ਗੁਰਬਾਣੀ ਦੀ ਸਰਲ iਵਆiਖਆ ! (ਭਾਗ 447)
ਗਉੜੀ ਮਹਲਾ 1 ॥
ਕਿਰਤੁ ਪਇਆ ਨਹ ਮੇਟੈ ਕੋਇ ॥ ਕਿਆ ਜਾਣਾ ਕਿਆ ਆਗੈ ਹੋਇ ॥
ਜੋ ਤਿਸੁ ਭਾਣਾ ਸੋਈ ਹੂਆ ॥ ਅਵਰੁ ਨ ਕਰਣੈ ਵਾਲਾ ਦੂਆ ॥1॥
ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ, ਕਰਮਾਂ ਦੀ ਰਾਹੀਂ ਕੋਈ ਮਨੁੱਖ ਮਿਟਾ ਨਹੀਂ ਸਕਦਾ। ਏਸੇ ਤਰ੍ਹਾਂ ਅਗਾਂਹ ਲਈ ਵੀ ਕਰਮ-ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ, ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀ ਵਾਪਰੇਗਾ। ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਿੱਖੋ, ਜਗਤ ਵਿਚ ਜੋ ਕੁਝ ਹੋ ਰਿਹਾ ਹੈ, ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ, ਪ੍ਰਭੂ ਤੋਂ ਬਿਨਾ ਹੋਰ ਕੋਈ ਵੀ ਕਰਨ ਵਾਲਾ ਨਹੀਂ ਹੈ, ਓਸੇ ਦੀ ਭਗਤੀ ਕਰੋ ।1।
ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥ ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥1॥ ਰਹਾਉ ॥
ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ, ਮੈਂ ਇਨ੍ਹਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ, ਦੂਜੇ ਪਾਸੇ, ਹੇ ਪ੍ਰਭੂ, ਤੇਰੀਆਂ ਬੇ-ਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ, ਉਨ੍ਹਾਂ ਨੂੰ ਵੀ ਮੈਂ ਨਹੀਂ ਸਮਝਦਾ, ਇਹ ਖਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੈ। ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ, ਮੈਨੂੰ ਤੇੇਰੇ ਨਾਮ ਦੀ ਹੀ ਓਟ ਹੈ। ਨਾ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾ ਮਾਣ ਹੈ ਕਿਸੇ ਉੱਚੀ ਜਾਤ ਦਾ ।1।ਰਹਾੳੇ।
ਤੂ ਏਵਡੁ ਦਾਤਾ ਦੇਵਣਹਾਰੁ ॥ ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥
ਕੀਆ ਗਰਬੁ ਨ ਆਵੈ ਰਾਸਿ ॥ ਜੀਉ ਪਿੰਡੁ ਸਭੁ ਤੇਰੈ ਪਾਸਿ ॥2॥
ਹੇ ਪ੍ਰਭੂ, ਤੂੰ ਦਾਤਾਂ ਦੇਣ ਵਾਲਾ, ਇਤਨਾ ਵੱਡਾ ਦਾਤਾ ਹੈਂ, ਭਗਤੀ ਦੀ ਦਾਤ ਵੀ ਤੂੰ ਆਪ ਹੀ ਦੇਂਦਾ ਹੈਂ, ਤੇਰੇ ਖਜ਼ਾਨਿਆਂ ਵਿਚ ਭਗਤੀ ਦੀ ਦਾਤ ਦੀ ਕੋਈ ਘਾਟ ਨਹੀਂ ਹੈ, ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ ਕੀਤਾ ਹੋਇਆ ਹੰਕਾਰ ਕੁਝ ਸਵਾਰ ਨਹੀਂ ਸਕਦਾ, ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ। ਜਿਵੇਂ ਤੂੰ ਸਰੀਰ ਦੀ ਪਰਵਰਿਸ਼ ਲਈ ਰੋਜ਼ੀ ਦੇਂਦਾ ਹੈਂ, ਤਿਵੇਂ ਜਿੰਦ ਨੂੰ ਵੀ ਭਗਤੀ ਦੀ ਖੁਰਾਕ ਦੇਣ ਵਾਲਾ ਤੂੰ ਹੀ ਹੈਂ।2।
ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥ ਜਿਉ ਭਾਵੀ ਤਿਉ ਨਾਮੁ ਜਪਾਇ ॥
ਤੂੰ ਦਾਨਾ ਬੀਨਾ ਸਾਚਾ ਸਿiਰ ਮੇਰੈ ॥ ਗੁਰਮਤਿ ਦੇਇ ਭਰੋਸੈ ਤੇਰੈ ॥3॥
ਹੇ ਪ੍ਰਭੂ, ਤੂੰ ਆਪ ਹੀ ਮੈਨੂੰ ਗੁਰੂ ਦੀ ਮੱਤ ਦੇ ਕੇ, ਮੇਰੇ ਉੱਤੇ ਮਿਹਰ ਕਰ ਕੇ, ਮੈਨੂੰ ਆਪਣੇ ਚਰਨਾਂ ਵਿਚ ਜੋੜ ਕੇ, ਮੇਰਾ ਆਪਾ-ਭਾਵ ਮਾਰ ਕੇ, ਤੇ ਜਿਵੇਂ ਤੈਨੂੰ ਭਾਉਂਦਾ ਹੈ, ਮੈਨੂੰ ਆਪਣਾ ਨਾਮ ਜਪਾ ਕੇ, ਮੈਨੂੰ ਆਤਮਕ ਜੀਵਨ ਦੇਂਦਾ ਹੈਂ। ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ ਮੇਰੀ ਹਾਲਤ ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ ਰਾਖਾ ਹੈਂ, ਮੈਂ ਸਦਾ ਤੇਰੇ ਹੀ ਆਸਰੇ ਹਾਂ, ਮੈਨੂੰ ਆਪਣੇ ਕਿਸੇ ਕਰਮ ਦਾ ਆਸਰਾ ਨਹੀਂ ਹੈ।3[ ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ ਗੁਰ ਬਚਨੀ ਸਚੁ ਸਬਦਿ ਪਛਾਤਾ ॥
ਤੇਰਾ ਤਾਣੁ ਨਾਮ ਕੀ ਵਡਿਆਈ ॥ ਨਾਨਕ ਰਹਣਾ ਭਗਤਿ ਸਰਣਾਈ ॥4॥10॥
ਹੇ ਪ੍ਰਭੂ, ਜਿਨ੍ਹਾਂ ਦਾ ਮਨ ਤੇਰੇ ਪਿਆਰ ਵਿਚ ਰੰਗਿਆ ਹੋਇਆ ਹੈ, ਉਨ੍ਹਾਂ ਦੇ ਸਰੀਰ ਵਿਚ ਵਿਕਾਰਾਂ ਦੀ ਮੈਲ ਨਹੀਂ। ਗੁਰੂ ਦੇ ਬਚਨਾਂ ਉੱਤੇ ਤੁਰ ਕੇ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਨ੍ਹਾਂ ਨੇ ਤੈਨੂੰ ਸਦਾ ਕਾਇਮ ਰਹਣ ਵਾਲੇ ਨੂੰ ਪਛਾਣ ਲਿਆ ਹੈ, ਤੇਰੇ ਨਾਲ ਸਾਂਝ ਪਾ ਲਈ ਹੈ, ਕਰਮਾਂ ਦਾ ਆਸਰਾ ਲੈਣ ਦੀ ਥਾਂ, ਉਨ੍ਹਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ। ਹੇ ਨਾਨਕ, ਆਖ, ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਸਦਾ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ।4।10।
ਚੰਦੀ ਅਮਰ ਜੀਤ ਸਿੰਘ (ਚਲਦਾ)