ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਪ੍ਰਵਾਨ ਹੋਵੇ।
7. ਅਨੰਦ ਕਾਰਜ ਦੇ ਸਬੰਧ ਵਿੱਚ ਜੇਕਰ ਮੀਟਿੰਗ ਕਰਨੀ ਸੀ ਤਾਂ ਉਹ ਮੇਰੇ ਘਰ ਖਰੜ ਵਿਖੇ ਕਰਨੀ ਸੀ। ਖਰੜ ਛੱਡ ਕੇ 15 ਕਿਲੋਮੀਟਰ ਦੂਰ ਜਾਣ ਦੀ ਕੀ ਲੋੜ ਪਈ ਸੀ? ਜਿਸ ਘਰ ਵਿੱਚ ਪ੍ਰੋਗਰਾਮ ਕਰਨਾ ਸੀ, ਉਸ ਘਰ ਵਿੱਚ ਪਹਿਲਾਂ ਮੀਟਿੰਗ ਰੱਖਣੀ ਜ਼ਰੂਰੀ ਸੀ। ਅਸਲ ਵਿੱਚ ਉਦੋਂ ਤਕ ਮੇਰੇ ਘਰ ਤੱਤ-ਗੁਰਮਤਿ ਪ੍ਰਵਾਰ ਦੇ ਕਿਸੇ ਪ੍ਰੋਗਰਾਮ ਦੀ ਗੱਲ ਨਹੀਂ ਸੀ।
8. ਜ਼ੀਰਕਪੁਰ ਹੋਈ ਮੀਟਿੰਗ ਬਾਰੇ ਗੁਰਪ੍ਰੀਤ ਸਿੰਘ ਨਾਲ ਫ਼ੋਨ ਉਤੇ ਗੱਲ ਕੀਤੀ ਕਿ ਤੱਤ-ਗੁਰਮਤਿ ਪ੍ਰਵਾਰ ਨੇ ਆਪਣੇ ਪ੍ਰੋਗਰਾਮ ਬਾਰੇ ਕੁੱਝ ਨਹੀਂ ਦੱਸਿਆ। ਇਸ ਲਈ ਤੁਸੀਂ 07 ਅਪ੍ਰੈਲ 2013 ਦਾ ਦਿਨ ਅਨੰਦ ਕਾਰਜ ਲਈ ਪੱਕਾ ਸਮਝੋ। ਤੱਤ-ਗੁਰਮਤਿ ਪ੍ਰਵਾਰ, ਗੁਰੂ ਨਾਨਕ ਸਾਹਿਬ ਦੇ ਸਬੰਧ ਵਿੱਚ ਜਿਹੜਾ ਪ੍ਰੋਗਰਾਮ ਕਰਨਾ ਚਾਹੁੰਦਾ ਸੀ ਅਤੇ ਜਿਹੜੀ ਕਿਤਾਬ ਰਲੀਜ਼ ਕਰਨਾ ਚਾਹੁੰਦਾ ਸੀ, ਉਹ ਆਪਣਾ ਪ੍ਰੋਗਰਾਮ ਜਿੱਥੇ ਵੀ ਕਰਨਗੇ, ਉਦੋਂ ਤੁਸੀਂ ਉਥੇ ਚਲੇ ਜਾਣਾ। ਇਹ ਗੱਲ ਸੁਣ ਕੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਬੋਹਰ ਤੋਂ ਮੈਂਨੂੰ ਐਨੀ ਦੂਰੋਂ ਫਿਰ ਆਉਣਾ ਪਵੇਗਾ। ਇਸ ਲਈ ਹੋਰ ਰੁਕ ਜਾਉ, ਸ਼ਾਇਦ ਕੋਈ ਨਾ ਕੋਈ ਦਿਨ ਨਿਸ਼ਚਿਤ ਹੋ ਜਾਵੇ।
9. ਸ. ਮੋਹਨ ਸਿੰਘ ਜੀ ਡੇਰਾਬਸੀ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਸਬੰਧ ਵਿੱਚ ਗੁਰਮਤਿ ਇਨਕਲਾਬ ਪੁਰਬ, ਡੇਰਾਬਸੀ ਮਨਾਉਣ ਦੀ ਗੱਲ ਪਹਿਲਾਂ ਕਰ ਚੁੱਕੇ ਸਨ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਡੇਰਾਬਸੀ ਵੱਡੇ ਪੱਧਰ ਤੇ ਪ੍ਰੋਗਰਾਮ ਕਰਾਂਗੇ। ਸਾਰਿਆ ਦੇ ਹੱਥਾਂ ਵਿੱਚ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਵਾਲੇ ਦਿਨ, ਗੁਰਮਤਿ ਇਨਕਲਾਬ ਵਾਲੇ ਵੱਡੇ ਬੈਨਰਾਂ ਨਾਲ ਇੱਕ ਵਿਸ਼ਾਲ ਰੈਲੀ ਕੱਢੀ ਜਾਵੇਗੀ, ਜਿਹੜੀ ਡੇਰਾਬਸੀ ਦੇ ਆਲੇ-ਦੁਆਲੇ ਸਾਰੇ ਪਿੰਡਾਂ ਵਿੱਚ ਘੁੰਮਦੀ ਹੋਈ, ਡੇਰਾਬਸੀ ਆ ਕੇ ਉੱਥੇ ਰੁਕੇਗੀ, ਜਿੱਥੇ ਪ੍ਰੋਗਰਾਮ ਕੀਤਾ ਜਾਣਾ ਹੈ। ਅਸੀਂ ਇਹ ਪ੍ਰੋਗਰਾਮ ਕਰਕੇ ਡੇਰਾਬਸੀ ਨੂੰ ਸੰਸਾਰ ਪੱਧਰ ਤੇ ਮਸ਼ਹੂਰ ਕਰ ਦੇਵਾਂਗੇ। ਪਤਾ ਨਹੀਂ ਫਿਰ ਕਿਸ ਗੱਲ ਕਰਕੇ, ਇਹ ਵੱਡੇ ਪੱਧਰ ਦਾ ਪ੍ਰੋਗਰਾਮ ਮੇਰੇ ਘਰ ਛੋਟੇ ਪੱਧਰ ਤੇ ਕਰਨਾ ਪੈ ਗਿਆ।
10. ਤੱਤ-ਗੁਰਮਤਿ ਪ੍ਰਵਾਰ ਨੇ ਮੀਟਿੰਗ ਵਿੱਚ ਹਾਜ਼ਰ ਹੋਣ ਬਾਰੇ ਮੇਰੇ ਦਸਤਖਤਾਂ ਵਾਲੀ ਗੱਲ ਕੀਤੀ ਹੈ। ਇਸ ਬਾਰੇ ਕਹਾਂਗਾ ਕਿ ਜੋ ਵੀ ਵਿਅਕਤੀ ਕਿਸੇ ਮੀਟਿੰਗ ਵਿੱਚ ਜਾਂਦਾ ਹੈ, ਉਹ ਆਪਣੀ ਹਾਜ਼ਰੀ ਪੱਖੋਂ ਹਸਤਾਖ਼ਰ ਜ਼ਰੂਰ ਕਰਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਹਾਜ਼ਰ ਹੋਣ ਵਾਲਾ ਵਿਅਕਤੀ ਮੀਟਿੰਗ ਦੀ ਕਾਰਵਾਈ ਨਾਲ ਸਹਿਮਤ ਹੋਵੇ। ਮੀਟਿੰਗ ਵਿੱਚ ਹਸਤਾਖ਼ਰ ਕਰਨ ਵਾਲੀ ਗੱਲ ਕੇਵਲ ਖਾਨਾ-ਪੂਰਤੀ ਹੁੰਦੀ ਹੈ।
11. ਜੇਕਰ ਮੇਰੇ ਘਰ ਪ੍ਰੋਗਰਾਮ ਕਰਨਾ ਹੁੰਦਾ ਤਾਂ ਉਸ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨ ਲਈ ਮੇਰੇ ਘਰ ਖਰੜ ਮੀਟਿੰਗ ਹੋਣੀ ਚਾਹੀਦੀ ਸੀ। ਮੀਟਿੰਗ ਵਿੱਚ ਲਏ ਗਏ ਫੈਸਲੇ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਲਿਖਤੀ ਰੂਪ ਵਿੱਚ ਛਾਪੀ ਜਾਂਦੀ। ਜਿਵੇਂ ਤੱਤ-ਗੁਰਮਤਿ ਪ੍ਰਵਾਰ, ਜੰਮੂ ਵਿਖੇ ਆਪਣੀਆਂ ਮੀਟਿੰਗਾਂ ਕਰਨ ਲਈ, ਆਪਣਾ ਸਾਰਾ ਪ੍ਰੋਗਰਾਮ ਛਾਪ ਕੇ, ਪਹਿਲਾਂ ਆਪਣੇ ਮੈਂਬਰਾਂ ਨੂੰ ਭੇਜਦਾ ਹੈ, ਉਸੇ ਤਰ੍ਹਾਂ ਮੈਂਨੂੰ ਵੀ ਪ੍ਰੋਗਰਾਮ ਸਬੰਧੀ ਕੋਈ ਲਿਖਤੀ ਵੇਰਵਾ ਦਿੱਤਾ ਜਾਂਦਾ ਤਾਂ ਗੱਲ ਮੰਨਣਯੋਗ ਸੀ। ਤੱਤ-ਗੁਰਮਤਿ ਪ੍ਰਵਾਰ ਆਪਣੇ ਪ੍ਰੋਗਰਾਮ ਸਬੰਧੀ ਆਪ ਹੀ ਦੁਬਿਧਾ ਵਿੱਚ ਪਿਆ ਹੋਇਆ ਸੀ, ਕਿਸੇ ਨੂੰ ਲਿਖਤੀ ਪ੍ਰੋਗਰਾਮ ਦਾ ਵੇਰਵਾ ਕਿਵੇਂ ਦੇ ਸਕਦਾ ਸੀ।
12. ਮੀਟਿੰਗ ਦੀਆਂ ਤਸੀਵਰਾਂ ਲਾ ਕੇ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੀਟਿੰਗ ਵਿੱਚ ਗੁਰਮਤਿ ਜੀਵਨ ਸੇਧਾਂ ਦੀਆਂ ਸਾਰੀਆਂ ਮਦਾਂ ਪੜ੍ਹ ਕੇ ਸੁਣਾਈਆਂ ਗਈਆਂ। ਇਸ ਬਾਰੇ ਮੈਂ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹਾਂ ਕਿ ਇਹ ਮੀਟਿੰਗ ਮੇਰੇ ਕਰਕੇ ਨਹੀਂ ਸਗੋਂ ਆਪਣੀ ਕਿਤਾਬ ਦੇ ਖਰੜੇ ਦੀ ਸੁਧਾਈ ਕਰਨ ਲਈ ਰੱਖੀ ਗਈ ਸੀ ਅਤੇ ਨਾ ਹੀ ਮੇਰੇ ਨਾਲ ਅਨੰਦ ਕਾਰਜ ਸਬੰਧੀ ਕੋਈ ਗੱਲ ਕੀਤੀ ਗਈ।
ਮੈਂ ਇੱਥੇ ਇੱਕ ਦਿਲਚਸਪ ਗੱਲ ਦਾ ਜ਼ਿਕਰ ਕਰਨ ਲੱਗਾ ਹਾਂ। ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰ ਸ. ਗੁਰਿੰਦਰ ਸਿੰਘ ਜੀ ਮੁਹਾਲੀ, ਇੱਕ ਦਿਨ ਮੇਰੇ ਘਰ ਖਰੜ ਮੈਂਨੂੰ ਮਿਲਣ ਆਏ ਸਨ। ਮੈਂ ਉਨ੍ਹਾਂ ਨੂੰ ਧਰਮ ਪ੍ਰਚਾਰ ਲਈ ਬਣਾਈਆਂ ਤਸਵੀਰਾਂ ਦਿਖਾਈਆਂ। ਜਿਨ੍ਹਾਂ ਵਿੱਚ ਇੱਕ ਤਸਵੀਰ/ਬੋਰਡ ਵਿੱਚ ਦੋ ਵੱਡੇ ਸ਼ੀਸ਼ੇ, ਚਿਹਰਾ ਦੇਖਣ ਲਈ ਲਗਾਏ ਹੋਏ ਹਨ, ਦੋਨੋਂ ਸ਼ੀਸ਼ਿਆਂ ਉਪਰ ਲਿਖਿਆ ਹੈ: ਜਾਤ ਦੀ ਆਪਣੀ ਕੋਈ ਪਛਾਣ ਨਹੀਂ, ਸ਼ੀਸ਼ਾ ਦੇਖ ਸਕਦੇ ਹੋ। ਜਾਤਿ ਕਾ ਗਰਬੁ ਨ ਕਰਿ ਮੂਰਖ ਗਾਵਾਰਾ।। (ਪੰਨਾ-1127)
ਇਸ ਨੂੰ ਦੇਖ ਕੇ ਅਤੇ ਪੜ੍ਹ ਕੇ ਸ. ਗੁਰਿੰਦਰ ਸਿੰਘ ਜੀ ਕਹਿਣ ਲੱਗੇ, ਇਹ ਤਾਂ ਠੀਕ ਹੈ ਕਿ ਸਿੱਖ ਦੀ ਕੋਈ ਜਾਤ ਨਹੀਂ ਹੈ, ਪਰ ਬੱਚਿਆਂ ਦੇ ਵਿਆਹ ਕਰਨ ਸਮੇਂ ਤਾਂ ਜਾਤ ਪੁੱਛਣੀ ਹੀ ਪਵੇਗੀ। ਮੈਂ ਕਿਹਾ ਜਦੋਂ ਸਿੱਖ ਦੀ ਕੋਈ ਜਾਤ ਹੀ ਨਹੀਂ ਹੈ ਤਾਂ ਪੁਛੋਗੇ ਕੀ? ਉਨ੍ਹਾਂ ਨੇ ਕਿਹਾ ਅਸੀਂ ਕਿਸੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਪਰ ਆਪਣੇ ਬੱਚਿਆਂ ਦੇ ਵਿਆਹ ਆਪਣੀ ਬਰਾਦਰੀ ਤੋਂ ਬਾਹਰ ਨਹੀਂ ਕਰ ਸਕਦੇ। ਜੇਕਰ ਅਜਿਹਾ ਕੀਤਾ ਤਾਂ ਪਤਾ ਨਹੀਂ ਦੂਜਾ ਕਿਸ ਜਾਤ ਦਾ ਹੋਵੇ। ਇਹ ਕੇਵਲ ਇੱਕ ਵਿਅਕਤੀ ਦੀ ਗੱਲ ਨਹੀਂ, ਹੋਰ ਸਿੱਖਾਂ ਦਾ ਵੀ ਇਹੋ ਹਾਲ ਹੈ।
ਜ਼ੀਰਕਪੁਰ ਮੀਟਿੰਗ ਵਿੱਚ ਸ. ਮੋਹਨ ਸਿੰਘ ਜੀ ਨੇ ਸਭ ਦੇ ਸਾਹਮਣੇ ਇੱਕ ਗੱਲ ਕਹੀ ਸੀ ਕਿ ਖੰਡੇ-ਬਾਟੇ ਦੀ ਪਾਹੁਲ ਮੈਂਨੂੰ ਤਾਂ ਬ੍ਰਾਹਮਣੀ ਕਰਮਕਾਂਡ ਹੀ ਲਗਦਾ ਹੈ। ਮੀਟਿੰਗ ਵਿੱਚ ਬੈਠੇ ਇਨ੍ਹਾਂ ਦੇ ਸਾਰੇ ਮੈਂਬਰ ਇਹ ਗੱਲ ਸੁਣ ਕੇ ਚੁੱਪ ਰਹੇ। ਸ਼ਾਇਦ ਇਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਖੰਡੇ-ਬਾਟੇ ਦੀ ਪਾਹੁਲ ਨੇ ਹੀ ਸਿੱਖਾਂ ਨੂੰ ਹਥਿਆਰਬੰਦ ਖਾਲਸਾ ਫੌਜ ਵਿੱਚ ਬਦਲ ਕੇ ਸੰਸਾਰ ਦੇ ਇਤਿਹਾਸ ਵਿੱਚ ਕ੍ਰਾਂਤੀਕਾਰੀ ਕਾਰਨਾਮਾ ਕੀਤਾ ਸੀ। ਹਥਿਆਰਬੰਦ ਸਿੱਖਾਂ ਨੇ ਮੁਗ਼ਲ ਹਕੂਮਤ ਦੇ ਜ਼ੁਲਮਾਂ ਦਾ ਟਾਕਰਾ ਕਰਕੇ ਅਤੇ ਅਣਗਿਣਤ ਕੁਰਬਾਨੀਆਂ ਦੇ ਕੇ, ਭਾਰਤ ਦੀ ਸਦੀਆਂ ਪੁਰਾਣੀ ਗ਼ੁਲਾਮੀ ਦਾ ਅੰਤ ਕਰਕੇ, ਆਪਣੀ ਸੂਰਬੀਰਤਾ ਦੀ ਮਿਸਾਲ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਭਾਰਤ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਅਜ਼ਾਦ ਕਰਵਾਇਆ ਸੀ। ਕੋਈ ਵੀ ਹਥਿਆਰ ਨਾ ਤਾਂ ਕਰਮਕਾਂਡ ਹੁੰਦਾ ਅਤੇ ਨਾ ਹੀ ਕੋਈ ਚਿੰਨ੍ਹ। ਹਰ ਦੇਸ਼ ਆਪਣੀ ਸੁਰੱਖਿਆ ਲਈ ਹਥਿਆਰਾਂ ਦੀ ਵਰਤੋਂ ਕਰਦਾ ਹੈ, ਪਰ ਕੋਈ ਵੀ ਕਰਮਕਾਂਡ ਜਾਂ ਚਿੰਨ੍ਹ ਸੁਰੱਖਿਆ ਦਾ ਸਾਧਨ ਨਹੀਂ ਬਣ ਸਕਦਾ।
ਜੇਕਰ ਪਾਹੁਲ ਛਕਣਾ ਬ੍ਰਾਹਮਣੀ ਕਰਮਕਾਂਡ ਹੈ ਤਾਂ ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਨੇ ਗਲਾਂ ਵਿੱਚ ਕ੍ਰਿਪਾਨਾਂ ਕਿਉਂ ਪਾਈਆਂ ਹਨ? ਇਸ ਤੋਂ ਇਲਾਵਾ ਜੇਕਰ ਖੰਡੇ-ਬਾਟੇ ਦੀ ਪਾਹੁਲ ਕਰਮਕਾਂਡ ਹੀ ਹੈ ਤਾਂ ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਕਿਤਾਬ ਗੁਰਮਤਿ ਜੀਵਨ ਸੇਧਾਂ ਦੇ ਪੰਨਾ-163-169 ਤਕ ਖੰਡੇ-ਬਾਟੇ ਦੀ ਪਾਹੁਲ ਛਕਣ ਬਾਰੇ ਪ੍ਰੇਰਣਾ ਕਿਉਂ ਦਿੱਤੀ ਹੈ? ਇੱਕ ਪਾਸੇ ਕਿਸੇ ਗੱਲ ਨੂੰ ਕਰਮਕਾਂਡ ਦੱਸ ਕੇ ਤਿਆਗਣਾ ਅਤੇ ਦੂਜੇ ਪਾਸੇ ਉਸ ਕਰਮਕਾਂਡ ਨੂੰ ਅਪਨਾਈ ਰੱਖਣਾ। ਅਜਿਹੀ ਵਿਚਾਰਧਾਰਾ ਰੱਖਣ ਵਾਲੇ ਆਪ ਹੀ ਦੁਬਿੱਧਾ ਦਾ ਸ਼ਿਕਾਰ ਹਨ।
13. ਜੇਕਰ ਇਹ ਸਾਰੇ ਮੇਰੇ ਘਰ ਆ ਕੇ ਵਿਸ਼ੇਸ਼ ਤੌਰ ਤੇ ਮੇਰੇ ਪ੍ਰਵਾਰ ਵਿੱਚ ਬੈਠ ਕੇ ਆਪਣੀ ਨਵੀਂ ਬਣਾਈ ਮਰਿਆਦਾ ਅਨੁਸਾਰ ਅਨੰਦ ਕਾਰਜ ਦੀ ਵਿਧੀ ਅਤੇ ਪ੍ਰੋਗਰਾਮ ਕਰਨ ਲਈ ਰੂਪ-ਰੇਖਾ ਤਿਆਰ ਕਰਦੇ ਤਾਂ ਗੱਲ ਮੰਨਣਯੋਗ ਸੀ, ਪਰ ਇਹ ਪਹਿਲਾਂ ਅਜਿਹਾ ਕਰਨਾ ਨਹੀਂ ਸਨ ਚਾਹੁੰਦੇ ਕਿਉਂਕਿ ਪਹਿਲਾਂ ਦੱਸਣ ਨਾਲ ਇਨ੍ਹਾਂ ਦੇ ਇਰਾਦੇ ਦਾ ਸਾਰਿਆਂ ਨੂੰ ਪਤਾ ਲੱਗ ਜਾਣਾ ਸੀ। ਮੇਰੀ ਵਿਚਾਰਧਾਰਾ ਕੀ ਹੈ? ਤੱਤ-ਗੁਰਮਤਿ ਪ੍ਰਵਾਰ ਨੂੰ ਗੁਰਪੀਤ ਸਿੰਘ ਦੇ ਫ਼ੋਨਾਂ ਰਾਹੀਂ, ਮੇਰੀ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਸੀ। ਮੈਂ ਗੁਰਪ੍ਰੀਤ ਸਿੰਘ ਨੂੰ ਫੋਨ ਉਤੇ ਇਹ ਵੀ ਕਿਹਾ ਸੀ ਕਿ ਜਿਹੜੀ ਮਰਿਆਦਾ 70-75 ਸਾਲ ਤੋਂ ਸਿੱਖ ਕੌਮ ਦਾ ਕੁੱਝ ਨਹੀਂ ਸੰਵਾਰ ਸਕੀ, ਤੱਤ-ਗੁਰਮਤਿ ਪ੍ਰਵਾਰ ਦੀ ਨਵੀਂ ਮਰਿਆਦਾ ਕੌਮ ਦਾ ਕੀ ਸੰਵਾਰ ਸਕਦੀ ਹੈ? ਜਦੋ ਤਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ-ਉੱਚ ਸਿੱਖਿਆ ਨੂੰ ਨਹੀਂ ਮੰਨਦੇ, ਉਦੋਂ ਤਕ ਕੋਈ ਵੀ ਮਰਿਆਦਾ ਸਿੱਖ ਕੌਮ ਦਾ ਕੁੱਝ ਵੀ ਨਹੀਂ ਸਵਾਰ ਸਕਦੀ। ਮੇਰੀਆਂ ਇਹ ਗੱਲਾਂ ਤੱਤ-ਗੁਰਮਤਿ ਪ੍ਰਵਾਰ ਤਕ ਪਹੁੰਚਦੀਆਂ ਸਨ।
14. ਇੱਥੇ ਇੱਕ ਗੱਲ ਉਂਚੇਚੇ ਤੌਰ ਤੇ ਨੋਟ ਕਰਨ ਵਾਲੀ ਹੈ ਕਿ ਇੱਕ ਦਿਨ ਗੁਰਪ੍ਰੀਤ ਸਿੰਘ, ਅਬੋਹਰ ਨੇ ਮੈਂਨੂੰ ਫੋਨ ਉਤੇ ਪੁਛਿਆ ਕਿ ਤੁਹਾਡੇ ਕੋਲ, ਅਨੰਦ ਕਾਰਜ ਵਾਲੇ ਦਿਨ ਕੋਣ-ਕੌਣ ਪਹੁੰਚ ਰਿਹਾ ਹੈ? ਮੈਂ ਜਿਨ੍ਹਾਂ ਨੂੰ ਬੁਲਾਉਣਾ ਸੀ, ਉਨ੍ਹਾਂ ਸਾਰਿਆਂ ਦੇ ਨਾਂ ਦੱਸ ਦਿੱਤੇ। ਕੁੱਝ ਦਿਨ ਬਾਅਦ ਗੁਰਪ੍ਰੀਤ ਸਿੰਘ ਦਾ ਫਿਰ ਫੋਨ ਆਇਆ ਕਿ ਫ਼ਲਾਣੇ ਵਿਅਕਤੀ ਨੂੰ ਅਨੰਦ ਕਾਰਜ ਵਾਲੇ ਦਿਨ ਨਹੀਂ ਬੁਲਾਉਣਾ। ਮੈਂ ਉਸ ਨੂੰ ਪੁਛਿਆ, ਤੁਹਾਨੂੰ ਉਸ ਵਿਅਕਤੀ ਤੋਂ ਕੀ objection ਹੈ? ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂਨੂੰ ਤਾਂ ਕੋਈ objection ਨਹੀਂ, ਪਰ ਮੇਰੇ ਕੋਲ ਤੱਤ-ਗੁਰਮਤਿ ਪ੍ਰਵਾਰ ਦਾ ਫ਼ੋਨ ਆਇਆ ਸੀ। ਮੈਂ ਗੁਰਪ੍ਰੀਤ ਸਿੰਘ ਨੂੰ ਸਾਫ-ਸਾਫ ਦੱਸ ਦਿੱਤਾ ਕਿ ਮੈਂ ਜਿਸ ਵਿਅਕਤੀ ਦੀ ਸੰਗਤ ਵਿੱਚ ਕਈ ਸਾਲ ਗੁਜ਼ਾਰੇ ਅਤੇ ਜਿਸ ਨੇ ਮੈਂਨੂੰ ਹਮੇਸ਼ਾਂ ਨੇਕ ਸਲਾਹ ਦਿੱਤੀ, ਉਸ ਵਿਅਕਤੀ ਨੂੰ ਕਿਸੇ ਹਾਲਤ ਵਿੱਚ ਨਹੀਂ ਛੱਡ ਸਕਦਾ। ਤੱਤ-ਗੁਰਮਤਿ ਪ੍ਰਵਾਰ ਜਿਸ ਵਿਅਕਤੀ ਨੂੰ ਮੇਰੇ ਘਰ ਪਹੁੰਚਣ ਤੋਂ ਰੋਕਣਾ ਚਾਹੁੰਦਾ ਸੀ, ਉਸ ਦਾ ਕਾਰਣ ਕੀ ਸੀ? ਤੱਤ-ਗੁਰਮ੍ਰਿਤ ਪ੍ਰਵਾਰ ਚੰਗੀ ਤਰ੍ਹਾਂ ਜਾਣਦਾ ਹੈ।
15. ਜਦੋਂ ਤੱਤ-ਗੁਰਮਤਿ ਪ੍ਰਵਾਰ ਦੇ ਪ੍ਰੋਗਰਾਮ ਦੀ ਕਿਸੇ ਵੀ ਥਾਂ ਗੱਲ ਪੱਕੀ ਨਾ ਹੋਈ ਤਾਂ ਮੈਂ ਗੁਰਪ੍ਰੀਤ ਸਿੰਘ ਨੂੰ ਕਿਹਾ ਕਿ ਮੈਂ ਅਨੰਦ ਕਾਰਜ ਦਾ ਪ੍ਰੋਗਰਾਮ ਆਪਣੇ ਘਰ ਵਿੱਚ ਹੀ ਕਰ ਲੈਣਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਅਸੀਂ ਅਨੰਦ ਕਾਰਜ ਦਾ ਪ੍ਰੋਗਰਾਮ ਖਰੜ ਹੀ ਕਰ ਲੈਂਦੇ ਹਾਂ। ਜਿਹੜੀ ਕਿਤਾਬ ਤੱਤ-ਗੁਰਮਤਿ ਪ੍ਰਵਾਰ ਰਲੀਜ਼ ਕਰਨਾ ਚਾਹੁੰਦਾ ਹੈ, ਉਹ ਵੀ ਉਸੇ ਦਿਨ ਕਰ ਲੈਣਗੇ। ਗੁਰਪ੍ਰੀਤ ਸਿੰਘ ਨੇ ਕਿਹਾ ਸ. ਗੁਰਿੰਦਰ ਸਿੰਘ, ਮੁਹਾਲੀ ਨੂੰ ਪ੍ਰੋਗਰਾਮ ਸਬੰਧੀ ਸਾਰੀ ਜਾਣਕਾਰੀ ਹੈ, ਇਸ ਲਈ ਉਸ ਨਾਲ ਗੱਲ ਕਰ ਲੈਣਾ। ਇਹ ਠੀਕ ਹੈ ਕਿ ਸ. ਗੁਰਿੰਦਰ ਸਿੰਘ ਜੀ ਮੇਰੇ ਘਰ ਦੋ ਵਾਰ ਆਏ ਸਨ ਪਰ ਉਨ੍ਹਾਂ ਨੇ ਮੇਰੇ ਘਰ ਆ ਕੇ ਕੀ ਕੀਤਾ ਅਤੇ ਕਿਹੜੇ ਪ੍ਰਬੰਧ ਕੀਤੇ, ਇਸ ਬਾਰੇ ਉਹ ਆਪ ਹੀ ਚੰਗੀ ਤਰਾਂ ਜਾਣਦੇ ਹਨ ਕਿਉਂਕਿ ਸਾਰਾ ਪ੍ਰਬੰਧ ਮੈਂ ਆਪ ਹੀ ਕੀਤਾ ਸੀ।
16. ਗੁਰਪ੍ਰੀਤ ਸਿੰਘ ਨਾਲ ਮੇਰੀ ਫੋਨ ਉਤੇ ਇਹ ਵੀ ਗੱਲ ਹੋਈ ਸੀ ਕਿ ਅਨੰਦ ਕਾਰਜ ਵਾਲੇ ਦਿਨ ਮੈਂ ਲੈਕਚਰ ਜ਼ਰੂਰ ਕਰਨਾ ਹੈ। ਮੈਂ ਆਪਣੇ ਲੈਕਚਰ ਦਾ ਵਿਸ਼ਾ: ਗੁਰੂ ਨਾਨਕ ਸਾਹਿਬ ਦੇ ਪ੍ਰਚਾਰਕ ਢੰਗਾਂ ਨੂੰ ਅਪਨਾਏ ਬਿਨਾਂ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਨਹੀਂ ਹੋ ਸਕਦਾ, ਬਾਰੇ ਵੀ ਦੱਸਿਆ ਸੀ। ਇਹ ਵੀ ਕਿਹਾ ਸੀ ਕਿ ਅੱਜ ਦੇ ਪ੍ਰਚਾਰਕ ਦੂਜਿਆਂ ਨੂੰ ਉਪਦੇਸ਼ ਤਾਂ ਬਹੁਤ ਕਰਦੇ ਹਨ, ਪਰ ਉਨ੍ਹਾਂ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਨਹੀਂ ਬਣਾਉਂਦੇ। ਤੱਤ-ਗੁਰਮਤਿ ਪ੍ਰਵਾਰ ਮੇਰੇ ਇਨ੍ਹਾਂ ਵਿਚਾਰਾਂ ਤੋਂ ਜਾਣੂ ਹੋਣ ਕਰਕੇ ਨਾ ਤਾਂ ਸਟੇਜ ਉਤੇ ਮੈਂਨੂੰ ਬੁਲਾਇਆ ਅਤੇ ਨਾ ਹੀ ਮੇਰੇ ਹੋਰ ਜਾਣਕਾਰ ਵਿਅਕਤੀਆਂ ਨੂੰ।
17. ਤੱਤ-ਗੁਰਮਤਿ ਪ੍ਰਵਾਰ ਨੇ ਲਿਖਿਆ ਹੈ ਕਿ ਸਮਾਗਮ ਦਾ ਸਮਾਂ 13 ਅਪ੍ਰੈਲ 2013 ਨਿਸ਼ਚਿਤ ਕੀਤਾ ਪਰ ਬਦਲ ਦਿੱਤਾ ਗਿਆ ਕਿਉਂਕਿ ਲੁਧਿਆਣਾ ਵਿਖੇ 13-14 ਅਪ੍ਰੈਲ ਨੂੰ ਇੱਕ ਵੀਰ ਨਿਰਮਲ ਸਿੰਘ ਦੀ ਬੇਟੀ ਦਾ ਵਿਆਹ ਸੀ। ਇਸ ਲਈ 14 ਤਰੀਕ ਨੂੰ ਦੁਪਹਿਰ ਤਕ ਪੁੱਜਣਾ ਮੁਸ਼ਕਲ ਸੀ। ਇਸ ਕਰਕੇ ਪ੍ਰੋਗਰਾਮ 14 ਅਪ੍ਰੈਲ 2013 ਸ਼ਾਮ ਨੂੰ ਰੱਖ ਦਿੱਤਾ ਗਿਆ। ਤੱਤ-ਗੁਰਮਤਿ ਪ੍ਰਵਾਰ ਦੇ ਜਿਹੜੇ ਮੈਂਬਰ ਲੁਧਿਆਣੇ ਗਏ ਹੋਏ ਸਨ, ਉਥੇ ਅਨੰਦ ਕਾਰਜ ਨਵੇਂ ਢੰਗ ਨਾਲ ਨਹੀਂ ਕੀਤਾ ਸੀ। ਜਿਹੜਾ ਇਹ ਕਹਿੰਦੇ ਹਨ ਕਿ 14 ਅਪ੍ਰੈਲ 2013 ਅਨੰਦ ਕਾਰਜ ਕਰਨ ਦੀ ਰੂਪ-ਰੇਖਾ ਪਹਿਲਾਂ ਤੋਂ ਤਿਆਰ ਹੋ ਚੁੱਕੀ ਸੀ ਅਤੇ ਜਿਸ ਬਾਰੇ ਦਵਿੰਦਰ ਸਿੰਘ ਨੂੰ ਦੱਸਿਆ ਜਾ ਚੁੱਕਾ ਸੀ। ਇਸ ਬਾਰੇ ਦਸਣਾ ਚਾਹੁੰਦਾ ਹਾਂ ਕਿ 14 ਅਪ੍ਰੈਲ 2013 ਨੂੰ ਸ਼ਾਮ ਨੂੰ ਮੇਰੇ ਮਕਾਨ ਦੀ ਛੱਤ ਉਤੇ ਜਿੱਥੇ ਪ੍ਰੋਗਰਾਮ ਕਰਨ ਲਈ ਪੰਡਾਲ ਲਗਾਇਆ ਗਿਆ ਸੀ, ਉੱਥੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਕੁੱਝ ਸਮਾਂ ਪਹਿਲਾਂ ਹੀ ਸ. ਨਰਿੰਦਰ ਸਿੰਘ ਜੀ ਨੇ, ਇੱਕ ਕੋਨੇ ਵਿੱਚ ਬੈਠ ਕੇ, ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਨਾਲ ਸਲਾਹ ਕਰਕੇ, ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਰੂਪ-ਰੇਖਾ ਆਪਣੀ ਡਾਇਰੀ ਵਿੱਚ ਨੋਟ ਕੀਤੀ ਸੀ।
ਸਿੱਖ ਮਾਰਗ ਦੇ ਪਾਠਕ ਇਹ ਸਭ ਕੁੱਝ ਪੜ੍ਹ ਕੇ ਆਪ ਹੀ ਸਮਝ ਸਕਦੇ ਹਨ ਕਿ ਪਹਿਲਾਂ ਆਪਣੇ ਇਸ ਪ੍ਰੋਗਰਾਮ ਸਬੰਧੀ ਤੱਤ-ਗੁਰਮਤਿ ਪ੍ਰਵਾਰ ਇਹ ਲਿਖ ਚੁੱਕਾ ਹੈ ਕਿ “ਸਮਾਗਮ ਦੀ ਰੂਪ-ਰੇਖਾ ਅਤੇ ਕੁੱਝ ਹੋਰ ਵਿਚਾਰ ਅਧੀਨ ਮੁੱਦਿਆਂ ਨੂੰ ਫਾਈਨਲ ਕਰਨ ਲਈ ਤੱਤ-ਗੁਰਮਤਿ ਪ੍ਰਵਾਰ ਦੇ ਮੁਢਲੇ ਮੈਂਬਰਾਂ ਦੀ ਇੱਕ ਮੀਟਿੰਗ 03-ਮਾਰਚ 2013 ਨੂੰ ਸ. ਦਲੀਪ ਸਿੰਘ ਕਸ਼ਮੀਰੀ ਦੇ ਘਰ ਜ਼ੀਰਕਪੁਰ ਬੁਲਾਈ ਗਈ” ਪਰ ਦੇਖਣ ਵਾਲੀ ਗੱਲ ਇਹ ਹੈ ਕਿ 14 ਅਪ੍ਰੈਲ 2013 ਤਕ ਵੀ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਨਹੀਂ ਸੀ ਹੋਈ, ਉਹ ਰੂਪ-ਰੇਖਾ ਮੇਰੇ ਘਰ ਬੈਠ ਕੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਤਿਆਰ ਕੀਤੀ ਗਈ। ਹੁਣ ਦੱਸੋ ਤੱਤ-ਗੁਰਮਤਿ ਪ੍ਰਵਾਰ ਦੀ ਕਿਹੜੀ ਗੱਲ ਨੂੰ ਸੱਚ ਮੰਨਿਆ ਜਾਵੇ?
18. ਗੁਰਪ੍ਰੀਤ ਸਿੰਘ ਨੇ ਇੱਕ ਦਿਨ ਫੋਨ ਉਤੇ ਮੈਂਨੂੰ ਇਹ ਵੀ ਕਿਹਾ ਸੀ ਕਿ ਅਨੰਦ ਕਾਰਜ ਵਾਲੇ ਦਿਨ ਮੈਂ ਖੁਦ ਅਰਦਾਸ ਕਰਾਂਗਾ। ਪਰ ਉਸ ਦਿਨ, ਉਸ ਨੇ ਅਰਦਾਸ ਨਹੀਂ ਕੀਤੀ। ਜਦੋਂ ਵਿਆਹ ਤੋਂ ਕੁੱਝ ਦਿਨਾਂ ਬਾਅਦ, ਮੈਂ ਅਰਦਾਸ ਨਾ ਕਰਨ ਬਾਰੇ ਪੁਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਜਦੋਂ ਅਸੀਂ ਬਰਾਤ ਲੈ ਕੇ ਖਰੜ ਆ ਰਹੇ ਸੀ ਤਾਂ ਰਸਤੇ ਵਿੱਚ ਅਰਦਾਸ ਕਰਨ ਦੇ ਵਿਚਾਰ ਬਦਲ ਦਿੱਤੇ ਸਨ। ਅਰਦਾਸ ਨਾ ਕਰਨ ਦੇ ਵਿਚਾਰ ਗੁਰਪ੍ਰੀਤ ਸਿੰਘ ਨੇ ਆਪ ਬਦਲੇ ਜਾਂ ਤੱਤ-ਗੁਰਮਤਿ ਪ੍ਰਵਾਰ ਦੇ ਕਹਿਣ ਤੇ ਬਦਲੇ।
ਚਲਦਾ..