ਹੁਕਮਿ ਰਜਾਈ ਚਲਣਾ
ਜਪੁ ਬਾਣੀ ਦੀ ਪਹਿਲੀ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਇੱਕ ਮਹਤੱਵਪੂਰਨ ਪ੍ਰਸ਼ਨ ਪੁੱਛ ਕੇ ਉਸ ਦਾ ਉਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੂਲ ਉਪਦੇਸ਼ ਦੁਆਰਾ ਦਿੰਦੇ ਹਨ। ਪ੍ਰਸ਼ਨ ਹੈ:
"ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥" ਅਤੇ ਉਤਰ ਹੈ:
"ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ"।
ਆਪਣੇ ਅੰਦਰੋਂ ਕੂੜ ਦੀ ਕੰਧ ਕਿਵੇਂ ਟੁਟੇ ਅਤੇ ਸਚਿਆਰੇ ਕਿਵੇਂ ਬਣੀਏ? ਗੁਰੂ ਸਾਹਿਬ ਇਸ ਸਮਸਿਆ ਦਾ ਹੱਲ ਪ੍ਰਭੂ ਦੀ ਰਜ਼ਾ ਵਿੱਚ ਚਲਣ ਦੇ ਹੁਕਮ ਦੀ ਪਾਲਣਾ ਕਰਨਾ ਦੱਸਦੇ ਹਨ ਜੋ ਪ੍ਰਭੂ ਨੇ ਮਨੁੱਖ ਦੇ ਮਸਤਕ ਦੇ ਲੇਖਾਂ ਵਿੱਚ ਲਿਖਿਆ ਹੋਇਆ ਹੈ। ਪ੍ਰਭੂ ਦੀ ਰਜ਼ਾ ਵਿੱਚ ਚਲਣ ਲਈ ਉਸ ਦੀ ਰਜ਼ਾ ਅਤੇ ਉਸ ਦੇ ਹੁਕਮ ਦੀ ਸਮਰਥਾ ਦਾ ਗਿਆਨ ਹੋਣਾ ਜ਼ਰੂਰੀ ਹੈ। ਪ੍ਰਭੂ ਦੇ ਹੁਕਮ ਦੀ ਸਮਰਥਾ ਬਾਰੇ ਜਪੁ ਬਾਣੀ ਦੇ ਫੁਰਮਾਨ ਹਨ:
"ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥" (ਪੰ: ੧)
ਗੁਰਬਾਣੀ ਦੱਸਦੀ ਹੈ ਕਿ ਪ੍ਰਭੂ ਦੇ ਹੁਕਮ ਤੋਂ ਹੀ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ ਪਰ ਉਸ ਦੇ ਹੁਕਮ ਨੂੰ ਬਿਆਨ ਕਰਨਾ ਸੰਭਵ ਨਹੀਂ। (ਪਰ ਏਨਾ ਜ਼ਰੂਰ ਆਖਿਆ ਜਾ ਸਕਦਾ ਹੈ ਕਿ) ਸਾਰੇ ਜੀਵ ਜੰਤੂਆਂ ਦਾ ਜਨਮ ਹੁਕਮ ਤੋਂ ਹੀ ਹੁੰਦਾ ਹੈ ਅਤੇ ਹੁਕਮ ਤੋਂ ਹੀ ਉਹ ਵਡਿਆਈ ਪਾਉਂਦੇ ਹਨ। ਹੁਕਮ ਤੋਂ ਹੀ ਜੀਵ ਚੰਗੇ ਅਤੇ ਮਾੜੇ ਬਣਦੇ ਹਨ ਅਤੇ ਮਸਤਕ ਦੇ ਲਿਖੇ ਲੇਖਾਂ ਅਨੁਸਾਰ ਦੁਖ ਸੁਖ ਭੋਗਦੇ ਹਨ। ਹੁਕਮ ਦੁਆਰਾ ਹੀ ਕਈ ਪ੍ਰਭੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹਨ ਅਤੇ ਕਈ ਹਮੇਸ਼ਾ ਆਵਾਗੌਣ ਵਿੱਚ ਭਾਉਂਦੇ ਰਹਿੰਦੇ ਹਨ। ਸਾਰੀ ਕਾਇਨਾਤ ਹੀ ਉਸ ਦੇ ਹੁਕਮ ਵਿੱਚ ਚਲ ਰਹੀ ਹੈ ਅਤੇ ਉਸ ਦੇ ਹੁਕਮ ਤੋਂ ਬਾਹਰ ਕੁੱਝ ਵੀ ਨਹੀਂ ਹੈ। ਨਾਨਕ ਆਖਦਾ ਹੈ ਜੋ ਉਸ ਦੇ ਹੁਕਮ ਨੂੰ ਜਾਣ ਲੈਂਦੇ ਹਨ ਉਹ ਮੈਂ-ਮੇਰਾ ਸੋਚਣ ਅਤੇ ਕਹਿਣ ਤੋਂ ਹਟ ਜਾਂਦੇ ਹਨ। ਪ੍ਰਭੂ ਦਾ ਹੁਕਮ ਬਿਆਨ ਕਰਨਾ ਤੇ ਸੰਭਵ ਨਹੀਂ ਕਿਊਂਕੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਗੁਰਬਾਣੀ ਉਸ ਦੇ ਹੁਕਮ ਦੀ ਸਮਰਥਾ ਦੀ ਸੂਝ ਬਖਸ਼ਦੀ ਹੈ। ਇਸ ਬਾਰੇ ਗੁਰਬਾਣੀ ਦੇ ਕੁੱਝ ਹੋਰ ਫੁਰਮਾਨ ਹਨ:
"ਚਹੁਦਿਸਿ ਹੁਕਮੁ ਵਰਤੈ ਪ੍ਰਭੁ ਤੇਰਾ ਚਹੁਦਿਸਿ ਨਾਮ ਪਤਾਲੰ॥
ਸਭ ਮਹਿ ਸਬਦੁ ਵਰਤੈ ਪ੍ਰਭੁ ਸਾਚਾ ਕਰਮਿ ਮਿਲੈ ਬੈਆਲੰ॥ (ਪੰ: ੧੨੭੫) ਅਤੇ
"ਗੁਰ ਕਿਰਪਾ ਤੇ ਹੁਕਮੁ ਪਛਾਣੈ॥
ਜੁਗਹਿ ਜੁਗੰਤਰ ਕੀ ਬਿਧਿ ਜਾਣੈ॥" (ਪੰ: ੧੦੨੭)।
ਗੁਰਬਾਣੀ ਦਾ ਮੂਲ ਉਪਦੇਸ਼ ਹੈ ਕਿ ਮਨੁੱਖ ਪ੍ਰਭੂ ਦੀ ਰਜ਼ਾ ਅਨੁਸਾਰ ਜੀਵਨ ਬਤੀਤ ਕਰੇ। ਇਹ ਮਨੁੱਖ ਦੀ ਤਕਦੀਰ ਵਿੱਚ ਲਿਖਿਆ ਹੋਇਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਪ੍ਰਭੂ ਦੀ ਰਜ਼ਾ ਨੂੰ ਜਾਣਿਆ ਕਿਵੇਂ ਜਾਵੇ? ਮਨੁੱਖ ਜਾਣਕਾਰੀ ਪ੍ਰਾਪਤ ਕਰਨ ਲਈ ਦੋ ਢੰਗਾਂ ਦੀ ਵਰਤੋਂ ਕਰਦਾ ਹੈ। ਇੱਕ, ਉਹ ਬੌਧਕ ਸ਼ਕਤੀ ਰਾਹੀਂ ਪਦਾਰਥਕ ਜਗਤ ਦੀ ਜਾਣਕਾਰੀ ਪ੍ਰਾਪਤ ਕਰਦਾ ਹੈ ਜਿਸ ਨੂੰ ਉਹ ਵਿਗਿਆਨ ਆਖਦਾ ਹੈ।
ਵਿਗਿਆਨ ਵਿੱਚ ਪ੍ਰਭੂ ਅਤੇ ਉਸ ਦੀ ਰਜ਼ਾ ਨੂੰ ਜਾਨਣ ਦੀ ਯੋਗਤਾ ਨਹੀਂ ਹੁੰਦੀ।
ਦੂਜਾ, ਉਸ ਦੇ ਮਨ ਵਿੱਚ ਅਧਿਆਤਮਕ ਗਿਆਨ ਪ੍ਰਾਪਤ ਕਰਨ ਦੀ ਯੋਗਤਾ ਹੈ। ਅਧਿਆਤਮਕ ਗਿਆਨ ਪ੍ਰਭੂ ਦੀ ਰਜ਼ਾ ਦਾ ਗਿਆਨ ਪ੍ਰਦਾਨ ਕਰਨਯੋਗ ਹੁੰਦਾ ਹੈ।
ਵਿਗਿਆਨ ਵਿੱਚ ਪ੍ਰਭੂ ਅਤੇ ਉਸ ਦੀ ਰਜ਼ਾ ਨੂੰ ਜਾਨਣ ਦੀ ਅਯੋਗਤਾ ਦਾ ਮੂਲ ਕਾਰਨ ਪ੍ਰਭੂ ਦਾ ਪਦਾਰਥਕ ਜਗਤ ਨਾਲੋਂ ਵਖਰੇਵਾਂ ਹੈ। ਪ੍ਰਭੂ ਭਾਵੇਂ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਿਆ ਹੋਇਆ ਹੈ ਪਰ ਉਹ ਪਦਾਰਥਕ ਜਗਤ ਤੋਂ ਭਿੰਨ ਹੈ ਇਸ ਲਈ ਮਨੁੱਖੀ ਬੁੱਧੀ ਪ੍ਰਭੂ ਬਾਰੇ ਜਾਨਣ ਅਤੇ ਵਿਗਿਆਨ ਉਸ ਬਾਰੇ ਕੋਈ ਜਾਣਕਾਰੀ ਦੇਣ ਦੇ ਸਮਰਥ ਨਹੀਂ ਹੈ।
ਪ੍ਰਭੂ ਦੀ ਪਦਾਰਥਕ ਜਗਤ ਨਾਲੋਂ ਭਿੰਨਤਾ ਦੇ ਦੋ ਕਾਰਨ ਹਨ।
ਪਹਿਲਾ, ਪਦਾਰਥਕ ਜਗਤ ਨਿਰੰਤਰ ਬਦਲ ਅਤੇ ਜੰਮ-ਮਰ ਰਿਹਾ ਹੈ ਜਦੋਂ ਕਿ ਪ੍ਰਭੁ ਨਿਹਚਲ ਅਤੇ ਸਤਿ ਹੈ, ਅਤੇ ਦੂਜਾ,
ਪਦਾਰਥ ਮਨੁੱਖ ਨੂੰ ਦਿਖਾਈ ਦਿੰਦਾ ਹੈ ਜਾਂ ਮਨੁੱਖ ਵਲੋਂ ਅਨੁਭਵ ਕੀਤਾ ਜਾ ਸਕਦਾ ਹੈ ਜਦੋਂ ਕਿ ਪ੍ਰਭੂ ਅਦਿੱਖ ਹੈ ਅਤੇ ਉਸ ਨੂੰ ਗਿਆਨ ਇੰਦਰੀਆਂ ਦੁਆਰਾ ਅਨੁਭਵ ਕਰਨਾ ਅਤੇ ਬੌਧਕ ਸ਼ਕਤੀ ਰਾਹੀਂ ਚਿਤਵਣਾ ਸੰਭਵ ਨਹੀਂ ਹੈ।
ਪ੍ਰਭੂ ਅਤੇ ਪਦਾਰਥਕ ਜਗਤ ਵਿੱਚ ਭਿੰਨਤਾ ਹੋਣ ਦੇ ਨਾਲ ਨਾਲ ਵਿਗਿਆਨਕ ਜਾਣਕਾਰੀ ਵਿੱਚ ਵੈਸੇ ਵੀ ਪ੍ਰਭੂ ਦੀ ਰਜ਼ਾ ਦਾ ਅਨੁਮਾਨ ਲਾਉਣ ਦੀ ਯੋਗਤਾ ਨਹੀਂ ਹੁੰਦੀ ਕਿਊਂਕੇ ਵਿਗਿਆਨ ਹਰ ਅਸਤਿੱਤਵ ਦੀ ਵੰਡ ਕਰਕੇ ਉਸ ਦੇ ਛੋਟੇ ਤੋਂ ਛੋਟੇ ਭਾਗ ਬਾਰੇ ਵਧ ਤੋਂ ਵਧ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਰੱਬ ਨੇ ਸਾਰੀ ਕਾਇਨਾਤ ਨੂੰ ਇੱਕ ਲੜੀ ਵਿੱਚ ਪਰੋਇਆ ਹੋਇਆ ਹੈ। ਉਸ ਵਿੱਚ ਵੰਡੀਆਂ ਪਾਉਣੀਆਂ ਰੱਬੀ ਪ੍ਰਬੰਧ ਦੇ ਵਿਰੁਧ ਹੈ। ਇਸ ਲਈ ਸ੍ਰਿਸ਼ਟੀ ਵਿੱਚ ਵੰਡੀਆਂ ਪਾ ਕੇ ਪ੍ਰਾਪਤ ਕੀਤੇ ਗਿਆਨ ਰਾਹੀਂ ਰੱਬੀ ਰਜ਼ਾ ਨੂੰ ਜਾਣਨਾ ਸੰਭਵ ਨਹੀਂ ਹੁੰਦਾ। ਫਰਾਂਸ ਦੇ ਕੁੱਝ ਵਿਗਿਆਨੀਆਂ ਨੇ ਯੂਨੀਫਾਰਮ ਸਾਇੰਸ ਦਾ ਸੰਕਲਪ ਕੀਤਾ ਸੀ ਪਰ ਉਸ ਸੰਕਲਪ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਸੀ। ਵਿਗਿਆਨੀਆਂ ਨੂੰ ਚਾਹੀਦਾ ਹੈ ਕਿ ਉਹ ਹਰ ਇਸਤਿੱਤਵ ਅਤੇ ਉਸ ਦੀ ਵੰਡ ਨੂੰ ਸਾਰੀ ਕਾਇਨਾਤ ਦੇ ਜ਼ਰੂਰੀ ਭਾਗ ਵਜੋਂ ਵੇਖਣ ਅਤੇ ਵਿਚਾਰਨ, ਨਾ ਕਿ ਜੁਦਾ ਅਤੇ ਇਕੱਲਾ ਇਕੱਲਾ ਕਰਕੇ। ਅਜਿਹਾ ਕਰਨ ਨਾਲ ਹੀ ਕੁਦਰਤ ਦੀ ਏਕਤਾ ਅਤੇ ਸੰਤੁਲਨ ਦਾ ਗਿਆਨ ਹੋ ਸਕਦਾ ਹੈ ਜਿਸ ਤੋਂ ਰੱਬੀ ਰਜ਼ਾ ਦਾ ਅਨੁਮਾਨ ਲਾਉਣ ਵਿੱਚ ਸਹਾਇਤਾ ਵੀ ਮਿਲ ਸਕਦੀ ਹੈ।
ਵਿਗਿਆਨਕ ਜਾਣਕਾਰੀ ਤੋਂ ਰੱਬੀ ਰਜ਼ਾ ਦਾ ਅਨੁਮਾਨ ਲਾਉਣ ਦੀ ਅਯੋਗਤਾ ਦਾ ਦੂਜਾ ਕਾਰਨ ਉਸ ਜਾਣਕਾਰੀ ਤੇ ਸਰਮਾਏਦਾਰਾਂ, ਵਪਾਰੀਆਂ ਅਤੇ ਸਰਕਾਰਾਂ ਦਾ ਕਬਜ਼ਾ ਹੋਣਾ ਹੈ, ਜੋ ਵਿਗਿਆਨਕ ਜਾਣਕਾਰੀ ਨੂੰ ਗੁਪਤ ਰੱਖਦੇ ਹਨ ਅਤੇ ਉਸ ਦੀ ਦੁਰਵਰਤੋਂ ਕਰਕੇ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਉਨ੍ਹਾਂ ਦੀਆਂ ਕਾਰਵਾਈਆਂ ਹੀ ਵਾਤਾਵਰਣ ਨੂੰ ਦੂਸ਼ਤ ਕਰਦੀਆਂ ਹਨ। ਸਰਕਾਰਾਂ ਵਿਗਿਆਨਕ ਜਾਣਕਾਰੀ ਰਾਹੀਂ ਆਪਣੀ ਫੌਜੀ ਸ਼ਕਤੀ ਵਧਾਉਣ ਲਈ ਅੰਨ੍ਹਾ ਖਰਚ ਕਰਦੀਆਂ ਹਨ ਤਾਂ ਜੋ ਆਪਣੀ ਸ਼ਕਤੀ ਦੇ ਪ੍ਰਗਟਾਵੇ ਨਾਲ ਕਮਜ਼ੋਰ ਦੇਸ਼ਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦੇ ਲੋਕਾਂ ਨੂੰ ਲੁਟ ਸਕਣ ਅਤੇ ਸਰਮਾਏਦਾਰ ਅਤੇ ਵਪਾਰੀ ਵਰਗ ਵਿਗਿਆਨਕ ਜਾਣਕਾਰੀ ਤੇ ਕਬਜ਼ਾ ਕਰਕੇ ਨਫਾ ਖਟਣ ਲਈ ਉਸ ਦੀ ਦੁਰਵਰਤੋਂ ਕਰਦੇ ਹਨ।
ਜੇਕਰ ਵਿਗਿਆਨਕ ਜਾਣਕਾਰੀ ਸੁਆਰਥੀ ਲੋਕਾਂ ਦੀਆਂ ਹੰਕਾਰੀ ਅਤੇ ਲੋਭੀ ਗਤੀਵਿਧੀਆਂ ਦੀ ਥਾਂ ਸ੍ਰਿਸ਼ਟੀ ਵਿੱਚ ਸੰਤੁਲਨ ਬਰਕਰਾਰ ਰੱਖ ਕੇ ਲੋਕਾਂ ਦੇ ਜੀਵਨ ਵਿੱਚ ਬੇਹਤਰੀ ਲਈ ਵਰਤੀ ਜਾਵੇ ਤਾਂ ਸਾਰੀ ਮਾਨਵਤਾ ਦਾ ਭਲਾ ਹੋ ਸਕਦਾ ਹੈ ਅਤੇ ਰੱਬੀ ਰਜ਼ਾ ਸਮਝਣੀ ਸੌਖੀ ਹੋ ਸਕਦੀ ਹੈ।
ਅਧਿਆਮਕ ਗਿਆਨ ਰੱਬੀ ਰਜ਼ਾ ਦੀ ਸੂਝ ਬਖਸ਼ਦਾ ਹੈ। ਇਸ ਗਿਆਨ ਦੀ ਪ੍ਰਾਪਤੀ ਗੁਰੂ ਦੀ ਬਖਸ਼ਿਸ਼ ਦੁਆਰਾ ਹੁੰਦੀ ਹੈ ਅਤੇ ਇਹ ਸ਼ਬਦ-ਗੁਰੂ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦਾ ਪ੍ਰਕਾਸ਼ ਨਿਰਮਲ ਮਨ ਵਿੱਚ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਗੁਰਬਾਣੀ ਦੀ ਡੂੰਘੀ ਵਿਚਾਰ ਅਤੇ ਉਸ ਦੇ ਉਪਦੇਸ਼ਾਂ ਤੇ ਵਿਸ਼ਵਾਸ ਅਤੇ ਅਮਲ ਕਰਨਾ ਪੈਂਦਾ ਹੈ। ਗੁਰਬਾਣੀ ਦੀ ਵਿਚਾਰ ਕਰਨ ਦੇ ਯੋਗ ਬਨਣ ਲਈ ਮਨੁੱਖ ਨੂੰ ਗੁਰਬਾਣੀ ਦੀ ਅਰੰਭਕ ਜਾਣਕਾਰੀ ਅਤੇ ਮਨ ਦੀ ਹਉਮੈ ਨੂੰ ਕਾਬੂ ਕਰਨ ਦੀ ਸਮਰਥਾ ਚਾਹੀਦੀ ਹੈ।
ਅਧਿਆਤਮਕ ਗਿਆਨ ਦੀ ਪ੍ਰਾਪਤੀ ਵਿੱਚ ਸਮਾਜ ਮਨੁੱਖ ਦਾ ਸਹਾਇਕ ਹੋਣ ਦੀ ਥਾਂ ਭਾਰੀ ਰੁਕਾਵਟ ਬਣਿਆ ਹੋਇਆ ਹੈ ਕਿਊਂਕੇ ਸਮਾਜਕ ਸ਼ਕਤੀਆਂ ਕੁਦਰਤਨ ਹੀ ਅਧਿਆਤਮਕ ਗਿਆਨ ਦੀਆਂ ਵਿਰੋਧੀ ਹੁੰਦੀਆਂ ਹਨ। ਪਰ ਉਹ ਇਸ ਦੀ ਲੋਕ ਪ੍ਰੀਅਤਾ ਦਾ ਲਾਭ ਉਠਾਉਣ ਦੀਆਂ ਅਭਿਲਾਸ਼ੀ ਵੀ ਹੁੰਦੀਆਂ ਹਨ। ਇਸ ਲਈ ਉਹ ਅਧਿਆਤਮਕ ਗਿਆਨ ਨੂੰ ਸੰਸਾਰਕ ਭੇਖਾਂ, ਕਰਮ ਕਾਂਡਾਂ, ਮੂਰਤੀਆਂ, ਪਹਿਰਾਵਿਆਂ, ਭਰਮਾਂ ਅਤੇ ਪਾਖੰਡਾਂ ਵਿੱਚ ਉਲਝਾ ਕੇ ਆਪਣਾ ਵਖਰਾ ਧਰਮ ਸਥਾਪਤ ਕਰ ਲੈਂਦੀਆਂ ਹਨ ਅਤੇ ਭੋਲੇ ਅਤੇ ਅਗਿਆਨੀ ਲੋਕਾਂ ਨੂੰ ਭਰਮਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੀਆਂ ਹਨ।
ਸਮਾਜਕ ਸ਼ਕਤੀਆਂ ਵਲੋਂ ਪੈਦਾ ਕੀਤੇ ਪੁਜਾਰੀ ਅਤੇ ਪਾਖੰਡੀ ਬਾਬੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਅਤੇ ਭਰਮਾ ਕੇ ਹਿੰਸਾ ਫੈਲਾਉਣ ਲੱਗ ਪੈਂਦੇ ਹਨ। ਇਹ ਸ਼ਕਤੀਆਂ ਗੁਰਮਤ ਮਾਰਗ ਦੇ ਪਾਂਧੀਆਂ ਨਾਲ ਅਕਸਰ ਦੁਰਵਿਵਹਾਰ ਕਰਦੀਆਂ ਹਨ।
ਰੱਬੀ ਰਜ਼ਾ ਜਾਨਣ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖਤਾ ਦੀ ਅਗਵਾਈ ਕਰਦੀ ਹੈ। ਗੁਰਬਾਣੀ ਅਨੁਸਾਰ ਸਾਰੇ ਜਗਤ ਵਿੱਚ ਪ੍ਰਭੂ ਦਾ ਹੁਕਮ ਚਲਦਾ ਹੈ ਅਤੇ ਸਭ ਕੁੱਝ ਉਸ ਦੇ ਭਾਣੇ ਵਿੱਚ ਹੋ ਰਿਹਾ ਹੈ। ਉਸ ਦਾ ਭਾਣਾ ਉਸ ਦੀ ਰਜ਼ਾ ਦਾ ਪਗਟਾਵਾ ਕਰਦਾ ਹੈ। ਗੁਰਬਾਣੀ ਦਾ ਕਥਨ ਹੈ:
"ਜੋ ਕਿਛੁ ਵਰਤੈ ਸਭ ਤੇਰਾ ਭਾਣਾ॥
ਹੁਕਮੁ ਬੂਝੈ ਸੋ ਸਚਿ ਸਮਾਣਾ॥" (ਪੰ: ੧੯੩)।
ਇਸ ਲਈ ਗੁਰਬਾਣੀ ਮਨੁੱਖ ਨੂੰ ਪ੍ਰਭੂ ਦਾ ਭਾਣਾ ਮੰਨਣ ਦਾ ਉਪਦੇਸ਼ ਕਰਦੀ ਹੈ। ਇਸ ਪ੍ਰਥਾਇ ਗੁਰਬਾਣੀ ਦੇ ਫੁਰਮਾਨ ਹਨ:
"ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿਨਾਮੋ ਦੇਹਿ ਵਡਿਆਈ॥
ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ॥" (ਪੰ: ੧੩੩੩);
"ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ॥
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ॥" (ਪੰ: ੩੫੯)।
ਭਾਣੇ ਦਾ ਅਰਥ ਹੈ ਕਿ ਜੋ ਕੁੱਝ ਸੰਸਾਰ ਵਿੱਚ ਹੋ ਰਿਹਾ ਹੈ ਉਹ ਰੱਬੀ ਹੁਕਮ ਵਿੱਚ ਹੋ ਰਿਹਾ ਹੈ। ਰੱਬੀ ਹੁਕਮ ਨੂੰ ਬਦਲਣ ਦੀ ਸਮ੍ਰਥਾ ਮਨੁੱਖ ਵਿੱਚ ਨਹੀਂ ਹੈ।
ਗੁਰਬਾਣੀ ਅਨੁਸਾਰ ਮਨੁੱਖੀ ਸਮਾਜ ਵਿੱਚ ਮਾਇਆ ਦਾ ਵਿਆਪਕ ਪ੍ਰਭਾਵ ਹੈ ਅਤੇ ਸੰਸਾਰ ਦੀ ਖੇਲ ਰਚਣ ਲਈ ਪ੍ਰਭੂ ਨੇ ਸੰਸਾਰ ਵਿੱਚ ਮਾਇਆ ਖੁੱਦ ਪਾਈ ਹੈ। ਜਿਸ ਮਾਇਆ ਨੂੰ ਸੰਸਾਰ ਵਿੱਚ ਪ੍ਰਭੂ ਨੇ ਆਪ ਪਾਇਆ ਹੈ ਉਸ ਦੇ ਪ੍ਰਭਾਵ ਨੂੰ ਸਮਾਜ ਵਿਚੋਂ ਕਢਣਾ ਮਨੁੱਖ ਲਈ ਸੰਭਵ ਨਹੀਂ ਹੈ। ਦੂਜਾ, ਕੁਦਰਤ ਨੇ ਮਨੁੱਖ ਦੀ ਹਰ ਸੋਚ ਅਤੇ ਕਰਮ ਦਾ ਫਲ ਨਿਸਚਤ ਕੀਤਾ ਹੋਇਆ ਹੈ। ਸੰਸਾਰ ਵਿੱਚ ਜੋ ਵੀ ਅਸ਼ਾਂਤੀ, ਹਿੰਸਾ, ਅਤਿਆਚਾਰ, ਤਣਾ ਅਤੇ ਝਗੜੇ ਹਨ ਉਹ ਸਮਾਜ ਵਿੱਚ ਮਨੁੱਖਾਂ ਦੀ ਸੁਆਰਥੀ ਸੋਚ ਅਤੇ ਕਰਮਾਂ ਦੇ ਫਲ ਹਨ। ਇਨ੍ਹਾਂ ਵਿਚੋਂ ਬਹੁਤੇ ਧਾਰਮਕ ਸੁਧਾਰਾਵਦੀਆਂ ਦੀ ਦੇਣ ਹਨ। ਕੁਦਰਤ ਦੇ ਨਿਯਮਾਂ ਨੂੰ ਬਦਲਣ ਦੀ ਯੋਗਤਾ ਵੀ ਮਨੁੱਖ ਵਿੱਚ ਨਹੀਂ ਹੈ।
ਗੁਰਬਾਣੀ ਕਿਸੇ ਸਮਾਜਕ ਗੁੱਟ, ਸੰਸਥਾ ਜਾਂ ਪੰਥ ਨੂੰ ਸਮਾਜ ਵਿੱਚ ਸੁਧਾਰ ਲਿਆਉਣ ਦਾ ਉਪਦੇਸ਼ ਨਹੀਂ ਕਰਦੀ। ਸਮਾਜ ਸੁਧਾਰ ਗੁਰਬਾਣੀ ਦਾ ਸੰਕਲਪ ਹੀ ਨਹੀਂ ਹੈ। ਉਹ ਤੇ ਵਿਅਕਤੀ ਅਤੇ ਸਮਾਜ ਨੂੰ ਇੱਕ ਦੂਜੇ ਤੋਂ ਭਿੰਨ ਮੰਨਦੀ ਹੈ ਅਤੇ ਮਨੁੱਖ ਦੀ ਨਿੱਜੀ ਸੁਤੰਤਰਤਾ ਅਤੇ ਬਰਾਬਰੀ ਦੀ ਸਮਰਥਕ ਹੈ। ਉਹ ਹਰ ਮਨੁੱਖ ਨੂੰ ਹਲੀਮੀ, ਦਯਾ, ਸੰਤੋਖ, ਸ਼ਾਂਤੀ, ਉਦੱਮ, ਮਿਲਵਰਤਨ, ਪਰਉਪਕਾਰ ਕਰਨ ਅਤੇ ਨਾਮ ਸਿਮਰਨ ਦਾ ਉਪਦੇਸ਼ ਕਰਦੀ ਹੈ ਅਤੇ ਆਪਣੇ ਮਨ ਦੀ ਹਉਮੈ ਤੋਂ ਨਿਜਾਤ ਪਾਉਣ ਲਈ ਪ੍ਰੇਰਦੀ ਹੈ। ਇਸੇ ਨੂੰ ਗੁਰਬਾਣੀ ਪ੍ਰਭੂ ਦੀ ਰਜ਼ਾ ਵਿੱਚ ਚਲਣਾ ਆਖਦੀ ਹੈ।
ਹਾਕਮ ਸਿੰਘ
ਹਾਕਮ ਸਿੰਘ
ਹੁਕਮਿ ਰਜਾਈ ਚਲਣਾ
Page Visitors: 2566