ਸਿੱਖਾਂ ਨੂੰ ਬਹੁਤ ਕੁਝ ਸਮਝਣ ਦੀ ਲੋੜ ਹੈ! (ਭਾਗ 1)
ਮੁੱਦਤਾਂ ਬੀਤ ਗਈਆਂ, ਜਦ ਸਿੱਖ ਕੁਛ ਸਮਝਣ ਵਾਲੇ ਸਨ ਅਤੇ ਸਿੱਖਾਂ ਨੂੰ ਕੋਈ ਸਮਝਾਉਣ ਵਾਲਾ ਵੀ ਸੀ। ਗੁਰੂ ਜੀ ਨੇ ਸਿੱਖਾਂ ਨੂੰ ਸਦੀਵੀ ਗੁਰੂ ਦੇ ਲੜ ਲਾਇਆ, ਤਾਂ ਜੋ ਸਿੱਖ ਨੇ ਜੋ ਕੁਛ ਵੀ ਜਾਨਣਾ ਹੋਵੇ ਸਮਝਣਾ ਹੋਵੇ, ੳਹ ਆਪ ਸ਼ਬਦ ਗੁਰੂ ਨਾਲ ਗੱਲ ਕਰਕੇ ਸਮਝ ਲਵੇ। ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੀ ਮਾਂ ਬੋਲੀ ਪੰਜਾਬੀ, ਲਿਪੀ ਗੁਰਮੁਖੀ ਵਿਚ ਹੈ, ਸੋ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲਾਂ ਕਰਨ ਵਿਚ, ਆਪਣੇ ਸ਼ੰਕੇ ਦੂਰ ਕਰਨ ਵਿਚ ਕੋਈ ਅੜਚਣ ਨਹੀਂ ਸੀ, ਫਿਰ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਕਿਵੇਂ ਹੋ ਗਏ, ਅਤੇ ਅੱਜ ਵੀ ਇਹ ਦੂਰੀ ਹਰ ਪਲ ਵਧ ਰਹੀ ਹੈ, ਕਿਉਂ ? ਪਹਿਲੀ ਇਹੀ ਗੱਲ ਸਿੱਖਾਂ ਦੇ ਸਮਝਣ ਦੀ ਹੈ। ਆਉ ਜ਼ਰਾ ਵਿਚਾਰ ਕਰਦੇ ਹਾਂ।
ਗੁਰੂ ਨਾਨਕ ਜੀ ਨੇ ਗੁਰੂ ਬਾਰੇ ਸੇਧ ਦਿੰਦਿਆਂ ਗੁਰੂ ਸ਼ਬਦ ਨੂੰ ਤਿੰਨ ਤਰ੍ਹਾਂ ਵਰਤਿਆ ਹੈ, 1. ਗੁਰੂ 2. ਗੁਰ 3. ਗੁਰੁ ।
ਗੁਰੂ ਜੀ ਨੇ ਗੁਰੂ ਅਤੇ ਚੇਲੇ ਦਾ ਖੁਲਾਸਾ ਕਰਦਿਆਂ ਸਿੱਧਾਂ ਨੂੰ ਸਮਝਾਇਆ ਹੈ,
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (943)
ਅਰਥ:- ਸ਼ਬਦ ਮੇਰਾ ਗੁਰੂ ਹੈ ਅਤੇ ਉਸ ਸ਼ਬਦ ਵਿਚ ਜੁੜੀ ਮੇਰੀ ਸੁਰਤ, ਚੇਲਾ ਹੈ। ਸ਼ਬਦ ਦੇ ਦੋ ਰੂਪ ਹੁੰਦੇ ਹਨ, 1. ਲਿਖਿਆ ਹੋਇਆ 2. ਬੋਲਿਆ ਹੋਇਆ । ਅਸੀਂ ਲਿਖੇ ਹੋਏ ਨੂੰ ਅੱਖਾਂ ਨਾਲ ਪੜ੍ਹ ਸਕਦੇ ਹਾਂ ਅਤੇ ਬੋਲੇ ਹੋਏ ਨੂੰ ਕੰਨਾਂ ਨਾਲ ਸੁਣ ਸਕਦੇ ਹਾਂ, ਪਰ ਗੁਰੂ ਸਾਹਿਬ ਨੇ ਕਿਹਾ ਹੈ ਕਿ ਉਸ ਲਿਖੇ ਹੋਏ, ਜਾਂ ਸੁਣੇ ਹੋਏ ਵਿਚ ਜੁੜੀ ਹੋਈ ਮੇਰੀ ਸੁਰਤ, ਉਸ ਗੁਰੂ ਦਾ ਚੇਲਾ ਹੈ। ਇਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ, ਅੱਖਾਂ ਨਾਲ ਜਾਂ ਕੰਨਾਂ ਨਾਲ ਤਾਂ ਸੁਰਤ ਦਾ ਮੇਲ ਹੈ ਨਹੀਂ, ਜੁੜਨੀ ਤਾਂ ਸੁਰਤ ਹੈ, ਅਤੇ ਸੁਰਤ ‘ਮਨ’ ਦਾ ਵਿਸ਼ਾ ਹੈ। ਗੁਰੂ ਸਾਹਿਬ ਨੇ ਇਸ ਨੂੰ ਇਵੇਂ ਸਮਝਾਇਆ ਹੈ,
ਸੁਣਿਐ ਸਤੁ ਸੰਤੋਖੁ ਗਿਆਨੁ॥ ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ॥
ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ ॥10॥ (3)
ਅਰਥ:- ਸ਼ਬਦ ਨੂੰ ਸੁਣਨ ਨਾਲ ਮਨੁੱਖ ਦਾ ਆਚਰਨ ਉੱਚਾ ਹੋ ਜਾਂਦਾ ਹੈ, ਮਨੁੱਖ ਸੰਤੋਖ ਵਾਲਾ ਅਤੇ ਗਿਆਨ-ਵਾਨ ਹੋ ਜਾਂਦਾ ਹੈ।
ਜਿੰਨਾ ਫਲ ਬ੍ਰਾਹਮਣ 68 ਤੀਰਥਾਂ ਤੇ ਇਸ਼ਨਾਨ ਕਰਨ ਦਾ ਦਸਦੇ ਹਨ, ਓਨਾ ਫਲ ਸ਼ਬਦ ਨੂੰ ਸੁਣਨ ਨਾਲ ਮਿਲ ਜਾਂਦਾ ਹੈ। ਜਿੰਨਾ ਮਾਣ-ਸਤਿਕਾਰ ਲੋਕ ਵਿਦਿਆ ਪੜ੍ਹਨ ਨਾਲ ਪਾਉਂਦੇ ਹਨ, ਓਨਾ ਮਾਣ ਸਤਿਕਾਰ ਸ਼ਬਦ ਨਾਲ ਜੁੜਨ ਵਾਲਿਆਂ ਨੂੰ ਸਹਿਜੇ ਹੀ ਮਿਲ ਜਾਂਦਾ ਹੈ। ਹੇ ਨਾਨਕ ਸ਼ਬਦ ਨੂੰ ਸੁਣਨ ਵਾਲੇ ਦੇ ਦੁੱਖ ਅਤੇ ਬੁਰੇ ਕੰਮ ਖਤਮ ਹੋ ਜਾਂਦੇ ਹਨ ਅਤੇ ਸ਼ਬਦ ਨੂੰ ਸੁਣਨ ਵਾਲਿਆਂ ਦਾ ਹਿਰਦਾ ਸਦਾ ਖਿੜਿਆ ਰਹਿੰਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੁਣਿਆ ਤਾਂ ਅਸੀਂ ਕੰਨਾਂ ਨਾਲ ਵੀ ਸੀ, ਫਿਰ ਇਸ ਸੁਣਨ ਨਾਲ ਕੀ ਫਰਕ ਪੈ ਗਿਆ ? ਦੂਸਰਾ ਇਹ ਵੀ ਹੈ ਕਿ ਅੱਖਾਂ ਨਾਲ ਅਸੀਂ ਪੜ੍ਹ ਹੀ ਸਕਦੇ ਹਾਂ, ਉਸ ਨੂੰ ਕਿਵੇਂ ਸੁਣਿਆ ਜਾ ਸਕਦਾ ਹੈ ? ਗੁਰੂ ਜੀ ਨੇ ਸਮਝਾਇਆ ਹੈ ਕਿ ਅੱਖਾਂ ਨਾਲ ਪੜ੍ਹੋ, ਭਾਵੇਂ ਕੰਨਾਂ ਨਾਲ ਸੁਣੋ, ਉਸ ਵਕਤ ਤੱਕ ਕੋਈ ਫਰਕ ਨਹੀਂ ਪੈਂਦਾ, ਜਦ ਤੱਕ ਮਨ ਲਾ ਕੇ ਨਾ ਸੁਣਿਆ ਜਾਵੇ, ਅੱਖ ਅਤੇ ਕੰਨ ਨੇ ਤਾਂ ਆਪਣਾ ਕੰਮ ਕਰਨਾ ਹੈ, ਉਨ੍ਹਾਂ ਤੇ ਤਾਂ ਸ਼ਬਦ ਦਾ ਕੋਈ ਅਸਰ ਨਹੀਂ ਹੁੰਦਾ, ਅਸਰ ਤਾਂ ਮਨ ਤੇ ਹੋਣਾ ਹੈ, ਕਿਉਂਕਿ ਰੱਬ ਵਾਲੀ ਖੇਡ ਤਾਂ ਮਨ ਦੀ ਹੈ, ਸੋ ਅੱਖਾਂ ਰਾਹੀਂ ਪੜ੍ਹੋ ਜਾਂ ਕੰਨਾਂ ਨਾਲ ਸੁਣੋ, ਤਦ ਤਕ ਕੋਈ ਅਸਰ ਨਹੀਂ ਹੁੰਦਾ ਜਦ ਤੱਕ ਮਨ, ਨਾਲ ਨਾ ਜੁੜਿਆ ਹੋਵੇ। ਕੀ ਅਸੀਂ ਗੁਰਬਾਣੀ ਨਾਲ ਜੁੜਨ ਵੇਲੇ ਗੁਰੂ ਸਾਹਿਬ ਦੀ ਇਸ ਸਿਖਿਆ ਦਾ ਧਿਆਨ ਰੱਖਦੇ ਹਾਂ ?
ਕੀ ਅਸੀਂ ਇਸ ਵਿਚ ਕੋਈ ਕੋਤਾਹੀ ਤਾਂ ਨਹੀਂ ਕਰਦੇ ?
ਕੀ ਅਸੀਂ ਗੁਰਬਾਣੀ ਨੂੰ ਰੱਟੇ ਵਿਚ ਤਾਂ ਨਹੀਂ ਨਬੇੜਦੇ, ਕਿਉਂਕਿ ਸਾਡੇ ਕੋਲ ਸਮਾ ਘੱਟ ਹੁੰਦਾ ਹੈ ?
ਕੀ ਅਸੀਂ ਪੈਸੇ ਦੇ ਬਲ ਤੇ ਦੂਸਰਿਆਂ ਕੋਲੋਂ ਪਾਠ ਕਰਵਾ ਕੇ ਉਸ ਦੇ ਫਲ ਦੀ ਆਸ ਤਾਂ ਨਹੀਂ ਕਰਦੇ ?
ਕੀ ਤੁਸੀਂ ਅਖੰਡ-ਪਾਠ ਕਿਸੇ ਗੁਰਵਾਰੇ ਵਿਚ ਰਖਵਾ ਕੇ, ਉਸ ਦਾ ਹੁਕਮ-ਨਾਮਾ ਅਤੇ ਫਲ, ਡਾਕ ਰਾਹੀਂ ਤਾਂ ਨਹੀਂ ਪਰਾਪਤ ਕਰ ਲੈਂਦੇ ? ਇਸ ਵਿਚ ਤੁਹਾਡਾ ਮਨ, ਕਿੱਥੇ ਸ਼ਾਮਲ ਹੁੰਦਾ ਹੈ ?
ਕੀ ਤੁਸੀਂ ਇਸ ਚੱਕਰ ਵਿਚ ਤਾਂ ਨਹੀਂ ਕਿ ਕਿਸੇ ਖਾਸ ਥਾਂ ਤੇ ਅਖੰਡ-ਪਾਠ ਜਾਂ ਸੰਪਟ ਪਾਠ ਕਰਵਾਉਣ ਦਾ ਖਾਸ ਫਲ ਹੁੰਦਾ ਹੈ?
ਯਾਦ ਰਖੋ ਕਿ ਬਾਣੀ ਦੇ ਕਿਸੇ ਅਜਿਹੇ ਫਲ ਦੀ ਗੁਰੂ ਸਾਹਿਬ ਕੋਈ ਸ਼ਾਹਦੀ ਨਹੀਂ ਭਰਦੇ, ਜਿਸ ਵਿਚ ਮਨ ਸ਼ਾਮਲ ਨਾ ਹੋਵੇ।
ਗੁਰੂ ਸਾਹਿਬ ਤਾਂ ਕਹਿੰਦੇ ਹਨ,
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥ (669)
ਅਰਥ:- ਹੇ ਭਾਈ , ਸੇਵਕ ਅਤੇ ਸਿੱਖ ਅਖਵਾਉਣ ਵਾਲੇ ਸਾਰੇ, ਗੁਰੂ ਦੇ ਦਰ ਤੇ , ਪ੍ਰਭੂ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਪ੍ਰਭੂ ਦੀ ਸਿਫਤ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਉਂਦੇ ਹਨ। ਪਰ ਪਰਮਾਤਮਾ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਪਰਵਾਨ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ, ਬਿਲਕੁਲ ਸੱਚ ਜਾਣ ਕੇ ਉਸ ‘ਤੇ ਅਮਲ ਕੀਤਾ ਹੋਵੇ।
ਹੁਣ ਇਹ ਦੱਸੋ ਕਿ ਗੁਰਬਾਣੀ ਨੂੰ ਸੱਚ ਮੰਨ ਕੇ ਉਸ ਤੇ ਅਮਲ ਤਦ ਹੀ ਕਰੋਗੇ, ਜੇ ਗੁਰਬਾਣੀ ਨੂੰ ਸਮਝੋਗੇ, ਆਪ ਤਾਂ ਪੜ੍ਹੀ ਨਹੀਂ , ਪੈਸੇ ਦੇ ਕੇ ਦੂਸਰਿਆਂ ਤੋਂ ਪੜ੍ਹਵਾ ਲਈ, ਜੇ ਆਪ ਵੀ ਪੜ੍ਹੀ ਤਾਂ ਮਨ ਕਰ ਕੇ ਨਹੀਂ, ਖਾਲੀ ਮੂੰਹ-ਜ਼ਬਾਨੀ, ਉਸ ਨੂੰ ਸਮਝਿਆ ਨਹੀਂ, ਫਿਰ ਉਸ ਦੀ ਸਿਖਿਆ ਤੇ ਅਮਲ ਕਿਵੇਂ ਕਰੋਗੇ ? ਪਰਮਾਤਮਾ ਦੇ ਦਰ ਤੇ ਪਰਵਾਨ ਕਿਵੇਂ ਹੋਵੋਗੇ ? ਕੀ ਗੁਰਬਾਣੀ ਵਿਖਾਵੇ ਦੀ ਚੀਜ਼ ਹੈ? ਇਹ ਗੁਰਬਾਣੀ ਤੋਂ ਦੂਰ ਹੋਣ ਦਾ ਪਹਿਲਾ ਕਦਮ ਹੈ, ਕੀ ਤੁਸੀਂ ਮਨੋਂ ਸੋਚੋਗੇ ? ਗੁਰਬਾਣੀ ਤਾਂ ਕਹਿੰਦੀ ਹੈ,
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥1॥ਰਹਾਉ॥
ਅਰਥ:- ਹੇ ਭਾਈ, ਆਪਣੇ ਦਿਲ ਨੂੰ ਹਰ ਵੇਲੇ ਖੋਜ, ਫਿਰ ਤੂੰ ਕਦੇ ਪ੍ਰੇਸ਼ਾਨ ਨਹੀਂ ਹੋਵੇਂਗਾ। ਇਹ ਦੁਨੀਆ ਇਕ ਜਾਦੂ ਵਰਗਾ, ਤਮਾਸ਼ਾ ਜਿਹਾ ਹੈ, ਇਸ ਵਿਚੋਂ ਕੋਈ ਚੀਜ਼ ਹੱਥ-ਪੱਲੇ ਨਹੀਂ ਪੈਣ ਵਾਲੀ। ਜੇ ਅਸੀਂ ਦਿਲ ਖੋਜਾਂਗੇ ਤਾਂ ਪ੍ਰੇਸ਼ਾਨੀ ਨਹੀਂ ਹੋਵੇਗੀ। ਪਰ ਦਿਲ ਤਾਂ ਸਾਨੂੰ ਹੀ ਖੋਜਣਾ ਪਵੇਗਾ, ਕਿਸੇ ਦੂਸਰੇ ਨੂੰ ਨਹੀਂ, ਕਿਉਂਕਿ ਸਾਡੇ ਦਿਲ ਬਾਰੇ ਤਾਂ ਅਸੀਂ ਹੀ ਜਾਣਦੇ ਹਾਂ। ਜਾਂ ਫਿਰ ਲੇਖੇ ਵੇਲੇ ਪਰਮਾਤਮਾ ਨੂੰ ਪਤਾ ਹੋਵੇਗਾ, ਉਹ ਤਾਂ ਅਭੁੱਲ ਹੈ, ਅਸੀਂ ਹੀ ਭੁੱਲਣਹਾਰ ਹਾਂ । ਜੇ ਰੱਬ ਨੂੰ ਮਿਲਣਾ ਹੈ ਤਾਂ ਗੁਰਬਾਣੀ ਨੂੰ ਸਮਝਣਾ ਅਤੇ ਉਸ ਤੇ ਅਮਲ ਕਰਨਾ ਪਵੇਗਾ। ਜੇ ਰੱਬ ਨੂੰ ਮਿਲਣਾ ਹੀ ਨਹੀਂ ਤਾਂ ਕੋਈ ਗੱਲ ਨਹੀਂ।
ਅਮਰ ਜੀਤ ਸਿੰਘ ਚੰਦੀ