ਦਾਸ ਵਲੋਂ ਲਿਖਿਆ ਇਕ ਲੇਖ, ‘ਗਿਆਨੀ ਭਾਗ ਸਿੰਘ ਜੀ ਅੰਬਾਲਾ ਦੀ ਮੁਆਫੀ ਸਬੰਧੀ ਪੜਚੋਲ’ ਹੇਠ ਦਿੱਤੇ ਲਿੰਕ ਤੇ ਕੁੱਝ ਚਿਰ ਪਹਿਲਾਂ ਛੱਪਿਆ ਸੀ:-
http://www.tattgurmatparivar.com/BindParticularLekh.aspx?LekhID=939
ਵਿਸ਼ੇ ਦੀ ਰਵਾਨਗੀ ਸਮਝਣ ਲਈ ਪਾਠਕ ਉਪਰੋਕਤ ਲਿੰਕ ਵਿਚਲੇ ਲੇਖ ਨੂੰ ਪੜ ਸਕਦੇ ਹਨ।
ਇਹ ਲੇਖ ਦਾਸ ਨੇ ਨਿਜੀ ਨਿਵੇਦਨ ਨਾਲ ਕੁੱਝ ਸੱਜਣਾਂ ਨੂੰ ਵੀ ਭੇਜਿਆ ਸੀ ਤਾਂ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਹੋ ਸਕੇ।ਫ਼ੋਨ ਰਾਹੀਂ ਸੰਪਰਕ ਵੀ ਕੀਤਾ, ਅਤੇ ਇਸ ਵਿਸ਼ੇ ਬਾਰੇ ਹੇਠ ਲਿਖਿਆ ਪੱਤਰ ਸ. ਰਾਜਿੰਦਰ ਸਿੰਘ ਜੀ,ਸ਼੍ਰੋਮਣੀ ਖਾਲਸਾ ਪੰਚਾਇਤ ਜੀ ਨੂੰ ਲਿਖਿਆ:-
ਸਤਿਕਾਰ ਯੋਗ ਸ. ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ) ਜੀ
ਗੁਰੂ ਫਤਿਹ ਪਰਵਾਨ ਕਰਨੀ!
ਫੋਨ ਤੇ ਹੋਈ ਗਲਤ ਬਾਤ ਜੀ ਲਈ ਆਪ ਜੀ ਦਾ ਧਨਵਾਦ! ਆਪ ਜੀ ਵਲੋਂ ਗਿਆਨੀ ਭਾਗ ਜੀ ਦੇ ਸੁਭਾਵ ਅਤੇ ਸ਼ਖਸਿਅਤ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਹੋਈ ਜਿਸ ਦੇ ਮੁਤਾਬਕ ਪਤਾ ਚਲਿਆ ਹੈ ਕਿ ਉਹ ਇਕ ਵਿਲੱਖਣ ਪ੍ਰਚਾਰਕ ਅਤੇ ਲਿਖਾਰੀ ਸਨ।ਉਨ੍ਹਾਂ ਵਲੋਂ ਕਥਾ ਲਈ ਸਮਾਂ ਲੇਂਣ ਲਈ ਮਹੀਨੇਆਂ ਬੱਧੀ ਉਡੀਕ ਵੀ ਕਰਨੀ ਪੈਂਦੀ ਸੀ।
ਇਸਦੇ ਨਾਲ ਮੇਰੇ ਲੇਖ ਬਾਰੇ ਆਪ ਜੀ ਵਲੋਂ ਪ੍ਰਗਟਾਏ ਵਿਚਾਰਾਂ ਤੋਂ ਪਤਾ ਪਤਾ ਚਲਿਆ ਕਿ ਆਪ ਜੀ ਨੂੰ ਮੇਰਾ ਉਕਤ ਪੜਚੋਲ ਦਾ ਜਤਨ ਇਕ ਬੇਲੋੜੀ ਨੁਕਤਾਚੀਨੀ ਵਰਗਾ ਲੱਗਿਆ।ਮੈਂ ਆਪ ਜੀ ਨੂੰ ਸਪਸ਼ਟ ਕਰਦਾ ਹਾਂ ਕਿ ਇਸ ਪੜਚੋਲ ਦਾ ਵਿਸ਼ਾ ਗਿਆਨੀ ਭਾਗ ਸਿੰਘ ਜੀ ਦੀ ਨੁਕਤਾਚੀਨੀ ਕਰਨਾ ਨਹੀਂ ਬਲਕਿ ਉਨ੍ਹਾਂ ਦੇ ਅਕਾਲ ਚਲਾਣੇ ਦੇ 11 ਸਾਲ ਬਾਦ ਕੁੱਝ ਸੱਜਣਾਂ ਵਲੋਂ ਪੇਸ਼ ਕੀਤੇ ਵੇਰਵੇ ਦੀ ਪੜਚੋਲ ਕਰਨਾ ਹੈ।
ਵੀਰ ਜੀ ਜਿਸ ਵੇਲੇ ਇਕ ਘਟਨਾ ਦਾ ਹਵਾਲਾ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਜੁੜੇ ਪੰਥਕ ਫੈਸਲੇ ਨੂੰ ਚੁਨੌਤੀ ਦੇਂਣ ਅਤੇ ਰੱਧ ਕਰਨ ਲਈ ਕੀਤਾ ਜਾ ਰਿਹਾ ਹੋਵੇ ਤਾਂ ਕੀ ਆਪ ਜੀ ਇਹ ਉਮੀਦ ਕਰਦੇ ਹੋ ਕਿ ਉਸ ਘਟਨਾ ਪਿੱਛਲੀ ਸੱਚਾਈ ਬਾਰੇ ਕਿਸੇ ਜਿਗਿਆਸੂ ਨੂੰ ਪੜਚੋਲ ਨਹੀਂ ਕਰਨੀ ਚਾਹੀਦੀ? ਮੇਰੇ ਵਿਚਾਰ ਨਾਲ ਸਿੱਖੀ ਦੇ ਮੁੱਢਲੇ ਅਸੂਲਾਂ ਬਾਰੇ ਨਵੀਆਂ ਗਲਾਂ ਪੇਸ਼ ਕਰਨ ਵਿਚ ਇਸਤੇਮਾਲ ਕੀਤੇ ਜਾ ਰਹੀ ਹਰ ਗਲ ਦੀ ਪੜਚੋਲ ਹੋਂਣੀ ਚਾਹੀਦੀ ਹੈ।ਕੀ ਆਪ ਜੀ ਇਸ ਨਾਲ ਸਹਿਮਤ ਨਹੀਂ ਹੋ? ਮੈਂ ਤਾਂ ਸਮਝਦਾ ਹਾਂ ਕਿ ਆਪ ਜੀ ਵਰਗੇ ਪ੍ਰਚਾਰਕ ਦਾ ਲੰਬਾ ਤਜੂਰਬਾ ਵੀ ਕਿਸੇ ਨਾ ਕਿਸੇ ਰੂਪ ਵਿਚ ਲਾਹੇਵੰਧ ਹੋ ਸਕਦਾ ਹੈ।ਇਸੇ ਲਈ ਆਪ ਜੀ ਨਾਲ ਵਿਚਾਰਾਂ ਕਰਦਾ ਹਾਂ ਅਤੇ ਆਪ ਜੀ ਵਲੋਂ ਸਹਿਯੋਗ ਵੀ ਮਿਲਦਾ ਹੈ।
ਪ੍ਰਚਾਰਕ ਤਾਂ ਆਪ ਹਰ ਵੇਲੇ ਇਕ ਨੁਕਤਾਚੀਨ ਅਤੇ ਖੋਜੀ ਹੁੰਦਾ ਹੈ।ਅੱਜ ਦੇ ਕੁੱਝ ਸੱਜਣ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਸਿੱਖ ਰਹਿਤ ਮਰਿਆਦਾ ਅਤੇ ਸਿੱਖ ਇਤਹਾਸ ਦੀ ਹਰ ਗੱਲ ਤੇ ਕਿੰਤੂਜਨਕ ਸਵਾਲ ਖੜੇ ਕਰ ਰਹੇ ਹਨ।ਐਸੇ ਪ੍ਰਚਾਰਕਾਂ ਅਤੇ ਲੇਖਕਾਂ ਵਲੋਂ ਪੇਸ਼ ਕੀਤੇ ਜਾ ਰਹੇ “ਤੱਥਾਂ” ਦੀ ਪੜਚੋਲ ਕਰਨੀ ਕੀ ਬੇਲੋੜੀ ਨੁਕਤਾਚੀਨੀ ਸਮਝੀ ਜਾਣੀ ਚਾਹੀਦੀ ਹੈ?
ਅੱਜ ਗੁਰੂਆਂ ਦੀ ਪੰਥਕ ਸਥਿਤੀ, ਗੁਰੂ ਗ੍ਰੰਥ ਸਾਹਿਬ ਬਾਣੀ ਅਤੇ ਉਨ੍ਹਾਂ ਦੀ ਪੰਥਕ ਸਥਿਤੀ ਬਾਰੇ ਬੇਲੋੜੇ ਕਿੰਤੂ ਖੜੇ ਕਰਨ ਵਾਲੇ ਵੀ ਗਿਆਨੀ ਭਾਗ ਸਿੰਘ ਜੀ ਦੇ ਪ੍ਰਕਰਣ ਤੋਂ ਹੀ ਆਪਣੀਆਂ ਯੱਬਲਿਆਂ ਦਾ ਆਰੰਭ ਕਰਦੇ ਹਨ।ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਸ ਘਟਨਾ ਦੀ ਵਾਸਤਵਿਕਤਾ ਕੀ ਸੀ? ਅਤੇ ਉਸ ਘਟਨਾ ਦੇ ਵੇਰਵੇ ਜਤਨਤਕ ਹੋਂਣ ਦਾ ਆਰੰਭ ਇਕ ਰਸਾਲੇ ਵਿਸ਼ੇਸ ਦੇ ਨਾਲ ਕਿਵੇਂ ਜੁੜ ਗਿਆ? ਲੱਗਭਗ ਦੋ ਦਹਾਕਿਆਂ ਦੀ ਚੁੱਪੀ ਬਾਦ ਅਚਾਨਕ ਕਿਸੇ ਲਿਖਾਰੀ ਵਲੋਂ ਵੇਰਵਾ ਪ੍ਰਗਟ ਕਰਨਾ ਪੜਚੋਲ ਦਾ ਵਿਸ਼ਾ ਹੈ।
ਤੁਹਾਡੇ ਮੁਤਾਬਕ ਗਿਆਨੀ ਭਾਗ ਸਿੰਘ ਜੀ 7 ਸਾਲ ਇਸ ਲਈ ਚੁੱਪ ਰਹੇ ਕਿ ਉਸ ਵੇਲੇ ਲਿਖਣ ਦਾ ਮਾਹੋਲ ਨਹੀਂ ਸੀ ਹੁੰਦਾ। ਪਰ ਲਿਖਣ ਦਾ ਮਾਹੋਲ ਪ੍ਰਿ. ਹਰਭਜਨ ਸਿੰਘ ਅਤੇ ਗਿਆਨੀ ਸੁਰਜੀਤ ਸਿੰਘ ਜੀ ਨੂੰ ਵੀ 18 ਸਾਲ ਤਕ ਨਹੀਂ ਮਿਲਿਆ?ਇਹ ਗਲ ਵਿਚਾਰ ਮੰਗਦੀ ਹੈ।
ਮੈਂ ਹਾਲ ਦੀ ਇਕ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਸਰਵਜੀਤ ਸਿੰਘ ਧੁੰਦਾ ਜੀ ਨੇ ਆਪਣੇ ਵਲੋਂ ਵਰਤੇ ਗਏ ਸ਼ਬਦਾਂ ਲਈ ਅਕਾਲ ਤਖ਼ਤ ਦਿੱਤੇ ਸਪਸ਼ਟੀ ਕਰਨ ਵਿਚ ਅਕਾਲ ਤਖ਼ਤ ਦੇ ਮਾਰਫ਼ਤ ਗੁਰੂ ਦੇ ਪੰਥ ਵਲੋਂ ਲਿਖਤੀ ਮੁਆਫ਼ੀ ਮੰਗੀ।ਇਹ ਪੱਤਰ ਉਨ੍ਹਾਂ ਵਲੋਂ ਇੰਟਰਨੇਟ ਤੇ ਵੀ ਜਾਰੀ ਕੀਤਾ ਗਿਆ।
ਇਹ ਪੱਤਰ ਔਪਚਾਰਕ (formal) ਤੱਥ ਹੈ। ਪਰ ਅਨੋਪਚਾਰਕ (informal) ਜੁਬਾਨ ਕਲਾਮੀ ਵਿਚ ਇਹ ਕਿਹਾ ਗਿਆ ਕਿ ਧੁੰਦਾ ਜੀ ਨੇ ਤਾਂ ਮਾਫ਼ੀ ਨਹੀਂ ਮੰਗੀ ਕੇਵਲ ਸਪਸ਼ਟੀਕਰਨ ਦਿੱਤਾ ਹੈ।ਹੁਣ ਆਪ ਜੀ ਦੱਸੋ ਅਸੀਂ ਕਿਸ ਤੱਥ ਨੂੰ ਮੰਨੀਏ? ਧੂੰਦਾ ਜੀ ਵਲੋ ਦਸਤਖ਼ਤੀ ਔਪਚਾਰਕ ਪੱਤਰ ਨੂੰ ਜਾਂ ਫਿਰ ਅਨਔਪਚਾਰਕ ਜ਼ੁਬਾਨ ਕਲਾਮੀ ਨੂੰ?
ਵੀਰ ਜੀਉ! ਅੱਜ ਦਾ ਚਿੰਤਨ ਅਤੇ ਪ੍ਰਚਾਰ ਜਿਸ ਦਿਸ਼ਾ ਵੱਲ ਵੱਧ ਰਿਹਾ ਹੈ ਉਸ ਵਿਚ ਜ਼ਰੂਰੀ ਹੈ ਕਿ ਸਿੱਖੀ ਪਿਛੋਕੜ ਦਿਆਂ ਸਾਰੀਆਂ ਅਹਿਮ ਗੱਲਾਂ ਨੂੰ ਰੱਧ ਕਰਨ ਵਾਲੇ ਸੱਜਣਾਂ ਵਲੋਂ ਵਰਤੇ ਜਾ ਰਹੇ ਕਿੱਸੇਆਂ ਪਿੱਛਲੀ ਸੱਚਾਈ ਨੂੰ ਸਮਝਣ ਦਾ ਜਤਨ ਕੀਤਾ ਜਾਏ।
ਅਗਰ ਆਪ ਜੀ ਇਸ ਜਤਨ ਨੂੰ ਬੇਲੋੜੀ ਨੁਕਤਾਚੀਨੀ ਸਮਝਦੇ ਹੋ ਤਾਂ ਬੇਨਤੀ ਹੈ ਕਿ ਇਸ ਤੇ ਪੁਨਰਵਿਚਾਰ ਜ਼ਰੂਰ ਕਰਨਾ।ਬਾਕੀ ਆਪ ਜੀ ਵਲੋਂ ਗਿਆਨੀ ਭਾਗ ਸਿੰਘ ਜੀ ਦੇ ਸੁਭਾਅ ਬਾਰੇ ਦਿੱਤੀ ਜਾਣਕਾਰੀ ਲਈ ਆਪ ਜੀ ਦਾ ਧਨਵਾਦ।ਇਸ ਨਾਲ ਮੈਂ ਹੋਰ ਵੀ ਸੋਚਣ ਤੇ ਮਜ਼ਬੂਰ ਹੋਇਆ ਹਾਂ ਕਿ ਉਨ੍ਹਾਂ ਦੇ ਅਕਾਲ ਚਲਾਣੇ ਤੋਂ 11 ਸਾਲ ਬਾਦ ਜਾਹਰ ਕੀਤੇ ਵੇਰਵੇ ਮੁਤਾਬਕ ਉਨ੍ਹਾਂ ਵਰਗਾ ਵਿਦਵਾਨ ਪ੍ਰਚਾਰਕ ਅਤੇ ਲੇਖਕ ਕਿਸੇ ਦੇ ਕਹਿਣ ਤੇ ਬੱਚਿਆਂ ਵਾਗ ਅਕਾਲ ਤਖ਼ਤ ਕਿਵੇਂ ਚਲਾ ਗਿਆ ਅਤੇ ਬਿਨ੍ਹਾਂ ਸਮਝੇ ਕਿਸੇ ਦੇ ਲਿਖੇ ਤੇ ਦਸਤਖ਼ਤ ਕਿਵੇਂ ਕਰ ਗਿਆ? ਕਿੱਧਰੇ ਕੋਈ ਗਲ ਬਦਲ ਕੇ ਪੇਸ਼ ਤਾਂ ਨਹੀਂ ਕੀਤੀ ਗਈ?
ਇਸ ਬਾਰੇ ਮੈਂ ਠੋਸ ਜਾਣਕਾਰੀ ਦੀ ਉਡੀਕ ਵਿਚ ਹਾਂ। ਆਸ ਹੈ ਕਿ ਹੋਰ ਜਾਣਕਾਰ ਸੱਜਣਾਂ ਦੇ ਸਹਿਯੋਗ ਨਾਲ ਉਪਰੋਕਤ ਸਵਾਲਾਂ ਦੇ ਜਵਾਬ ਤਲਾਸ਼ਣ ਵਿਚ ਮਦਦ ਮਿਲੇਗੀ।
ਹਰਦੇਵ ਸਿੰਘ,ਜੰਮੂ-5.10.12
ਇਸ ਦੇ ਨਾਲ ਗਿਆਨੀ ਸੁਰਜੀਤ ਸਿੰਘ ਜੀ ਨਾਲ ਵੀ ਫ਼ੋਨ ਰਾਹੀਂ ਸੰਪਰਕ ਹੋਇਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਗਿਆਨੀ ਭਾਗ ਸਿੰਘ ਜੀ ਅੰਬਾਲਾ ਸ਼੍ਰੀ ਅਕਾਲ ਤਖ਼ਤ ਤੇ ਆਪਣੇ ਨਾਲ ਹੋਏ ਧੋਖੇ ਤੋਂ ਵਿਚਲਿਤ ਸਨ, ਪਰ ਉਸ ਉਮਰ ਵਿਚ ਕੁੱਝ ਲਿਖਣ ਦੀ ਹਾਲਤ ਵਿਚ ਨਹੀਂ ਸਨ ਰਹੇ। ਇਸ ਲਈ ਉਨ੍ਹਾਂ ਆਪ , ਆਪਣੇ ਨਾਲ ਹੋਏ ਧੋਖੇ ਬਾਰੇ ਨਹੀਂ ਲਿਖਿਆ। ਇਸ ਬਾਰੇ ਉਹ ਕੇਵਲ ਗਲਾਂ ਕਰਦੇ ਰਹਿੰਦੇ ਸੀ।
ਮੇਰੇ ਇਸ ਸਵਾਲ ਤੇ, ਕਿ ਉਨ੍ਹਾਂ ਖੁਦ ਇਸ ਬਾਰੇ 17 ਸਾਲ ਬਾਦ ਕਿਉਂ ਲਿਖਿਆ? ਗਿਆਨੀ ਸੁਰਜੀਤ ਸਿੰਘ ਜੀ ਦਾ ਜਵਾਬ ਤਸੱਲੀਬਖਸ਼ ਨਹੀਂ ਸੀ।
ਉਨ੍ਹਾਂ ਸਵੀਕਾਰ ਕੀਤਾ ਕਿ ਇਸ ਅਰਸੇ ਦੌਰਾਨ, ਉਹ ਪ੍ਰਿ. ਹਰਭਜਨ ਸਿੰਘ ਜੀ ਦੇ ਸੰਪਰਕ ਵਿਚ ਸਨ।ਪਰ ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਕਿ ਸੰਪਰਕ ਵਿਚ ਹੋਂਣ ਦੇ ਬਾਵਜੂਦ ਉਨ੍ਹਾਂ ਆਪਣੇ ਵਲੋਂ ਦਿੱਤਾ ਵੇਰਵਾ ਪ੍ਰਿ. ਹਰਭਜਨ ਸਿੰਘ ਜੀ ਨਾਲ ਪਹਿਲਾਂ ਹੀ ਸਾਂਝਾ ਕਿਉਂ ਨਾ ਕੀਤਾ?
ਉਨ੍ਹਾਂ ਕੇਵਲ ਇਤਨਾ ਦੱਸਿਆ, ਕਿ ਉਨ੍ਹਾਂ ਨੇ ਇਹ ਵੇਰਵਾ ਪਹਿਲੀ ਵਾਰ (ਗਿਆਨੀ ਭਾਗ ਸਿੰਘ, ਅੰਬਾਲਾ ਜੀ ਦੇ ਅਕਾਲ ਚਲਾਣੇ ਤੋਂ 17 ਸਾਲ ਬਾਦ) ਚੰਡੀਗੜ ਦੇ ਇਕ ਰਸਾਲੇ ਵਿਚ ਦਿੱਤਾ ਸੀ।
ਇਸ ਸਾਰੇ ਪ੍ਰਕਰਣ ਦਾ, ਸਭ ਤੋਂ ਮਹੱਤਵਪੁਰਨ ਸਵਾਲ ਇਹ ਸੀ ਕਿ ਗਿਆਨੀ ਭਾਗ ਸਿੰਘ ਜੀ ਨੇ ਖੁਦ 7 ਸਾਲ ਤਕ ਸ਼੍ਰੀ ਅਕਾਲ ਤਖਤ ਤੇ ਮੁਆਫ਼ੀ ਸਬੰਧੀ, ਆਪਣੇ ਨਾਲ ਵਾਪਰੀ ਉਸ ਕਥਿਤ ਘਟਨਾ ਨੂੰ ਲਿਖਤੀ ਕਿਉਂ ਨਾ ਪ੍ਰਗਟ ਕੀਤਾ? ਇਸ ਸਵਾਲ ਬਾਰੇ ਵਿਦਵਾਨ ਸੱਜਣਾਂ ਦਾ ਇਹੀ ਕਹਿਣਾ ਸੀ ਕਿ ਉਮਰ ਹੋ ਜਾਣ ਕਾਰਨ ਗਿਆਨੀ ਜੀ ਕੁੱਝ ਲਿਖਣ ਦੀ ਅਵਸਥਾ ਵਿਚ ਨਹੀਂ ਸੀ ਰਹੇ।
ਪਰ ਦਾਸ ਵਲੋਂ ਕੀਤੀ ਪੜਚੋਲ ਤੋਂ ਜੋ ਤੱਥ ਸ੍ਹਾਮਣੇ ਆਏ ਉਹ ਇਸ ਕਥਨ ਦੇ ਵਿਪਰੀਤ ਸਨ।ਦਰਅਸਲ ਅਕਾਲ ਤਖ਼ਤ ਤੋਂ ਮੁਆਫ਼ੀ ਸਮੇਂ ਕਾਲ ਅਤੇ ਬਾਦ ਵਿਚ ਗਿਆਨੀ ਭਾਗ ਸਿੰਘ ਜੀ ਅੰਬਾਲਾ ਲਿਖਣ ਦੀ ਸਥਿਤੀ ਵਿਚ ਸਨ ਅਤੇ ਉਨ੍ਹਾਂ ਵਲੋਂ ਇਸ ਸਮੇਂ ਕਾਲ ਵਿਚ ਦੋ ਲਿਖਤਾਂ ਲਿਖਿਆਂ ਗਈਆਂ ਸਨ। ਇਹ ਲਿਖਤਾਂ ਇਸ ਪ੍ਰਕਾਰ ਸਨ:-
(1) ਗੁਰੁ ਨਾਨਕ ਦੇਵ ਅਤੇ ਜੋਗੀ ਸੰਪਰਦਾਵਾਂ!
(2) ਸਾਡੇ ਸਮਝਣ ਯੋਗ!
‘ਗੁਰੂ ਨਾਨਕ ਦੇਵ ਅਤੇ ਜੋਗੀ ਸੰਪਰਦਾਵਾਂ’ ਨਾਮਕ ਪੁਸਤਕ ਪਹਿਲੀਵਾਰ 1979 ਵਿਚ ਛੱਪੀ ਸੀ ਅਤੇ ਇਸ ਤੋਂ ਬਾਦ ‘ਸਾਡੇ ਸਮਝਣ ਯੋਗ’ ਨਾਮੀ ਲਿਖਤ ‘ਜਨਤਕ ਪ੍ਰੇਸ’ ਦਿੱਲੀ ਤੋਂ ਛੱਪੀ ਸੀ।
ਇਸ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਭਾਗ ਸਿੰਘ ਅੰਬਾਲਾ ਜੀ ਅਕਾਲ ਤਖ਼ਤ ਤੋਂ ਮੁਆਫ਼ੀ ਮੰਗਣ ਸਮੇਂ ਕਾਲ ਵਿਚ ਆਪ ਲਿਖਣ ਦੀ ਹਾਲਤ ਵਿਚ ਸਨ।ਇਸ ਲਈ ਮੁਆਫ਼ੀ ਦੀ ਘਟਨਾ ਤੋਂ 17 ਸਾਲ ਅਤੇ ਗਿਆਨੀ ਭਾਗ ਸਿੰਘ,ਅੰਬਾਲਾ ਜੀ ਦੇ ਅਕਾਲ ਚਲਾਣੇ ਤੋਂ 10 ਸਾਲ ਬਾਦ ਆਏ ਵੇਰਵੇ ਵਧੇਰੀ ਪੜਚੋਲ ਦੇ ਮੋਹਤਾਜ ਹਨ।
ਹਰਦੇਵ ਸਿੰਘ, ਜੰਮੂ-10.01.2013
ਨੋਟ:- ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖਿਆਂ ਰਚਨਾਵਾਂ ਬਾਰੇ ਗਿਆਨੀ ਭਾਗ ਸਿੰਘ ,ਅੰਬਾਲਾ ਜੀ ਦੇ ਵਿਚਾਰ ਦਾਸ ਵਲੋਂ ਲਿਖੇ ਲੇਖ, “ਸਚ ਤੋਂ ਦੂਰ ਸਚ ਦੀ ਪੜਚੋਲ” ਭਾਗ-1 ਅਤੇ ਭਾਗ-2 ਦੇ ਰੂਪ ਵਿਚ,
ਹੇਠ ਲਿਖੇ ਬਲਾਗ ਤੇ ਪੜੇ ਜਾ ਸਕਦੇ ਹਨ:-
hardevsinghjammu.blogspot.com