ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ
Page Visitors: 2771

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ

 ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ
॥੧॥
 ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥
ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ
॥੧॥ ਰਹਾਉ ॥
 ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥
ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ
॥  ੨॥੧੫॥੭੯॥     (819)
   ਪਰਮਾਤਮਾ ਸਾਡੀ ਸਾਰੇ ਪਾਸਿਆਂ ਤੋਂ ਰਖਵਾਲੀ ਕਰਦਾ ਹੈ, ਉਸ ਦੀ ਸਰਨ ਪਿਆਂ ਸਾਡਾ ਕੋਈ ਵੀ ਨੁਕਸਾਨ ਨਹੀਂ ਹੁੰਦਾ, ਸਾਨੂੰ ਕੋਈ ਵੀ ਦੁੱਖ ਨਹੀਂ ਹੁੰਦਾ॥1॥
  ਹੇ ਭਾਈ, ਜਿਸ ਸਤਿਗੁਰੁ, ਪਰਮਾਤਮਾ ਨੇ ਸਭ ਦੀ ਰਾਖੀ ਦੀ ਵਿਉਂਤ-ਬੰਦੀ ਕਰ ਰੱਖੀ ਹੈ, ਜਿਸ ਮਨੁੱਖ ਨੂੰ ਉਹ ਮਿਲ ਪਿਆ ਅਤੇ, ਉਸ ਗੁਰੂ ਨਾਲ ਜੋੜ ਦਿੱਤਾ, ਜੋ ਰਾਮ ਦੇ ਨਾਮ ਦੀ ਦਵਾਈ ਦਿੰਦਾ ਹੈ, ਤਾਂ ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ॥ਰਹਾਉ॥
  ਹੇ ਨਾਨਕ ਆਖ, ਪਰਮਾਤਮਾ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਰੱਖਣ-ਹਾਰ ਪ੍ਰਭੂ ਨੇ ਬਚਾ ਲਿਆ, ਉਸ ਦਾ ਹਰ ਰੋਗ ਦੂਰ ਕਰ ਦਿੱਤਾ। ਉਸ ਮਨੁੱਖ ਤੇ ਪ੍ਰਭੂ ਦੀ ਕਿਰਪਾ ਹੋ ਗਈ, ਪ੍ਰਭੂ ਉਸ ਦਾ ਸਦੀਵੀ ਮਦਦ-ਗਾਰ ਬਣ ਗਿਆ॥2॥
  ਸਾਫ ਸੰਦੇਸ਼ ਹੈ ਕਿ ਪਰਮਾਤਮਾ ਦੀ ਸਰਨ ਪੈਣ ਵਾਲੇ ਮਨੁੱਖ ਦੀ ਕਰਤਾਰ ਸਦੀਵੀ ਸਹਾਇਤਾ ਕਰਦਾ ਹੈ, ੳਸੁ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਲੋੜ ਹੈ ਉਸ ਦੀ ਸਰਨ ਪੈਣ ਦੀ, ਇਹ ਨਹੀਂ ਕਿ ਜਦ ਮੁਸੀਬਤ ਵਿਚ ਹੋਵੋ ਤਾਂ ਉਸ ਦੀ ਸਰਨ ਵਿਚ ਜਾਵੋ, ਜਦ ਮੁਸੀਬਤ ਦੂਰ ਹੋ ਜਾਵੇ ਤਾਂ “ਤੂੰ ਕੌਣ ਮੈਂ ਕੌਣ”
  ਵੈਸੇ ਅੱਜ-ਕਲ ਸਿੱਖ ਇਹੀ ਜਾਣਦੇ ਹਨ ਕਿ ਮੁਸੀਬਤ ਪਈ ਤੋਂ ‘ਗਧੇ ਨੂੰ ਵੀ ਬਾਪ ਬਣਾ ਲਵੋ, ਜਦ ਮੁਸੀਬਤ ਦੂਰ ਹੋ ਜਾਵੇ ਤਾਂ ‘ਬਾਪ ਨੂੰ ਵੀ ਗਧਾ ਸਮਝ ਲਵੋ’ ਏਸੇ ਕਰ ਕੇ ਸਿੱਖ ਜ਼ਲਾਲਤ ਦੀ ਜ਼ਿੰਦਗੀ ਜੀ ਰਹੇ ਹਨ। ਰੱਬ ਤੋਂ ਉਹ ਵੈਸੇ ਹੀ ਮੁਨਕਰ ਹਨ, ਆਪਣੇ-ਆਪ ਤੇ ਉਨ੍ਹਾਂ ਨੂੰ ਭਰੋਸਾ ਨਹੀਂ। ਨਾ ਉਹ ਗੁਰਬਾਣੀ ਨਾਲ ਜੁੜਦੇ ਹਨ, ਨਾ ਉਹ ਗੁਰਬਾਣੀ ਨੂੰ ਸਮਝਦੇ ਹਨ, ਫਿਰ ਗੁਰਬਾਣੀ ਦੀ ਸੇਧ ਵਿਚ ਜੀਵਨ ਜੀਉਣ ਦਾ ਕੀ ਮਤਲਬ ?
   ਨਾ ਉਹ ਗੁਰਬਾਣੀ ਨੂੰ ਛੱਡਦੇ ਹੀ ਹਨ, ਕਿਉਂਕਿ ਉਨ੍ਹਾਂ ਦੀ ਭੱਲ ਗੁਰਬਾਣੀ ਦੀ ਆੜ ਨਾਲ ਹੀ ਬਣੀ ਹੋਈ ਹੈ। ਵੱਡੇ ਤੋਂ ਵੱਡਾ ਧਾਰਮਕ ਨੇਤਾ ਗੁਰਬਾਣੀ ਦੀ ਆੜ ਵਿਚ ਸ਼ਿਕਾਰ ਕਰ ਰਿਹਾ ਹੈ, ਵੱਡੇ ਤੋਂ ਵੱਡਾ ਰਾਜਸੀ ਨੇਤਾ, ਗੁਰਬਾਣੀ ਓੜ੍ਹੀ ਬੈਠਾ ਹੈ। ਜਿਹੜੀ ਦਾਤ ਸਾਨੂੰ ਪਰਮਾਤਮਾ ਨੇ ਨਹੀਂ ਦਿੱਤੀ, ਉਹ ਸਾਨੂੰ ਦੇਣ ਦੇ ਦਾਵੇ ਨਾਲ ਹਰ ਸੰਤ, ਮਹਾਂ-ਪੁਰਖ,    ਬ੍ਰਹਮ-ਗਿਆਨੀ, ਬਕਾਲੇ ਵਾਲੀਆਂ 22 ਮੰਜੀਆਂ ਵਾਙ ਦੁਕਾਨ ਲਾਈ ਬੈਠਾ ਹੈ, ਬਾਹਰੋਂ ਸੱਜਣ ਤੇ ਅੰਦਰੋਂ ਠੱਗ, ਜਦ ਕਿ ਗੁਰਬਾਣੀ ਕਹਿੰਦੀ ਹੈ,      
   ਦਿਲਹੁ ਮੁਹਬਤਿ ਜਿੰਨ੍‍ ਸੇਈ ਸਚਿਆ ॥
   ਜਿਨ੍‍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ
॥1॥   (488) 
  ਇਨ੍ਹਾਂ ਦੇ ਕੱਚੇ-ਪਿਲੈ ਹੋਣ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ?
  ਪਰ ਇਸ ਨੂੰ ਕੌਣ ਸਮਝੇ ?
  ਇਸ ਹਮਾਮ ਵਿਚ ਤਾਂ ਸਾਰੇ ਹੀ ਨੰਗੇ ਹਨ, ਪਰ ਗੁਰੂ ਜੀ ਕਹਿੰਦੇ ਹਨ,
   ਨਿਸਿ ਦਿਨੁ ਮਾਇਆ ਕਾਰਨੈ ਪ੍ਰਾਨੀ ਡੋਲਤ ਨੀਤੁ॥
   ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ
॥24॥
  ਇਸ ਵਿਚ ਗੁਰੂ ਸਾਹਿਬ ਨੇ ਕਿਹਾ ਹੈ ਕਿ ਕ੍ਰੋੜਾਂ ‘ਚੋਂ ਕੋਈ ਵਿਰਲਾ ਹੀ ਹੈ, ਜਿਸ ਨੂੰ ਰੱਬ ਚੇਤੇ ਹੋਵੇ, ਪਰ ਏਥੇ ਤਾਂ ਕ੍ਰੋੜਾਂ   ਹੀ ਰੱਬ ਹਨ, ਜਿਨ੍ਹਾਂ ਵਿਚ ਸਿੱਖ ਤਾਂ ਕੋਈ ਲੱਭਦਾ ਹੀ ਨਹੀਂ,
 ਇਹ ਸਿੱਖ ਕੈਸੇ ਹਨ ?
 ਸਮਝਣਾ ਕੋਈ ਔਖਾ ਨਹੀਂ, ਜੇ ਅਸੀਂ ਗੁਰਬਾਣੀ ਦੇ ਸਿਧਾਂਤ ਨੂੰ ਸਮਝਦੇ ਹੋਈਏ। ਗੁਰਬਾਣੀ ਦੇ ਸਿਧਾਂਤ ਨੂੰ ਤਾਂ ਓਹੀ ਸਮਝੇਗਾ, ਜੋ ਗੁਰਬਾਣੀ ਦੇ ਲੜ ਲੱਗੇਗਾ ਅਤੇ ਉਸ ਨੂੰ ਸੁਣ ਕੇ ਸਮਝੇਗਾ। ਪਰ ਇਹ ਕੰਮ ਤਾਂ ਬੜਾ ਔਖਾ ਹੈ, ਸਾਨੂੰ ਤਾਂ ਵਿਖਾਵਾ ਕਰਨਾ ਹੈ, ਜਿਸ ਲਈ ਪੈਸੇ, ਲਾਲਚ-ਵੱਸ ਸੰਗਤ ਸਾਨੂੰ ਆਪੇ ਦੇ ਜਾਂਦੀ ਹੈ।
   ਜਿਹੜਾ ਬੰਦਾ ਗੁਰਬਾਣੀ ਨਾਲ ਜੁੜਦਾ ਹੈ, ਉਹ ਵਿਖਾਵੇ ਨਾਲ ਨਹੀਂ ਜੁੜਦਾ, ਕਿਉਂਕਿ ਗੁਰਬਾਣੀ ਉਸ ਨੂੰ ਸਿਖਾਅ ਦਿੰਦੀ ਹੈ,
ਜੀਅਹੁ ਮੈਲੇ ਬਾਹਰਹੁ ਨਿਰਮਲ ॥ 
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥
ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥
ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ
॥੧੯॥
  ਨਿਰੇ ਵਿਖਾਵੇ ਦੇ ਧਾਰਮਿਕ ਕਰਮ ਕਰਨ ਵਾਲੇ ਬੰਦੇ, ਜਿਹੜੇ ਮਨੋ ਵਿਕਾਰਾਂ ਨਾਲ ਮੈਲੇ ਰਹਿੰਦੇ ਹਨ ਤੇ ਸਿਰਫ ਵੇਖਣ ਨੂੰ ਹੀ ਪਵਿੱਤ੍ਰ ਜਾਪਦੇ ਹਨ। ਜਿਹੜੇ ਬੰਦੇ ਬਾਹਰੋਂ ਧਰਮੀ ਜਾਪਣ ਅਤੇ ਅੰਦਰੋਂ ਵਿਕਾਰੀ ਹੋਣ, ਇਉਂ ਜਾਣੋ ਕਿ ਉਨ੍ਹਾਂ ਨੇ ਆਪਣਾ ਜੀਵਨ ਏਦਾਂ ਵਿਅਰਥ ਗਵਾ ਦਿੱਤਾ ਹੈ ਜਿਵੇਂ ਕਿਸੇ ਜੁਆਰੀ ਨੇ ਆਪਣਾ ਧਨ ਜੂਏ ਵਿਚ ਹਾਰ ਦਿੱਤਾ ਹੋਵੇ।
   ਇਵੇਂ ਉਨ੍ਹਾਂ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਖਾਈ ਜਾਂਦਾ ਹੈ, ਉਨ੍ਹਾਂ ਨੇ ਮਾਇਆ ਦੇ ਲਾਲਚ ਵਿਚ ਮੌਤ ਨੂੰ ਭੁਲਾਇਆ ਹੁੰਦਾ ਹੈ। ਹਾਲਾਂਕਿ ਉਹ ਵਿਖਾਵੇ ਲਈ ਧਰਮ-ਪੁਸਤਕਾਂ ਦੀ ਗੱਲ ਕਰਦੇ ਹਨ, ਪਰ ਧਰਮ ਪੁਸਤਕਾਂ ਵਿਚ ਰੱਬ ਨੂੰ ਯਾਦ ਕਰਨ ਵਾਲੇ ਉੱਤਮ ਉਪਦੇਸ਼ ਵੱਲ ਉਹ ਧਿਆਨ ਨਹੀਂ ਦਿੰਦੇ, ਅਤੇ ਆਪਣੇ ਜੀਵਨ-ਮਨੋਰਥ ਤੋਂ ਖੁੰਝੇ ਰਹਿੰਦੇ ਹਨ।
  ਨਾਨਕ ਆਖਦਾ ਹੈ, ਜਿਹੜੇ ਬੰਦੇ ਪਰਮਤਮਾ ਦੇ ਨਾਮ ਨੂੰ ਛੱਡ ਕੇ ਮਾਇਆ ਦੇ ਮੋਹ ‘ਚ ਫਸੇ ਹੋਏ ਹਨ, ਉਨ੍ਹਾਂ ਆਪਣੀ ਜੀਵਨ ਖੇਡ ਜੂਏ ਵਿਚ ਹਾਰ ਲਈ ਸਮਝੋ।   
ਜੀਅਹੁ ਨਿਰਮਲ ਬਾਹਰਹੁ ਨਿਰਮਲ ॥
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ
॥੨੦॥           (919)
  ਜੋ ਬੰਦੇ ਆਪਣੀ ਆਤਮਕ ਉਸਾਰੀ ਲਈ, ਉਹ ਕੰਮ ਕਰਦੇ ਹਨ ਜਿਸ ਦੀ ਸੇਧ ਗੁਰੂ ਤੋਂ ਮਿਲਦੀ ਹੈ, ਉਹ ਮਨੋਂ ਵੀ ਪਵਿਤ੍ਰ ਹੁੰਦੇ ਹਨ ‘ਤੇ ਬਾਹਰੋਂ ਵੀ ਪਵਿਤ੍ਰ ਹੁੰਦੇ ਹਨ। ਉਹ ਦੋਵਾਂ ਪੱਖਾਂ ਤੋਂ, ਮਨੋਂ ਵੀ ਤੇ ਦੁਨਿਆਵੀ ਤੌਰ ਤੇ ਵੀ ਨਿਰਮਲ ਹੁੰਦੇ ਹਨ।  ਉਨ੍ਹਾਂ ਦੇ ਮਨ ਦੀ ਚਾਹ, ਪ੍ਰਭੂ ਸਿਮਰਨ ਨਾਲ ਜੁੜੀ ਰਹਿੰਦੀ ਹੈ, ਉਸ ਵਿਚੋਂ ਮਾਇਆ ਦੇ ਫੁਰਨੇ ਨਹੀਂ ਉੱਠਦੇ। ਉਹੀ ਬੰਦੇ ਚੰਗੇ ਵਪਾਰੀ ਕਹੇ ਜਾਂਦੇ ਹਨ, ਜਿਨ੍ਹਾਂ ਨੇ ਗੁਰੂ ਉਪਦੇਸ਼ ਅਨੁਸਾਰ ਚੱਲ ਕੇ ਆਪਣਾ ਦੁਰਲੱਭ ਜਨਮ ਸਫਲਾ ਕਰ ਲਿਆ।
  ਨਾਨਕ ਆਖਦਾ ਹੈ ਕਿ ਇਵੇਂ ਜਿਨ੍ਹਾਂ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਸਦਾ ਦਿਲੋਂ ਗੁਰੂ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ॥20॥
 ਆਪਾਂ ਵੇਖਿਆ ਹੈ ਕਿ ਵਿਖਾਵੇ ਦੇ ਕਰਮਾਂ ਨੂੰ ਗੁਰੂ ਸਾਹਿਬ ਰੱਦ ਕਰਦੇ ਹਨ। ਆਪਾਂ ਭੇਡ-ਚਾਲ ਛੱਡ ਕੇ ਆਪ ਗੁਰੂ ਨਾਲ ਜੁੜੀਏ ਅਤੇ ਆਪਣਾ ਜੀਵਨ-ਮਨੋਰਥ ਪੂਰਾ ਕਰੀਏ। ਇਹ ਮਨੋਰਥ ਕਿਰਤ ਦੀ ਕਮਾਈ ਕੀਤਿਆਂ ਹੀ ਪੂਰਾ ਹੋਣਾ ਹੈ, ਗੁਰੂ ਦੀ ਆੜ ਵਿਚ ਦੂਸਰਿਆਂ ਨੂੰ ਠੱਗਣ ਨਾਲ ਨਹੀਂ।        
                               ਅਮਰ ਜੀਤ ਸਿੰਘ ਚੰਦੀ  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.