ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਦੀ ਸ਼ਹੀਦੀ
ਭਾਈ ਸੁਬੇਗ ਸਿੰਘ ਪਿੰਡ ਜੰਬਰ ਜਿ਼ਲਾ ਲਾਹੌਰ ਦੇ ਰਹਿਣ ਵਾਲੇ ਸਨ । ਉਹ ਬਹੁਤ ਪੜੇ ਲਿਖੇ ਅਤੇ ਵਿਦਵਾਨ ਸਨ । ਭਾਈ ਸ਼ਾਹਬਾਜ਼ ਸਿੰਘ ਉਹਨਾਂ ਦਾ ਪੁੱਤਰ ਸੀ । ਸ਼ਹੀਦੀ ਸਮੇ ਭਾਈ ਸ਼ਾਹਬਾਜ਼ ਦੀ ਉਮਰ 18 ਸਾਲ ਦੀ ਸੀ । ਭਾਈ ਸੁਬੇਗ ਸਿੰਘ ਸੂਬੇਦਾਰ ਜ਼ਕਰੀਆ ਖਾਂ ਪਾਸ ਸਰਕਾਰੀ ਨੌਕਰੀ ਕਰਦੇ ਸਨ ਅਤੇ ਨਾਲ ਨਾਲ ਠੇਕੇਦਾਰੀ ਵੀ ਕਰਦੇ ਸਨ । ਜ਼ਕਰੀਆ ਖਾਂ ਜਦੋਂ ਸਿਖਾਂ ਦਾ ਮਲੀਆਮੇਟ ਕਰਨ ਵਿੱਚ ਕਾਮਯਾਬ ਨਾ ਹੋਇਆ ਤਾਂ ਉਸ ਨੇ ਸੰਨ 1733 ਈ .ਵਿੱਚ ਵਿਸਾਖੀ ਵਾਲੇ ਦਿਨ ਭਾਈ ਸੁਬੇਗ ਸਿੰਘ ਦੇ ਹੱਥ " ਨਵਾਬ ਦਾ ਖਿ਼ਤਾਬ " ਅਤੇ ਜਾਗੀਰ ਦੇ ਕੇ ਸਿੱਖਾਂ ਨਾਲ ਸਮਝੌਤੇ ਲਈ ਅੰਮਿ੍ਤਸਰ ਭੇਜਿਆ । ਉਹ ਜ਼ਕਰੀਆ ਖਾਂ ਅਤੇ ਸਿੱਖਾਂ ਦੇ ਵਿਚਕਾਰ ਸਮਝੌਤਾ ਕਰਾਉਣ ਵਿੱਚ ਕਾਮਯਾਬ ਰਹੇ | ਜਨਵਰੀ 1746 ਈ . ਨੂੰ ਯਹੀਆ ਖਾਂ ਲਾਹੌਰ ਦਾ ਸੂਬੇਦਾਰ ਬਣਿਆ । ਉਸ ਸਮੇਂ ਭਾਈ ਸੁਬੇਗ ਸਿੰਘ ਤੇ ਸਰਕਾਰੀ ਭੇਦ ਸਿੰਘਾਂ ਨੂੰ ਪਹੁੰਚਾਉਣ ਦਾ ਇਲਜ਼ਾਮ ਲਾ ਦਿੱਤਾ ਗਿਆ । ਇਸ ਮਾਮਲੇ ਵਿਚ ਉਹਨਾਂ ਦੇ 18 ਸਾਲ ਦੇ ਜਵਾਨ ਪੁੱਤਰ ਸ਼ਾਹਬਾਜ਼ ਸਿੰਘ ਨੂੰ ਵੀ ਲਪੇਟ ਵਿੱਚ ਲੈ ਲਿਆ ਗਿਆ ਅਤੇ ਉਹਨਾਂ ਨੂੰ ਫੜ ਕੇ ਲਾਹੌਰ ਜੇਲ ਵਿੱਚ ਬੰਦ ਕਰ ਦਿੱਤਾ ਗਿਆ । ਇਸ ਤੋਂ ਪਹਿਲਾਂ ਦਲ ਖਾਲਸਾ ਦੇ ਜੰਗੀ ਸਿੰਘ ਹੀ ਕਤਲ ਹੁੰਦੇ ਸਨ ਅਤੇ ਉਹਨਾਂ ਨੂੰ ਸਰਕਾਰ ਵਲੋ ਬਾਗ਼ੀ ਸਮਝੇ ਜਾਂਦੇ ਸਨ ਪਰ ਇਸ ਵੇਲੇ ਸਿੱਖ ਹੋਣਾ ਹੀ ਜੁਰਮ ਕਰਾਰ ਦਿੱਤਾ ਗਿਆ । ਜਾਨ ਬਚਾਉਣ ਦਾ ਢੰਗ ਇੱਕੋ ਸੀ ਕਿ ਇਸਲਾਮ ਧਾਰਨ ਕਰਨਾ । ਜਿਹੜੇ ਲਾਹੌਰ ਵਿੱਚ ਸ਼ਹਿਰੀ ਜਾ ਸਰਕਾਰੀ ਸਿੱਖ ਫੜੇ ਗਏ , ਉਹਨਾਂ ਦੇ ਕਤਲ ਦਾ ਹੁਕਮ ਲਖਪਤ ਰਾਏ ਵੱਲੋ ਦਿੱਤਾ ਗਿਆ । ਇਹ ਸੁਣ ਕੇ ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚ ਗਈ ।
ਸ਼ਹਿਰ ਦੇ ਪਤਵੰਤੇ ਸੱਜਣ , ਜਿਨਾਂ ਵਿੱਚ ਨਾਮਵਰ : ਦੀਵਾਨ ਕੌੜਾ ਮਲ , ਕੁੰਜਾਹੀ ਮੱਲ , ਕਸ਼ਮੀਰੀ ਮੱਲ ਖੁਰਾਣਾ , ਦੀਵਾਨ ਲੱਛੀ ਰਾਮ , ਦੀਵਾਨ ਸੂਰਤ ਸਿੰਘ ,ਦਿਲੇ ਰਾਮ ,ਹਰੀ ਮੱਲ , ਹਰੀ ਸਿੰਘ , ਗੁਲਜ਼ਾਰ ਸਿੰਘ ਤੇ ਭਾਈ ਦੇਸ ਰਾਜ ਸਨ , ਰਲ ਕੇ , ਮੇਲਾ ਬਣ ਕੇ ਲਖਪਤ ਕੋਲ ਆਏ ਤੇ ਬੇਨਤੀ ਕਿੱਤੀ , ਕਿ ਇਹਨਾ ਅਮਨ ਪਸੰਦ ਬੇਗੁਨਾਹਾ ਸਿੱਖਾਂ ਨੂੰ ਕਤਲ ਨਾ ਕਿੱਤਾ ਜਾਵੇ। ਉਹਨਾਂ ਲਖਪਤ ਦੇ ਗੁਰੂ ਜਗਤ ਭਗਤ ਮਾਣਕ ਵਾਲੇ ਤੋਂ ਵੀ ਇਹ ਅਖਵਾਇਆ , ਪਰ ਲਖਪਤ ਕਿਸੇ ਦੀ ਨਾ ਮੰਨਿਆ । ਲਖਪਤ ਨੇ ਸਾਰੇ ਸ਼ਹਿਰ ਤੇ ਇਲਾਕੇ ਵਿੱਚ ਇਸ਼ਤਿਹਾਰ ਫੇਰ ਦਿੱਤਾ , ਕਿ " ਕੋਈ ਆਦਮੀ ਗੁਰੂ ਗਰੰਥ ਸਾਹਿਬ ਨਾ ਪੜੇ ,ਆਮ ਗਰੰਥ ਨੂੰ ਪੋਥੀ ਕਿਹਾ ਜਾਵੇ ,ਕਿਉਂਕੀ ਗਰੰਥ ਕਹਿਣ ਤੋਂ ਸਿੱਖਾਂ ਦੇ ਧਾਰਮਿਕ ਗਰੰਥ ( ਗੁਰੂ ਗਰੰਥ ਸਾਹਿਬ ) ਦੇ ਅਰਥ ਨਿਕਲਦੇ ਹਨ । ਗੁੜ ਨੂੰ ਰੋੜੀ ਜਾ ਭੇਲੀ ਕਿਹਾ ਜਾਵੇ ,ਕਿਉਂਕੀ ਗੁੜ ਕਹਿਣ ਨਾਲ "ਗੁਰੂ" ਦਾ ਚੇਤਾ ਆਉਂਦਾ ਹੈ ' ਵਾਹਿਗੁਰੂ ' ਸ਼ਬਦ ਦਾ ਜਾਪ ਕੋਈ ਨਾ ਕਰੇ । ਹੁਕਮ ਅਦੂਲੀ ਕਰਨ ਵਾਲੇ ਨੂੰ ਕਤਲ ਕਿੱਤਾ ਜਾਵੇਗਾ ਜਾਂ ਮੁਸਲਮਾਨ ਕੀਤਾ ਜਾਵੇਗਾ** (** ਭੰਗੂ ,ਪੰਨਾ ੨੯੪) ।
ਭਾਈ ਸੁਬੇਗ ਸਿੰਘ ਤੇ ਉਹਨਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਇਸਲਾਮ ਕਬੂਲ ਕਰਨ ਲਈ ਬਾਰ ਬਾਰ ਕਿਹਾ ਗਿਆ ,,,ਪਰ ਉਹਨਾਂ ਨੇ ਇਸਲਾਮ ਕਬੂਲ ਕਰਨ ਤੋ ਇਨਕਾਰ ਦਿੱਤਾ , ਅਤੇ ਸੰਨ 1746 ਈ . ਵਿੱਚ ਦੋਨਾ ਗੁਰੂ ਕੇ ਲਾਲਾਂ ਨੂੰ ਚਰਖੜੀਆਂ 'ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ ।
ਇਤਿਹਾਸ ਦੀ ਸਾਝ ਤੁਹਾਡੇ ਨਾਲ ਪਾਉਦੇ ਹੋਏ ਕਿਸੇ ਵੀ ਤਰਾਂ ਦੀ ਭੁਲ ਜਾਂ ਕਮੀ ਰਹਿ ਗਈ ਹੋਵੇ ਤਾਂ ਗੁਰੂ ਸਾਹਿਬ ਅਤੇ ਸਿੱਖ ਸੰਗਤਾਂ ਬਖਸ਼ਣ ਜੋਗ ਹਨ ਜੀ |
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਗੁਰਪ੍ਰੀਤ ਕੌਰ ਖਾਲਸਾ