- ਪ੍ਰੋ. ਦਰਸ਼ਨ ਸਿੰਘ ਖਾਲਸਾ
07 ਅਪ੍ਰੈਲ 2013 ਨੂੰ ਪ੍ਰੋ. ਦਰਸ਼ਨ ਸਿੰਘ ਖਾਲਸਾ ਪਰਿਵਾਰ ਅਤੇ ਜਾਗਰੂਕ ਸਿੱਖਾਂ ਨਾਲ Empire Theatre ਮਿਸੀਸਾਗਾ ਵਿਖੇ ਪੰਜਾਬੀ ਫਿਲਮ "ਸਾਡਾ ਹੱਕ" ਦੇਖਣ ਗਏ। ਫਿਲਮ ਦੇਖਣ ਤੋਂ ਪਹਿਲਾਂ ਹੀ ਉਹ ਆਪਣੇ ਨਾਲ ਹੇਠ ਦਿੱਤਾ ਪ੍ਰੈਸ ਨੋਟ ਨਾਲ ਲਿਆਏ ਸਨ ਅਤੇ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਨਾਲ ਛੋਟੀ ਜਿਹੀ ਮੁਲਾਕਾਤ ਕੀਤੀ ਗਈ ਜੋ ਵੀਡੀਓ ਦੇ ਰੂਪ ਵਿੱਚ ਪਾਠਕਾਂ ਲਈ ਹਾਜ਼ਿਰ ਹੈ।
ਭਾਰਤ ਦੀ ਅਜ਼ਾਦੀ ਲਈ 80% ਸ਼ਹੀਦੀਆਂ ਅਤੇ ਉਸਤੋਂ ਬਾਅਦ ਭਾਰਤ ਦੀਆਂ ਸੀਮਾਂ ਤੇ ਹਮੇਸ਼ਾਂ ਅਪਣਾ ਖੂਨ ਡ੍ਹੋਲ ਕੇ ਕੀਤੀ ਆਜ਼ਾਦੀ ਦੀ ਰਖਵਾਲੀ, ਭੁਖੇ ਮਰਦੇ ਦੇਸ਼ ਵਾਸੀਆਂ ਲਈ ਲਿਆਂਦਾ ਚਿੱਟਾ ਇਨਕਲਾਬ, ਹਰਾ ਇਨਕਲਾਬ, ਇਸ ਦੇਸ਼ ਵਿੱਚ ਸਾਡੇ ਕੁਛ ਹੱਕ ਨਿਸਚਿਤ ਕਰਦਾ ਹੈ।
ਡੈਮੋ-ਕਰੇਸੀ ਵਿੱਚ ਸਾਡਾ ਹੱਕ, ਜੀਵਨ ਦੇ ਸਾਧਨ, ਖਾਲਸਾ ਜੀ ਦੇ ਬੋਲ ਬਾਲੇ ਅਨੁਸਾਰ ਰਾਜਨੀਤਕ ਅਤੇ ਧਾਰਮਿਕ ਆਜ਼ਾਦੀ, ਵੱਖਰਾ ਕੌਮੀ ਮਾਣ ਸਨਮਾਨ, ਕੀ ਸਾਨੂੰ ਇਹ ਸਾਡਾ ਹੱਕ ਮਿਲਿਆ? ਨਹੀਂ ਨਹੀਂ, ਬਦਲੇ ਵਿੱਚ ਮਿਲੇ ਸਾਨੂੰ ਤੋਪਾਂ ਦੇ ਗੋਲੇ, ਬਲਦੇ ਟਾਇਰ, ਢੱਠੇ ਹੋਏ ਅਕਾਲ ਤਖਤ ਦੀ ਇਮਾਰਤ ਸਮੇਤ ਸੈਂਕੜੇ ਧਰਮ ਅਸਥਾਨਾਂ ਦਾ ਮਲਬਾ, ਸਿੱਖ ਨੌਜਵਾਨਾਂ ਦੇ ਸੀਨਿਆਂ ਵਿੱਚ ਭਾਰਤ ਦੀ ਫੌਜ, ਬੀ.ਐਸ.ਐਫ ਸੀ.ਆਰ.ਪੀ. ਅਤੇ ਪੰਜਾਬ ਪੁਲਿਸ ਦੀਆਂ ਸਟੇਨ ਗਨਾਂ ਦੀਆਂ ਗੋਲ਼ੀਆਂ ਦੀ ਬੁਛਾੜ। ਮੀਰ ਮੰਨੂੰ ਤਾਂ ਮਾਵਾਂ ਦੇ ਬੱਚੇ ਟੁਕੜੇ ਕਰਕੇ ਹਾਰ ਪਰੋਕੇ, ਮਾਵਾਂ ਦੇ ਗਲ ਪਾ ਦੇਂਦਾ ਸੀ, ਪਰ ਇਸ ਜ਼ੁਲਮ ਦੀ ਅੰਧੇਰੀ ਰਾਤੇ, ਜਿਹਨਾਂ ਮਾਵਾਂ ਦੇ ਪੁਤਰ ਪੁਲੀਸ ਨੇ ਖੋਹੇ, ਉਹ ਮਾਵਾਂ, ਪੁਤਰਾਂ ਦੀਆਂ ਲਾਸ਼ਾਂ ਦੇਖਣ ਨੂੰ ਤਰਸਦੀਆਂ ਮਰ ਗਈਆਂ, ਤਖਤ ਦੇ ਵਾਰਸਾਂ ਨੂੰ ਮਿਲੇ ਫਾਂਸੀ ਦੇ ਤਖਤੇ, ਸਾਡੇ ਗੀਤ ਖੋਹ ਲਏ ਗਏ, ਅਸੀਂ ਖੂਨ ਕੇ ਸੋਹਲੇ ਗਾ ਗਾ ਅਪਣੇ ਹੱਕ ਮੰਗਦੇ ਰਹੇ, ਸਾਡੇ ਹੋਏ ਕੌਮੀ ਕਤਲੇਆਮ ਲਈ, ਸਾਨੂੰ ਇਸ ਦੇਸ਼ ਦੀਆਂ ਅਦਾਲਤਾਂ ਵਿਚੋਂ ਭੀ ਕੋਈ ਹੱਕ ਇਨਸਾਫ ਨਾ ਮਿਲਿਆ, ਸਾਡੇ ਕਾਤਲ ਸਾਡੇ ਸਾਹਮਣੇ ਦਨ ਦਨਾਂਦੇ ਫਿਰਦੇ ਰਹੇ ਅਤੇ ਫਿਰ ਰਹੇ ਹਨ।
ਇਕ ਖਿਆਲ ਕਰਿਓ, ਜਦੋਂ ਕਿਸੇ ਨੂੰ ਇਨਸਾਫ ਨਾ ਮਿਲੇ, ਬਲਕਿ ਉਸਨੂੰ ਇਨਸਾਫ ਦੇ ਸਾਰੇ ਦਰਵਾਜ਼ੇ ਬੰਦ ਦਿਸਣ ਲੱਗ ਪੈਣ, ਤਾਂ ਕਈ ਵਾਰ ਉਹ ਅਣਖੀ ਮਨੁੱਖ ਆਪਣੇ ਬਣਦੇ ਹੱਕ ਲੈਣ ਲਈ ਬਾਗ਼ੀ ਹੋ ਜਾਂਦਾ ਹੈ, ਅਤੇ ਫਿਰ ਇਹ ਬਗ਼ਾਵਤ ਉਸਦਾ ਗੁਨਾਹ ਨਹੀਂ, ਬਲਕਿ ਉਸਦਾ ਹੱਕ ਬਣ ਜਾਂਦੀ ਹੈ। ਬੱਸ ਇਹ ਫਿਲਮ ਇਹੋ ਕੁਛ ਦੱਸਣ ਲਈ ਬਣੀ ਹੈ।
ਪਰ ਮੈਂ ਕੀ ਦੇਖ ਰਿਹਾ ਹਾਂ, ਸਿੱਖਾਂ ‘ਤੇ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਰਾਜ ਵਿੱਚ ਵੱਡੇ ਵੱਡੇ ਅਹੁਦੇ ਦੇਕੇ ਨਿਵਾਜਣਾ ਅਤੇ ਇਸ ਫਿਲ਼ਮ ‘ਤੇ ਪਾਬੰਦੀ ਲਗਾ ਕੇ, ਸਰਕਾਰਾਂ ਅਤੇ ਪੰਥ ਅਖਵਾਉਣ ਵਾਲੇ ਅੱਜ ਕੌਮੀ ਗ਼ੱਦਾਰਾਂ ਦੀ ਲਿਸਟ ਵਿੱਚ ਇਕ ਨਵਾਂ ਚੈਪਟਰ ਲਿਖਦਿਆਂ, ਫਿਰ ਸਾਡੇ ਹੱਕ ‘ਤੇ ਛਾਪਾ ਮਾਰ ਰਹੇ ਹਨ। ਪਰ ਮੈਨੂੰ ਪੂਰਨ ਆਸ ਹੈ, ਇਸ ਫਿਲਮ ਵਿਚ ਦਿੱਤੀ ਸਾਡੇ ਹੱਕ ਦੀ ਆਵਾਜ਼ ਘਰ ਘਰ ਪਹੁੰਚੇਗੀ ਅਤੇ ਜ਼ਰੂਰ ਪਹੁੰਚੇਗੀ।
ਚਮਨ ਵਾਲੋ ਹਮੇਂ ਪਰੇਸ਼ਾਂ ਮਤ ਕਰੋ, ਹਮਾਰਾ ਭੀ ਆਸ਼ੀਆਂ ਇਸੀ ਗੁਲਸ਼ਨ ਮੇਂ ਹੈ।