ਗੁਰਬਾਣੀ ਦੀ ਸਰਲ ਵਿਆਖਿਆ ਭਾਗ (424)
ਸਲੋਕੁ ਮ: 1 ॥
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥
ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥
ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥
ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥
ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥
ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥
ਨਾਨਕੁ ਏਕ ਕਹੈ ਬੇਨMਤੀ ਹੋਰਿ ਸਗਲੇ ਕੂੜੁ ਕਮਾਵਹਿ ॥1॥
ਜਦੋਂ ਤੇਰੀ ਰਜ਼ਾ ਹੁੰਦੀ ਹੈ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼ ਵਜਾਂਦੇ ਹਨ ਤੇ ਗਾਉਂਦੇ ਹਨ, ਤੀਰਥਾਂ ਦੇ ਜਲ ਵਿਚ ਇਸ਼ਨਾਨ ਕਰਦੇ ਹਨ, ਕਈ ਪਿੰਡੇ ਉੱਤੇ ਸੁਆਹ ਮਲਦੇ ਹਨ ਤੇ ਸਿੰਙੀ ਦਾ ਨਾਦ ਵਜਾਂਦੇ ਹਨ, ਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ ਅਖਵਾਂਦੇ ਹਨ, ਕਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ, ਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ, ਕੋਈ ਪਰਦੇਸ ਜਾਂਦੇ ਹਨ, ਉਧਰ ਦੀਆਂ ਗੱਲਾਂ ਸੁਣ ਕੇ ਮੁੜ ਆਪਣੇ ਘਰ ਆਉਂਦੇ ਹਨ। ਹੇ ਪ੍ਰਭੂ ਇਹ ਵੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ, ਉਹ ਤੈਨੂੰ ਪਿਆਰੇ ਲਗਦੇ ਹਨ। ਨਾਨਕ ਇਕ ਅਰਜ਼ ਕਰਦਾ ਹੈ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਹੋਰ ਸਾਰੇ, ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ ਕੂੜ ਕਮਾ ਰਹੇ ਹਨ, ਉਹ ਸੌਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ।1।
ਮ: 1 ॥
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥
ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
ਹੁਕਮੁ ਸਾਜਿ ਹੁਕਮੈ ਵਿiਚ ਰਖੈ ਨਾਨਕ ਸਚਾ ਆਪਿ ॥2॥
ਜਦੋਂ ਇਹ ਗੱਲ ਠੀਕ ਹੈ ਕਿ ਤੂੰ ਵੱਡਾ-ਪ੍ਰਭੂ ਜਗਤ ਦਾ ਕਰਤਾਰ ਹੈਂ, ਤਾਂ ਜੋ ਕੁਝ ਵੀ ਜਗਤ ਵਿਚ ਹੋ ਰਿਹਾ ਹੈ, ਸਭ ਤੇਰੀਆਂ ਹੀ ਵਡਿਆਈਆਂ ਹਨ, ਕਿਉਂਕਿ ਚੰਗੇ ਤੋਂ ਚੰਗਿਆਈ ਹੀ ਉਤਪੰਨ ਹੁੰਦੀ ਹੈ। ਜਦੋਂ ਇਹ ਯਕੀਨ ਬੱਝ ਜਾਵੇ ਕਿ ਤੂੰ ਸੱਚਾ ਪ੍ਰਭੂ ਸਿਰਜਣਹਾਰ ਹੈਂ, ਤਾਂ ਹਰੇਕ ਜੀਵ ਸੱਚਾ ਦਿਸਦਾ ਹੈ, ਕਿਉਂਕਿ ਹਰੇਕ ਜੀਵ ਵਿਚ ਤੂੰ ਆਪ ਮੌਜੂਦ ਹੈਂ, ਤਾਂ ਫਿਰ ਇਸ ਜਗਤ ਵਿਚ ਕੋਈ ਕੂੜਾ ਨਹੀਂ ਹੋ ਸਕਦਾ। ਜੋ ਕੁਝ ਦਿਖਾਵੇ ਮਾਤ੍ਰ ਬਾਹਰ ਦਿਸ ਰਿਹਾ ਹੈ, ਇਹ ਆਖਣਾ ਵੇਖਣਾ, ਇਹ ਬੋਲ-ਚਾਲ, ਇਹ ਜਿਊਣਾ ਤੇ ਮਰਨਾ, ਇਹ ਸਭ-ਕੁਝ ਮਾਇਆ-ਰੂਪ ਹੈ, ਅਸਲੀਅਤ ਨਹੀਂ ਹੈ, ਅਸਲੀਅਤ ਪ੍ਰਭੂ ਆਪ ਹੀ ਹੈ।
ਹੇ ਨਾਨਕ, ਉਹ ਸਦਾ-ਕਾਇਮ ਰਹਣ ਵਾਲਾ ਪ੍ਰਭੂ ਆਪ, ਆਪਣੀ ਹੁਕਮ ਰੂਪ ਸੱਤਿਆ ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿਚ ਤੋਰ ਰਿਹਾ ਹੈ।2।
ਪਉੜੀ ॥
ਸਤਿਗੁਰ ਸੇਵਿ ਨਿਸੰਗੁ ਭਰਮੁ ਚੁਕਾਈਐ ॥
ਸਤਿਗੁਰ ਆਖੈ ਕਾਰ ਸੁ ਕਾਰ ਕਮਾਈਐ ॥
ਸਤਿਗੁਰ ਹੋਇ ਦਇਆਲੁ ਤ ਨਾਮੁ ਧਿਆਈਐ ॥
ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
ਮਨਮੁਖਿ ਕੂੜੁ ਗੁਬਾਰੁ ਕੂੜ ਕਮਾਈਐ ॥
ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥
ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥
ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥15॥
ਜੇ ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨੀਏ, ਤਾਂ ਭਟਕਣਾ ਦੂਰ ਹੋ ਜਾਂਦੀ ਹੈ। ਉਹੀ ਕੰਮ ਕਰਨਾ ਚਾਹੀਦਾ ਹੈ, ਜੋ ਕਰਨ ਲਈ ਗੁਰੂ ਆਖੇ। ਜੇ ਸੱਚਾ ਗੁਰੂ ਮਿਹਰ ਕਰੇ, ਤਾਂ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ। ਗੁਰੂ ਦੇ ਸਨਮੁਖ ਹੋਇਆਂ ਪ੍ਰਭੂ ਦੀ ਬੰਦਗੀ-ਰੂਪ ਸਭ ਤੋਂ ਚੰਗਾ ਲਾਭ ਮਿਲਦਾ ਹੈ। ਪਰ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿਰਾ ਕੂੜ, ਨਿਰਾ ਹਨੇਰਾ ਹੀ ਖੱਟਦਾ ਹੈ।
ਜੇ ਸੱਚੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਸੱਚੇ ਦਾ ਨਾਮ ਜਪੀਏ, ਤਾਂ ਇਸ ਸੱਚੇ ਨਾਮ ਦੀ ਰਾਹੀਂ, ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦਾ ਹੈ। ਹੇ ਨਾਨਕ, ਜਿਸ ਦੇ ਪੱਲੇ ਸਦਾ ਸੱਚ ਹੈ, ਉਹ ਸੱਚ ਦਾ ਵਪਾਰੀ ਹੈ, ਉਹ ਸੱਚ ਵਿਚ ਲੀਨ ਰਹਿੰਦਾ ਹੈ।15।
ਚੰਦੀ ਅਮਰ ਜੀਤ ਸਿੰਘ (ਚਲਦਾ)