‘ਫ਼ਟਾਫ਼ਟ ਚਿੰਤਨ ਦੀ ਸ਼ੈਲੀ ਤੇ ਪੁਨਰਵਿਚਾਰ ਦੀ ਲੋੜ’
ਸਿੱਖੀ ਜੀਵਨ ਦੇ ਨਾਲ ਜੁੜੀ ਕੋਈ ਵੀ ਮਹੱਤਵਪੁਰਨ ਗਲ, ਜਿਹੜੀ ਕਿ ਸਾਨੂੰ ਵਿਰਸੇ ਵਿਚੋਂ ਦੇਖਣ-ਸੁਣਨ ਜਾਂ ਪੜਨ ਨੂੰ ਮਿਲਦੀ ਹੋਵੇ ਤਾਂ ਉਸ ਨੂੰ ਸਮਝਣ ਦਾ ਜਤਨ ਜ਼ਰੁਰ ਕਰਨਾ ਚਾਹੀਦਾ ਹੈ, ਤਾਂ ਕਿ ਗੁਰਮਤਿ ਅਤੇ ਮਨਮਤਿ ਵਿਚਲੇ ਅੰਤਰ ਨੂੰ ਵਿਚਾਰਿਆ ਜਾ ਸਕੇ।ਐਸਾ ਕਰਨਾ ਇਸ ਲਈ ਜ਼ਰੂਰੀ ਹੈ, ਕਿਉਂਕਿ ਉਹ ਮਹੱਤਵਪੁਰਨ ਗਲਾਂ ਐਸੀਆਂ ਹਨ, ਜਿਨ੍ਹਾਂ ਦੇ ਰਚਿਯਤਾ ਅਸੀਂ ਆਪ ਨਹੀਂ ਹਾਂ।ਤੇ ਜੇ ਕਰ ਕੋਈ ਚਿੰਤਕ ਐਸਾ ਨਹੀਂ ਕਰਦਾ, ਤਾਂ ਉਹ, ਬਹੁਤੀ ਵਾਰ, ਕੁੱਝ ਐਸੀਆਂ ਗਲਾਂ ਨੂੰ ਰੱਧ ਕਰਦਾ ਜਾਂਦਾ ਹੈ ਜੋ ਵਾਸਤਵ ਵਿਚ ਗਲਤ ਤਾਂ ਨਹੀਂ ਪਰ ਉਸ ਦੀ ਆਪਣੀ ਸਮਝ ਤੋਂ ਬਾਹਰ ਹੁੰਦੀਆਂ ਹਨ।
ਤੇ ਫ਼ਿਰ ਇਕ ਐਸੀ ਸ਼੍ਰੰਖਲਾ ਦਾ ਆਰੰਭ ਹੁੰਦਾ ਜਾਂਦਾ ਹੈ, ਜਿਸ ਵਿਚ ਸਮਝ ਨਾ ਆਉਂਣ ਵਾਲੀ ਹਰ ਗਲ ਦੇ ਸਮਾਧਾਨ ਦੇ ਬਜਾਏ, ਉਸ ਗਲ ਨੂੰ ਰੱਧ ਕਰਨ ਦਾ ਵਿਚਾਰ ਪੇਸ਼ ਕਰ ਦਿੱਤਾ ਜਾਂਦਾ ਹੈ।ਕੁੱਝ ਇਸੇ ਪ੍ਰਕਾਰ ਦੀ ਪਹੁੰਚ ਨਾਲ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ ਨੇ ‘ਖੰਡੇ ਬਾਟੇ ਦੇ ਅੰਮ੍ਰਿਤ’ ਟਰਮ ਵਿਚ ਅੰਮ੍ਰਿਤ ਸ਼ਬਦ ਵਰਤਨ ਨੂੰ ਰੱਧ ਕਰਦੇ ਕੇਵਲ ਪਾਹੁਲ ਸ਼ਬਦ ਵਰਤਨ ਦਾ ਵਿਚਾਰ ਪੇਸ਼ ਕੀਤਾ, ਬਿਨ੍ਹਾਂ ਇਹ ਵਿਚਾਰੇ ਕਿ ‘ਪਾਹੂਲ’ ਦਾ ਅਰਥ ਵੀ ‘ਚਰਨਾਮ੍ਰਿਤ’ ਅਰਥਾਰਤ ਚਰਣਾ ਦੀ ਛੋਹ ਨਾਲ ਤਿਆਰ ਕੀਤਾ ‘ਅੰਮ੍ਰਿਤ’ ਹੀ ਹੁੰਦਾ ਹੈ।ਉਨ੍ਹਾਂ ਸੋਚਿਆ ਵੀ ਨਹੀਂ ਹੋਂਣਾ ਕਿ ਇਕ ‘ਸ਼ਬਦ’ ਰੱਧ ਕਰਨ ਦੀ ਗਲ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਹੀ ਕਈਂ ਪ੍ਰਕਾਰ ਦੀਆਂ ਚੁਨੋਤਿਆਂ ਵਿਚ ਪਾ ਦੇਵੇਗੀ।‘ਇਹ’ ਰੱਧ, ‘ਉਹ’ ਰੱਧ ਦਾ ਸਿਲਸਿਲਾ!! ਫ਼ਿਰ ਕਈਆਂ ਅੰਮ੍ਰਿਤ ਸ਼ਬਦ ਹਟਾਉਣ ਦੀ ਰੀਸ ਵਿਚ ਸ਼ਰਮ ਹੀ ਲਾ ਦਿੱਤੀ!
ਇਸ ਵਿਚ ਸ਼ੱਕ ਨਹੀਂ ਕਿ ਅਕਸਰ ਲੋਗ, ਹਰ ਚੀਜ਼ ਪ੍ਰਤੀ, ਆਪਣੀ ਇਕ ਵੱਖਰੀ ਸਮਝ ਘੜ ਲੇਂਦੇ ਹਨ, ਜਾਂ ਫਿਰ ਘੜੀ ਹੋਈ ਸਮਝ ਦੀ ਰੀਸ ਕਰ ਲੇਂਦੇ ਹਨ। ਇਹ ਸੁਭਾਵਕ ਜਿਹੀ ਗਲ ਹੈ। ਮਸਲਨ ਹਰ ਕੋਈ ਪਰਮਾਤਮਾ ਦੀ ਗਲ ਕਰਦਾ ਹੈ ਪਰ ਕਈਂ ਪਰਮਾਤਮਾ ਨੂੰ ਅਵਤਾਰ ਲੇਂਦੇ ਸਮਝਦੇ ਹਨ ਅਤੇ ਕਈਂ ਅਵਤਾਰ ਲੇਂਣ ਤੋਂ ਸਹਿਮਤ ਨਹੀਂ।ਇੰਝ ਹੀ ਕਈਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦੇ ਹਨ ਅਤੇ ਕਈਂ ਉਸ ਦੀ ਬਾਣੀ ਨਾਲ ਵੀ ਜੁੜਦੇ ਹੋਏ ਅਮਲ ਕਰਨ ਦੇ ਯਤਨਸ਼ੀਲ ਹੁੰਦੇ ਹਨ।
ਕਈਂ ਧਰਮ ਨੂੰ ਵਿਕਾਰਾਂ ਤੋਂ ਮੁੱਕਤੀ ਦਾ ਸਾਧਨ ਮੰਨਦੇ ਹਨ, ਅਤੇ ਕਈਂ ਧਰਮ ਨੂੰ ਰਾਜਨੀਤੀ ਕਰਨ ਵਜੋਂ ਵਰਤਦੇ ਹਨ।ਆਸਤਕ ਧਰਮ ਨੂੰ ਜ਼ਰੂਰੀ ਸਮਝਦਾ ਹੈ, ਜਦਕਿ ਧਰਮ ਅਤੇ ਪਰਮਾਤਮਾ ਦੇ ਵਿਚਾਰ ਦੇ ਹੁੰਦੇ ਦੁਰਉਪਯੋਗ ਨੂੰ ਭੰਡਦੇ ਹੋਏ ਨਾਸਤਕ, ਧਰਮ ਅਤੇ ਪਰਮਾਤਮਾ ਦੇ ਵਿਚਾਰ ਦਾ ਸਰਵਨਾਸ਼ ਭਾਲਦੇ ਹਨ।ਪਰ ਸਿਆਣੇ ਧਰਮ ਅਤੇ ਪਰਮਾਤਮਾ ਨੂੰ ਦੁਰਉਪਯੋਗ ਦੇ ਅਧਾਰ ਤੇ ਰੱਧ ਨਹੀਂ ਕਰਦੇ, ਬਲਕਿ ਧਰਮ ਅਤੇ ਪਰਮਾਤਮਾ ਨੂੰ ਅਸਲ ਪਰਿਪੇਖਾਂ ਵਿਚ ਸਮਝਦੇ ਉਨ੍ਹਾਂ ਨੂੰ ਸਵੀਕਾਰ ਕਰਦੇ ਹਨ।ਲੇਕਿਨ ਇਹ ਗਲ ਖੰਡੇ ਦੇ ਅੰਮ੍ਰਿਤ ਦੇ ਵਿਰੋਧ ਨੂੰ ਸਮਝ ਨਾ ਆਈ।
ਅਸੀਂ ਦੇਖਦੇ ਹਾਂ ਕਿ ਗਲਾਂ ਨੂੰ ਸਮਝਣ, ਅਤੇ ਉਨ੍ਹਾਂ ਗਲਾਂ ਦੇ ਅਸਲ ਪਰਿਪੇਖ ਨੂੰ ਪ੍ਰਗਟ ਕਰਨ ਦੇ ਬਜਾਏ, ਕੁੱਝ ਚਿੰਤਨ, ਉਨ੍ਹਾਂ ਵਿਸ਼ੇਸ਼ ਗਲਾਂ ਨੂੰ ਸਿਰੇ ਤੋਂ ਹੀ ਰੱਧ ਕਰਨ ਦੀ ਫ਼ੈਸ਼ਨਪਰਸਤੀ ਵਿਚ ਫ਼ੱਸਦੇ ਗੁਰਮਤੀ ਹੋਂਣ ਦਾ ਭਰਮ ਪਾਲ ਬੈਠਦੇ ਹਨ।ਐਸੇ ਧਰਮੀਆਂ ਅਤੇ ਉਨ੍ਹਾਂ ਨਾਸਤਕ ਵੀਰਾਂ ਦੀ ਸੋਚਣ ਸ਼ੈਲੀ ਵਿਚ ਕੋਈ ਬਹੁਤਾ ਅੰਤਰ ਨਹੀਂ, ਜਿਹੜੇ ਕਿ ਧਰਮ ਅਤੇ ਪਰਮਾਤਮ ਰੂਪ ਅਸਲੇ ਨੂੰ ਸਮਝਣ ਦੇ ਬਜਾਏ, ਧਰਮ ਅਤੇ ਪਰਮਾਤਮਾ ਪ੍ਰਤੀ ਲੋਕਾਂ ਦੇ ਗਿਆਨ/ਵਿਵਹਾਰ ਮਾਤਰ ਨੂੰ ਅਧਾਰ ਬਣਾ ਕੇ, ਧਰਮ ਅਤੇ ਪਰਮਾਤਮਾ ਦੇ ਵਿਚਾਰ ਨੂੰ ਹੀ ਰੱਧ ਕਰਦੇ ਹਨ।
ਕੋਈ ਕਹਿੰਦਾ ਹੈ ਕਿ ਅਕਾਲ ਤਖ਼ਤ ਦੇ ਨਾਮ ਦੇ ਰਾਜਨੀਤੀ ਹੋ ਰਹੀ ਹੈ, ਉਸਦਾ ਦੁਰਉਪਯੋਗ ਹੋ ਰਿਹਾ ਹੈ। ਇਸ ਲਈ ਇਸ ਵਿਵਸਥਾ ਨੂੰ ਰੱਧ ਕਰ ਦਿੱਤਾ ਜਾਣਾ ਚਾਹੀਦਾ ਹੈ।ਪਰ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਰਾਜਨੀਤੀ ਨਹੀਂ ਹੋ ਰਹੀ? ਕੀ ਮਨੁੱਖ ਪਰਮਾਤਮਾ ਅਤੇ ਧਰਮ ਦੇ ਨਾਮ ਤੇ ਰਾਜਨੀਤੀ ਨਹੀਂ ਕਰਦੇ? ਜੇ ਕਰ ਕਰਦੇ ਹਨ ਤਾਂ ਉਨ੍ਹਾਂ ਸੱਜਣਾਂ ਵਲੋਂ ਪਰਮਾਤਮਾ ਅਤੇ ਧਰਮ ਨੂੰ ਹੀ ਰੱਧ ਕਰਨ ਦਾ ਵਿਚਾਰ ਕਿਉਂ ਨਹੀਂ ਪੇਸ਼ ਕਰ ਦਿੱਤਾ ਜਾਂਦਾ? ਜੇ ਕਰ ਦੁਰਉਪਯੋਗ ਹੀ ਰੱਧ ਕਰਨ ਦਾ ਤਰਕ/ਬਹਾਨਾ ਹੈ ਤਾਂ ਧਰਮ ਅਤੇ ਪਰਮਾਤਮਾ ਦੇ ਵਿਚਾਰ ਨੂੰ ਵੀ ਕਿਉਂ ਬੱਚਣ ਦਿੱਤਾ ਜਾਏ?
ਨਿਰਸੰਦੇਹ: ਸਾਨੂੰ ਪ੍ਰਚਲਤ ਹੋ ਰਹੀ ‘ਫ਼ਟਾਫ਼ਟ ਚਿੰਤਨ ਸ਼ੈਲੀ’ ਤੇ ਪੁਨਰਵਿਚਾਰ ਦੀ ਲੋੜ ਹੈ।ਸੰਜੀਦਾ ਚਿੰਤਨ ਅਤੇ 20-20 ਦੇ ਫ਼ਟਾਫ਼ਟ ਕ੍ਰਿਕੇਟ ਵਿਚ ਭਾਰੀ ਅੰਤਰ ਹੁੰਦਾ ਹੈ।
ਮਸਲਨ ਕੋਈ ਕਹਿ ਸਕਦਾ ਹੈ ਕਿ ਨਿਸ਼ਾਨ ਸਾਹਿਬ , ਪਾਲਕੀ ਸਾਹਿਬ, ਨਨਕਾਣਾ ਸਾਹਿਬ ਆਨੰਦਪੁਰ ਸਾਹਿਬ ਆਦਿ ਗਲਾਂ ਬਾਰੇ ‘ਸਾਹਿਬ’ ਸ਼ਬਦ ਵਰਤਨਾ ਮਨਮਤਿ ਹੈ। ਜੇ ਕਰ ਇਸ ਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ ਜਾਏ ਤਾਂ ਜ਼ਾਹਰਾ ਤੌਰ ਤੇ ਇਹ ਗਲ ਠੀਕ ਜਾਪਦੀ ਹੈ ਅਤੇ ਸਵਾਲ ਉੱਠਦਾ ਹੈ ਕਿ ਨਿਸ਼ਾਨ , ਪਾਲਕੀ, ਨਨਕਾਣਾ, ਆਨੰਦਪੁਰ ਆਦਿ ਨਾਲ ਸਾਹਿਬ ਸ਼ਬਦ ਵਰਤਨਾ ਗੁਰਮਤਿ ਅਨੁਸਾਰੀ ਹੈ? ਅੱਜ ਦੇ ਫ਼ਟਾਫ਼ਟ ਚਿੰਤਨ ਦੀ ਸ਼ੈਲੀ ਫੋਰਨ ਇਸ ਵਰਤੋਂ ਤੇ ਆਪਣੀ ਸਮਝ ਦੀ ਕਸਵਟੀ ਲਗਾ ਕੇ ਘੋਸ਼ਨਾ ਕਰ ਦੇਵੇਗੀ ਕਿ ਨਿਸ਼ਾਨ , ਪਾਲਕੀ, ਨਨਕਾਣਾ, ਆਨੰਦਪੁਰ ਆਦਿ ਨਾਲ ਸਾਹਿਬ ਸ਼ਬਦ ਵਰਤਨਾ ਗਲਤ ਹੈ , ਮਨਮਤਿ ਹੈ, ਬ੍ਰਾਹਮਣੀ ਪ੍ਰਭਾਵ ਹੈ ਇਸ ਲਈ ਇਹ ਸਭ ਰੱਧ!
ਪਰ ਆਉ ਇਸ ਨੂੰ ਜ਼ਰਾ ਗੁਰਬਾਣੀ ਹਵਾਲਿਆਂ ਦੀ ਸੇਧ ਵਿਚ ਸਮਝਣ ਦਾ ਯਤਨ ਕਰੀਏ।
(1) ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥ ‘(ਗੁਰੂ ਗ੍ਰੰਥ ਸਾਹਿਬ, ਪੰਨਾ 1021)
ਅਰਥ:- ਉਹ ਪਰਮਾਤਮਾ ਹੀ ਸਾਰੇ ਦੇਵਤਿਆਂ ਤੇ ਮਨੁੱਖਾਂ ਦਾ ਖਸਮ ਹੈ,
(2) ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ (ਗੁਰੂ ਗ੍ਰੰਥ ਸਾਹਿਬ, ਪੰਨਾ 1021)
ਅਰਥ:- (ਜਿਤਨਾ ਚਿਰ) ਮਨ ਦੀਆਂ ਕਈ ਲਹਿਰਾਂ ਹਨ (ਭਾਵ, ਤ੍ਰਿਸ਼ਨਾ ਦੀਆਂ ਕਈ ਲਹਿਰਾਂ ਮਨ ਵਿਚ ਉੱਠ ਰਹੀਆਂ ਹਨ, ਉਤਨਾ ਚਿਰ) ਮਾਲਕ ਦੇ ਦਰ ਤੇ ਸੁਰਖ਼ਰੂ ਨਹੀਂ ਹੋ ਸਕੀਦਾ,
(3) ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥(ਗੁਰੂ ਗ੍ਰੰਥ ਸਾਹਿਬ, ਪੰਨਾ 1190)
ਅਰਥ:- ਹੇ ਪਾਤਿਸ਼ਾਹ! ਤੂੰ ਧਰਤੀ ਦਾ ਖਸਮ ਹੈਂ, ਮਾਲਕ ਹੈਂ,
ਹੁਣ ਗੁਰੂ ਨਾਨਕ ਦੇਵ ਜੀ ਵਲੋਂ ਉਚਾਰੇ ਪਹਿਲੇ ਹਵਾਲੇ ਵਿਚ ‘ਸੁਰਿ ਨਰ ਨਾਥੁ ਸਾਹਿਬ’ ਦਾ ਭਾਵ ਦੇਵਤਿਆਂ ਅਤੇ ਮਨੁੱਖਾਂ ਨੂੰ ਸਾਹਿਬ ਕਹਿਣ ਦਾ ਨਹੀਂ ਬਲਕਿ ‘ਸਾਹਿਬ ਦੇ ਸੁਰਿ ਨਰ’ ਦਾ ਹੈ।
ਦੂਜੇ ਹਵਾਲੇ ਵਿਚ ‘ਦਰ ਸਾਹਿਬ’ ਦਾ ਅਰਥ ਭਾਵ ਕਿਸੇ ਦਰਵਾਜ਼ੇ ਨੂੰ ਸਾਹਿਬ ਕਹਿਣਾ ਨਹੀਂ ਬਲਕਿ ‘ਸਾਹਿਬ ਦੇ ਦਰਵਾਜ਼ੇ’ (ਦਰ ਸਾਹਿਬ) ਦਾ ਹੈ।
ਤੀਜੇ ਹਵਾਲੇ ਵਿਚ ਧਰਤੀ (ਮਹੀਪਤਿ) ਨੂੰ ਸਾਹਿਬ ਕਹਿਣ ਦਾ ਅਰਥਭਾਵ ‘ਧਰਤੀ ਸਾਹਿਬ’ ਦਾ ਨਹੀਂ ਬਲਕਿ ‘ਸਾਹਿਬ ਦੀ ਧਰਤੀ’ਜਾਂ ਧਰਤੀ ਦੇ ਸਾਹਿਬ ਦਾ ਹੈ।
ਇਸ ਪ੍ਰਕਾਰ ਨਿਸ਼ਾਨ ਸਾਹਿਬ ਆਦਿ ਤੋਂ ਮੂਲ ਭਾਵ, ਸਾਹਿਬ (ਗੁਰੂ ਸਾਹਿਬ) ਦਾ ਨਿਸ਼ਾਨ, ਸਾਹਿਬ ਦੀ ਪਾਲਕੀ , ਸਾਹਿਬ ਦਾ ਨਨਕਾਣਾ, ਸਾਹਿਬ ਦਾ ਆਨੰਦਪੁਰ ਆਦਿ ਹੈ।ਇਸ ਭਾਵ ਨੂੰ ਸਮਝਣ ਦੀ ਲੋੜ ਹੈ ਜਿਸ ਕਾਰਨ ਗੁਰੂ ਸਾਹਿਬਾਨ ਨਾਲ ਵਾਬਸਤਾ ਗਲਾਂ ਸਿੱਖਾਂ ਲਈ ਅਹਮੀਅਤ ਰੱਖਦੀਆਂ ਹਨ।ਕੁੱਝ ਇਸੇ ਅਧਾਰ ਤੇ ਦਸ਼ਮੇਸ਼ ਜੀ ਦੇ ਜ਼ਾਦੀਆਂ ਨੂੰ ਸਾਹਿਬਜ਼ਾਦੇ ਕਰਕੇ ਪੁਕਾਰੇਆ ਜਾਂਦਾ ਹੈ।
ਜੇ ਕਰ ਕੁੱਝ ਗਲਾਂ ਕਿਸੇ ਦੀ ਆਪਣੀ ਸਮਝ ਵਿਚ ਨਹੀਂ ਆਉਂਦੀਆਂ, ਤਾਂ ਇਸਦਾ ਅਰਥ ਇਹ ਨਹੀਂ ਕਿ ਉਹ ਨਾ ਸਮਝ ਆਉਂਣ ਵਾਲੀਆਂ ਗਲਾਂ ਨੂੰ ਰੱਧ ਹੀ ਕਰਦਾ ਜਾਏ।ਆਪਣੀ ਸਮਝ ਦੀ ਇਸ ਘਾਟ ਨੂੰ ਪੁਰਾ ਕਰਨ ਲਈ, ਪਹਿਲਾਂ ਵਿਸ਼ੇਸ਼ ਗਲਾਂ ਨੂੰ, ਨਾਸਮਝ ਮਨੁੱਖਾਂ ਦੀ ਸਮਝ ਦੇ ਅਧਾਰ ਤੇ ਰੱਧ ਕਰਨ ਦੇ ਬਜਾਏ ਦੇ ਉਨ੍ਹਾਂ ਗਲਾਂ ਦੇ ਮੂਲ ਪਰਿਪੇਖਾਂ ਨੂੰ ਵਿਚਾਰਨਾ ਚਾਹੀਦਾ ਹੈ।ਜੇ ਕਰ ਅਸੀਂ ਐਸਾ ਨਹੀਂ ਕਰਦੇ ਤਾਂ ਇਕ ਦਿਨ ਅਸੀਂ ਹਰ ਗਲ ਨੂੰ ਰੱਧ ਕਰਦੇ ਜਾਵਾਂਗੇ। ਰਹਿਤ ਤੋਂ ਲੇ ਕੇ ਗੁਰੂ, ਗੁਰੂਬਾਣੀ ਅਤੇ ਪਰਮਾਤਮਾ ਤਕ ਨੂੰ। ਉਹ ਵੀ ਅਸਲੀਅਤ ਦੇ ਅਧਾਰ ਤੇ ਨਹੀਂ, ਬਲਕਿ ਨਾਸਮਝ ਮਨੁੱਖਾਂ ਦੀ ਸਮਝ ਦੇ ਅਧਾਰ ਤੇ।ਇੰਝ ਤਾਂ ਅਸੀਂ ਆਪਣੇ ਆਪ ਨੂੰ ਗੁਰਬਾਣੀ ਦੇ ਅਧਾਰ ਤੇ ਗਲ ਕਰਨ ਵਾਲੇ ਨਹੀਂ ਅਖਵਾ ਸਕਦੇ।
-ਹਰਦੇਵ ਸਿੰਘ,ਜੰਮੂ