ਕੀ ਰੱਬ ਹੈ ? ਜੇ ਹੈ ਤਾਂ ਕਿੱਥੇ ਹੈ ! (ਭਾਗ 1)
ਇਹ ਮੁੱਦਾ ਅਜ-ਕਲ ਸਿੱਖਾਂ ਵਿਚ ਬਹੁਤ ਭਖਿਆ ਹੋਇਆ ਹੈ। ਇਸ ਬਾਰੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ, ਇਸ ਤੇ ਵਿਚਾਰ ਕਰਨਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਬਾਰੇ ਸਿੱਖਾਂ ਦੀ ਪਹੁੰਚ ਕਿਸ ਸਤਰ ਦੀ ਹੈ ? ਤਾਂ ਜੋ ਇਹ ਸਾਫ ਹੋ ਸਕੇ ਕਿ ਗੁਰੂ ਗ੍ਰੰਥ ਸਾਹਿਬ ਵਿਚ ਰੱਬ ਬਾਰੇ ਦਿੱਤੀ ਸੇਧ ਵਿਚ ਹੀ ਕੁਝ ਠੀਕ ਨਹੀਂ ? ਜਾਂ ਸਿੱਖਾਂ ਦੀ ਸੋਚ ਵਿਚ ਹੀ ਕੁਝ ਘਾਟ ਹੈ ?
ਕੋਈ ਹੋਰ ਧਰਮ ਹੁੰਦਾ ਤਾਂ ਉਸ ਵਿਚ ਇਹ ਵਿਚਾਰਨ ਦੀ ਇਜਾਜ਼ਤ ਬਿਲਕੁਲ ਨਹੀਂ ਹੈ, ਪਰ ਇਹ ਬਾਬੇ ਨਾਨਕ ਜੀ ਵਲੋਂ ਸੇਧ ਦੇ ਕੇ ਰੱਬ ਵਲੋਂ ਚਲਾਏ ਧਰਮ ਦੀ ਗੱਲ ਹੈ, ਜਿਸ ਵਿਚ ਸਾਫ ਲਿਖਿਆ ਹੋਇਆ ਹੈ ਕਿ, ਸਿੱਖ ਨੇ ਹਰ ਕੰਮ ਅਕਲ ਦੀ ਕਸਵੱਟੀ ਤੇ ਪਰਖ ਕੇ ਕਰਨਾ ਹੈ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜ੍ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥1॥ (1245)
ਅਰਥ:- ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ, ਅਕਲ ਇਹ ਹੈ ਕਿ ਪ੍ਰਭੂ ਦੀ ਸਿਫਤ-ਸਾਲਾਹ ਵਾਲੀ ਬਾਣੀ ਪੜ੍ਹੀਏ, ਉਸ ਨੂੰ ਚੰਗੀ ਤਰ੍ਹਾਂ ਸਮਝੀਏ, ਅਤੇ ਸਮਝਣ ਪਿੱਛੋਂ ਦੂਸਰਿਆਂ ਨੂੰ ਦਾਨ ਕਰੀਏ।
(ਏਥੇ ਦਾਨ ਕਰਨ ਦੀ ਗੱਲ ਹੈ, ਨਾਲ ਹੀ ਇਹ ਵੀ ਸੇਧ ਦਿੱਤੀ ਹੈ ਕਿ ਬੰਦੇ ਵਲੋਂ ਦਾਨ ਕਰਨ ਵਾਲੀ ਇਹ ਇਕੋ-ਇਕ ਚੀਜ਼ ਹੈ। ਬਾਕੀ ਸਾਰੀਆਂ ਚੀਜ਼ਾਂ ਤਾਂ ਸਾਡੇ ਕੋਲ ਰੱਬ ਦੀ ਬਖਸ਼ਿਸ਼ ਹਨ, ਜਿਸ ਨੂੰ ਕਿਸੇ ਦੂਸਰੇ ਨੂੰ ਦੇਣਾ “ਦਾਨ” ਨਹੀਂ ਬਲਕਿ ਆਪਸ ਵਿਚ ਵੰਡਣਾ ਹੈ, ਗੁਰੂ ਸਾਹਿਬ ਨੇ ਇਹੀ ਨਿਯਮ ‘ਦਸਵੰਧ’ ਤੇ ਲਾਗੂ ਕੀਤਾ ਹੈ।) ਯਾਨੀ ਚੰਗੀ ਤਰ੍ਹਾਂ ਸਮਝੀ ਬਾਣੀ ਨੂੰ ਹੀ ਦੂਸਰੇ ਨੂੰ ਸਮਝਾਉਣਾ ਹੈ। ਇਹ ਨਹੀਂ, ਜੋ ਤੁਹਾਡੀ ਸਮਝ ਵਿਚ ਆਵੇ, ਓਹੀ ਦੂਸਰਿਆਂ ਨੂੰ ਸਮਝਾਉਂਦੇ ਫਿਰੋ। (ਜੋ ਅਜ-ਕਲ ਸਿੱਖ ਕਰਦੇ ਪਏ ਹਨ, ਆਪਣੀ ਤਰਕ ਬੁੱਧੀ ਅਨੁਸਾਰ, ਇਕ ਸ਼ਬਦ ਦੇ ਕਈ ਕਈ ਅਰਥ ਕਰ ਰਹੇ ਹਨ। ਏਥੇ ਇਕ ਇਤਿਹਾਸਿਕ ਸਚਾਈ ਸਾਂਝੀ ਕਰਨੀ ਬਣਦੀ ਹੈ। ਗਿਆਨੀ ਦਿੱਤ ਸਿੰਘ ਜੀ, ਹਿੰਦੂ ਪਰਿਵਾਰ ਵਿਚ ਜੰਮੇ ਅਤੇ ਆਰੀਆ ਸਮਾਜੀ ਪਰਚਾਰਕ ਸਨ, ਨਾਮ ਸੀ “ਦਿੱਤਾ ਰਾਮ”। ਇਕ ਵਾਰ ਇਕ ਸਿੱਖ ਪਰਚਾਰਕ ਉਨ੍ਹਾਂ ਦੇ ਇਲਾਕੇ ਵਿਚ ਪਰਚਾਰ ਕਰਨ ਆਇਆ। ਦਿੱਤਾ ਰਾਮ ਵੀ ਆਪਣੇ ਇਕ ਦੋਸਤ ਨਾਲ, ਉਸ ਨੂੰ ਸੁਣਨ ਗਏ। ਪ੍ਰੋਗਰਾਮ ਮੁੱਕਣ ਮਗਰੋਂ ਦੋਵੇਂ ਦੋਸਤ ਘਰ ਮੁੜੇ ਤਾਂ ਦਿੱਤਾ ਰਾਮ ਦੇ ਦੋਸਤ ਨੇ ਉਸ ਤੋਂ ਪੁਛਿਆ ਕਿ ਪਰਚਾਰਕ ਕੈਸਾ ਸੀ ?
ਦਿੱਤਾ ਰਾਮ:- ਬਹੁਤ ਚੰਗਾ ਸੀ।
ਦੋਸਤ: ਉਹ ਕਿਵੇਂ ?
ਦਿੱਤਾ ਰਾਮ, ਵੇਖਿਆ ਨਹੀਂ, ਉਸ ਨੇ ਸ਼ਬਦ ਦੇ ਅੱਠ/ਦਸ ਅਰਥ ਕੀਤੇ ਸਨ।
ਦੋਸਤ: ਜਿਸ ਨੇ ਉਹ ਸ਼ਬਦ ਲਿਖਿਆ ਹੋਵੇਗਾ, ਉਸ ਦੇ ਹਿਸਾਬ ਨਾਲ ਉਸ ਸ਼ਬਦ ਦਾ ਇਕੋ ਹੀ ਅਰਥ ਹੋਵੇਗਾ, ਜੇ ਉਸ ਨੂੰ ਉਸ ਇਕ ਅਰਥ ਦੀ ਸੋਝੀ ਹੁੰਦੀ ਤਾਂ ਉਹ ਏਨੇ ਅਰਥ ਨਾ ਕਰਦਾ, ਸਾਫ ਹੈ ਕਿ ਉਸ ਨੂੰ ਸ਼ਬਦ ਦੇ ਅਸਲੀ ਅਰਥਾਂ ਦਾ ਗਿਆਨ ਨਹੀਂ ।
ਦਿੱਤਾ ਰਾਮ: ਉਸ ਸ਼ਬਦ ਦਾ ਅਸਲੀ ਅਰਥ ਕੀ ਸੀ ?
ਦੋਸਤ: ਇਹੀ ਤਾਂ ਖੋਜ ਦਾ ਵਸ਼ਾ ਹੈ ।
ਦਿੱਤਾ ਰਾਮ ਨੂੰ ਉਸ ਇਕ ਅਰਥ ਦੀ ਅਜਿਹੀ ਚੇਟਕ ਲੱਗ ਗਈ ਕਿ, ਉਹ ਉਸ ਸ਼ਬਦ ਦੇ ਅਸਲੀ ਅਰਥ ਲਭਦਾ ਲਭਦਾ ਸਿੱਖੀ ਨਾਲ ਜੁੜ ਗਿਆ, ਸਿੱਖ ਪਰਚਾਰਕ ਬਣ ਗਆ ਅਤੇ ਨਾਮ ਹੋ ਗਿਆ ਗਆਨੀ ਦਿੱਤ ਸਿੰਘ, ਉਸ ਨੇ ਏਸੇ ਆਧਾਰ ਤੇ ਆਰੀਆ ਸਮਾਜੀ ਸਿਧਾਂਤ ਨੂੰ ਗਲਤ ਸਾਬਤ ਕਰ ਕੇ ਸਵਾਮੀ ਦਯਾ ਨੰਦ ਨੂੰ ਤਿੰਨ ਵਾਰ ਹਰਾਇਆ, ਜਦ ਕਿ ਉਸ ਦਾ ਮਕਸਦ ਹਰਾਉਣਾ ਨਹੀਂ ਸੀ, ਪਰ ਤਰਕ-ਸ਼ਾਸਤ੍ਰੀ ਦਯਾ ਨੰਦ ਵਲੋਂ ਹੀ ਇਹ ਚਨੌਤੀ ਦਿੱਤੀ ਗਈ ਸੀ। ਕਿੰਨਾ ਚੰਗਾ ਹੁੰਦਾ ਸਿੱਖੀ ਦੇ ਪਰਚਾਰਕ ਵੀ, ਤਰਕ-ਸ਼ਾਸਤ੍ਰੀ ਬਣਨ ਦੀ ਥਾਂ ਗੁਰਬਾਣੀ ਦੇ ਇਕੋ ਅਰਥ ਦੀ ਖੋਜ ਕਰਦੇ।)
ਨਾਨਕ ਆਖਦਾ ਹੈ- ਜ਼ਿੰਦਗੀ ਦਾ ਸਹੀ ਰਸਤਾ ਸਿਰਫ ਇਹੀ ਹੈ, ਸਿਮਰਨ ਤੋਂ ਲਾਂਭੇ ਦੀਆਂ ਗੱਲਾਂ ਦੱਸਣ ਵਾਲਾ ਸ਼ੈਤਾਨ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)