ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (419)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (419)
Page Visitors: 2

   ਗੁਰਬਾਣੀ ਦੀ ਸਰਲ ਵਿਆਖਿਆ ਭਾਗ (419)         
     ਮ: 1 ਸਲੋਕੁ ॥
     ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
     ਨਾਨਕ ਅਵਰੁ ਨ ਜੀਵੈ ਕੋਇ ॥
     ਜੇ ਜੀਵੈ ਪਤਿ ਲਥੀ ਜਾਇ ॥
     ਸਭੁ ਹਰਾਮੁ ਜੇਤਾ ਕਿਛੁ ਖਾਇ ॥
     ਰਾਜਿ ਰੰਗੁ ਮਾਲਿ ਰੰਗੁ ॥
     ਰੰਗਿ ਰਤਾ ਨਚੈ ਨੰਗੁ ॥
     ਨਾਨਕ ਠਗਿਆ ਮੁਠਾ ਜਾਇ ॥
     ਵਿਣੁ ਨਾਵੈ ਪਤਿ ਗਇਆ ਗਵਾਇ ॥1
      ਅਸਲ ਵਿਚ ਉਹ ਮਨੁੱਖ ਜਿਊਂਦਾ ਹੈ, ਜਿਸ ਦੇ ਮਨ ਵਿਚ ਪਰਮਾਤਮਾ ਵੱਸ ਰਿਹਾ ਹੈ। ਹੇ ਨਾਨਕ ਬੰਦਗੀ ਵਾਲੇ ਤੋਂ ਬਿਨਾ ਕੋਈ ਹੋਰ ਜਿਊਂਦਾ ਨਹੀਂ ਹੈ। ਜੋ ਨਾਮ ਵਿਹੂਣਾ ਵੇਖਣ ਨੂੰ ਜਿਊਂਦਾ ਭੀ ਹੈ, ਤਾਂ ਉਹ ਇੱਜ਼ਤ ਗਵਾ ਕੇ ਏਥੋਂ ਜਾਂਦਾ ਹੈ। ਜੋ ਕੁਝ ਏਥੇ ਖਾਂਦਾ-ਪੀਂਦਾ ਹੈ, ਹਰਾਮ ਹੀ ਖਾਂਦਾ ਹੈ। ਜਿਸ ਮਨੁੱਖ ਦਾ ਰਾਜ ਵਿਚ ਪਿਆਰ ਹੈ, ਮਾਲ ਵਿਚ ਮੋਹ ਹੈ, ਉਹ ਇਸ ਮੋਹ ਵਿਚ ਮਸਤਿਆ ਹੋਇਆ, ਬੇ-ਸ਼ਰਮ ਹੋ ਕੇ ਨੱਚਦਾ ਹੈ, ਮਚਦਾ ਹੈ, ਆਕੜਦਾ ਹੈ। ਹੇ ਨਾਨਕ, ਪ੍ਰਭੂ ਦੇ ਨਾਮ ਤੋਂ ਸੱਖਣਾ ਮਨੁੱਖ ਠੱਗਿਆ ਜਾ ਰਿਹਾ ਹੈ, ਲੁਟਿਆ ਜਾ ਰਿਹਾ ਹੈ, ਇੱਜ਼ਤ ਗਵਾ ਕੇ ਏਥੋਂ ਜਾਂਦਾ ਹੈ।1
     ਮ: 1
     ਕਿਆ ਖਾਧੈ ਕਿਆ ਪੈਧੈ ਹੋਇ ॥
     ਜਾ ਮਨਿ ਨਾਹੀ ਸਚਾ ਸੋਇ ॥
     ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥
     ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥
     ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥
     ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥2
      ਜਿਸ ਪ੍ਰਭੂ ਨੇ ਸਾਰੇ ਸੋਹਣੇ ਪਦਾਰਥ ਦਿੱਤੇ ਹਨ, ਜੇ ਉਹ ਸੱਚਾ ਪ੍ਰਭੂ ਹਿਰਦੇ ਵਿਚ ਨਹੀਂ ਵੱਸਦਾ, ਤਾਂ ਸੋਹਣੇ ਭੋਜਨ ਖਾਣ ਤੇ ਸੋਹਣੇ ਕੱਪੜੇ ਹੰਢਾਣ ਦਾ ਕੀ ਸਵਾਦ ? ਕੀ ਹੋਇਆ ਜੇ ਮੇਵੇ, ਘਿਉ, ਮਿੱਠਾ, ਗੁੜ, ਮੈਦਾ ਤੇ ਮਾਸ ਆਦਿ ਪਦਾਰਥ ਵਰਤੇ ? ਕੀ ਹੋਇਆ ਜੇ ਸੋਹਣੇ ਕੱਪੜੇ ਤੇ ਸੌਖੀ ਸੇਜ ਮਿਲ ਗਈ ਤੇ ਜੇ ਮੌਜਾਂ ਮਾਣ ਲਈਆਂ? ਤਾਂ ਕੀ ਬਣ ਗਿਆ ਜੇ ਫੌਜ, ਚੋਬਦਾਰ, ਚੌਰ-ਬਰਦਾਰ ਮਿਲ ਗਏ ਤੇ ਮਹਲਾਂ ਵਿਚ ਵੱਸਣਾ ਨਸੀਬ ਹੋਇਆ ?
  ਹੇ ਨਾਨਕ, ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਪਦਾਰਥ ਨਾਸਵੰਤ ਹਨ।2। 
     ਪਵੜੀ ॥
     ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥
     ਮਹੁਰਾ ਹੋਵੈ ਹਥਿ ਮਰੀਐ ਚਖੀਐ ॥
     ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥
     ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥
     ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥
     ਤਬਲਬਾਜ ਬੀਚਾਰ ਸਬਦਿ ਸੁਣਾਇਆ ॥
     ਇਕਿ ਹੋਏ ਅਸਵਾਰ ਇਕਨਾ ਸਾਖਤੀ ॥
     ਇਕਨੀ ਬਧੇ ਭਾਰ ਇਕਨਾ ਤਾਖਤੀ ॥10
     ਪ੍ਰਭੂ ਦੇ ਦਰ ਤੇ ਤਾਂ ਸੱਚਾ ਨਾਮ-ਰੂਪ ਸੌਦਾ ਪਰਖਿਆ ਜਾਂਦਾ ਹੈ, ਜਾਤੀ ਦੇ ਹੱਥ ਵਿਚ ਕੁਝ ਨਹੀਂ ਹੈ, ਕਿਸੇ ਜਾਤ, ਵਰਣ ਦਾ ਕੋਈ ਹਿਸਾਬ ਨਹੀਂ ਹੁੰਦਾ। ਜਾਤ ਦਾ ਅਭਿਮਾਨ ਜ਼ਹਰ ਸਮਾਨ ਹੈ, ਜੇ ਕਿਸੇ ਕੋਲ ਮਹੁਰਾ ਹੋਵੇ, ਭਾਵੇਂ ਕਿਸੇ ਜਾਤ ਦਾ ਹੋਵੇ, ਜੇ ਮਹੁਰਾ ਖਾਏਗਾ ਤਾਂ ਮਰੇਗਾ, ਅਕਾਲ-ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿਚ ਵਰਤਦਾ ਸਮਝ ਲਵੋ, ਕਿਸੇ ਵੀ ਜੁਗ ਵਿਚ ਜਾਤੀ ਦਾ ਲਿਹਾਜ਼ ਨਹਂI ਹੋਇਆ।
  ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਦਰਗਾਹ ਵਿਚ ਉਹੀ ਇੱਜ਼ਤ ਵਾਲਾ ਹੈ, ਜੋ ਪ੍ਰਭੂ ਦਾ ਹੁਕਮ ਮੰਨਦਾ ਹੈ। ਖਸਮ ਪ੍ਰਭੂ ਨੇ ਜੀਵ ਨੂੰ ਹੁਕਮ ਮੰਨਣ-ਰੂਪ ਕਾਰ ਦੇ ਕੇ ਜਗਤ ਵਿਚ ਭੇਜਿਆ ਹੈ। ਨਗਾਰਚੀ ਗੁਰੂ ਨੇ ਸ਼ਬਦ ਦੀ ਰਾਹੀਂ ਇਹੀ ਗੱਲ ਸੁਣਾਈ ਹੈ, ਗੁਰੂ ਨੇ ਸ਼ਬਦ ਦੀ ਰਾਹੀਂ ਏਸੇ ਗੱਲ ਦਾ ਢੰਡੋਰਾ ਦੇ ਦਿੱਤਾ ਹੈ। ਇਹ ਢੰਡੋਰਾ ਸੁਣ ਕੇ ਕਈ ਗੁਰਮੁਖ ਤਾਂ ਅਸਵਾਰ ਹੋ ਗਏ ਹਨ, ਇਸ ਰਾਹ ਤੇ ਤੁਰ ਪਏ ਹਨ, ਕਈ ਬੰਦੇ ਤਿਆਰ ਹੋ ਗਏ ਹਨ, ਕਈਆਂ ਨੇ ਅਸਬਾਬ (ਸਾਮਾਨ) ਲੱਦ ਲਏ ਹਨ, ਤੇ ਕਈ ਛੇਤੀ ਦੌੜ ਪਏ ਹਨ।10
    ਚੰਦੀ ਅਮਰ ਜੀਤ ਸਿੰਘ   (ਚਲਦਾ)    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.