< * ਕੰਮ ਹੀ ਪੂਜਾ ਹੈ * >
ਵਿਹਲਾ ਬੰਦਾ ਸਮਾਜ `ਤੇ ਬੋਝ ਹੁੰਦਾ ਹੈ। ਵਿਹਲਾ ਬੰਦਾ ਉਸ ਤਸਵੀਰ ਵਰਗਾ ਹੈ ਜਿਹੜੀ ਪਿੱਛਲੇ ਕਈ ਸਾਲਾਂ ਤੋਂ ਦੀਵਾਰ `ਤੇ ਟੰਗੀ ਹੋਈ ਧੂੜ ਨਾਲ ਭਰੀ ਪਈ ਹੋਵੇ। ਵਿਹਲਾ ਬੰਦਾ ਕਿਸੇ ਦੇ ਵੀ ਕੰਮ ਨਹੀਂ ਆ ਸਕਦਾ ਕਿਉਂਕਿ ਉਸ ਨੂੰ ਵਿਹਲ ਵਿਚੋਂ ਵਿਹਲਾ ਸਮਾਂ ਨਹੀਂ ਮਿਲਦਾ ਹੈ। ਰੁੱਝਿਆ ਹੋਇਆ ਬੰਦਾ ਹੀ ਕਿਸੇ ਦੇ ਕੰਮ ਆ ਸਕਦਾ ਹੈ ਕਿਉਂਕਿ ਆਪਣੇ ਕੀਮਤੀ ਸਮੇਂ ਵਿਚੋਂ ਹੀ ਕਿਸੇ ਦੇ ਕੰਮ ਲਈ ਸਮਾਂ ਕੱਢ ਸਕਦਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਹਰ ਮਨੁੱਖ ਨੂੰ ਕਿਰਤ ਕਰਨ ਲਈ ਕਿਹਾ ਹੈ। ਬਹੁਤ ਸਾਰੇ ਸਿੱਖੀ ਵਿੱਚ ਸਾਧ ਪੈਦਾ ਹੋ ਗਏ ਹਨ ਜਿੰਨ੍ਹਾਂ ਨੇ ਕਿਰਤ ਵਲੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੋਇਆ ਹੈ। ਵਿਹਲੜ ਸਾਧ ਕਹਿੰਦੇ ਹਨ ਅਸੀਂ ਰੱਬ ਜੀ ਦਾ ਨਾਮ ਜੱਪਦੇ ਹਾਂ ਤੇ ਇਸੇ ਸਹਾਰੇ ਧਰਤੀ ਦਾ ਕੰਮਕਾਰ ਚੱਲ ਰਿਹਾ ਹੈ ਨਹੀਂ ਤਾਂ ਸਮਝੋ ਪਰਲੋ ਆਈ ਕਿ ਆਈ। ਅਜੇਹੇ ਵਿਹਲੜ ਲੋਕਾਂ ਸਬੰਧੀ ਗੁਰਦੇਵ ਪਿਤਾ ਜੀ ਦਾ ਫਰਮਾਣ ਹੈ—
ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ ਸ਼ਲੋਕ ਮ: ੧ ਪੰਨਾ ੧੨੪੫
ਅਰਥ:- (ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ)। ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ) (ਤੀਜਾ ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ, (ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ; ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ।
ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ। ੧।
ਜਿਹੜੇ ਘਰ ਬਾਰ ਛੱਡ ਕੇ ਰੱਬ ਨੂੰ ਲੱਭਣ ਤੁਰੇ ਹਨ ਗੁਰਦੇਵ ਪਿਤਾ ਜੀ ਦਾ ਸਪੱਸ਼ਟ ਫਰਮਾਣ ਹੈ ਕਿ ਅਜੇਹੇ ਬੰਦਿਆਂ ਦੇ ਪੈਰੀਂ ਹੱਥ ਲਗਾਉਣੇ ਤਾਂ ਇੱਕ ਪਾਸੇ ਰਿਹਾ ਉਨ੍ਹਾਂ ਦੇ ਨੇੜੇ ਵੀ ਨਹੀਂ ਬੈਠਣਾ ਚਾਹੀਦਾ ਕਿਉਂਕਿ ਇਹਨਾਂ ਵਲ ਦੇਖ ਕੇ ਦੂਜਿਆਂ ਨੂੰ ਵਿਹਲੇ ਰਹਿਣ ਦੀ ਆਦਤ ਪੈ ਜਾਏਗੀ। ਇਨ੍ਹਾਂ ਤੁਕਾਂ ਵਿੱਚ ਕਿਰਤੀ ਦੀ ਕਿਰਤ ਨੂੰ ਸਲਾਹਿਆ ਹੈ ਤੇ ਵਿਹਲੜਾਂ ਨੂੰ ਨਕਾਰਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਪਸ਼ੂ ਚਾਰਨ ਤੋਂ ਲੈ ਕੇ ਕਿਰਸਾਨੀ ਨਾਲ ਸਬੰਧਤ ਤੇ ਵਪਾਰ ਨਾਲ ਸਬੰਧਤ ਸਾਰੇ ਕੰਮ ਕੀਤੇ ਹਨ। ਸਰਕਾਰੀ ਨੌਕਰੀ ਵੀ ਕੀਤੀ ਹੈ।
ਦੁਨੀਆਂ ਦੇ ਹਰੇਕ ਖਿੱਤੇ ਵਿੱਚ ਸਿੱਖ ਵੱਸੇ ਹੋਏ ਹਨ। ਸਿੱਖ ਜਿੱਥੇ ਵੀ ਗਿਆ ਹੈ ਉਸ ਦੇਸ਼, ਕੌਮ ਤੇ ਸਮਾਜ ਅੰਦਰ ਇਸ ਨੇ ਆਪਣੀ ਇਮਾਨਦਾਰੀ ਦੀ ਕਿਰਤ ਕਰਕੇ ਆਪਣਾ ਨਾਂ ਹੀ ਨਹੀਂ ਬਣਾਇਆ ਸਗੋਂ ਕੌਮ ਦਾ ਵੀ ਨਾਂ ਉੱਚਾ ਕੀਤਾ ਹੈ। ਨਿਰਸੰਦੇਹ ਬਾਹਰਲੇ ਮੁਲਕਾਂ ਵਿੱਚ ਜਦੋਂ ਸਾਡੇ ਪੁਰਖੇ ਗਏ ਸਨ ਤਾਂ ੳਹਨਾਂ ਨੇ ਪਹਿਲੀ ਸਟੇਜ `ਤੇ ਹੱਡ ਭੰਨਵੀਂ ਮਿਹਨਤ ਕਰਕੇ ਜਿੱਥੇ ਆਪਣੇ ਪਰਵਾਰ ਨੂੰ ਪਾਲ਼ਿਆ ਓੱਥੇ ਉਨ੍ਹਾਂ ਨੇ ਆਪਣੇ ਪਿੰਡਾਂ ਵਿੱਚ ਗੁਰਦੁਆਰਿਆਂ ਤਥਾ ਹੋਰ ਸਾਂਝੀਆਂ ਥਾਵਾਂ `ਤੇ ਵੀ ਦਿੱਲ ਖੋਲ੍ਹ ਕੇ ਮਾਇਆ ਨਾਲ ਸੇਵਾ ਕੀਤੀ ਹੈ।
ਅਕਬਰ ਬਾਦਸ਼ਾਹ ਨੇ ਗੋਇੰਦਵਾਲ ਆ ਕੇ ਲੋਕ ਭਲਾਈ ਦੀਆਂ ਸਰਗਰਮੀਆਂ ਦੇਖੀਆਂ ਤਾਂ ਉਹ ਕੇ ਬੜਾ ਪ੍ਰਭਾਵਤ ਹੋਇਆ। ਖਾਸ ਤੋਰ `ਤੇ ਲੰਗਰ ਦੇਖ ਕੇ ਤਾਂ ਉਸ ਨੇ ਸਰਕਾਰੀ ਜਗੀਰ ਦੇਣ ਦਾ ਯਤਨ ਵੀ ਕੀਤਾ। ਗੁਰਦੇਵ ਪਿਤਾ ਜੀ ਨੇ ਕਿਹਾ ਕਿ ਭਾਈ ਅਕਬਰਾ! ਲੰਗਰ ਸਰਕਾਰੀ ਜਗੀਰਾਂ ਨਾਲ ਨਹੀਂ ਚੱਲਣਗੇ ਸਗੋਂ ਇਹ ਸਿੱਖਾਂ ਦੀਆਂ ਕਿਰਤ ਕਮਾਈਆਂ ਨਾਲ ਹੀ ਚੱਲਦੇ ਰਹਿਣ ਤਾਂ ਚੰਗਾ ਹੈ। ਸਰਕਾਰਾਂ ਦੀ ਕੀ ਪਤਾ ਹੈ ਕਿ ਇਹ ਕਦੋਂ ਆਪਣੀ ਜਗੀਰ ਵਾਪਸ ਲੈ ਲੈਣ।
ਮੁਲਕ ਦੀ ਵੰਡ ਉਪਰੰਤ ਕਿਰਸਾਨਾਂ ਨੂੰ ਥੋੜੀਆਂ ਥੋੜੀਆਂ ਜ਼ਮੀਨਾਂ `ਤੇ ਹੀ ਸਬਰ ਕਰਨਾ ਪਿਆ। ਦੂਸਰਾ ਭਾਰਤੀ ਫੌਜ ਵਿੱਚ ਵੀ ਸਿੱਖਾਂ ਦਾ ਕੋਟਾ ਘਟਾ ਦਿੱਤਾ ਗਿਆ ਜਿਸ ਨਾਲ ਬੇਰੋਜ਼ਗਾਰੀ ਵਿੱਚ ਵਾਧਾ ਹੋਇਆ।
ਹੌਲ਼ੀ ਹੌਲ਼ੀ ਸਮੇਂ ਦੇ ਗੇੜ ਨਾਲ ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਨਾਲ ਚਿੱਟੀ ਕ੍ਰਾਂਤੀ ਵੀ ਆਈ। ਫਿਰ ਵੀ ਪੰਜਾਬ ਦੇ ਬਹੁਤੇ ਨੌਜਵਾਨਾਂ ਨੂੰ ਰੋਜ਼ਗਾਰ ਪੂਰਾ ਨਾ ਮਿਲਿਆ। ਦੂਸਰਾ ਬਾਹਰਲੇ ਮੁਲਕਾਂ ਵਾਲਿਆਂ ਨੂੰ ਹੱਥੀਂ ਕਿਰਤ ਕਰਨ ਵਾਲਿਆਂ ਦੀ ਹਮੇਸ਼ਾਂ ਜ਼ਰੂਰਤ ਰਹੀ ਹੈ। ਪੰਜਾਬ ਵਿਚੋਂ ਨੌਕਰੀਆਂ ਦੀ ਵੱਡੀ ਘਾਟ ਕਰਕੇ, ਪਰਵਾਰਾਂ ਵਿੱਚ ਜ਼ਮੀਨਾਂ ਦੀਆਂ ਵੰਡੀਆਂ ਪੈਣ ਕਰਕੇ ਦੂਜਾ ਕੋਈ ਬਹੁਤੇ ਕਾਰਖਾਨੇ ਨਾ ਲੱਗਣ ਕਰਕੇ ਸਭ ਤੋਂ ਵੱਡੀ ਤਰਾਸਦੀ ਕਿ ਕੇਂਦਰੀ ਸਰਕਾਰ ਦੀ ਬੇਵਫ਼ਾਈ ਕਰਕੇ ਬਹੁਤ ਸਾਰੇ ਨੋਜਵਾਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੇ ਰੋਜ਼ਗਾਰ ਲਈ ਬਾਹਰਲੇ ਮੁਲਕਾਂ ਵਲ ਨੂੰ ਮੂੰਹ ਕੀਤਾ।
ਬਹੁਤ ਥੋੜੇ ਪੈਸਿਆਂ `ਤੇ ਅਰਬ ਦੇਸ਼ਾਂ ਵਿੱਚ ਵੀ ਸਾਡੇ ਨੌਜਵਾਨ ਮਿਹਨਤ ਮਜ਼ਦੂਰੀ ਕਰਕੇ ਆਪਣਿਆਂ ਪਰਵਾਰਾਂ ਦਾ ਝੱਟ ਲੰਘਾ ਰਹੇ ਹਨ।
ਪੰਜਾਬ ਵਿੱਚ ਬੇ ਰੋਜ਼ਗਾਰੀ ਦੀ ਅਸਲ ਸਮੱਸਿਆ
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਕਣਕ ਤੇ ਝੋਨੇ ਤੋਂ ਬਿਨਾਂ ਬਾਕੀ ਦੀਆਂ ਫਸਲਾਂ ਮੰਡੀਆਂ ਵਿੱਚ ਰੁਲ਼ਦੀਆਂ ਹਨ। ਜੇ ਸਰਕਾਰ ਚਾਹੇ ਤਾਂ ਖੇਤੀ ਦੇ ਅਧਾਰਤ ਵੱਡੇ-ਛੋਟੇ ਕਾਰਖਾਨੇ ਲਗਾ ਕੇ ਪੰਜਾਬ ਦੀ ਖੇਤੀ ਦੀ ਉਪਜ ਨੂੰ ਸੰਭਲਿਆ ਜਾ ਸਕਦਾ ਹੈ। ੧੯੭੪ ਵਿੱਚ ਮੈਂ ਜਦੋਂ ਲੁਧਿਆਣੇ ਆਇਆ ਸੀ ਤਾਂ ਓਦੋਂ ਘਰ ਘਰ ਛੋਟੇ ਕਾਰਖਾਨੇ ਲੱਗੇ ਹੁੰਦੇ ਸੀ। ਵੱਡੀਆਂ ਫੈਕਟਰੀਆਂ ਵਾਲੇ ਛੋਟਿਆਂ ਪਾਸੋਂ ਮਾਲ ਚੁੱਕ ਲੈਂਦੇ ਸੀ। ਇਹਨਾਂ ਫੈਕਟਰੀਆਂ ਵਿੱਚ ਪੰਜਾਬ ਦੇ ਨੋਜਵਾਨ ਨੂੰ ਚੰਗੀਆਂ ਤਨਖਾਹਾਂ ਮਿਲ ਜਾਂਦੀਆਂ ਸਨ। ਸਮੇਂ ਨੇ ਗੇੜ ਖਾਧਾ ਤੇ ਬਾਹਰਲੇ ਸੂਬਿਆਂ ਤੋਂ ਘੱਟ ਮਜ਼ਦੂਰੀ `ਤੇ ਮਜ਼ਦੂਰ ਮਿਲਣੇ ਸ਼ੁਰੂ ਹੋ ਗਏ ਜਿਸ ਨਾਲ ਪੰਜਾਬੀ ਵਰਕਰ ਵਿਹਲੇ ਹੁੰਦੇ ਗਏ। ਖੇਤੀ ਦੇ ਕੰਮਾਂ ਲਈ ਵੀ ਬਾਹਰਲੀ ਲੇਬਰ ਨੂੰ ਪਹਿਲ ਮਿਲਣੀ ਸ਼ੁਰੂ ਹੋ ਗਈ। ਹਰ ਸਾਲ ਬਾਹਰਲੇ ਸੂਬਿਆਂ ਦੀ ਆ ਰਹੀ ਲੇਬਰ ਵਿੱਚ ਵਾਧਾ ਹੁੰਦਾ ਗਿਆ ਹੈ। ਨਿੱਕੇ ਮੋਟੇ ਧੰਦਿਆਂ ਨੂੰ ਬਾਹਰਲੇ ਸੂਬਿਆਂ ਤੋਂ ਆਈ ਲੇਬਰ ਨੇ ਸੰਭਾਲ਼ ਲਿਆ। ਹੌਲ਼ੀ ਹੌਲ਼ੀ ਪੰਜਾਬੀਆਂ ਨੂੰ ਵਿਹਲੇ ਰਹਿਣ ਦਾ ਭੁੱਸ ਪੈਣਾ ਸ਼ੂਰੂ ਹੋ ਗਿਆ।
ਸਰਕਾਰੀ ਮਹਿਕਮਿਆਂ ਵਿੱਚ ਜਿਹੜੀ ਜਗ੍ਹਾ ਖਾਲੀ ਹੁੰਦੀ ਗਈ ਉਸ ਵਿੱਚ ਅਗਾਂਹ ਕੋਈ ਨਵੀਂ ਭਰਤੀ ਸਰਕਾਰ ਨੇ ਨਹੀਂ ਕੀਤੀ। ਦੂਜਾ ਜਿਹੜਾ ਬੰਦਾ ਸੇਵਾ ਮੁਕਤ ਹੋਇਆ ਉਸ ਨੂੰ ਹੀ ਦੁਬਾਰਾ ਠੇਕੇ `ਤੇ ਰੱਖ ਲਿਆ ਗਿਆ ਜਿਸ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਮਿਲਣੀਆਂ ਬੰਦ ਹੋ ਗਈਆਂ। ਅਜੇਹੇ ਹੋਰ ਕਈ ਨਿੱਕੇ ਮੋਟੇ ਕਾਰਨਾਂ ਕਰਕੇ ਪੰਜਾਬ ਦੀ ਜਵਾਨੀ ਨੇ ਆਪਣਾ ਭਵਿੱਖਤ ਸਵਾਰਨ ਲਈ ਬਾਹਰਲੇ ਮੁਲਕਾਂ ਵਲ ਨੂੰ ਜਾਣਾ ਸ਼ੂਰੂ ਕੀਤਾ।
ਪੜ੍ਹਾਈ ਦੇ ਮਿਆਰ ਵਿੱਚ ਗਿਰਾਵਟ
ਪੰਜਾਬ ਦੀ ਪ੍ਰਾਇਮਰੀ ਸਕੂਲਾਂ ਦੇ ਪੜ੍ਹਾਈ ਦਾ ਮਿਆਰ ਬਹੁਤ ਨੀਵਾਂ ਚਲਾ ਗਿਆ ਹੈ। ਭਾਂਵੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕੋਈ ਕਮੀ ਨਹੀਂ ਪਰ ਪੜ੍ਹਾਈ ਵਿੱਚ ਬਹੁਤ ਵੱਡੀ ਕਮੀ ਮਹਿਸੂਸ ਹੁੰਦੀ ਹੈ। ਪੰਜਾਬ ਵਿੱਚ ਵਿਦਿਆ ਦਾ ਪੂਰੀ ਤਰ੍ਹਾਂ ਵਪਾਰੀ ਕਰਨ ਹੋ ਚੁਕਿਆ ਹੈ। ਪੜ੍ਹਾਈ ਦੇ ਨਾਂ `ਤੇ ਹਰ ਮਹੱਲੇ ਵਿੱਚ ਮੁਰਗੀ ਖਾਨਿਆਂ ਵਰਗੇ ਸਕੂਲ ਖੁਲ੍ਹ ਗਏ ਹਨ ਜਿੰਨ੍ਹਾਂ ਦਾ ਕੋਈ ਮਿਆਰ ਨਹੀਂ ਹੈ ਤੇ ਨਾਂ ਹੀ ਅਸੀਂ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਿਰਧਾਰਤ ਕਰ ਸਕਦੇ ਹਾਂ। ਨਾ ਹੀ ਇਹ ਸਕੂਲ ਕਿਸੇ ਨੂੰ ਜੁਆਬ ਦੇਹ ਹਨ। ਜਿਹੜੇ ਵਧੀਆਂ ਪ੍ਰਾਈਵੇਟ ਸਕੂਲ ਹਨ ਉਹਨਾਂ ਵਿੱਚ ਹਾਰੀ ਸਾਰੀ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ। ਅੰਗਰੇਜ਼ੀ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਲਈ ਸਾਡੇ ਪਿੰਡਾਂ ਦਿਆਂ ਪਰਵਾਰਾਂ ਨੇ ਨਿੱਕੇ ਨਿੱਕੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾਇਆ। ਉਨ੍ਹਾਂ ਪਰਵਾਰਾਂ ਨੇ ਇੱਕ ਵਹਿਮ ਪਾਲ਼ ਲਿਆ ਕਿ ਸ਼ਾਇਦ ਅੰਗਰੇਜ਼ੀ ਆਉਣ ਨਾਲ ਸਾਰੀਆਂ ਮੁਸੀਬਤਾਂ ਹੱਲ ਹੋ ਜਾਣੀਆਂ ਹਨ। ਇਹਨਾਂ ਸਕੂਲਾਂ ਵਿਚੋਂ ਥੋੜੇ ਬੱਚੇ ਹੀ ਕਾਮਯਾਬ ਹੁੰਦੇ ਹਨ। ਬਹੁਤ ਥੋੜੇ ਵਿਦਿਆਰਥੀ ਹਨ ਜਿਹੜੇ ਕਿੱਤਾ ਮੁੱਖੀ ਕੋਰਸਾਂ ਵਿੱਚ ਦਾਖਲਾ ਲੈਂਦੇ ਹਨ। ਇਹਨਾਂ ਵਿਧਿਆਰਥੀਆਂ ਦੀ ਔਸਤ ਬਹੁਤ ਘੱਟ ਹੈ।
ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀਆਂ ਨੇ ਕੰਮ ਵਲੋਂ ਕਿਨਾਰਾ ਕਰਨਾ
ਜਦੋਂ ਬਾਹਰਲੇ ਸੁਬਿਆਂ ਤੋਂ ਮਜ਼ਦੂਰ ਸਸਤੀਆਂ ਕੀਮਤਾਂ `ਤੇ ਮਿਲਣੇ ਸ਼ੂਰੂ ਹੋਏ ਓਦੋਂ ਤੋਂ ਹੀ ਪੰਜਾਬੀਆਂ ਦੇ ਹੱਡਾਂ ਵਿੱਚ ਪਾਣੀ ਪੈਣਾ ਸ਼ੂਰੂ ਹੋ ਗਿਆ ਹੈ। ਇਹਨਾਂ ਨੇ ਹੱਥੀ ਕੰਮ ਕਰਨਾ ਛੱਡ ਦਿੱਤਾ ਹੋਇਆ ਹੈ। ਜਦੋਂ ਔਖਿਆਂ ਹੋ ਕੇ ਕੋਈ ਬਾਹਰਲੇ ਮੁਲਕ ਵਿੱਚ ਆਪਣੀ ਥਾਂ ਬਣਾ ਲੈਂਦਾ ਹੈ ਤਾਂ ਪਿੱਛੇ ਪਰਵਾਰ ਵਾਲੇ ਵੀ ਇਹ ਸਮਝਣ ਲੱਗ ਜਾਂਦੇ ਹਨ ਓੱਥੇ ਰੁਪਏ ਸ਼ਾਇਦ ਰੁੱਖਾਂ ਨਾਲ ਲੱਗੇ ਹੋਣੇ ਨੇ ਸਿਰਫ ਤੋੜਨੇ ਹੀ ਹੁੰਦੇ ਹਨ। ਇਹ ਇੱਕ ਬੜਾ ਵੱਡਾ ਭੁਲੇਖਾ ਹੈ। ਜਿਹੜਾ ਵੀਰ ਬਾਹਰਲੇ ਮੁਲਕ ਜਾਂਦਾ ਹੈ ਉਸ ਦੀਆਂ ਆਪਣੀਆਂ ਲੋੜਾਂ ਵੀ ਹੁੰਦੀਆਂ ਹਨ। ਤਸਵੀਰ ਦੇ ਦੂਜੇ ਪਾਸੇ ਜਿਹੜਾ ਕੋਈ ਭੈਣ ਭਰਾ ਬਾਹਰ ਜਾਂਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਵੀ ਇਹ ਗੱਲ ਅਉਂਦੀ ਹੈ ਕਿ ਮੈਂ ਭਾਵੈਂ ਦੋ ਸ਼ਿਫ਼ਟਾਂ ਲਗਾ ਲਵਾਂ ਪਰ ਪਿੱਛਲ਼ਿਆਂ ਨੂੰ ਸੁਖ ਜ਼ਰੂਰ ਦੇਣਾ ਹੈ। ਬਾਹਰ ਇੱਕ ਗਿਆ ਹੁੰਦਾ ਹੈ ਪਰ ਕੰਮ ਸਾਰਾ ਪਰਵਾਰ ਛੱਡ ਬੈਠਦਾ ਹੈ। ਇਨ੍ਹਾਂ ਨਾਲ ਤੀਜੀ ਗੱਲ ਹੋਰ ਰਲ ਗਈ ਹੈ ਕਿ ਸਰਕਾਰ ਬਿਨਾ ਸੋਚੇ ਸਮਝੇ ਕੇਵਲ ਵੋਟਾਂ ਲੈਣ ਲਈ ਕੋਈ ਠੋਸ ਨੀਤੀਆਂ ਨਹੀਂ ਬਣਾਉਂਦੀ। ਥੋੜਾ ਬਹੁਤਾ ਫਰੀ ਸਮਾਨ ਦੇ ਕੇ ਵੀ ਲੋਕਾਂ ਨੂੰ ਕਿਰਤ ਨਾਲੋਂ ਤੋੜਿਆ ਹੈ।
ਕਣਕ, ਦਾਲ਼ ਬਿਜਲੀ ਦੇ ਯੂਨਟ, ਲੜਕੀਆਂ ਨੂੰ ਸਾਇਕਲ, ਪਤੀਲੇ ਭਾਂਡੇ ਫਰੀ। ਹੁਣ ਜਿੰਨ੍ਹਾਂ ਨੂੰ ਫਰੀ ਖਾਣ ਦੀ ਅਦਤ ਬਣ ਜਾਏ ਭਲਾ ਉਹ ਕਿਰਤ ਕਰਨਗੇ?
ਛੋਟੇ ਕੰਮਾਂ ਨੂੰ ਆਪਣੀ ਹਤਕ ਸਮਝਣਾ
ਇਕ ਗੱਲ ਤਾਂ ਪੱਕੀ ਹੈ ਕਿ ਬਾਹਰ ਸਰਕਾਰਾਂ ਨੇ ਘੱਟ ਤੋਂ ਉਜਰਤ ਪੱਕੀ ਬੰਨ੍ਹੀ ਹੋਈ ਹੈ ਕਿ ਕੰਮ ਜਿਹੜਾ ਮਰਜ਼ੀ ਹੋਵੇ ਪਰ ਮਜ਼ਦੂਰੀ ਦੇ ਘੱਟੋ ਘੱਟ ਏਨੇ ਕੁ ਪੈਸੇ ਤੈਨੂੰ ਜ਼ਰੂਰ ਮਿਲ ਜਾਇਆ ਕਰਨਗੇ। ਬਾਹਰਲੇ ਮੁਲਕਾਂ ਵਿੱਚ ਕੰਮ ਨੂੰ ਕੋਈ ਮਿਹਣਾ ਨਹੀਂ ਹੈ ਤੇ ਨਾ ਹੀ ਬਾਹਰ ਕੋਈ ਇਹ ਪੁੱਛਦਾ ਹੈ ਕਿ ਤੂੰ ਕੰਮ ਕਿਹੜਾ ਕਰਦਾ ਏਂ। ਦੂਜਾ ਇਹ ਵੀ ਨਹੀਂ ਪੁੱਛਿਆ ਜਾਂਦਾ ਕਿ ਤੇਰੀ ਜਾਤ ਕਿਹੜੀ ਹੈ। ਇਹ ਵੀ ਠੀਕ ਹੈ ਕਿ ਪੰਜਾਬ ਵਿੱਚ ਬਾਹਰਲੇ ਮੁਲਕਾਂ ਵਾਂਗ ਕੰਮ ਕੀਤਾ ਜਾਏ ਤਾਂ ਓਨੇ ਪੈਸੇ ਵੀ ਨਹੀਂ ਮਿਲਦੇ। ਦੂਜਾ ਕੁੱਝ ਕੰਮ ਪੰਜਾਬੀਆਂ ਦੇ ਮੇਚ ਵੀ ਨਹੀਂ ਅਉਂਦੇ।
ਜਦੋਂ ਦਾ ਆਟਾ ਦਾਲ਼ ਫਰੀ ਮਿਲਣ ਲੱਗ ਗਇਆ ਹੈ ਓਦੋਂ ਦਾ ਤਾਂ ਬਿਲਕੁਲ ਹੀ ਕੰਮ ਛੱਡ ਦਿੱਤਾ ਹੈ। ਪੰਜਾਬ ਦੇ ਸਾਰੇ ਧੰਦਿਆਂ ਦਾ ਕੰਮ ਬਾਹਰੋਂ ਆਏ ਮਜ਼ਦੂਰਾਂ ਨੇ ਸੰਭਾਲ਼ ਲਿਆ ਜਦ ਕਿ ਘਰਾਂ ਦਾ ਕੰਮ ਬਾਹਰੋਂ ਆਈ ਲੇਬਰ ਦੇ ਨਾਲ ਉਹਨਾਂ ਦੀਆਂ ਘਰਵਾਲੀਆਂ ਨੇ ਸੰਭਾਲ ਲਿਆ ਹੈ। ਪੰਜਾਬ ਦੇ ਟੱਬਰ ਰਹਿ ਗਏ ਟੀ. ਵੀ. ਸੀਰੀਅਲ ਦੇਖਣ ਲਈ। ਨਿੱਕੇ ਮੋਟੇ ਕੰਮ ਪੰਜਾਬੀਆਂ ਨੇ ਆਪ ਕਰਨੇ ਛੱਡ ਦਿੱਤੇ ਹਨ।
ਸਾਰੇ ਧੰਦੇ ਸਾਂਭੇ ਹਨ ਬਾਹਰਲੇ ਸੂਬਿਆਂ ਵਾਲਿਆਂ ਨੇ
ਸਮਾਂ ਬੀਤਣ ਨਾਲ ਹਾਲਾਤ ਵੀ ਬਦਲ ਗਏ। ਪੰਜਾਬੀਆਂ ਨੇ ਆਪ ਕੰਮ ਕਰਨ ਦੀ ਥਾਂ `ਤੇ ਮਜ਼ਦੂਰ ਕੋਲੋਂ ਕੰਮ ਕਰਾਉਣ ਨੂੰ ਪਹਿਲ ਦਿੱਤੀ ਹੈ। ਮਜ਼ਦੂਰ ਕੋਲੋਂ ਕੰਮ ਕਰਾਉਣ ਨੂੰ ਆਪਣੀ ਸ਼ਾਨ ਸਮਝਿਆ ਜਾਣ ਲੱਗ ਪਿਆ ਹੈ। ਜਿਸ ਤਰ੍ਹਾਂ ਪੰਜਾਬ ਵਿਚੋਂ ਬਾਹਰ ਜਾ ਕੇ ਸਾਡੇ ਬਜ਼ੁਰਗਾਂ ਨੇ ਹੱਥੀ ਕੰਮ ਕਰਕੇ ਵਧੀਆ ਕਾਰੋਬਾਰ ਸੈਟ ਕਰ ਲਏ ਹਨ ਏਸੇ ਤਰ੍ਹਾਂ ਪੰਜਾਬ ਤੋਂ ਬਾਹਰਲੇ ਸੁਬਿਆਂ ਤੋਂ ਆਈ ਲੇਬਰ ਨੇ ਸਾਰੇ ਕੰਮ ਸਾਂਭ ਲਏ ਹਨ।
ਸਾਡੇ ਇਹ ਲਿਖਣ ਦਾ ਭਾਵ ਹੈ ਬਹੁਤ ਸਾਰੇ ਪੰਜਾਬੀ ਅਰਬ ਦੇਸ਼ਾਂ ਵਿੱਚ ਬਹੁਤ ਥੌੜੇ ਪੈਸਿਆਂ `ਤੇ ਕੰਮ ਕਰ ਰਹੇ ਹਨ ਪਰ ਪੰਜਾਬ ਵਿੱਚ ਛੋਟੇ ਧੰਦੇ ਕਰਕੇ ਵੀ ਬਾਹਰਲੇ ਸੂਬੇ ਵਾਲ਼ਿਆਂ ਨੇ ਕਾਮਯਾਬੀ ਹਾਸਲ ਕੀਤੀ ਹੈ।
ਲਕੜੀ ਦਾ ਕੰਮ, ਪੱਥਰ ਲਗਾਉਣਾ, ਰਾਜ ਮਿਸਤਰੀ, ਬਿਜਲੀ, ਟੂਟੀਆਂ, ਸੀਵਰੇਜ, ਸਕੂਟਰ ਮਕੈਨਿਕ, ਰੰਗ ਰੋਗਨ, ਥ੍ਰੀ ਵੀਲਰ, ਰਿਕਸ਼ਾ, ਮਾਲੀ, ਚੌਥੇ ਦਰਜੇ ਦੀਆਂ ਸਾਰੀਆਂ ਸੇਵਾਂਵਾਂ, ਸਭ ਕਾਰਖਨਿਆਂ ਵਿੱਚ ਬਾਹਰਲੇ ਸੁਬਿਆਂ ਦੀ ਲੇਬਰ ਕੰਮ ਕਰਦੀ ਦਿਖਾਈ ਦੇਂਦੀ ਹੈ।
ਸਬਜ਼ੀ, ਫ਼ਲ਼ ਤੇ ਕਪੜੇ ਪ੍ਰੈਸ ਕਰਨ ਦਾ ਸਾਰਾ ਕੰਮ ਹੀ ਬਾਹਰਲੇ ਸੁਬੇ ਦੇ ਲੋਕਾਂ ਨੇ ਸੰਭਾਲ ਲਿਆ ਹੋਇਆ ਹੈ। ਮੈਂ ਆਪਣੀਆਂ ਪੋਤਰੀਆਂ ਨੂੰ ਕਦੇ ਕਦੇ ਉਨ੍ਹਾਂ ਦੇ ਸਕੂਲੋਂ ਲੈਣ ਲਈ ਜਾਂਦਾ ਹਾਂ। ਕਈ ਵਾਰੀ ਦਸ ਕੁ ਮਿੰਟ ਪਹਿਲਾਂ ਹੀ ਚਲਿਆ ਜਾਂਦਾ ਹਾਂ। ਏੱਥੇ ਇੱਕ ਸ਼ਕਰਕੰਦੀ ਵੇਚਣ ਵਾਲੇ ਨਾਲ ਮੇਰਾ ਯਰਾਨਾ ਪੈ ਗਿਆ। ਸਿਆਲਾਂ ਨੂੰ ਸ਼ਕਰਕੰਦੀ ਵੇਚਦਾ ਹੈ ਤੇ ਗਰਮੀਆਂ ਨੂੰ ਮਕੱਈ ਦੀਆਂ ਛੱਲੀਆਂ ਵੇਚਦਾ ਹੈ। ਕਦੇ ਕਦਾਈਂ ਮੈਂ ਵੀ ਉਸ ਦਾ ਗਾਹਕ ਬਣ ਜਾਂਦਾ ਹਾਂ। ਮੈਂ ਉਸ ਨੂੰ ਪੁੱਛਿਆ ਕਿ ਆਮਦਨ ਕਿੰਨੀ ਕੁ ਜਾਂਦੀ ਹੈ ਅੱਗੋਂ ਬਹੁਤ ਹੀ ਅਰਾਮ ਨਾਲ ਕਹਿੰਦਾ ਭਾਅ ਜੀ ਮੈਨੂੰ ਇੱਕ ਹਜ਼ਾਰ ਤੋਂ ਲੈ ਕੇ ਬਾਰ੍ਹਾਂ ਸੌ ਰੁਪਏ ਤੱਕ ਵੀ ਬਚ ਜਾਂਦਾ ਹੈ। ਮੇਰਾ ਆਪਣਾ ਮਕਾਨ ਹੈ ਮੇਰਾ ਇੱਕ ਬੱਚਾ ਬੀ. ਟੈਕ ਕਰ ਰਿਹਾ ਹੈ ਤੇ ਦੂਜਾ ਬਾਰ੍ਹਵੀਂ ਵਿੱਚ ਪੜ੍ਹਦਾ ਹੈ। ਤੇ ਇੱਕ ਮੇਰੀ ਬੱਚੀ ਹੈ ਕਹਿੰਦੀ ਹੈ ਕਿ ਮੈਂ ਸੀ. ਏ. ਬਣਨਾ ਹੈ। ਘਰਵਾਲੀ ਘਰਾਂ ਵਿੱਚ ਕੰਮ ਕਰਦੀ ਹੈ ਘਰ ਦਾ ਸੋਹਣਾ ਗੁਜ਼ਾਰਾ ਚੱਲੀ ਜਾਂਦਾ ਹੈ। ਪੂਰੀ ਗੁਲਾਬੀ ਪੰਜਾਬੀ ਬੋਲਦਾ ਹੈ ਤੇ ਸੋਨੇ ਦਾ ਕੜਾ ਪਾਇਆ ਹੋਇਆ ਹੁੰਦਾ ਹੈ।
ਪੰਜਾਬ ਵਿੱਚ ਸਰਕਾਰ ਨੇ ਪੇਂਡੂ ਕਿਰਸਾਨਾਂ ਲਈ ਆਪਣੀ ਮੰਡੀ ਸ਼ੂਰੂ ਕਰਾਈ ਸੀ ਤਾਂ ਕਿ ਕਿਰਸਾਨ ਸਿੱਧੀ ਸਬਜ਼ੀ ਲੋਕਾਂ ਨੂੰ ਵੇਚ ਸਕਣ। ਹੁਣ ਸਾਰਾ ਕੁੱਝ ਉਲਟ ਹੋ ਗਿਆ ਹੈ। ਇਸ ਸਬਜ਼ੀ ਮੰਡੀ ਨੂੰ ਬਾਹਰਲੇ ਸੁਬੇ ਵਾਲਿਆਂ ਨੇ ਆਪਣੇ ਕੰਟਰੋਲ ਵਿੱਚ ਲੈ ਲਈ ਹੈ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਇਸ ਸ਼ਬਜ਼ੀ ਮੰਡੀ `ਤੇ ਕੇਵਲ ਭਈਆਂ ਦਾ ਹੀ ਕਬਜ਼ਾ ਹੈ। ਦੂਜਾ ਇਸ ਮੰਡੀ ਵਿੱਚ ਪੰਜਾਬੀ ਨਾ ਮਾਤਰ ਹੀ ਸਬਜ਼ੀ ਵੇਚਦੇ ਹਨ। ਬਾਕੀ ਸਾਰੇ ਬਿਹਾਰ ਤੇ ਯੂ ਪੀ ਦੇ ਲੋਕ ਹੀ ਹੁੰਦੇ ਹਨ।
ਸਾਨੂੰ ਇਹਨਾਂ `ਤੇ ਇਤਰਾਜ਼ ਕੋਈ ਨਹੀਂ ਹੈ ਕਿਉਂ ਪੰਜਾਬ ਦੇ ਲੋਕ ਵੀ ਤਾਂ ਬਾਹਰਲਿਆਂ ਸੂਬਿਆਂ ਵਿੱਚ ਕਾਮਯਾਬ ਹੋਏ ਹਨ। ਬਾਹਰਲੇ ਸੁਬਿਆਂ ਜਾਂ ਬਾਹਰਲੇ ਮੁਲਕਾਂ ਵਿੱਚ ਅਸੀਂ ਵੀ ਸਥਾਪਤ ਹੋਏ ਹਾਂ। ਸਾਡਾ ਸੁਆਲ ਹੈ ਕਿ ਅਰਬ ਮੁਲਕਾਂ ਵਿੱਚ ਜਾ ਕੇ ਔਖੇ ਤੋਂ ਔਖਾ ਕੰਮ ਪੰਜਾਬੀ ਕਰਦੇ ਹਨ। ਕੀ ਪੰਜਾਬੀ ਪੰਜਾਬ ਵਿੱਚ ਅਜੇਹੇ ਧੰਦੇ ਨਹੀਂ ਕਰ ਸਕਦੇ? ਬਹੁਤੀਆਂ ਗੱਲਾਂ ਦੀ ਵਿਚਾਰ ਤਾਂ ਨਹੀਂ ਹੋਈ ਪਰ ਏੰਨ੍ਹਾ ਕੁ ਜ਼ਰੂਰ ਸਮਝੀਏ ਕਿ ਪੰਜਾਬੀਆਂ ਨੇ ਅੱਜ ਆਮ ਧੰਦਿਆਂ ਨੂੰ ਛੱਡ ਦਿੱਤਾ ਗਿਆ ਹੈ।
ਸ਼ੰਘਰਸ਼ ਦੇ ਦੋਰਾਨ ਬਹੁਤ ਸਾਰੇ ਨੋਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਰਹਿੰਦੇ ਚਿੱਟੇ ਦੀ ਭੇਟ ਚੜ੍ਹ ਗਏ ਹਨ। ਤੀਜੀ ਪੀੜ੍ਹੀ ਕੰਮ ਕਰਨ ਲਈ ਤਿਆਰ ਨਹੀਂ ਹੈ ਪੰਜਾਬ ਵਿੱਚ ਜਿੰਨੇ ਵੀ ਛੋਟੇ ਧੰਦੇ ਹਨ ਉਨ੍ਹਾਂ ਸਾਰਿਆਂ `ਤੇ ਬਾਹਰਲੇ ਸੂਬਿਆਂ ਤੋਂ ਲੋਕਾਂ ਨੇ ਆਪਣਾ ਪੱਕਾ ਕਬਜ਼ਾ ਜਮਾ ਲਿਆ ਹੋਇਆ ਹੈ।
ਕਮਾਦ ਪੰਜਾਬੀ ਕਿਰਸਾਨ ਬੀਜਦਾ ਹੈ ਪਰ ਗੁੜ ਭਈਏ ਤਿਆਰ ਕਰਕੇ ਲੱਖਾਂ ਰੁਪਏ ਦੂਜੇ ਵੱਟ ਰਹੇ ਹਨ ਕੀ ਪੰਜਾਬੀ ਆਪਣੇ ਗੰਨਿਆਂ ਦਾ ਆਪ ਗੁੜ ਵੀ ਨਹੀਂ ਤਿਆਰ ਕਰ ਸਕਦੇ? ਸਾਰਿਆਂ ਸ਼ਹਿਰਾਂ ਵਿੱਚ ਗੰਨਿਆਂ ਦੀ ਰੋਅ ਭਈਏ ਵੇਚ ਰਹੇ ਹਨ। ਸਾਡਾ ਮੰਨਣਾ ਹੈ ਕਿ ਪੰਜਾਬੀਆਂ ਨੂੰ ਆਪਣੇ ਬੱਚਿਆਂ ਦੀ ਵਿਦਿਆ ਵਲ ਧਿਆਨ ਦੇਣਾ ਚਾਹੀਦਾ ਹੈ। ਵਿਦਿਆ ਦਾ ਵਪਾਰੀਕਰਨ ਬੰਦ ਹੋਣਾ ਚਾਹੀਦਾ ਹੈ। ਦੂਜਾ ਮਿਹਨਤ ਕਰਨ ਨੂੰ ਕੋਈ ਮਿਹਣਾ ਨਹੀਂ ਹੈ ਸਾਨੂੰ ਆਪਣੇ ਬੱਚਿਆਂ ਨੂੰ ਹੱਥੀਂ ਮਿਹਨਤ ਕਰਨ ਦੀ ਆਦਤ ਪਉਣੀ ਚਾਹੀਦੀ ਹੈ। ਧੰਦਾ ਕੋਈ ਮਾੜਾ ਨਹੀਂ ਹੈ ਬਸ਼ਰਤੇ ਕਿ ਇਮਾਨਦਾਰੀ ਹੋਣੀ ਜ਼ਰੂਰੀ ਹੈ।
ਨੁਕਤੇ ਦੀ ਗੱਲ
ਵਪਾਰ ਕੀ ਹੁੰਦਾ ਹੈ ਤਾਏ ਬਿਸ਼ਨ ਸਿੰਘ ਨੇ ਆਪਣੇ ਪੜ੍ਹੇ ਲਿਖੇ ਭਤੀਜੇ ਤੋਂ ਪੁੱਿਛਆ? ਭਤੀਜ ਨੂੰ ਵਪਾਰ ਬਾਰੇ ਕੋਈ ਬਹੁਤ ਗਿਆਨ ਨਹੀਂ ਸੀ ਏਸੇ ਲਈ ਤਾਏ ਨੂੰ ਮੋੜਵਾਂ ਸਵਾਲ ਕਰਕੇ ਪੁੱਛਦਾ ਕਿ ਤਾਇਆ ਤੂੰ ਵਪਾਰ ਤੋਂ ਕੀ ਕਰਾਉਣਾ ਆਂ?
ਅੱਗੋਂ ਤਾਇਆ ਕਹਿੰਦਾ ਮੈਂ ਦੇਖਦਾ ਹਾਂ ਕਿ ਆਲੂ ਕਿਰਸਾਨ ਸੜਕਾਂ `ਤੇ ਸੁੱਟ ਰਹੇ ਹਨ ਇੱਕ ਰੁਪਏ ਦੇ ਚਾਰ ਕਿਲੋ ਆਲੂ ਲੈਣ ਲਈ ਵੀ ਕੋਈ ਤਿਆਰ ਨਹੀਂ ਪਰ ਚਿਪਸ ਦੀ ਕੀਮਤ ਵਿੱਚ ਕੋਈ ਕਮੀ ਨਹੀਂ ਆਈ। ਚਿਪਸ ਉਸੇ ਤਰ੍ਹਾਂ ਹੀ ਮਹਿੰਗੇ ਭਾਅ ਵਿਕ ਰਹੀ ਹੈ ਨਿਆਣੇ ਖਾ ਰਹੇ ਹਨ।
ਭਤੀਜ ਦੂਜੀ ਸੁਣ ਕਣਕ ਸਰਕਾਰ ਚੌਦ੍ਹਾਂ ਸੌ ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਚੁੱਕਦੀ ਹੈ ਪਰ ਜਦੋਂ ਆਟਾ ਲੈਣ ਲਈ ਜਾਂਦੇ ਹਾਂ ਅੱਗੋਂ ਵਪਾਰੀ ਤਿੰਨ ਹਜ਼ਾਰ ਦੇ ਹਿਸਾਬ ਨਾਲ ਵੇਚ ਰਹੇ ਹਨ। ਮੈਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਏੰਨ੍ਹਾ ਧੱਕਾ ਕੌਣ ਕਰਦਾ ਹੈ।
ਕਿਰਸਾਨ ਸਬਜ਼ੀਆਂ, ਫ਼ਲ਼ ਕੌਡੀਆਂ ਦੇ ਭਾਅ ਵੇਚਦਾ ਹੈ ਅੱਗੋਂ ਵਪਾਰੀ ਦੁਗਣੇ ਤਿਗਣੇ ਮੁੱਲ ਵਿੱਚ ਵੇਚ ਰਿਹਾ ਹੈ ਕੋਈ ਵੀ ਪੁੱਛਣ ਵਾਲਾ ਨਹੀਂ ਹੈ। ਕੀ ਪੰਜਾਬੀ ਅਜੇਹੇ ਧੰਦੇ ਨਹੀਂ ਕਰ ਸਕਦੇ?
ਪ੍ਰਿੰ: ਗੁਰਬਚਨ ਸਿੰਘ ਪੰਨਵਾਂ
................................
ਟਿੱਪਣੀ:- ਸਾਨੂੰ ਕਿਰਤ ਵੱਲ ਪਰਤਣਾ ਹੀ ਪੈਣਾ ਹੈ, ਭਾਵੇਂ ਕਰਜ਼ਾਈ ਅਤੇ ਮੰਗਤੇ ਬਣ ਕੇ ਪਰਤੋ, ਜਾਂ ਇੱਜ਼ਤ ਨਾਲ ਹੀ ਪਰਤ ਲਵੋ।
ਅਮਰ ਜੀਤ ਸਿੰਘ ਚੰਦੀ
ਪ੍ਰਿੰ: ਗੁਰਬਚਨ ਸਿੰਘ ਪੰਨਵਾਂ
< * ਕੰਮ ਹੀ ਪੂਜਾ ਹੈ * >
Page Visitors: 2559