ਕੀ ਸਿੱਖਾਂ ਨੂੰ ਰਾਜ ਦੀ ਲੋੜ ਹੈ ! (ਭਾਗ 1,)
ਮੌਜੂਦਾ ਸਮੇ ਵਿਚ ਇਹ ਗੱਲ ਉਸ ਵੇਲੇ ਤੋਂ ਸ਼ੁਰੂ ਹੋਈ ਜਦ 1947 ਮਗਰੋਂ ਸਿੱਖਾਂ ਨਾਲ ਜ਼ਿਆਦਤੀ ਸ਼ੁਰੂ ਹੋਈ, ਅਤੇ ਅੱਜ ਤੱਕ ਇਹ ਤੋਤਾ-ਰਟਣੀ ਚੱਲ ਰਹੀ ਹੈ। ਜੇ ਮੈਂ ਇਹ ਕਹਾਂ ਕਿ ਪਰਤਾਪ ਸਿੰਘ ਕੈਰੋਂ ਵੇਲੇ ਤੋਂ ਅੱਜ ਤੱਕ ਰਾਜ ਸਿੱਖਾਂ ਹੱਥ ਹੀ ਰਿਹਾ ਹੈ, ਤਾਂ ਇਸ ਵਿਚ ਕੀ ਗਲਤ ਹੋਵੇਗਾ ? ਇਸ ਦੇ ਬਾਵਜੂਦ ਵੀ ਅੱਜ ਤੱਕ, ਕਦੀ ਸਿੱਖ ਰਾਜ, ਕਦੀ ਸਿੱਖਾਂ ਦਾ ਘਰ ਅਤੇ ਕਦੀ ਖਾਲਿਸਤਾਨ ਦੀਆਂ ਗੱਲਾਂ ਬਰਾਬਰ ਚਲਦੀਆਂ ਰਹੀਆਂ ਹਨ, ਇਸ ਖੇਡ ਵਿਚ ਹੀ ਕਈ ਲੋਕਾਂ ਨੇ ਰਾਜ ਵੀ ਕੀਤਾ, ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ ਕੇ, ਸਿੱਖਾਂ ਦਾ ਦਸਵੰਧ ਵੀ ਹਜ਼ਮ ਕੀਤਾ, ਖਾਲਿਸਤਾਨ ਦੀ ਆੜ ਵਿਚ ਕ੍ਰੋੜਾਂ ਰੁਪਏ ਵੀ ਵਸੂਲੇ, ਪਰ ਅੱਜ ਤੱਕ ਕਿਸੇ ਨੇ ਇਹ ਨਹੀਂ ਸਮਝਾਇਆ ਕਿ ਇਹ ਘਰ, ਇਹ ਸਿੱਖ ਰਾਜ, ਇਹ ਖਾਲਿਸਤਾਨ ਬਣੇਗਾ ਕਿਵੇਂ ? ਅਤੇ ਕਿੱਥੈ ?
ਵਿਚਾਰਨ ਵਾਲੀ ਗੱਲ ਹੈ ਕਿ, ਗੁਰੂ ਗ੍ਰੰਥ ਸਾਹਿਬ ਵਿਚ ਜਿਸ ਰਾਜ ਦੀ ਗੱਲ ਹੈ, ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਵੇਲੇ ਬਣਿਆ ਵੀ ਅਤੇ ਸਿੱਖਾਂ ਦੇ ਸਵਾਰਥ ਕਾਰਨ ਖਤਮ ਵੀ ਹੋ ਗਿਆ। ਫਿਰ ਮਿਸਲਾਂ ਨੇ ਇਸ ਪਾਸੇ ਵੱਲ ਪੈਰ ਵਧਾਏ ਵੀ, ਕਈ ਵਾਰ ਦਿੱਲੀ ਤੇ ਕਬਜਾ ਵੀ ਕੀਤਾ, ਦਿੱਲੀ ਵਾਲੇ ਗੁਰਦਵਾਰਿਆਂ ਦੀ ਥਾਂ ਦੀ ਖੋਜ ਕਰ ਕੇ ਗੁਰਦਵਾਰੇ ਵੀ ਬਣਵਾਏ, ਅੰਮ੍ਰਿਤਸਰ ਵਿਚ ਸਾਰੀਆਂ ਮਿਸਲਾਂ ਨੇ ਆਪਣੇ 'ਬੁੰਗੇ' (ਕਿਲ੍ਹੇ ਨਮਾ ਰਹਾਇਸ਼ ਘਰ) ਵੀ ਬਣਾਏ, ਇਕ ਸਾਂਝਾ ਬੁੰਗਾ "ਅਕਾਲ-ਬੁੰਗਾ" ਵੀ ਬਣਵਾਇਆ । ਜਿੱਥੇ ਸਾਰੀਆਂ ਮਸਿਲਾਂ ਇਕੱਠੀਆਂ ਹੋ ਕੇ "ਸਰਬੱਤ-ਖਾਲਸਾ" ਦਾ ਸਿਧਾਂਤ ਵਰਤ ਕੇ, 'ਮਤੇ' ਅਤੇ 'ਗੁਰਮਤੇ' ਕਰ ਕੇ ਸਿੱਖੀ ਦੇ ਭਵਿੱਖ ਦੀ ਰੂਪ-ਰੇਖਾ ਉਲੀਕਿਆ ਕਰਦੇ ਸਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ, ਅਲੱਗ ਅਲੱਗ ਹੁੰਦੇ ਹੋਏ ਵੀ ਇਕੱਠੇ ਹੋ ਕੇ ਹੰਭਲਾ ਮਾਰਿਆ ਕਰਦੇ ਸੀ।
ਮਿਸਲ਼ਾਂ ਵੇਲੇ ਦੀ ਚੜ੍ਹਤ ਨੂੰ ਅਗਾਂਹ ਵਧਾਉਣ ਦੀ ਥਾਂ ਉਸ ਸਿਧਾਂਤ ਨੂੰ ਖਤਮ ਕਿਸ ਨੇ ਕੀਤਾ ?
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਨੂੰ ਖਤਮ ਕਰਨ ਦਾ ਉਪਰਾਲਾ ਕਿਵੇਂ ਹੋਇਆ ?
ਬਾਬਾ ਬੰਦਾ ਸਿੰਘ ਜੀ ਬਹਾਦਰ ਵਲੋਂ ਖਤਮ ਕੀਤੀ "ਜਗੀਰਦਾਰੀ ਪਰਥਾ" ਨੂੰ ਮੁੜ ਲਾਗੂ ਕਿਸ ਨੇ ਕੀਤਾ ?
ਅਤੇ ਇਸ ਤੋਂ ਅਗਾਂਹ, ਅੱਜ ਤਕ ਕੀ ਹੋਇਆ ? ਅਤੇ ਕਿਵੇਂ ਹੋਇਆ ?
ਇਹ ਸਾਰਾ ਇਤਿਹਾਸ ਦਾ ਵਿਸ਼ਾ ਹੈ, ਕੀ ਸਿੱਖ ਇਤਿਹਾਸਕਾਰ ਇਸ ਨਾਲ ਨਿਆਂ ਕਰ ਸਕਦੇ ਹਨ ?
ਇਤਿਹਾਸ ਨੂੰ ਫਰੋਲੇ ਬਗੈਰ, ਉਸ ਵਿਚ ਕੀਤੀਆਂ ਗਲਤੀਆਂ ਤੋਂ ਸਬਕ ਲਏ ਬਗੈਰ, ਇਤਿਹਾਸ ਵਿਚ ਕੀਤੇ ਗਏ ਚੰਗੇ ਕੰਮਾਂ ਤੋਂ ਸੇਧ ਲਏ ਬਗੈਰ, ਕਿਵੇਂ ਕੋਈ ਸੰਸਥਾ ਵਧ-ਫੁੱਲ ਸਕਦੀ ਹੈ ?
ਕੀ ਕਦੇ ਸਿੱਖਾਂ ਨੇ ਰਲ ਕੇ ਇਸ ਪਾਸੇ ਸੋਚਿਆ ਹੈ ?
ਇਹ ਸਾਰਾ ਕੁਝ ਕੌਣ ਕਰੇਗਾ ?
ਜੇ ਕੋਈ ਨਹੀਂ ਕਰਨ ਵਾਲਾ, ਤਾਂ ਸਿੱਖਾਂ ਨੂੰ ਰਾਜ ਦੇ ਸੁਪਨੇ ਕਿਵੇਂ ਆ ਰਹੇ ਹਨ ?
ਜਾਂ ਸਿੱਖਾਂ ਵਿਚੋਂ ਰਾਜ ਦਾ ਮਾਦਾ, ਬਿਲਕੁਲ ਖਤਮ ਕਰਨ ਲਈ, ਇਹ ਚਾਲਾਂ ਚੱਲੀਆਂ ਜਾ ਰਹੀਆਂ ਹਨ, ਤਾਂ ਜੋ ਇਨ੍ਹਾਂ ਗੱਲਾਂ ਆਸਰੇ ਸਿੱਖਾਂ ਦੀ ਆਰਥਿਕ ਸਮਰਥਾ, ਗੁਰੂ ਗਰੰਥ ਸਾਹਿਬ ਜੀ ਦਾ ਭਰੋਸਾ ਅਤੇ ਆਪਸੀ ਏਕਤਾ ਖਤਮ ਕਰ ਕੇ, ਰਾਜ ਦਾ ਸੁਪਨਾ ਵੀ ਖਤਮ ਕੀਤਾ ਜਾਵੇ ।
ਕੀ ਕੋਈ ਸਿੱਖ ਵੀਰ ਇਨ੍ਹਾਂ ਗੱਲਾਂ ਦਾ ਜਵਾਬ ਦੇ ਸਕਦਾ ਹੈ ?
ਸਿੱਖਾਂ ਵਿਚ ਬਹੁਤ ਵੀਰ , ਚਿੰਤਕ , ਇਤਿਹਾਸਕਾਰ ਹਨ, ਜੋ ਵੇਲੇ-ਕੁਵੇਲੇ ਸਿੱਖਾਂ ਦੇ ਭਲੇ ਦੀ ਗੱਲ ਕਰਦੇ ਰਹਿੰਦੇ ਹਨ, ਕੀ ਉਹ ਇਨ੍ਹਾਂ ਗੱਲਾਂ ਦਾ ਜਵਾਬ ਦੇਣਗੇ ?
ਜੇ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਫੋਕੀਆਂ ਗੱਲਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਅਮਰ ਜੀਤ ਸਿੰਘ ਚੰਦੀ