ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਪਰਮਾਤਮਾ ਜਾਂ ਰੱਬ ਦੀ ਰਹਾਇਸ਼ ਕਿੱਥੇ ਹੈ ?
ਪਰਮਾਤਮਾ ਜਾਂ ਰੱਬ ਦੀ ਰਹਾਇਸ਼ ਕਿੱਥੇ ਹੈ ?
Page Visitors: 2446

ਪਰਮਾਤਮਾ ਜਾਂ ਰੱਬ ਦੀ ਰਹਾਇਸ਼ ਕਿੱਥੇ ਹੈ ?
        ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
        ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ
॥12॥    (1426) 
    ਹੇ ਨਾਨਕ ਆਖ, ਹੇ ਮਨ, ਸੰਤ ਜਨਾਂ ਨੇ, ਸਤਸੰਗੀਆਂ ਨੇ ਉੱਚੀ ਹੋਕਾ ਦੇ ਕੇ ਕਹਿ ਦਿੱਤਾ ਹੈ ਕਿ ਪਰਮਾਤਮਾ ਹਰ ਘਟ ਵਿਚ, ਹਰੇਕ ਸਰੀਰ ਵਿਚ ਵਸ ਰਿਹਾ ਹੈ, ਤੂੰ ਵੀ ਉਸ ਦਾ ਭਜਨ ਕਰਿਆ ਕਰ, ਉਸ ਦੀ ਸਿਫਤ-ਸਾਲਾਹ ਕਰਿਆ ਕਰ, ਉਸ ਨਾਲ ਜੁੜਿਆ ਕਰ, ਇਵੇਂ ਤੂੰ ਡਰਾਉਣੇ ਭਵ-ਸਾਗਰ, ਸੰਸਾਰ ਦੀ ਘੁੱਮਣ-ਘੇਰੀ ਤੋਂ ਪਾਰ ਲੰਘ ਜਾਵੇਂਗਾ।
    ਏਥੇ ਸਾਫ ਕੀਤਾ ਗਿਆ ਹੈ ਕਿ ਪਰਮਾਤਮਾ ਹਰ ਥਾਂ ਵਸਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਹਰ ਮਨ ਵਿਚ ਵੀ ਹੋਵੇ, ਗੁਰੂ ਸਾਹਿਬ ਤਾਂ ਏਥੋਂ ਤਕ ਕਹਿੰਦੇ ਹਨ ਕਿ ਕਰੋੜਾਂ ਵਿਚ ਕੋਈ ਵਿਰਲਾ ਬੰਦਾ ਅਜਿਹਾ ਹੁੰਦਾ ਹੈ, ਜਿਸ ਦੇ ਮਨ ਵਿਚ, ਜਿਸ ਦੇ ਚਿੱਤ ਵਿਚ, ਜਿਸ ਦੇ ਹਿਰਦੇ ਵਿਚ ਰੱਬ ਵਸਦਾ ਹੋਵੇ, ਜਿਸ ਨੂੰ ਮਨੋਂ ਪਰਮਾਤਮਾ ਯਾਦ ਹੋਵੇ,
               ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥  (1427)
        ਇਸ ਲਈ ਏਥੇ ਵੀ ਮਨ ਨੂੰ ਪਰਮਾਤਮਾ ਨਾਲ ਜੁੜਨ ਦੀ ਹਦਾਇਤ ਕੀਤੀ ਗਈ ਹੈ।
    ਗੁਰਬਾਣੀ ਸਮਝਣ ਦੀ ਚੀਜ਼ ਹੈ, ਉਸ ਨੂੰ ਆਪਣੇ ਮਨ ਮਾਫਕ ਢਾਲਣ ਲਈ ਨਹੀਂ।  
                  ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥
                  ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥
                  ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥
                  ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥
                  ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥
                  ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ
॥4॥1॥    (843)
     ਹੇ ਸਹੇਲੀਏ ! ਪਰਮਾਤਮਾ ਦੀ ਜੋਤ ਸਾਰੇ ਤ੍ਰਿਭਵਣ, ਤਿੰਨਾਂ ਭਵਣਾਂ, (ਧਰਤ-ਆਕਾਸ਼-ਪਾਤਾਲ) ਵਿਚ ਪਸਰੀ ਹੋਈ ਹੈ, ਉਹ ਪ੍ਰਭੂ ਸਾਰੇ ਜਗਤ ਦੀ ਸਾਰ-ਸੰਭਾਲ ਕਰਦਾ ਹੈ। ਉਹ ਅਦ੍ਰਿਸ਼ ਅਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ।
     ਉਹ ਕਰਤਾਰ ਅਦ੍ਰਿਸ਼ਟ ਅਤੇ ਬੇਅੰਤ ਤੋਂ ਵੀ ਬੇਅੰਤ ਹੈ, ਉਹ ਸਦਾ ਕਾਇਮ ਰਹਣ ਵਾਲਾ ਹੈ, ਹੇ ਸਹੇਲੀਏ, ਆਪਣੇ ਅੰਦਰੋਂ ਹਉਮੈ, ਮੋਹ-ਮਾਇਆ ਅਤੇ ਲਾਲਚ ਸਾੜ ਦੇਹ। ਹਉਮੈ, ਮਮਤਾ ਅਤੇ ਲੋਭ ਆਦਿ ਦੀ ਮੈਲ, ਗੁਰ-ਸ਼ਬਦ ਆਸਰੇ ਹੀ ਸਾਫ ਕੀਤੀ ਜਾ ਸਕਦੀ ਹੈ।
     ਸੋ ਹੇ ਸਹੇਲੀਏ, ਸ਼ਬਦ ਦੀ ਵਿਚਾਰ ਆਸਰੇ, ਪਰਮਾਤਮਾ ਦੀ ਰਜ਼ਾ ਵਿਚ ਚੱਲ ਕੇ ਜੀਵਨ ਬਸਰ ਕਰ ਅਤੇ ਅਰਦਾਸ ਕਰਿਆ ਕਰ ਕਿ, ਹੇ ਭਵਜਲ ਤਾਰਨ ਦੇ ਸਮਰੱਥ ਪ੍ਰਭੂ, ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਕਰ ਲੈ, ਇਸ ਤਰ੍ਹਾਂ ਗੁਰੂ ਦੇ ਦਰ ਤੇ ਜਾ ਕੇ ਕਰਤਾਰ ਦੇ ਦਰਸ਼ਨ ਕਰ ਲਏਂਗੀ।
     ਹੇ ਨਾਨਕ ਆਖ, ਹੇ ਸਹੇਲੀਏ, ਜਿਹੜੀ ਜੀਵ-ਇਸਤ੍ਰੀ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੀ ਹੈ, ਉਹ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਅੰਮ੍ਰਿਤੁ ਦੇ ਸਵਾਦ ਆਸਰੇ, ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦੀ ਹੈ।
     ਸਾਫ ਕੀਤਾ ਹੈ ਕਿ ਅਦ੍ਰਿਸ਼ਟ ਅਤੇ ਬੇਅੰਤ ਪ੍ਰਭੂ, ਘਟ-ਘਟ ਵਿਚ, ਹਰ ਸਰੀਰ ਵਿਚ ਮੌਜੂਦ ਹੈ, ਪਰ ਉਸ ਜੀਵ-ਇਸਤ੍ਰੀ ਨੂੰ ਹੀ ਆਤਮਕ ਜੀਵਨ ਦੇਣ ਵਾਲਾ, ਹਰਿ-ਨਾਮ-ਅੰਮ੍ਰਿਤੁ ਮਿਲਦਾ ਹੈ, ਜੋ ਕਰਤਾਰ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੀ ਹੈ।
                     ਅਮਰ ਜੀਤ ਸਿੰਘ ਚੰਦੀ        



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.