'ਸ.ਪਾਲ ਸਿੰਘ ਪੁਰੇਵਾਲ ਜੀ ਨਾਲ ਮੁਲਾਕਾਤ'
‘ਨਾਨਕਸ਼ਾਹੀ ਕਲੈਂਡਰ’ ਬਨਾਉਂਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਅਰੰਭੇ ਗਏ ਕਾਰਜ ਬਾਦ, ਉਸਦੀ ਤਿਆਰੀ ਵਿਚ ਵੱਡਾ ਯੋਗਦਾਨ ਪਾਉਂਣ ਵਾਲੇ ਕਲੈਂਡਰ ਮਾਹਰ, ਸ. ਪਾਲ ਸਿੰਘ ਪੁਰੇਵਾਲ ਜੀ ਨਾਲ ਹੋਈ ਵਿਸਤ੍ਰਤ ਮੁਲਾਕਾਤ ਵਿਚ, ਉਨਾਂ ਨੇ ਦੱਸੇਆ ਕਿ ਨਾਨਕਸ਼ਾਹੀ ਕਲੈਂਡਰ ੨੦੦੩ ਲਈ ਸਭ ਤੋਂ ਵੱਧ ਕ੍ਰੇਡਟ (Credit) ਕਮੇਟੀ ਦੇ ਤਤਕਾਲੀਨ ਪ੍ਰਧਾਨ ਸ. ਗੁਰਚਰਨ ਸਿੰਘ ਟੋਹਰਾ, ਬੀਬੀ ਜਾਗੀਰ ਕੌਰ, ਸ਼੍ਰੀ ਅਕਾਲ ਤਖਤ ਦੇ ਸਾਬਕਾ ਜੱਥੇਦਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਬਡੂੰਗਰ ਜੀ ਨੂੰ ਜਾਂਦਾ ਹੈ। ਉਹ ਇਸ ਗਲ ਤੇ ਸਹਿਮਤ ਸਨ ਕਿ ਮਤਭੇਦਾਂ ਦੇ ਬਾਵਜੂਦ ਨਾਨਕਸ਼ਾਹੀ ਕਲੈਂਡਰ ਦੀ ਹੋਂਦ ਇਕ ਸੱਚਾਈ ਹੈ, ਜਿਸ ਵਿਚ ਪਾਏ ਯੋਗਦਾਨ ਲਈ ਮੈਂ ਪੁਰੇਵਾਲ ਜੀ ਨੂੰ ਵਧਾਈ ਵੀ ਦਿੱਤੀ।
ਇਹ ਪੁੱਛੇ ਜਾਣ ਤੇ ਕਿ ਕੀ ਉਹ ਨਾਨਕਸ਼ਾਹੀ ਕਲੈਂਡਰ (੨੦੦੩) ਤੋਂ ਇਲਾਵਾ ਹੁਣ ਇਕ ਹੋਰ ਵੱਖਰਾ ਨਾਨਕਸ਼ਾਹੀ ਕਲੈਂਡਰ ਬਨਾਉਂਣ ਲੱਗੇ ਹਨ, ਤਾਂ ਉਨਾਂ ਨਾਨਕਸ਼ਾਹੀ ਕਲੈਂਡਰ (੨੦੦੩) ਨਾਲ ਆਪਣੀ ਪ੍ਰਤਿਬੱਧਤਾ ਜਤਾਉਂਦੇ ਹੋਏ ਸਪਸ਼ਟ ਕੀਤਾ, ਕਿ ਉਨਾਂ ਨਾ ਤਾਂ ਐਸਾ ਕਿਹਾ ਹੈ ਅਤੇ ਨਾ ਹੀ ਉਹ ਐਸਾ ਕਰਨ ਗੇ।
ਉਨਾਂ ਦਾ ਕਹਿਣਾ ਸੀ ਕਿ ਹੋਲਾ ਮੁਹਲਾ, ਬੰਧੀ ਛੋੜ ਦਿਵਸ (ਦਿਵਾਲੀ) ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇਆਂ ਨੂੰ ਵੀ ਨਿਸ਼ਚਤ ਕਰਨ ਦੀ ਲੋੜ ਬਾਰੇ ਗਲ ਕਰਦੇ ਆਏ ਹਨ ਪਰ ਉਨਾਂ ਹੁਣ ਨਾਨਕਸ਼ਾਹੀ ਕਲੈਂਡਰ (੨੦੦੩) ਤੋਂ ਵੱਖਰਾ ਨਾਨਕਸ਼ਾਹੀ ਕਲੈਂਡਰ ਬਨਾਉਂਣ ਦੀ ਕੋਈ ਗਲ ਨਹੀਂ ਕੀਤੀ ਅਤੇ ਨਾ ਹੀ ਐਸਾ ਕਰਨ ਬਾਰੇ ਆਪਣੀ ਰਜ਼ਾਮੰਦੀ ਜਾਹਰ ਕੀਤੀ ਹੈ।
ਸ. ਪਾਲ ਸਿੰਘ ਪੁਰੇਵਾਲ ਜੀ ਨਾਲ ਕਲੈਂਡਰ ਵਿਸ਼ੇ ਬਾਰੇ ਵਿਸਤਾਰ ਵਿਚਾਰਾਂ ਵੀ ਹੋਇਆਂ। ਉਨਾਂ 'ਸੋਲਰ ਈਯਰ', 'ਟ੍ਰਾਪਿਕਲ ਈਯਰ' ਅਤੇ 'ਲੂਨਰ ਈਯਰ' ਆਦਿ ਬਾਰੇ ਆਪਣੇ ਵੱਲੋ ਸਾਲਾਂ ਬੱਧੀ ਕੀਤੇ ਅਧਿਐਨ ਬਾਰੇ ਵੀ ਜਾਣਕਾਰੀ ਦਿੱਤੀ। ਉਨਾਂ ਆਪਣੇ ਵਲੋਂ ੧੫ ਕੁ ਸਾਲ ਪਹਿਲਾਂ ਤਿਆਰ ਕੀਤੀ ੫੦੦ ਸਾਲਾ ਜੰਤਰੀ ਬਾਰੇ ਵੀ ਜਾਣਕਾਰੀ ਦਿੱਤੀ ਜੋ ਕਿ ਤਿਥੀਆਂ ਨੂੰ ਸਮਝਣ ਲਈ ਇਕ ਉਪਯੋਗੀ ਜੰਤਰੀ ਹੈ ਅਤੇ ਹੁਣ ਦੁਬਾਰਾ ਛੱਪ ਰਹੀ ਹੈ।
ਇਸਦੇ ਨਾਲ ਉਨਾਂ ਆਪਣੇ ਵਲੋਂ ਤਿਆਰ ਇਕ ਕੰਪਯੂਟਰ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਰਾਹੀਂ ਤਿਥੀਆਂ ਦੀ ਗਣਨਾ ਦੇ ਨਾਲ-ਨਾਲ ਹਰ ਤਿਥੀ ਸਬੰਧੀ ਵਿਸਤਾਰ ਜਾਣਕਾਰੀ ਵੀ ਲੱਭੀ ਜਾ ਸਕਦੀ ਹੈ। ਮੈਂ ਬੇਨਤੀ ਕੀਤੀ ਕਿ ਉਹ ਇਸ ਪ੍ਰੋਗਰਾਮ ਨੂੰ ਕਿਸੇ ਯੂਨਿਵਰਸਟੀ ਨੂੰ ਦੇਂਣ ਤੋਂ ਪਹਿਲਾਂ ਇਸ ਨੂੰ ‘ਸਿੱਖ ਰੈਫਰੇਂਸ ਲਾਈਬਰੇਰੀ’ ਦੇ ਮਾਧਿਅਮ ‘ਦਰਬਾਰ ਸਾਹਿਬ’ ਜੀ ਨੂੰ ਸਮਰਪਿਤ ਕਰਨ। ਉਨਾਂ ਇਸ ਬੇਨਤੀ ਨੂੰ ਸਵੀਕਾਰ ਵੀ ਕੀਤਾ
ਉਨਾਂ ਹੋਈ ਵਿਚਾਰ ਚਰਚਾ ਵਿੱਚ ਉਭਰੇ ਮਤਭੇਦਾਂ ਬਾਰੇ ਚਰਚਾ ਜਾਰੀ ਰੱਖਣ ਲਈ ਸਹਿਮਤੀ ਵੀ ਜਤਾਈ। ਮੁਲਾਕਾਤ ਲਈ ਸਮਾਂ ਦੇਂਣ ਅਤੇ ਵਿਚਾਰਾਂ ਦੇ ਵਟਾਂਦਰੇ ਲਈ ਮੈਂ ਉਨਾਂ ਦਾ ਧਨਵਾਦੀ ਹਾਂ।
ਹਰਦੇਵ ਸਿੰਘ, ਜੰਮੂ-੦੮.੧੨.੨੦੧੩
Blog:- www.hardevsinghjammu.blogspot.com