ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਾਲੇ ਧਨ ਬਾਰੇ ਜਰਮਨੀ ਦੇ ਅਖ਼ਬਾਰ ਵੱਲੋਂ ਵੱਡਾ ਖੁਲਾਸਾ
Page Visitors: 2560
ਕਾਲੇ ਧਨ ਬਾਰੇ ਜਰਮਨੀ ਦੇ ਅਖ਼ਬਾਰ ਵੱਲੋਂ ਵੱਡਾ ਖੁਲਾਸਾ
November 06
21:19 2017
ਡੋਨਾਲਡ ਟਰੰਪ, ਵਲਾਦੀਮੀਰ ਪੂਤਿਨ ਕੁਈਨ ਐਲਿਜ਼ਾਬੇਥ ਵਰਗੇ ਤਾਕਤਵਰ ਲੋਕਾਂ ਦੇ ਨਾਂ ਵੀ ਸ਼ਾਮਲ
ਨਵੀਂ ਦਿੱਲੀ, 6 ਨਵੰਬਰ (ਪੰਜਾਬ ਮੇਲ)- ਨੋਟਬੰਦੀ ਦੇ ਇੱਕ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਕਾਲੇ ਧਨ ਬਾਰੇ ਵੱਡਾ ਖੁਲਾਸਾ ਹੋਇਆ ਹੈ। ਇਹ ਖੁਲਾਸਾ ਜਰਮਨੀ ਦੇ ਉਸੇ ਅਖ਼ਬਾਰ ਨੇ ਕੀਤਾ ਹੈ, ਜਿਸ ਨੇ ਪਹਿਲਾਂ ਪਨਾਮਾ ਪੇਪਰਜ਼ ਖੁਲਾਸੇ ਕੀਤੇ ਹਨ। ਇਸ ਵਾਰ ਦੋ ਅਜਿਹੀਆਂ ਕੰਪਨੀਆਂ ਦੇ ਦਸਤਾਵੇਜ਼ ਲੀਕ ਹੋਏ ਹਨ, ਜਿਨ੍ਹਾਂ ‘ਤੇ ਵਿਸ਼ਵ ਭਰ ਦੀਆਂ ਮਸ਼ਹੂਰ ਹਸਤੀਆਂ ਤੇ ਕੰਪਨੀਆਂ ਦੇ ਕਾਲੇ ਧਨ ਨੂੰ ਸਫੈਦ ਕਰਨ ਦੇ ਇਲਜ਼ਾਮ ਹਨ। ਕੁੱਲ 1 ਕਰੋੜ 34 ਲੱਖ ਦਸਤਾਵੇਜ਼ ਲੀਕ ਹੋਏ ਹਨ, ਜਿਨ੍ਹਾਂ ਵਿੱਚ 180 ਦੇਸ਼ਾਂ ਦੇ ਲੋਕਾਂ ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਵਿੱਚੋਂ 714 ਭਾਰਤੀਆਂ ਦੇ ਨਾਂ ਸ਼ਾਮਲ ਹਨ।
ਐਂਟੀ ਬਲੈਕ ਮਨੀ ਡੇਅ ਦੇ ਦੋ ਦਿਨ ਪਹਿਲਾਂ ਇੰਡੀਅਨ ਐਕਸਪ੍ਰੈਸ ਅਖ਼ਬਾਰ ਨੇ ਕਰ ਛੋਟ ਪਾਉਣ ਵਾਲੇ ਦੇਸ਼ (ਟੈਕਸ ਹੈਵੇਨਸ) ਵਿੱਚ ਭਾਰਤੀ ਕਾਰੋਬਾਰੀਆਂ ਦੇ ਨਿਵੇਸ਼ ‘ਤੇ ਵੱਡਾ ਖੁਲਾਸਾ ਕੀਤਾ ਹੈ। ਅਖ਼ਬਾਰ ਮੁਤਾਬਕ ਬਰਮੂਡਾ ਦੀ ਐੱਪਲਬਾਇ ਫਰਮ ਨਾਲ 714 ਭਾਰਤੀਆਂ ਦੇ ਨਾਂ ਜੁੜੇ ਹੋਏ ਹਨ। ਇਨ੍ਹਾਂ ਨਾਵਾਂ ਵਿੱਚ ਰਾਜਸਥਾਨ ਦੇ ਸਾਬਕਾ ਸੀ.ਐਮ. ਅਸ਼ੋਕ ਗਹਿਲੋਤ, ਕਾਂਗਰਸ ਨੇਤਾ ਸਚਿਨ ਪਾਇਲਟ, ਪੀ. ਚਿਦਾਂਬਰਮ ਦੇ ਪੁੱਤਰ ਕਾਰਤੀ ਚਿਦੰਬਰਮ, ਮੋਦੀ ਸਰਕਾਰ ਦੇ ਰਾਜ ਮੰਤਰੀ ਜੈਅੰਤ ਸਿਨਹਾ, ਮੀਡੀਆ ਲਾਬਿਸਟ ਨੀਰਾ ਰਾਡੀਆ, ਕਾਰੋਬਾਰੀ ਵਿਜੇ ਮਾਲਿਆ ਤੇ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਵਰਗੇ ਲੋਕਾਂ ਦੇ ਨਾਂ ਸ਼ਾਮਲ ਹਨ।
ਪਨਾਮਾ ਪੇਪਰਜ਼ ਖੁਲਾਸੇ ਦੇ 18 ਮਹੀਨਿਆਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਇੱਕ ਵਾਰ ਫਿਰ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਜ਼ਮ (ਆਈ.ਸੀ.ਆਈ.ਜੇ.) ਨਾਲ ਮਿਲ ਕੇ ਇਨ੍ਹਾਂ ਨਾਵਾਂ ਦੇ ਖੁਲਾਸਾ ਕੀਤਾ ਹੈ। ਦੁਨੀਆ ਭਰ ਦੀਆਂ 96 ਖ਼ਬਰੀ ਸੰਸਥਾਵਾਂ ਨੇ ਆਈ.ਸੀ.ਆਈ.ਜੇ. ਨਾਲ ਮਿਲ ਕੇ ਕੌਮਾਂਤਰੀ ਪੱਧਰ ‘ਤੇ ਇਹ ਖੁਲਾਸਾ ਕੀਤਾ ਹੈ। ਕੌਮਾਂਤਰੀ ਪੱਧਰ ‘ਤੇ ਡੋਨਾਲਡ ਟਰੰਪ, ਵਲਾਦੀਮੀਰ ਪੂਤਿਨ ਕੁਈਨ ਐਲਿਜ਼ਾਬੇਥ ਵਰਗੇ ਤਾਕਤਵਰ ਲੋਕਾਂ ਦੇ ਨਾਂ ਵੀ ਸ਼ਾਮਲ ਹਨ।
119 ਸਾਲ ਪੁਰਾਣੀ ਬਰਮੁਡਾ ਦੀ ਲਾਅ ਫਰਮ ਐੱਪਲਬਾਇ ਨੇ ਆਫ਼ਸ਼ੋਰ ਕੰਪਨੀ ਰਾਹੀਂ ਦੁਨੀਆ ਭਰ ਦੇ ਕਈ ਕਾਰੋਬਾਰੀਆਂ ਤੇ ਨੇਤਾਵਾਂ ਨੂੰ ਟੈਕਸ ਬਚਾਉਣ ਵਿੱਚ ਮਦਦ ਕੀਤੀ ਹੈ। ਦੁਨੀਆ ਦੇ 180 ਦੇਸ਼ਾਂ ਦੇ ਲੋਕਾਂ ਦੀ ਸੂਚੀ ਵਿੱਚ ਭਾਰਤ 19ਵੇਂ ਸਥਾਨ ‘ਤੇ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੱਕ ਭਾਰਤੀ ਕੰਪਨੀ ਸਨ ਗਰੁੱਪ, ਐੱਪਲਬਾਇ ਦੂਜੀ ਸਭ ਤੋਂ ਵੱਡੀ ਕੰਪਨੀ ਹੈ, ਜਿਸ ਕੋਲ ਸਭ ਤੋਂ ਜ਼ਿਆਦਾ ਗਾਹਕ ਭਾਵ ਕਲਾਇੰਟਸ ਹਨ।
ਲਾਅ ਫਰਮ ਐੱਪਲਬਾਇ ਦੀ ਆਫਸ਼ੋਰ ਕੰਪਨੀ ਓਮਿਦਿਆਰ ਨੈੱਟਵਰਕ ਨਾਗਰਿਕ ਹਵਾਬਾਜ਼ੀ ਰਾਜਮੰਤਰੀ ਜੈਅੰਤ ਸਿਨਹਾ ਦਾ ਨਾਂ ਹੈ। ਜੈਅੰਤ ਸਿਨਹਾ ਮੰਤਰੀ ਬਣਨ ਤੋਂ ਪਹਿਲਾਂ ਓਮਿਦਿਆਰ ਨੈਟਵਰਕ ਨਾਲ ਜੁੜੇ ਹੋਏ ਸਨ। ਹਾਲਾਂਕਿ, ਸਿੱਧਾ ਇਲਜ਼ਾਮ ਉਸ ਕੰਪਨੀ ‘ਤੇ ਹੈ ਜਿਸ ਨਾਲ ਸਿਨਹਾ ਜੁੜੇ ਹੋਏ ਸਨ। ਆਫਸ਼ੋਰ ਕੰਪਨੀ ਦੀ ਮਾਲਟਾ ਸੂਚੀ ਵਿੱਚ ਰਾਜ ਸਭਾ ‘ਚ ਸੰਸਦ ਮੈਂਬਰ ਆਰ.ਕੇ. ਸਿਨਹਾ ਦਾ ਨਾਂ ਸ਼ਾਮਲ ਹੈ।
ਫੋਰਟਿਸ ਹਸਪਤਾਲ ਦੇ ਅਸ਼ੋਕ ਸੇਠ ‘ਤੇ ਇਲਜ਼ਾਮ ਆਏ ਹਨ ਕਿ ਸਟੈਂਟ ਬਣਾਉਣ ਵਾਲੀ ਕੰਪਨੀ ਨੇ ਡਾ. ਸੇਠ ਨੂੰ ਸ਼ੇਅਰ ਵੇਚੇ ਹਨ। ਇਸ ਤੋਂ ਬਾਅਦ ਅਸ਼ੋਕ ਸੇਠ ਨੂੰ 54 ਲੱਖ ਰੁਪਏ ਦਾ ਫਾਇਦਾ ਹੋਇਆ। ਇਸ ਤੋਂ ਇਲਾਵਾ ਸੰਜੇ ਦੱਤ ਦੀ ਕੰਪਨੀ ਮਾਨਿਅਤਾ ਦੱਤ ਦਾ ਨਾਂ ਵੀ ਬਹਾਮਾਸ ਦੀ ਕੰਪਨੀ ਵਿੱਚ ਸ਼ਾਮਲ ਹੈ। ਮਾਨਿਅਤਾ ਬਹਾਮਾਸ ਦੀ ਇੱਕ ਕੰਪਨੀ ਦੀ ਨਿਰਦੇਸ਼ਕ ਹੈ।
ਕੀ ਹੈ ਇਹ ਟੈਕਸ ਹੈਵਨਸ
ਜਿਸ ਤਰ੍ਹਾਂ ਸਵਰਗ ਨੂੰ ਇਹ ਸਮਝਿਆ ਜਾਂਦਾ ਹੈ ਕਿ ਉੱਥੇ ਸੁੱਖ ਸਹੂਲਤਾਂ ਦੀ ਕੋਈ ਕਮੀ ਨਹੀਂ ਤੇ ਉਹ ਪ੍ਰਮਾਤਮਾ ਵੱਲੋਂ ਦਿੱਤੀ ਅਜਿਹੀ ਦਾਤ ਹੈ, ਜਿੱਥੇ ਰਹਿਣ ਦਾ ਕੋਈ ਖ਼ਰਚ ਨਹੀਂ ਹੁੰਦਾ। ਉਵੇਂ ਹੀ ਕਰ ਅਦਾ ਕਰਨ ਦੇ ਮਾਮਲੇ ਵਿੱਚ ਸਵਰਗ ਦਾ ਅਹਿਸਾਸ ਕਰਵਾਉਣ ਵਾਲੇ ਦੇਸ਼ਾਂ ਨੂੰ ਟੈਕਸ ਹੈਵਨਸ ਕਿਹਾ ਜਾਂਦਾ ਹੈ।
ਇਨ੍ਹਾਂ ਦੇਸ਼ਾਂ ਵਿੱਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਵਿਅਕਤੀਆਂ ਜਾਂ ਕਾਰੋਬਾਰੀਆਂ ਨੂੰ ਨਿਗੂਣੇ ਕਰ ਜਾਂ ਬਹੁਤ ਹੀ ਘੱਟ ਦਰਾਂ ‘ਤੇ ਕੰਪਨੀ ਬਣਾ ਕੇ ਪੈਸੇ ਦਾ ਨਿਵੇਸ਼ ਕਰਨ ਦੀ ਇਜਾਜ਼ਤ ਹੁੰਦੀ ਹੈ। ਇਨ੍ਹਾਂ ਦੇਸ਼ਾਂ ਵਿੱਚ ਦੁਨੀਆ ਦੇ ਕਈ ਕਾਰੋਬਾਰੀਆਂ ਤੇ ਮਸ਼ਹੂਰ ਹਸਤੀਆਂ ਨੇ ਆਮ ਜਨਤਾ ਦੇ ਪੈਸੇ ਲੁਕਾ ਕੇ ਰੱਖੇ ਹਨ, ਜਿਸ ਨਾਲ ਇਹ ਭਾਰੀ ਮਾਤਰਾ ਵਿੱਚ ਟੈਕਸ ਬਚਾਉਂਦੇ ਹਨ। ਟੈਕਸ ਹੈਵੇਨਸ ਵਿੱਚ ਪੈਸੇ ਲੁਕਾ ਕੇ ਰੱਖਣ ਤੇ ਕੰਪਨੀ ਖੋਲ੍ਹਣ ਲਈ ਉਸ ਦੇਸ਼ ਦਾ ਨਾਗਰਿਕ ਹੋਣਾ ਵੀ ਜ਼ਰੂਰੀ ਨਹੀਂ ਹੈ।
ਕੀ ਹੈ ਆਫਸ਼ੋਰ ਕੰਪਨੀ
ਆਫਸ਼ੋਰ ਕੰਪਨੀ ਉਸ ਨੂੰ ਕਹਿੰਦੇ ਹਨ ਜੋ ਕਿ ਟੈਕਸ ਹੈਵੇਨਸ ਵਿੱਚ ਖੋਲ੍ਹੀ ਜਾਂਦੀ ਹੈ। ਇਹ ਕੰਪਨੀ ਆਪਣੇ ਕਲਾਇੰਟ ਦੇ ਪੈਸੇ ਲੁਕਾ ਕੇ ਇੱਕ ਸੁਰੱਖਿਅਤ ਮਾਹੌਲ ਦਿੰਦੀ ਹੈ। ਇਨ੍ਹਾਂ ਕੰਪਨੀਆਂ ਦੇ ਪੈਸੇ ਰੱਖਣ ਦੇ ਇਵਜ ਵਿੱਚ ਬਹੁਤ ਹੀ ਘੱਟ ਟੈਕਸ ਦਿੰਦੇ ਹਨ। ਇਨ੍ਹਾਂ ਕੰਪਨੀਆਂ ਦੀ ਸਹਾਇਤਾ ਨਾਲ ਕਾਲਾ ਧਨ ਬੜੀ ਆਸਾਨੀ ਨਾਲ ਸਫੈਦ ਕਰ ਲਿਆ ਜਾਂਦਾ ਹੈ। ਦੁਨੀਆ ਭਰ ਦੇ ਕਈ ਅਮੀਰ ਲੋਕਾਂ ਨੇ ਆਪਣਾ ਪੈਸਾ ਲੁਕਾਉਣ ਲਈ ਤੇ ਟੈਕਸ ਤੋਂ ਬਚਣ ਲਈ ਇਨ੍ਹਾਂ ਆਫਸ਼ੋਰ ਕੰਪਨੀਆਂ ਵਿੱਚ ਵੱਡੀ ਮਾਤਰਾ ਵਿੱਚ ਪੈਸਾ ਲਗਾਇਆ ਹੋਇਆ ਹੈ।