧ ਸੰਗਿ ਬੈਸਿ ਗੁਣ ਗਾਵਹਿ॥
 ਤਹ ਰੋਗ ਸੋਗ ਨਹੀ ਜਨਮ ਮਰਨ
॥" (ਪੰ: 889) ਅਤੇ
"ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾਗਉਣੁ ਭਇਆ॥
 ਆਵਾਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ
॥" (ਪੰ: 940)।
ਮਨੁੱਖ ਦੇ ਜੰਮਣ-ਮਰਨ ਦਾ ਸਬੰਧ ਜੀਵ ਆਤਮਾ ਨਾਲ ਹੈ। ਜੀਵ ਆਤਮਾ ਦਾ ਵਾਸ ਮਨ ਵਿੱਚ ਹੈ। ਇਸ ਲਈ ਗੁਰਬਾਣੀ ਵਿੱਚ ਜੰਮਣ-ਮਰਨ ਦੇ ਸੰਕਲਪ ਨੂੰ ਸਮਝਣ ਲਈ ਗੁਰਬਾਣੀ ਦੇ ਜੀਵ ਆਤਮਾ ਅਤੇ ਮਨ ਦੇ ਸਿਧਾਂਤ ਬਾਰੇ ਸਪਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਜੀਵ ਆਤਮਾ ਪਰਮ-ਆਤਮਾ ਦਾ ਅੰਸ਼ ਹੈ। ਇਸ ਪ੍ਰਥਾਇ ਗੁਰਬਾਣੀ ਦੇ ਕਥਨ ਹਨ:
 "ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣੁ॥" (ਪੰ: 441);
 "ਤਨ ਮਹਿ ਮਨੁਆ ਮਨ ਮਹਿ ਸਾਚਾ॥
 ਸੋ ਸਾਚਾ ਮਿਲਿ ਸਾਚੇ ਰਾਚਾ
॥" (ਪੰ: 686);
 "ਆਤਮ ਰਾਮੁ ਰਾਮ ਹੈ ਆਤਮ॥
ਹਰਿ ਪਾਈਐ ਸਬਦਿ ਵਿਚਾਰਾ ਹੇ
॥" (ਪੰ: 1030);
"ਅਚਰਜ ਕਥਾ ਮਹਾ ਅਨੂਪੁ॥
 ਪ੍ਰਾਤਮਾ ਪਾਰਬ੍ਰਹਮ ਕਾ ਰੂਪ
॥" (ਪੰ: 868);
 "ਇਆ ਮੰਦਰ ਮਹਿ ਕੌਨ ਬਸਾਈ॥
 ਤਾ ਕਾ ਅੰਤ ਨ ਕੋਊ ਪਾਇ॥
… ਕਹੁ ਕਬੀਰ ਇਹੁ ਰਾਮ ਕੀ ਅੰਸੁ॥
 ਜਸ ਕਾਗਦ ਪਰ ਮਿਟੈ ਨ ਮੰਸੁ
॥" (ਪੰ: 871);
 "ਆਤਮਾ ਬਾਸੁ ਦੇਵਸਿ ਜੇ ਕੋ ਜਾਣੈ ਭੇਉ॥" (ਪੰ: 469);
 "ਸਾਧੋ ਇਹੁ ਤਨੁ ਮਿਥਿਆ ਜਾਨਉ॥
 ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ
॥" (ਪੰ: 1186) ਅਤੇ
 "ਆਤਮਾ ਪਰਮਾਤਮਾ ਏਕੋ ਕਰੈ॥
ਅੰਤਰ ਕੀ ਦੁਬਿਧਾ ਅੰਤਰਿ ਮਰੈ
॥" (ਪੰ: 661)।
 ਜੀਵ ਆਤਮਾ ਪ੍ਰਭੂ ਨਾਲੋਂ ਵਿਛੜੀ ਹੋਈ ਹੈ ਅਤੇ ਉਸ ਨਾਲ ਮਿਲਨ ਲਈ ਵਿਆਕੁਲ ਹੈ। ਗੁਰਵਾਕ ਹਨ: "ਇਕ ਘੜੀ ਨ ਮਿਲਤੇ ਤਾ ਕਲਿਜੁਗ ਹੋਤਾ॥
 ਹੁਣਿ ਕਦਿ ਮਿਲਿਐ ਪ੍ਰਿਅ ਤੁਧੁ ਭਗਵੰਤਾ॥" (ਪੰ: 596) ਅਤੇ
"ਦੁਰਜਨ ਦੂਜਾ ਭਾਉ ਵੇਛੋੜਾ ਹਉਮੈ ਰੋਗੁ॥" (ਪੰ: 1094)।
ਮਨੁੱਖਾ ਮਨ ਵਿੱਚ ਇਕੱਲੀ ਜੀਵ ਆਤਮਾ ਹੀ ਨਹੀਂ ਹੈ ਉਸ ਦੇ ਨਾਲ ਪਦਾਰਥਕ ਸਰੀਰ ਵੀ ਹੈ। ਇਸ ਸਬੰਧ ਵਿੱਚ ਗੁਰਬਾਣੀ ਦੇ ਕਥਨ ਹਨ:
 "ਇਹ ਮਨੁ ਕਰਮਾ ਇਹੁ ਮਨੁ ਧਰਮਾ॥
 ਇਹੁ ਮਨੁ ਪੰਚ ਤਤੁ ਤੇ ਜਨਮਾ॥
 ਸਾਕਤੁ ਲੋਭੀ ਇਹੁ ਮਨੁ ਮੂੜਾ॥
 ਗੁਰਮੁਖਿ ਨਾਮੁ ਜਪੈ ਮਨੁ ਰੂੜਾ
॥" (ਪੰ: 415) ਅਤੇ
 "ਇਹੁ ਮਨੁ ਸਕਤੀ ਇਹੁ ਮਨੁ ਸੀਉ॥
 ਇਹੁ ਮਨੁ ਪੰਚ ਤਤ ਕੋ ਜੀਉ॥
 ਇਹੁ ਮਨੁ ਲੇ ਜਉ ਉਨਮਨਿ ਰਹੈ॥
 ਤਉ ਤੀਨਿ ਲੋਕ ਕੀ ਬਾਤੇ ਕਹੈ
॥" (ਪੰ: 342)।
 ਮਨ ਪਦਾਰਥ ਵੀ ਹੈ ਅਤੇ ਇਸ ਵਿੱਚ ਆਤਮਕ ਗੁਣ ਵੀ ਹਨ। ਭਾਵੇਂ ਇਹ ਦੋਨੋ ਅੰਗ ਮਨ ਦਾ ਭਾਗ ਹੁੰਦੇ ਹਨ ਪਰ ਇਹ ਇੱਕ ਦੂਜੇ ਨਾਲ ਗੱਲ ਬਾਤ ਨਹੀਂ ਕਰਦੇ। ਗੁਰਬਾਣੀ ਦੱਸਦੀ ਹੈ:
"ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥
 ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ
॥ ੧॥
 ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥
 ਏਕ ਬਸਤੁ ਬਿਨ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ
॥ ੨॥" (ਪੰ: 205)।
ਮਨ ਵਿੱਚ ਪ੍ਰਭੂ ਦਾ ਅੰਸ਼ ਤੇ ਨਿਰਲੇਪ ਰਹਿੰਦਾ ਹੈ ਪਰ ਪੰਜ ਤੱਤਾਂ ਵਾਲਾ ਭਾਗ ਹਉਮੈ ਅਤੇ ਮਾਇਆ ਦੇ ਪ੍ਰਭਾਵ ਅਧੀਨ ਭਟਕਦਾ ਫਿਰਦਾ ਹੈ ਜਿਸ ਨਾਲ ਸਾਰਾ ਮਨ ਮੈਲਾ ਹੋ ਜਾਂਦਾ ਹੈ। ਗੁਰਬਾਣੀ ਦਾ ਕਥਨ ਹੈ:
"ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥" (ਪੰ: 651)।
 ਮਨ ਦੀ ਮੈਲ ਕਾਰਨ ਜੀਵ ਆਤਮਾ ਪ੍ਰਭੂ ਨੂੰ ਮਿਲਣਯੋਗ ਨਹੀਂ ਰਹਿੰਦੀ। ਗੁਰਵਾਕ ਹਨ:
 "ਮਨ ਮੈਲਾ ਸਚੁ ਨਿਰਮਲਾ ਕਿਉਕਰਿ ਮਿਲਿਆ ਜਾਇ॥" (ਪੰ: 755);
 "ਮਨ ਮੈਲੇ ਸੂਚਾ ਕਿਉ ਹੋਇ॥
ਸਾਚਿ ਮਿਲੈ ਪਾਵੈ ਪਤਿ ਸੋਇ
॥" (ਪੰ: ੬੮੬) ਅਤੇ
"ਇਹ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥
 ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ
॥" (ਪੰ: 31)।
 ਜੀਵ ਆਤਮਾ ਪ੍ਰਭੂ ਨੂੰ ਮਿਲਣਯੋਗ ਨਹੀਂ ਹੁੰਦੀ ਪਰ ਸਰੀਰ ਦੀ ਮੌਤ ਹੋਣ ਤੇ ਮਰਦੀ ਵੀ ਨਹੀਂ। ਗੁਰਬਾਣੀ ਦੇ ਕਥਨ ਹਨ:
"ਓਹੁ ਬੈਰਾਗੀ ਮਰੈ ਨ ਜਾਇ॥" (ਪੰ: 390);
 "ਨਾ ਜੀਉ ਮਰੈ ਨਾ ਡੂਬੈ ਤਰੈ॥" (ਪੰ: 151);
"ਮਰਣਹਾਰੁ ਇਹੁ ਜੀਅਰਾ ਨਾਹੀ॥" (188) ਅਤੇ
"ਮੂਈ ਸੁਰਤਿ ਬਾਦ ਅਹੰਕਾਰੁ॥
ਓਹ ਨ ਮੂਆ ਜੋ ਦੇਖਣਹਾਰੁ
॥" (ਪੰ: 152)।
 ਜੀਵ ਆਤਮਾ ਆਪਣੇ ਮਨ ਦੀ ਮੈਲ਼ ਉਤਾਰ ਕੇ ਹੀ ਪ੍ਰਭੂ ਨੂੰ ਮਿਲਣਯੋਗ ਬਣ ਸਕਦੀ ਹੈ। ਗੁਰਬਾਣੀ ਮਨ ਦੀ ਮੈਲ ਉਤਾਰਨ ਦਾ ਢੰਗ
"ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥"
ਦੱਸਦੀ ਹੈ। ਮਨ ਦੀ ਮੈਲ ਕੇਵਲ ਨਾਮ ਸਿਮਰਨ ਦੁਆਰਾ ਹੀ ਉਤਾਰੀ ਜਾ ਸਕਦੀ ਹੈ। ਨਾਮ ਸਿਮਰਨ ਮਨੁੱਖਾ ਜੀਵਨ ਵਿੱਚ ਹੀ ਸੰਭਵ ਹੁੰਦਾ ਹੈ ਜਿਸ ਲਈ ਮਨ ਨੂੰ ਨਵਾਂ ਜਨਮ ਲੈਣਾ ਪੈਂਦਾ ਹੈ। ਜਦੋਂ ਤਕ ਮਨ ਮੈਲਾ ਰਹਿੰਦਾ ਹੈ ਉਸ ਨੂੰ ਮੁੜ ਮੁੜ ਨਵੇਂ ਮਨੁੱਖਾ ਜੀਵਨ ਵਿੱਚ ਜਾਣਾ ਪੈਂਦਾ ਹੈ ਤਾਂ ਜੋ ਗੁਰ-ਸ਼ਬਦ ਦੀ ਕਿਰਪਾ ਦੁਆਰਾ ਮਨ ਦੀ ਮੈਲ ਉਤਾਰ ਕੇ ਪ੍ਰਭੂ ਨਾਲ ਮਿਲਾਪ ਦੇ ਯੋਗ ਬਣਿਆ ਜਾ ਸਕੇ ਅਤੇ ਜਮਣ-ਮਰਨ ਦਾ ਚੱਕਰ ਮੁਕਾਇਆ ਜਾ ਸਕੇ। ਗੁਰਵਾਕ ਹਨ:
 "ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ॥" (ਪੰ: 422) ਅਤੇ
"ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ॥" (ਪੰ: 422)।
ਜਮਣ-ਮਰਨ ਦੇ ਗੇੜ ਬਾਰੇ ਗੁਰਬਾਣੀ ਦੇ ਕੁੱਝ ਕਥਨ ਇਸ ਪ੍ਰਕਾਰ ਹਨ:
 "ਕਈ ਜਨਮ ਭਏ ਕੀਟ ਪਤੰਗਾ॥
 ਕਈ ਜਨਮ ਗਜ ਮੀਨ ਕੁਰੰਗਾ॥
 ਕਈ ਜਨਮ ਪੰਖੀ ਸਰਪ ਹੋਇਓ॥
 ਕਈ ਜਨਮ ਹੈਵਰ ਬਿਖੁ ਜੋਇਓ॥
 ਮਿਲੁ ਜਗਦੀਸ ਮਿਲਨ ਕੀ ਬਰੀਆ॥
 ਚਿਰੰਕਾਲ ਇਹ ਦੇਹ ਸੰਜਰੀਆ
॥" (ਪੰ: 176);
"ਜੁੜਿ ਜੁੜਿ ਵਿਛੁੜੇ ਵਿਛੜਿ ਜੁੜੇ॥
 ਜੀਵਿ ਜੀਵਿ ਮੁਏ ਮੁਏ ਜੀਵੇ॥
 ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥
 ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣ ਹੂਏ
॥" (ਪੰ: 1238);
 "ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ॥
 ਇੱਕ ਸਖਨੀ ਹੋਰ ਫੇਰ ਭਰੀਅਤ ਹੈ॥
 ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ
॥" (ਪੰ: 1329);
"ਏਹੁ ਜੀਉ ਬਹੁਤੇ ਜਨਮ ਭਰੰਮਿਆ॥" (ਪੰ: 465);
 "ਕਾਇਆ ਅੰਦਰਿ ਹਉਮੈ ਮੇਰਾ॥
 ਜੰਮਣ ਮਰਣ ਨ ਚੂਕੈ ਫੇਰਾ
॥" (ਪੰ: 126) ਅਤੇ
 "ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ॥" (ਪੰ: 466)।
 ਮਨੁੱਖ ਨੂੰ ਜਨਮ ਪ੍ਰਭੂ ਨੂੰ ਮਿਲਣ ਲਈ ਮਿਲਦਾ ਹੈ ਪਰ ਸੰਸਾਰਕ ਆਕਰਸ਼ਣ ਦਾ ਮੋਹ ਉਸ ਨੂੰ ਜਮਣ-ਮਰਨ ਦੇ ਗੇੜ ਵਿੱਚ ਪਾ ਦਿੰਦਾ ਹੈ ਅਤੇ ਸੰਸਾਰਕ ਖੇਡ ਚਲਦੀ ਰਹਿੰਦੀ ਹੈ।
ਗੁਰਬਾਣੀ ਮਨੁੱਖ ਨੂੰ ਗੁਣ ਧਾਰਨ ਦਾ ਉਪਦੇਸ਼ ਕਰਦੀ ਹੈ ਕਿਊਂਕੇ
"ਗੁਣ ਤੇ ਨਾਮੁ ਪਰਾਪਤਿ ਹੋਇ॥" (ਪੰ: 361) ਅਤੇ
"ਨਿਰਗੁਣ ਰਾਮ ਗੁਣਹਿ ਵਸਿ ਹੋਇ ਆਪੁ ਨਿਵਾਰਿ ਬੀਚਾਰੇ ਸੋਇ॥" (ਪੰ: 222)।
 ਪ੍ਰਭੂ ਦੇ ਦੈਵੀ ਗੁਣ ਮੂਲ ਮੰਤਰ ਵਿੱਚ ਦਿੱਤੇ ਗਏ ਹਨ। ਮਨੁੱਖ ਉਨ੍ਹਾਂ ਵਿਚੋਂ ਕੇਵਲ ਦੋ ਗੁਣ ਹੀ ਧਾਰਨ ਕਰਨਯੋਗ ਹੈ। ਉਹ ਹਨ: ਨਿਰਭੈਤਾ ਅਤੇ ਨਿਰਵੈਰਤਾ। ਗੁਰਬਾਣੀ ਦੇ ਫਰਮਾਨ ਹਨ:
 "ਨਿਰਭਉ ਹੋਇ ਭਜਉ ਭਗਵਾਨ॥ ਸਾਧ ਸੰਗਤਿ ਮਿਲਿ ਕੀਨੋ ਦਾਨੁ॥" (ਪੰ: 201)
 ਅਤੇ  ਨਿਰਵੈਰਤਾ ਬਾਰੇ ਉਪਦੇਸ਼ ਹੈ:
 "ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧ ਸੰਗਤਿ ਮਹਿ ਪਾਈ॥
੧॥ ਰਹਾਉ॥
ਨ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮਿ ਕਉ ਬਨਿ ਆਈ॥" (ਪੰ: 1299)।
 ਇਨ੍ਹਾਂ ਦੋ ਦੈਵੀ ਗੁਣਾਂ ਤੋਂ ਹੀ ਮਨੁੱਖ ਵਿੱਚ ਨੈਤਕਤਾ ਅਤੇ ਸੰਸਾਰਕ ਅਛਾਈ ਉਪਜਦੀ ਹੈ ਕਿਊਂਕੇ ਉਹੋ ਹਲੀਮੀ, ਦਯਾ, ਸੰਤੋਖ, ਸਹਿਜ, ਸਿਮਰਨ, ਸਤਿਕਾਰ ਅਤੇ ਪ੍ਰੇਮ ਭਾਵਨਾ ਦਾ ਸੋਮਾ ਹਨ।
ਮਨੁੱਖਾ ਜੀਵਨ ਵਿੱਚ ਵਿਗਿਆਨ ਦੀ ਥਾਂ ਅਧਿਆਤਮਕ ਗਿਆਨ ਨਾਲੋਂ ਵਖਰੀ ਅਤੇ ਅਸਬੰਧਤ ਹੈ, ਇਨ੍ਹਾਂ ਨੂ ਰਲਗੱਡ ਕਰਨਾ ਸਹੀ ਨਹੀਂ ਹੈ।
ਹਾਕਮ ਸਿੰਘ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.