ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
< ਹਰਿਮੰਦਰ >
< ਹਰਿਮੰਦਰ >
Page Visitors: 2413

                                          <  ਹਰਿਮੰਦਰ  >  
       ਸਿੱਖੀ ਦੀ ਤਾਣੀ ਏਨੀ ਉਲਝੀ ਹੋਈ ਹੈ ਕਿ , ਉਸ ਦੀ ਕਿਸੇ ਵੀ ਤੰਦ ਨੂੰ ਲੈ ਕੇ ਸੁਲਝਾਉਣ ਦੀ ਕੋਸ਼ਿਸ਼ ਕਰੋ ,ਉਹੀ ਤੰਦ ਬ੍ਰਾਹਮਣਵਾਦ ਦੀ ਜਿਲ੍ਹਣ ਵਿਚ ਜਾ ਕੇ ਗਾਇਬ ਹੋ ਜਾਂਦੀ ਹੈ । ਬਹੁਤ ਦਿਨਾਂ ਤੋਂ ਵਿਚਾਰ ਰਿਹਾ ਹਾਂ ਕਿ ਸਿੱਖੀ ਦੇ ਸਥਾਪਤ ਕੇਂਦਰੀ ਅਸਥਾਨ , ( ਹਾਲਾਂਕਿ ਇਸ ਨੂੰ ਕੇਂਦਰੀ ਅਸਥਾਨ ਮੰਨਣਾ ਵੀ ਸਿੱਖੀ ਸਿਧਾਂਤ ਅਨੁਸਾਰ ਠੀਕ ਨਹੀਂ ਜਾਪਦਾ  ਸਿੱਖੀ ਅਜਿਹਾ ਧਰਮ ਹੈ ਜਿਸ ਨੂੰ , ਪਰਚਲਤ ਧਰਮਾਂ ਦੀ ਕਤਾਰ ਵਿਚ ਨਹੀਂ ਰੱਖਿਆ ਜਾ ਸਕਦਾ । ਸਿੱਖੀ ਦੇ ਸਿਧਾਂਤ ਕਿਸੇ ਇਕ ਫਿਰਕੇ ਲਈ ਰਾਖਵੇਂ ਨਹੀਂ ਹਨ । ਇਹ ਸੰਸਾਰ ਦੇ ਸਾਰੇ ਇੰਸਾਨਾਂ ਲਈ , ਇੰਸਾਨੀਅਤ ਦੇ ਰਾਹ ਦੀ ਸੋਝੀ ਦੇਣ ਵਾਲੇ , ਪਰਮਾਤਮਾ ਵਲੋਂ ਸ੍ਰਿਸ਼ਟੀ ਰਚਨਾ ਨੂੰ ਸੁਚੱਜੇ ਢੰਗ ਨਾਲ ਚਲਦਾ ਰੱਖਣ ਲਈ , ਕਰਤਾਰ ਵਲੋਂ ਮਿਥੇ ਨਿਯਮ ਕਾਨੂਨ , ਤੇ ਅਧਾਰਤ ਦਸਤਾਵੇਜ਼ ਹਨ । ਇਸ ਅਨੁਸਾਰ ਧਰਮ ਦੀ ਵਿਆਖਿਆ , ਕੁਝ ਇਵੇਂ ਹੈ,          
           ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ( 266 )
              ਹੇ ਮਨ , ਹਰੀ ਦਾ ਨਾਮ ਜਪਦਿਆਂ , ਕਰਤਾਰ ਦੇ ਹੁਕਮ , ਰਜ਼ਾ ਵਿਚ ਚਲਦਿਆਂ , ਨਿਰਮਲ ਕਰਮ ਕਰਨਾ ਹੀ ਬੰਦੇ ਲਈ , ਪਰਚਲਤ ਧਰਮਾਂ ਤੋਂ ਸਰੇਸ਼ਟ , ਇਕੋ ਇਕ ਧਰਮ ਹੈ ।
             ਏਥੇ ਸਵਾਲ ਪੈਦਾ ਹੁੰਦਾ ਹੈ ਕਿ ਇਕੋ ਇਕ ਨਿਰਮਲ ਕਰਮ ਕੀ ਹੈ ? ਕਰਮ ਦੇ ਥੱਲਲੀ ਔਂਕੜ ਇਸ ਨੂੰ ਇਕ ਵਚਨ ਬਣਾਉਂਦੀ ਹੈ । ਦੁਨੀਆਂ ਦੇ  ਧਰਮਾਂ ਨੇ  ਚੰਗੇ ਕਰਮਾਂ ਦੇ ਨਾਂ ਥੱਲੇ , ਏਨੇ ਕਰਮ ਪ੍ਰਚਲਤ ਕਰ ਛੱਡੇ ਹਨ ਕਿ ਉਨ੍ਹਾਂ ਵਿਚ , ਉਹ ਇਕੋ ਇਕ ਨਿਰਮਲ ਕਰਮ , ਬਿਲਕੁਲ ਹੀ ਗਵਾਚ ਕੇ ਰਹਿ ਗਿਆ ਹੈ । ਗੁਰਬਾਣੀ ਅਨੁਸਾਰ , ਉਹ ਇਕੋ ਇਕ ਨਿਰਮਲ ਕਰਮ , ਦੂਸਰੇ ਦੇ ਹੱਕ ਨੂੰ ਮਾਨਤਾ ਦੇਣੀ ਹੈ । ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ , ਦੂਸਰੇ ਦਾ ਹੱਕ ਮਾਰਨਾ , ਅੱਤ ਘਿਨਾਉਣਾ ਕਰਮ ਹੈ , ਜਿਸ ਦੀ ਤਸ਼ਬੀਹ , ਮੁਸਲਮਾਨਾਂ ਦੇ ਸੂਅਰ ਖਾਣ ਨਾਲ ਅਤੇ ਹਿੰਦੂਆਂ ਦੇ ਗਊ ਖਾਣ ਨਾਲ ਦਿੱਤੀ ਗਈ ਹੈ ।
             ਬੜੇ ਦੁੱਖ ਦੀ ਗੱਲ ਹੈ ਕਿ ਅਜਿਹਾ ਨਿਰਮਲ ਕਰਮ , ਜੋ ਦੁਨੀਆਂ ਦੇ ਸਾਰੇ ਧਰਮਾਂ ਤੇ ਲਾਗੂ ਹੁੰਦਾ ਹੈ , ਜਿਸ ਦੇ ਅਧਾਰ ਤੇ ਸਾਰੀ ਦੁਨੀਆਂ ਨੂੰ ਬੇਗਮ ਪੁਰਾ ਬਨਾਉਣ ਦਾ ਟੀਚਾ , ਗੁਰਬਾਣੀ ਨੇ ਮਿਥਿਆ ਹੋਇਆ ਹੈ , ਬਾਰੇ , ਦੁਨੀਆਂ ਦੇ ਕਿਸੇ ਗੁਰਦਵਾਰੇ ਤੋਂ ਪਰਚਾਰ ਨਹੀਂ ਹੁੰਦਾ , ਕਿਉਂਕਿ ਅੱਜ ਸਿੱਖ ਹੀ , ਸਭ ਤੋਂ ਵੱਧ , ਇਹ ਗੰਦ ਖਾ ਰਹੇ ਹਨ , ਉਹ ਵੀ , ਸੰਤ , ਮਹਾਂ ਪੁਰਖ , ਬ੍ਰਹਮ ਗਿਆਨੀ ਅਖਵਾਉਣ ਵਾਲੇ ।
             ਅਜਿਹੇ ਨਿਰਮਲ , ਸਦੀਵੀ , ਸਦਾ ਸੱਚੇ ਸਿਧਾਂਤਾਂ ਵਾਲਾ ਧਰਮ , ਕਿਸੇ ਇਕ ਫਿਰਕੇ , ਕਿਸੇ ਇਕ ਕੌਮ , ਕਿਸੇ ਇਕ ਇਲਾਕੇ, ਕਿਸੇ ਇਕ ਦੇਸ਼ ਲਈ ਨਹੀਂ , ਬਲਕਿ ਸਾਰੇ ਵਿਸ਼ਵ ਦਾ ਧਰਮ ਹੀ ਹੋ ਸਕਦਾ ਹੈ । ਜਿਸ ਦਾ ਕੇਂਦਰੀ ਅਸਥਾਨ ਵੀ ਕਿਸੇ ਇਕ ਥਾਂ ਨਹੀਂ ਹੋ ਸਕਦਾ । ਜਿਵੇਂ ਅਕਾਲ ਦਾ ਤਖਤ , ਕੋਈ ਇਕ ਅਸਥਾਨ ਨਹੀਂ ਬਲਕਿ ਇਕ ਸਿਧਾਂਤ ਹੈ , ਜਿਸ ਦਾ ਕੇਂਦਰ ਇਹ ਪੂਰੀ ਸ੍ਰਿਸ਼ਟੀ ਹੈ। ਇਸੇ ਤਰ੍ਹਾਂ ਦਰਬਾਰ ਸਾਹਿਬ ਵੀ ਇਕ ਸਿਧਾਂਤ ਹੈ , ਜਿਸ ਦਾ ਕੇਂਦਰ , ਮੱਕੇ ਵਾਙ ਇਕ ਥਾਂ ਨਹੀਂ ਮਿਥਿਆ ਜਾ ਸਕਦਾ । ਇਸ ਦਾ ਕੇਂਦਰ ਹਰ ਉਹ ਚੀਜ਼ ਹੈ , ਜਿਸ ਵਿਚ ਕਰਤਾ ਪੁਰਖ ਦਾ ਨਿਵਾਸ ਹੈ ।)
            ਇਸ  ਨੂੰ ਹਰਿਮੰਦਰ ਕਿਵੇਂ ਕਿਹਾ ਜਾਣ ਲਗ ਪਿਆ ? ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚ ਹਰਿਮੰਦਰ ਬਾਰੇ ਬੜੇ ਵਿਸਤਾਰ ਨਾਲ ਸਮਝਾਇਆ ਗਿਆ ਹੈ । ਆਉ ਵਿਚਾਰੀਏ ।      ਗੁਰੂ ਗ੍ਰੰਥ ਸਾਹਿਬ ਦੇ 57 ਅੰਕ ਤੇ ਇਵੇਂ ਸੇਧ ਦਿੱਤੀ ਹੈ ,
                                ਹਰਿ   ਕਾ   ਮੰਦਰੁ   ਸੋਹਣਾ   ਕੀਆ   ਕਰਣੈਹਾਰਿ  ॥     
                              ਰਵਿ ਸਸਿ ਦੀਪ  ਅਨੂਪ ਜੋਤਿ ਤ੍ਰਿਭਵਣਿ  ਜੋਤਿ ਅਪਾਰ ॥   
                              ਹਾਟ  ਪਟਣ  ਗੜ  ਕੋਠੜੀ  ਸਚੁ ਸਉਦਾ ਵਾਪਾਰ
॥ 2 ॥    (57)
            ਕਰਣੇਹਾਰ ਕਰਤਾਰ ਨੇ ਅਪਣੇ ਰਹਿਣ ਦਾ ਸੋਹਣਾ ਮੰਦਰ , ਥਾਂ , ਘਰ ਬਣਾਇਆ ਹੈ । ਜਿਸ ਦੇ ਅੰਦਰ , ਜਦ ਅਗਿਆਨਤਾ ਨੂੰ ਦੂਰ ਕਰਨ ਵਾਲਾ ,ਗਿਆਨ ਰੂਪੀ ਸੂਰਜ ਅਤੇ ਵਿਸ਼ੇ ਵਿਕਾਰਾਂ ਨੂੰ ਸ਼ਾਂਤ ਕਰਨ ਵਾਲੇ ਸ਼ੀਤਲਤਾ ਰੂਪ ਚੰਦਰਮਾ ਦਾ ਪਰਕਾਸ ਹੋ ਜਾਂਦਾ ਹੈ , ਤਾਂ ਉਸ ਦੇ ਅੰਦਰ , ਤਿੰਨਾਂ ਭਵਨਾਂ ਵਿਚ ਵਿਆਪਕ , ਬੇਮਿਸਾਲ ਜੋਤ ਜਗ ਪੈਂਦੀ ਹੈ । ਪਰਮਾਤਮਾ ਦੇ ਨਿਵਾਸ ਅਸਥਾਨ ਉਸ ਕਿਲ੍ਹੇ ਵਿਚ ਅਜਿਹਾ ਸ਼ਹਰ , ਅਜਿਹੀਆਂ ਦੁਕਾਨਾਂ , ਅਜਿਹਾ  ਬਾਜ਼ਾਰ ਬਣ ਜਾਂਦਾ ਹੈ , ਜਿਸ ਵਿਚ ਸੱਚ ਦਾ , ਪ੍ਰਭੂ ਦੇ ਨਾਮ ਦਾ ਵਪਾਰ , ਸਉਦਾ ਹੋਣ ਲਗ ਜਾਂਦਾ ਹੈ ।   
     ਅਜਿਹੇ ਹਰੀ ਦੇ ਮੰਦਰ ਬਾਰੇ ਹੋਰ ਵਿਸਤਾਰ ਨਾਲ ਸਮਝਾਉਂਦੇ , ਗੁਰੂ ਸਾਹਿਬ ਸੇਧ ਦੇ ਰਹੇ ਹਨ,
                            ਹਰਿ  ਕਾ  ਮੰਦਰੁ   ਆਖੀਐ   ਕਾਇਆ   ਕੋਟਿੁ   ਗੜੁ ॥
                            ਅੰਦਰਿ  ਲਾਲ   ਜਵੇਹਰੀ   ਗੁਰਮੁਖਿ  ਹਰਿ   ਨਾਮੁ  ਪੜੁ ॥          
                            ਹਰਿ ਕਾ ਮੰਦਰੁ ਸਰੀਰੁ ਅਤਿ ਸੁਹਣਾ ਹਰਿ ਹਰਿ ਨਾਮੁ ਦਿੜੁ ॥     
                            ਮਨਮੁਖ  ਆਪਿ  ਖੁਆਇਅਨੁ  ਮਾਇਆ ਮੋਹ  ਨਿਤੁ  ਕੜੁ ॥       
                            ਸਭਨਾ   ਸਾਹਿਬੁ  ਏਕੁ  ਹੈ  ਪੂਰੇ  ਭਾਗਿ  ਪਾਇਆ  ਜਾਈ ॥
11 ॥ ( 952 )
           ਇਸ ਸਰੀਰ ਨੂੰ ਹੀ , ਕਰਤਾਰ ਦੇ ਰਹਣ ਦਾ ਸੋਹਣਾ ਘਰ , ਸੋਹਣਾ ਕਿਲ੍ਹਾ ਕਹਿਣਾ ਚਾਹੀਦਾ ਹੈ । ਜੇ ਗੁਰਮੁਖ ਹੋ ਕੇ , ਸ਼ਬਦ ਗੁਰੂ ਦੇ ਦੱਸੇ ਅਨੁਸਾਰ, ਪਰਮਾਤਮਾ ਦੇ ਹੁਕਮ , ਉਸ ਦੀ ਰਜ਼ਾ ਵਿਚ ਰਾਜ਼ੀ ਰਹੋਗੇ ਤਾਂ , ਇਸ ਸਰੀਰ ਦੇ ਅੰਦਰੋਂ ਹੀ ਬੇਸ਼ ਕੀਮਤੀ ਗੁਣ ਮਿਲ ਜਾਣਗੇ । ਹੇ ਮਨ , ਪਰਮਾਤਮਾ ਦਾ ਨਾਮ ਦ੍ਰਿੜ੍ਹ ਕਰ ਕੇ ਰੱਖ , ਪਰਮਾਤਮਾ ਦੇ ਹੁਕਮ ਅਨੁਸਾਰ ਦ੍ਰਿੜ੍ਹਤਾ ਪੂਰਵਕ ਚੱਲਣ ਨਾਲ ਹੀ , ਇਹ ਸੋਹਣਾ ਸਰੀਰ , ਹਰੀ ਦਾ ਮੰਦਰ ਬਣ ਸਕਦਾ ਹੈ । ਅਪਣੇ ਮਨ ਦੀ ਮੱਤ ਪਿਛੇ ਚੱਲਣ ਵਾਲਿਆਂ ਨੂੰ ਪ੍ਰਭੂ ਨੇ ਆਪ ਹੀ ਕੁਰਾਹੇ ਪਾਇਆ ਹੋਇਆ ਹੈ । ਉਨ੍ਹਾਂ ਨੂੰ ਮਾਇਆ ਮੋਹ ਦਾ ਝੋਰਾ ਨਿਤ ਦੁਖੀ ਕਰਦਾ ਹੈ । ਸਾਰੇ ਜੀਵਾਂ ਦਾ ਮਾਲਕ , ਉਹ ਇਕ ਕਰਤਾਰ ਹੀ ਹੈ । ਪਰ ਮਿਲਦਾ , ਪੂਰੇ ਭਾਗਾਂ ਨਾਲ ਹੈ ।   
                 ਇਸ ਨੂੰ ਹੋਰ ਵਿਸਤਾਰ ਨਾਲ ਇਵੇਂ ਸਮਝਾਇਆ ਹੈ ,
                              ਹਰਿ   ਮੰਦਰੁ   ਸੋਈ   ਆਖੀਐ    ਜਿਥਹੁ   ਹਰਿ   ਜਾਤਾ ॥
                              ਮਾਨਸ ਦੇਹ  ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥
                              ਬਾਹਰਿ    ਮੂਲਿ    ਨ  ਖੋਜੀਐ   ਘਰ    ਮਾਹਿ   ਬਿਧਾਤਾ ॥
                              ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥
                              ਸਭ  ਮਹਿ  ਇਕੁ  ਵਰਤਦਾ   ਗੁਰ  ਸਬਦੀ  ਪਾਇਆ  ਜਾਈ
॥    ( 953 )
              ਵੈਸੇ ਤਾਂ ਹਰ ਮਨੁਖਾ ਸਰੀਰ , ਹਰਿ ਮੰਦਰ , ਪਰਮਾਤਮਾ ਦੇ ਰਹਿਣ ਦੀ ਥਾਂ ਹੈ , ਪਰ ਅਸਲ ਵਿਚ ਉਸੇ ਮਨੁਖਾ ਸਰੀਰ ਨੂੰ , ਹਰੀ ਦਾ ਮੰਦਰ ਕਿਹਾ ਜਾਣਾ ਚਾਹੀਦਾ ਹੈ , ਜਿਸ ਵਿਚੋਂ ਰੱਬ ਦੀ ਪਛਾਣ ਹੋਵੇ । ਮਨੁੱਖਾ ਸਰੀਰ ਵਿਚ ,ਗੁਰ ਸ਼ਬਦ ਦੇ ਗਿਆਨ ਦੀ ਪਾਲਣਾ ਕਰ ਕੇ ,ਕਰਤਾਰ ਲੱਭਦਾ ਹੈ , ਸੰਸਾਰ ਦੀ ਹਰ ਚੀਜ਼ ਵਿਚ ਉਸ ਦੀ ਵਿਆਪਕ ਜੋਤ ਦੇ ਦਰਸ਼ਨ ਹੁੰਦੇ ਹਨ । ਵਾਹਿਗੁਰੂ ਤਾਂ ਸਰੀਰ ਘਰ ਵਿਚ ਹੀ ਵਸ ਰਿਹਾ ਹੈ , ਉਸ ਨੂੰ , ਕਿਤੇ ਬਾਹਰ ਭਾਲਣ ਦੀ ਤਾਂ ਉਕਾ ਹੀ ਲੋੜ ਨਹੀਂ ਹੈ । ਪਰ ਮਨ ਦੀ ਮੱਤ ਪਿਛੇ ਤੁਰਨ ਵਾਲੇ ਇਸ ਹਰਿ ਮੰਦਰ, ਮਨੁਖਾ ਸਰੀਰ ਦੀ ਸਾਰ ਬਿਲਕੁਲ ਨਹੀਂ ਜਾਣਦੇ , ਉਹ ਮਨ ਦੀ ਮੱਤ ਪਿਛੇ ਤੁਰਦੇ, ਅਪਣਾ ਅਮੋਲਕ ਮਨੁਖਾ ਜਨਮ ਵਿਅਰਥ ਗਵਾ ਜਾਂਦੇ ਹਨ।
  ਵੈਸੇ ਤਾਂ ਸਭ ਸਰੀਰਾਂ ਵਿਚ ਅਕਾਲ ਆਪ ਹੀ ਵਸਦਾ ਹੈ , ਪਰ ਉਸ ਨੂੰ ਗੁਰ ਸ਼ਬਦ ਦੀ ਵਿਚਾਰ ਨਾਲ ਹੀ ਲੱਭਿਆ ਜਾ ਸਕਦਾ ਹੈ । ਇਸ ਨੂੰ ਹੀ ਹੋਰ ਵਿਸਤਾਰ ਨਾਲ ਪ੍ਰਭਾਤੀ ਮਹਲਾ 3 ਬਿਭਾਸ ਦੇ ਪੂਰੇ ਸ਼ਬਦ ਵਿਚ ਸਮਝਾਇਆ ਹੈ ,
                         ਗੁਰ  ਪਰਸਾਦੀ  ਵੇਖੁ ਤੂ  ਹਰਿ ਮੰਦਰੁ  ਤੇਰੈ ਨਾਲਿ ॥
                         ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍‍ਲਿ
॥ 1 ॥
                         ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥
                         ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ
॥ 1 ॥ ਰਹਾਉ ॥
                         ਹਰਿ ਮੰਦਰੁ ਇਹੁ ਸਰੀਰੁ ਹੈ ਗਿਆਨਿ ਰਤਨਿ ਪਰਗਟ ਹੋਇ ॥
                         ਮਨਮੁਖ  ਮੂਲ ਨ  ਜਾਣਨੀ  ਮਾਣਸਿ  ਹਰਿ ਮੰਦਰੁ  ਨ ਹੋਇ
॥ 2 ॥
                         ਹਰਿ ਮੰਦਰੁ ਹਰਿ ਜੀਉ  ਸਾਜਿਆ  ਰਖਿਆ ਹੁਕਮਿ ਸਵਾਰਿ ॥
                         ਧੁਰਿ  ਲੇਖੁ  ਲਿਖਿਆ  ਸੁ  ਕਮਾਵਣਾ  ਕੋਇ ਨ  ਮੇਟਣਹਾਰੁ
॥ 3 ॥
                         ਸ਼ਬਦੁ ਚੀਨ੍‍  ਸੁਖੁ ਪਾਇਆ  ਸਚੈ ਨਾਇ   ਪਿਆਰ ॥
                         ਹਰਿ  ਮੰਦਰੁ  ਸਬਦੇ  ਸੋਹਣਾ  ਕੰਚਨੁ  ਕੋਟੁ ਅਪਾਰ
॥ 4 ॥
                         ਹਰਿ ਮੰਦਰੁ  ਏਹੁ  ਜਗਤੁ ਹੈ  ਗੁਰ  ਬਿਨੁ  ਘੋਰੰਧਾਰ ॥
                         ਦੂਜਾ  ਭਾਉ  ਕਰਿ  ਪੂਜਦੇ  ਮਨਮੁਖ  ਅੰਧ  ਗਵਾਰ
॥ 5 ॥      
                         ਜਿਥੈ  ਲੇਖਾ  ਮੰਗੀਐ  ਤਿਥੈ  ਦੇਹ ਜਾਤਿ ਨ  ਜਾਇ ॥
                         ਸਾਚਿ   ਰਤੇ  ਸੇ   ਉਬਰੇ   ਦੁਖੀਏ   ਦੂਜੈ   ਭਾਇ
॥ 6 ॥
                         ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥
                         ਗੁਰ ਪਰਸਾਦੀ ਚੀਨ੍‍ਆਿ  ਹਰਿ ਰਾਖਿਆ ਉਰਿ ਧਾਰਿ
॥ 7 ॥ 
                         ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ ॥
                         ਪਵਿਤੁ ਪਾਵਨ  ਸੇ ਜਨ ਨਿਰਮਲ  ਹਰਿ ਕੈ ਨਾਮਿ ਸਮਾਇ
॥ 8 ॥
                         ਹਰਿ ਮੰਦਰੁ  ਹਰਿ ਕਾ ਹਾਟ ਹੈ  ਰਖਿਆ  ਸਬਦਿ ਸਵਾਰਿ ॥
                         ਤਿਸ ਵਿਚਿ ਸਉਦਾ  ਏਕੁ ਨਾਮੁ  ਗੁਰਮੁਖਿ ਲੈਨਿ  ਸਵਾਰਿ
॥ 9 ॥
                         ਹਰਿ ਮੰਦਰ  ਮਹਿ  ਮਨੁ ਲੋਹਟੁ  ਹੈ  ਮੋਹਿਆ  ਦੂਜੈ ਭਾਇ ॥
                         ਪਾਰਸਿ ਭੇਟਿਐ  ਕੰਚਨੁ ਭਇਆ  ਕੀਮਤ ਕਹੀ ਨਾ ਜਾਇ
॥ 10 ॥
                         ਹਰਿ  ਮੰਦਰ  ਮਹਿ  ਹਰਿ  ਵਸੈ  ਸਰਬ  ਨਿਰੰਤਰਿ  ਸੋਇ ॥
                         ਨਾਨਕ    ਗੁਰਮੁਖਿ   ਵਣਜੀਐ   ਸਚਾ   ਸਉਦਾ   ਹੋਇ
॥ 11 ॥    ( 1346 ) 
                             ਰਹਾਉ ਦੀ ਤੁਕ ਵਿਚ , ਕਿਹਾ ਹੈ , ਹੇ ਮੇਰੇ ਮਨ ,ਜਿਸ ਬੰਦੇ ਨੂੰ ਸ਼ਬਦ ਵਿਚਾਰ ਦਾ ਰੰਗ ਲਗ ਜਾਵੇ ,ਉਸ ਦਾ ਮਨ ,ਹਰੀ ਦੇ ਨਾਮ ਰੰਗ ਵਿਚ ਰੰਗਿਆ ਜਾਂਦਾ ਹੈ । ਉਸ ਨੂੰ ਸਦਾ ਕਾਇਮ ਰਹਣ ਵਾਲੇ ਪ੍ਰਭੂ ਦੀ ਭਗਤੀ , ਪ੍ਰਭੂ ਦਾ ਪਿਆਰ ਹਾਸਲ ਹੋ ਜਾਂਦਾ ਹੈ । ਉਸ ਦਾ ਸਰੀਰ ਪਰਮਾਤਮਾ ਦਾ ਅਜਿਹਾ ਮੰਦਰ , ਨਿਵਾਸ ਅਸਥਾਨ ਬਣ ਜਾਂਦਾ ਹੈ , ਜਿਸ ਨੂੰ ਵਿਕਾਰਾਂ ਦੇ ਝੱਖੜ , ਡੁਲਾ ਨਹੀਂ ਸਕਦੇ । ਉਸ ਦੀ ਸੱਚੀ ਸੋਭਾ , ਸਾਰੇ ਪਾਸੇ ਖਿੱਲਰ ਜਾਂਦੀ ਹੈ।                              
                                             ਪਹਿਲੀ ਤੁਕ ਵਿਚ ਦਸਿਆ ਹੈ ,
                   ਹੇ ਭਾਈ ਤੂੰ ਗੁਰੂ ਦੀ ਬਖਸ਼ਿਸ਼ ਆਸਰੇ ਵੇਖ , ਜਾਣ , ਕਿ ਹਰਿ ਮੰਦਰ ,ਕਰਤਾਰ ਦਾ ਨਿਵਾਸ ਅਸਥਾਨ ਤਾਂ ਹਰ ਵੇਲੇ , ਤੇਰੇ ਨਾਲ ਹੀ ਹੈ , ਤੇਰੇ ਸਰੀਰ ਦੇ ਅੰਦਰ ਹੀ ਹੈ । ਇਸ ਹਰਿ ਮੰਦਰ ਬਾਰੇ , ਸ਼ਬਦ ਵਿਚਾਰ ਆਸਰੇ ਹੀ ਜਾਣਿਆ ਜਾ ਸਕਦਾ ਹੈ । ਤੂੰ ਸ਼ਬਦ ਗੁਰੂ ਦੀ ਵਿਚਾਰ ਨਾਲ ਜੁੜ ਕੇ ,  Al`K ਦੇ ਨਾਮ ਨੂੰ ਅਪਣੇ ਅੰਦਰ ਸਾਂਭ ।
                                             ਦੂਸਰੀ ਤੁਕ ਵਿਚ ਸਮਝਾਇਆ ਹੈ ,
                  ਹੇ ਭਾਈ , ਬੰਦੇ ਦਾ ਇਹ ਸਰੀਰ ਹੀ ਹਰਿ ਮੰਦਰ , ਵਾਹਿਗੁਰੂ ਦਾ ਨਿਵਾਸ ਅਸਥਾਨ ਹੈ , ਪਰ ਇਹ ਸੋਝੀ ਉਸ ਨੂੰ ਹੀ ਹੁੰਦੀ ਹੈ , ਜਿਸ ਨੂੰ ਸ਼ਬਦ ਵਿਚਾਰ ਆਸਰੇ , ਬੇਸ਼ ਕੀਮਤੀ ਗਿਆਨ ਦਾ ਚਾਨਣ ਹੋ ਜਾਵੇ ।ਅਪਣੇ ਮਨ ਦੀ ਮੱਤ ਪਿਛੇ ਚਲਣ ਵਾਲੇ , ਅਗਿਆਨੀ , ਇਸ ਭੇਤ ਨੂੰ ਨਹੀਂ ਸਮਝ ਸਕਦੇ । ਉਹ ਤਾਂ ਇਹ ਹੀ ਸਮਝਦੇ ਹਨ ਕਿ ਮਨੁੱਖ ਦਾ ਸਰੀਰ ਤਾਂ ਹਰਿ ਮੰਦਰ ਹੋ ਹੀ ਨਹੀਂ ਸਕਦਾ।ਇਸ ਲਈ ਉਹ ਕਰਤਾਰ ਨੂੰ ਜੰਗਲਾਂ , ਬੀਆ ਬਾਨਾਂ , ਤਰਿਥਾਂ , ਮੰਦਰਾਂ , ਮਸਜਿਦਾਂ , ਗੁਰਦਵਾਰਿਆਂ , ਡੇਰਿਆਂ ਤੇ ਭਾਲਦੇ ਰਹਿੰਦੇ ਹਨ । ਇਸ ਤਰ੍ਹਾਂ ਉਹ ਪ੍ਰਭੂ ਨਾਲ ਪਿਆਰ ਸਾਂਝ ਨਹੀਂ ਪਾ ਸਕਦੇ ।
                                             ਤੀਸਰੀ ਤੁਕ ਵਿਚ ਸੋਝੀ ਦਿੱਤੀ ਹੈ ,
                  ਇਹ ਹਰਿ ਮੰਦਰ , ਮਨੱਖਾ ਸਰੀਰ ,  ਪ੍ਰਭੂ ਨੇ ਆਪ ਸਾਜਿਆ ਹੈ , ਅਤੇ ਇਸ ਨੂੰ ਅਪਣੇ ਹੁਕਮ , ਅਪਣੇ ਨਿਯਮ ਕਾਨੂਨ ਅਨੁਸਾਰ ਹੀ ਸਵਾਰਿਆ ਹੋਇਆ ਹੈ । ਇਸ ਦੇ ਕੀਤੇ ਕਰਮਾਂ ਅਨੁਸਾਰ , ਜੋ ਲੇਖ ਇਸ ਦੇ ਲੇਖੇ ਵਿਚ ਲਿਖਿਆ ਜਾਂਦਾ ਹੈ , ਉਸ ਨੂੰ ਮਿਟਾਉਣ ਦੀ ਸਮਰੱਥਾ ਕਿਸੇ ਵਿਚ ਨਹੀਂ । ਭਾਵੈਂ ਉਹ ਕੋਈ ਸਾਧ ਹੋਵੇ , ਸੰਤ , ਮਹਾਂ ਪੁਰਖ ,ਬ੍ਰਹਮ ਗਿਆਨੀ ਹੋਵੇ , ਪੀਰ-ਫਕੀਰ ਹੋਵੇ , ਦੇਵੀ-ਦੇਵਤਾ ਹੋਵੇ , ਤੇ ਭਾਵੇਂ ਅਵਤਾਰ   ਹੋਵੇ । ਇਹ ਵਿਚਾਰੇ ਤਾਂ ਆਪ , ਅਪਣੇ ਕੀਤੇ ਕਰਮਾਂ ਦਾ ਲੇਖਾ , ਇਸ ਸੰਸਾਰ ਵਿਚ ਭੁਗਤਦੇ ਹਨ । 
                                         ਚੌਥੀ ਤੁਕ ਵਿਚ ਦੱਸਿਆ ਹੈ ,
                  ਹੇ ਭਾਈ , ਮਾੜੇ ਕਰਮਾਂ ਤੋਂ ਬਚਣ ਦੀ ਜੁਗਤ ਦੱਸਣ ਦੇ ਸਮਰੱਥ , ਕੇਵਲ ਤੇ ਕੇਵਲ ਸ਼ਬਦ ਗੁਰੂ ਹੀ ਹੈ ।ਜਿਸ ਨੇ ਵੀ ਸ਼ਬਦ ਵਿਚਾਰ ਰਾਹੀਂ , ਸੱਚੇ ਪ੍ਰਭੂ ਦੇ ਨਾਮ , ਹੁਕਮ ਨਾਲ ਪਿਆਰ ਕੀਤਾ ਹੈ , ਉਸ ਨੇ ਹੀ ਸੁਖ ਪਾਇਆ ਹੈ ।ਅਜਿਹੇ ਮਨੁੱਖ ਦਾ ਸਰਰਿ ਸ਼ਬਦ ਵਿਚਾਰ ਨਾਲ ਅਜਿਹਾ ਸੋਹਣਾ ਹੋ ਗਿਆ , ਮਾਨੋ ਅਕਾਲ ਦੇ ਰਹਣ ਲਈ , ਸੋਨੇ ਦਾ ਅਪਾਰ ਕਿਲ੍ਹਾ ਹੋਵੇ ।
                                         ਪੰਜਵੀਂ ਤੁਕ ਵਿਚ ਕਿਹਾ ਹੈ ,
                  ਹੇ ਭਾਈ , ਇਹ ਸਾਰਾ ਸੰਸਾਰ ਵੀ , ਹਰਿ ਮੰਦਰ , ਹਰੀ ਦਾ ਨਿਵਾਸ ਅਸਥਾਨ ਹੀ ਹੈ , ਪਰ ਕਰਤਾਰ ਦੇ ਇਸ ਨਿਵਾਸ ਅਸਥਾਨ ਵਿਚ , ਸ਼ਬਦ ਗੁਰੂ ਦੇ ਗਿਆਨ ਚਾਨਣ ਤੋਂ ਬਗੈਰ , ਘੁੱਪ ਹਨੇਰਾ ਹੀ ਵਿਆਪਿਆ ਰਹਿੰਦਾ ਹੈ ।ਸ਼ਬਦ ਗਿਆਨ ਤੋਂ ਸੱਖਣੇ, ਅਪਣੇ ਮਨ ਦੀ ਮੱਤ ਪਿੱਛੇ ਚੱਲਣ ਵਾਲੇ ਮਨੁੱਖ ,ਸੂਝ ਹੀਣ ਅੰਨ੍ਹੇ ਹੋ ਕੇ , ਮੂਲ਼ ਤੋਂ ਦੂਸਰੇ ( ਮਾਇਆ ) ਨਾਲ ਪਿਆਰ ਪਾ ਕੇ ,ਉਸ ਨੂੰ ਹੀ ਪੂਜਦੇ ਰਹਿੰਦੇ ਹਨ ।
                                         ਛੇਵੀਂ ਤੁਕ ਵਿਚ ਸਮਝਾਇਆ ਹੈ ,
                  ਹੇ ਭਾਈ , ਜਿੱਥੇ ਮਨੁੱਖ  ਦੇ ਕੀਤੇ ਕਰਮਾਂ ਦਾ ਲੇਖਾ ਹੁੰਦਾ ਹੈ ,ਉਥੇ ਇਹ ਦੇਹ ਨਹੀਂ ਜਾਂਦੀ , ਫਿਰ ਇਸ ਨਾਲ ਜੁੜੀਆਂ ਚੀਜ਼ਾਂ ( ਉਚੀ ਜਾਤ , ਵੱਡਾ ਕੁਟੰਭ , ਵੱਡੀਆਂ ਪਦਵੀਆਂ , ਅਪਾਰ ਮਾਇਆ ਅਤੇ ਵੱਡੇ ਮਹੱਲ ਨੁਮਾ ਮਕਾਨ, ਜਿਨ੍ਹਾਂ ਤੇ ਬੰਦਾ ਮਾਣ ਕਰਦਾ ਹੈ)
 ਉਥੇ ਕਿਵੇਂ ਜਾ ਸਕਦੀਆ ਹਨ ? ਉਸ ਵੇਲੇ ਪ੍ਰਭੂ ਪਿਆਰ ਵਿਚ ਰੰਗੇ ਹੋਏ ਸੁਰਖਰੂ ਹੋ ਜਾਂਦੇ ਹਨ , ਅਤੇ ਦੂਜੇ ਭਾਇ , ਮਾਇਆ ਨਾਲ ਪਿਆਰ ਕਰਨ ਵਾਲੇ , ਮਾਇਆ ਦੀ ਪੂਜਾ ਕਰਨ ਵਾਲੇ , ਦੁਖੀ ਹੁੰਦੇ ਹਨ ।           
                                         ਸਤਵੀਂ ਤੁਕ ਵਿਚ ਸੋਝੀ ਦਿੱਤੀ ਹੈ ,
                 ਹੇ ਭਾਈ ਇਸ ਸਰੀਰ ਵਿਚ ਹੀ , ਪ੍ਰਭੂ ਦੇ ਨਾਮ ਦਾ ਖਜ਼ਾਨਾ ਹੈ , ਪਰ ਗਿਆਨ ਹੀਣ  , ਮੂਰਖ ਲੋਕਾਂ ਨੂੰ , ਇਸ ਦੀ ਸੋਝੀ ਨਹੀਂ ਹੈ ।ਸ਼ਬਦ ਗੁਰੂ ਦੀ ਕਿਰਪਾ ਸਦਕਾ , ਜਿਹੜੇ ਮਨੁੱਖ ਇਸ ਖਜ਼ਾਨੇ ਬਾਰੇ ਜਾਣੂ ਹੋ ਜਾਂਦੇ ਹਨ, ਉਹ ਇਸ ਖਜ਼ਾਨੇ ਨੂੰ  , ਮਨ ਵਿਚ ਧਾਰਨ ਕਰੀ ਰਖਦੇ ਹਨ , ਇਸ ਨਾਲ ਜੁੜੇ ਰਹਿੰਦੇ ਹਨ ।
                                         ਅਠਵੀਂ ਤੁਕ ਵਿਚ ਦੱਸਿਆ ਹੈ ,
                 ਗੁਰੂ ਦੀ ਬਾਣੀ , ਸ਼ਬਦ ਵਿਚਾਰ ਨਾਲ ਹੀ ਸਮਝੀ ਜਾ ਸਕਦੀ ਹੈ , ਉਹ ਵੀ ਉਹੀ ਜਾਣ ਪਾਉਂਦੇ ਹਨ ਜੋ ਸ਼ਬਦ ਨਾਲ ਜੁੜ ਕੇ ਉਸ ਵਿਚ ਹੀ ਲੀਨ ਰਹਿੰਦੇ ਹਨ । ਅਜਿਹੇ , ਪ੍ਰਭੂ ਦੇ ਜਨ , ਦਾਸ ਹੀ ਪਵਿਤਰ ਜੀਵਨ ਵਾਲੇ ਹੋ ਕੇ , ਹਰੀ ਦੇ ਨਾਮ ਵਿਚ , ਉਸ ਦੇ ਹੁਕਮ ਵਿਚ , ਹੀ ਸਮਾ ਜਾਂਦੇ ਹਨ ।
                                         ਨੌਵੀਂ ਤੁਕ ਸੇਧ ਦਿੰਦੀ ਹੈ ,
                 ਹਰਿ ਮੰਦਰ, ਮਨੁਖਾ ਸਰੀਰ, ਹਰੀ ਦਾ ਅਜਿਹਾ ਬਾਜ਼ਾਰ ਹੈ , ਜਿਸ ਨੂੰ , ਸ਼ਬਦ ਗਿਆਨ ਦੇ ਚਾਨਣ ਨਾਲ ਸਜਾਇਆ ਹੋਇਆ ਹੈ । ਇਸ ਬਾਜ਼ਾਰ ਵਿਚੋਂ ਹੀ ਰੱਬ ਦੇ ਨਾਮ ਦਾ ਸਉਦਾ ਮਿਲ ਸਕਦਾ ਹੈ । ਇਸ ਵਿਚੋਂ , ਗੁਰੂ ਦੀ ਆਗਿਆ ੳਨੁਸਾਰ ਚਲਣ ਵਾਲੇ ਗੁਰਮੁਖ ਬੰਦੇ ਹੀ ,ਇਹ ਸੌਦਾ ਲੈ ਕੇ , ਅਪਣਾ ਜੀਵਨ ਸਵਾਰ ਲੈਂਦੇ ਹਨ । ਮਨਮੁਖਾਂ ਨੂੰ ਤਾਂ , ਇਸ ਦੀ ਸੋਝੀ ਹੀ ਨਹੀਂ ਹੋ ਪਾਉਂਦੀ ।
                                         ਦਸਵੀਂ ਤੁਕ ਵਿਚ ਸਮਝਾਇਆ ਹੈ ,
                 ਇਸ ਸਰੀਰ , ਇਸ ਹਰਿ ਮੰਦਰ ਵਿਚ ਹੀ ਮਨ ਹੈ । ਜੇ ਕਰ ਇਹ ਮਨ , ਦੂਜੈ ਭਾਇ , ਮਾਇਆ ਦੇ ਪਿਆਰ ਵਿਚ ਮੋਹਿਆ ਹੋਇਆ ਹੈ , ਤਾਂ ਸਮਝੋ ਕਿ ਉਹ , ਬੇਕਾਰ ਲੋਹੇ ਵਰਗਾ ਹੈ । ਪਰ ਜੇ ਇਸੇ ਮਨ ਦਾ ਮਿਲਾਪ , ਸ਼ਬਦ ਗਿਆਨ ਰੂਪੀ ,ਪਾਰਸ ਦੇ ਨਾਲ ਹੋ ਜਾਵੇ , ਤਾਂ ਇਹੀ ਮਨ , ਸੋਨਾ ਹੋ ਜਾਂਦਾ ਹੈ । ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ ।
                                          ਗਿਆਰ੍ਹਵੀਂ ਤੁਕ ਵਿਚ ਨਬੈੜਾ ਕੀਤਾ ਹੈ ,
                ਹੇ ਨਾਨਕ , ਇਸ ਹਰਿ ਮੰਦਰ , ਇਸ ਮਨੁੱਖਾ ਸਰੀਰ ਵਿਚ , ਉਸ ਹਰੀ , ਉਸ ਵਾਹਿਗੁਰੂ ਦਾ ਵਾਸਾ ਹੈ, ਜੋ ਹਰ ਥਾਂ , ਬਿਨਾ ਕਿਸੇ ਭਿਨ ਭੇਦ ਦੇ ਰਮਿਆ ਹੋਇਆ ਹੈ । ਉਸ ਦੇ ਨਾਮ ਜਪਣ ਦਾ , ਉਸ ਦੇ ਹੁਕਮ ਵਿਚ ਚਲਣ ਦੇ ਸੌਦੇ ਦਾ ਵਪਾਰ ਗੁਰਮੁਖ ਹੋ ਕੇ , ਸ਼ਬਦ ਗੁਰੂ ਦੀ ਦਿੱਤੀ ਸੇਧ ਅਨੁਸਾਰ ਚਲ ਕੇ ਹੀ ਕੀਤਾ ਜਾ ਸਕਦਾ ਹੈ । ਗੁਰੂ ਵਿਚੋਲੇ ਦੇ ਰਾਹੀਂ , ਕੀਤਾ ਇਹ ਸੌਦਾ , ਸੱਚ ਦਾ , ਹਮੇਸ਼ਾ ਕਾਇਮ ਰਹਿਣ ਵਾਲਾ ਸੌਦਾ ਹੋ ਨਿਬੜਦਾ ਹੈ । 
               ਇਸ ਆਸ਼ੇ ਦੀਆਂ ਬਹੁਤ ਸਾਰੀਆਂ ਤੁਕਾਂ ਅਤੇ ਸ਼ਬਦ , ਗੁਰੂ ਗ੍ਰੰਥ ਸਾਹਿਬ ਵਿਚ ਹਨ , ਪਰ ਕਿਸੇ ਮਕਾਨ , ਕਿਸੇ ਬਿਲਡਿੰਗ  ਦੇ ਹਰਿ ਮੰਦਰ ਹੋਣ ਬਾਰੇ ਇਕ ਤੁਕ ਵੀ ਨਹੀਂ ਹੈ । ਫਿਰ ਇਸ ਥਾਂ ਦਾ ਨਾਮ , ਹਰਿ ਮੰਦਰ ਕਿਸ ਅਧਾਰ ਤੇ ਰੱਖਿਆ ਗਿਆ ਹੈ ?
               ਕੀ ਕਿਸੇ ਗੁਰ ਨਿੰਦਕ ਵਲੋਂ ਲਿਖੀ ਕਿਤਾਬ , ਗੁਰ ਬਿਲਾਸ ਪਾਤਸ਼ਾਹੀ 6 ,ਦੇ ਅਧਾਰ ਤੇ ? ਜਿਸ ਵਿਚ ਲਿਖਿਆ ਹੈ ਕਿ ਦਰਬਾਰ ਸਾਹਿਬ ਦੇ ਤਿਆਰ ਹੋ ਜਾਣ ਤੇ , ਵਿਸ਼ਨੂੰ ਭਗਵਾਨ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਆਦੇਸ਼ , ਦਿੱਤਾ ਸੀ ਕਿ , ਇਹ ਮੇਰਾ ਅਸਥਾਨ ਹੈ। ਇਸ ਵਿਚ ਮੇਰਾ ਅਤੇ ਲਕਸ਼ਮੀ ਦਾ ਨਿਵਾਸ ਹੋਵੇਗਾ , ਤੂੰ ਰਾਤ ਵੇਲੇ ਇਸ ਤੋਂ ਬਾਹਰ ਰਹਿਣਾ ਹੈ । ਕੀ ਇਹ ਬ੍ਰਾਹਮਣ ਵਾਦ ਦੀ ਜਿਲ੍ਹਣ ਦਾ ਸਿਖਰ ਨਹੀਂ ? ਸਿੱਖਾਂ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਹੀ ਚਲਣਾ ਬਣਦਾ ਹੈ ।
               ਕਈ ਗੁਰਬਾਣੀ ਤੋਂ ਨਿਪਟ ਕੋਰੇ , ਆਪੂੰ ਬਣੇ ਘੜੱਮ ਚੌਧਰੀ , ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ , ਤੁਸੀਂ ਹੀ ਜ਼ਿਆਦਾ ਅਕਲ ਮੰਦ ਜੰਮ ਪਏ ਹੋ , ਜੋ ਬਜ਼ੁਰਗਾਂ ਵਲੋਂ ਸਥਾਪਤ , ਮਰਯਾਦਾ ਤੇ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਹੋ , ਕੀ ਬਜ਼ੁਰਗ ਬੇਵਕੂਫ ਸਨ ? ਅਸੀਂ ਅੱਜ ਇਹ ਨਿਰਣਾ ਵੀ ਕਰ ਲੈਣਾ ਚਾਹੁੰਦੇ ਹਾਂ  ਕਿ ਸਾਡੇ ਬਜ਼ੁਰਗ ਕੌਣ ਸਨ ? ਅਤੇ ਕੌਣ ਨਹੀਂ ?
               ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਬਜ਼ੁਰਗਾਂ ਨੇ , ਸਿੱਖੀ ਦੀ ਮਰਯਾਦਾ , ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਸਥਾਪਤ ਕਰਨ ਲਈ , ਬਹੁਤ ਘਾਲਣਾਵਾਂ ਘਾਲੀਆਂ ਹਨ , ਜਿਸ ਸਦਕਾ , ਅੱਜ ਵੀ ਸਿੱਖੀ ਜੀਉਂਦੀ ਹੈ । ਅਸੀਂ ਉਨ੍ਹਾਂ ਦੇ ਰਿਣੀ ਹਾਂ । ਸਨ, 1800 ਈਸਵੀ ਤੱਕ ਸਿੱਖੀ ਦੀ ਸਥਾਪਤੀ ਲਈ ਜੂਝਣ ਵਾਲੇ ਸਾਰੇ ਸਿੱਖ ਅਤੇ ਬੀਬੀਆਂ ਸਾਡੇ ਬਜ਼ੁਰਗ ਸਨ । ਉਸ ਵੇਲੇ ਵੀ ਇਨ੍ਹਾਂ ਅਖੌਤੀ ਸਿੰਘ ਸਾਹਿਬਾਂ ਦੇ ਬਜ਼ੁਰਗ , ਅਪਣੇ ਆਪ ਨੂੰ ਗੁਰੂ ਸਾਹਿਬਾਂ ਨਾਲੋਂ ਸਿਆਣੇ ਸਮਝਦੇ , ਗੁਰੂ ਸਾਹਿਬਾਂ ਵਲੋਂ ਸਥਾਪਤ ਅਕਾਲ ਬੁੰਗੇ ( ਅਕਾਲ ਦੇ ਨਿਵਾਸ ਅਸਥਾਨ ) ਨੂੰ , ਅਕਾਲ ਤਖਤ , ਖੰਡੇ ਬਾਟੇ ਦੀ ਪਾਹੁਲ ਨੂੰ , ਅੰਮ੍ਰਿਤ , ਦਰਬਾਰ ਸਾਹਿਬ ਨੂੰ , ਹਰੀ ਦਾ ਮੰਦਰ , ਬੇਰੀਆਂ ਨੂੰ , ਦੁੱਖ ਭੰਜਣੀਆਂ ਬਣਾਉਂਦੇ , ਗੁਰਬਾਣੀ ਵਿਚ ਵੰਡੀਆਂ ਪਾਉਣ ਵਾਲੇ , ਸ੍ਰਿੀ ਚੰਦ , ਮੋਹਨ , ਪ੍ਰਿਥੀ ਚੰਦ ਵਗੈਰਾ ਨੂੰ ਸਥਾਪਤ ਕਰ ਰਹੇ ਸਨ ।
               ਜਦ ਸਾਡੇ ਬਜ਼ੁਰਗ , ਹਰੀ ਸਿੰਘ ਨਲੂਆ , ਅਕਾਲੀ ਫੂਲਾ ਸਿੰਘ , ਬੀਬੀ ਹਰਸ਼ਰਨ ਕੌਰ , ਸ਼ਾਮ ਸਿੰਘ ਅਟਾਰੀ ਜਿਹੇ ਆਗੂਆਂ ਦੀ ਕਮਾਨ ਹੇਠ , ਖਾਲਸਾ ਰਾਜ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ , ਉਸ ਵੇਲੇ ਇਨ੍ਹਾਂ ਘੜੱਮ ਚੌਧਰੀਆਂ ਦੇ ਬਜ਼ੁਰਗ , ਧਿਆਨ ਸਿੰਹੁ , ਹੀਰਾ ਸਿੰਹੁ , ਗੁਲਾਬ ਸਿੰਹੁ ਆਦਿ ਦੇ ਰੂਪ ਵਿਚ , ਸਿੱਖਾਂ ਵਲੋਂ ਸਥਾਪਤ ਰਾਜ ਦਾ ਭੋਗ ਪਾਉਣ ਲਈ , ਅੰਗਰੇਜ਼ਾਂ ਨਾਲ ਕਸ਼ਮੀਰ ਦਾ ਸੌਦਾ ਕਰ ਰਹੇ ਸਨ । ਦਰਬਾਰ ਸਾਹਿਬ ਵਿਚ ਬ੍ਰਾਹਮਣੀ ਕਰਮ ਕਾਂਡ , ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕਰਨ , ਦਰਬਾਰ ਸਹਿਬ ਦਾ ਨਾਮ ਹਰਿਮੰਦਰ ਕਰਨ ਵਿਚ ਲੱਗੇ ਹੋਏ ਸਨ ।
               ਜਦ ਸਾਡੇ ਬਜ਼ੁਰਗ ਪ੍ਰੋ : ਗੁਰਮੁਖ ਸਿੰਘ , ਗਿਆਨੀ ਦਿੱਤ ਸਿੰਘ ਆਦਿ ਦੀ ਅਗਵਾਈ ਵਿਚ ਦਰਬਾਰ ਸਾਹਿਬ ਵਿਚੋਂ ਬ੍ਰਾਹਮਣੀ ਕਰਮ ਕਾਂਡ , ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਟਾਉਣ ਵਿਚ ਲੱਗੇ ਹੋਏ ਸਨ ਤਾਂ ਇਨ੍ਹਾਂ ਘੜੱਮ ਚੌਧਰੀਆਂ ਦੇ ਬਜ਼ੁਰਗ , ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਦੇ ਬਾਨ੍ਹਣੂ ਬੱਨ੍ਹ ਰਹੇ ਸਨ । ਜਦ ਸਾਡੇ ਬਜ਼ੁਰਗ ਗੁਰਦਵਾਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇ ਰਹੇ ਸਨ ਤਾਂ ਇਨ੍ਹਾਂ ਦੇ ਬਜ਼ੁਰਗ , ਅਪਣੇ ਆਪ ਨੂੰ ਗੁਰੂ ਅੰਸ਼ ਕਹਾਉਂਦੇ , ਸਿੱਖਾਂ ਨੂੰ ਅਪਣੇ ਸੇਵਕ ( ਸਿੱਖੀ ਸੇਵਕੀ ) ਵਜੋਂ ਵਰਤਦੇ , ਸਿੱਖੀ ਭੇਖ ਵਿਚ ਗੁਰਦਵਾਰਿਆਂ ਤੇ ਕਬਜ਼ੇ ਕਰ ਰਹੇ ਸਨ ।
             ਜਦ ਸਾਡੇ ਬਜ਼ੁਰਗ , ਪ੍ਰੋ , ਸਾਹਿਬ ਸਿੰਘ ਵਰਗੇ , ਗੁਰਬਾਣੀ ਵਿਆਕਰਨ ਸਮਝਣ ਦਾ ਉਪਰਾਲਾ ਕਰ ਰਹੇ ਸਨ , ਇਨ੍ਹਾਂ ਦੇ ਬਜ਼ੁਰਗ , ਗੁਰਬਾਣੀ ਨੂੰ ਚਮਤਕਾਰੀ ਰੰਗਣ ਦੇਣ ਦੇ ਆਹਰ ਵਿਚ ਲੱਗੇ ਹੋਏ ਸਨ ।
             ਅੱਜ ਵੀ ਜਦੋਂ ਅਸੀਂ ਅਪਣੀ ਕਮਾਈ ਨਾਲ , ਸਿੱਖਾਂ ਨੂੰ ,ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ , ਸੁਚੇਤ ਕਰਨ ਦਾ ਉਪਰਾਲਾ ਕਰ ਰਹੇ ਹਾਂ ਤਾਂ ਇਹ ਘੜੱਮ ਚੌਧਰੀ , ਗੁਰਦਵਾਰਿਆਂ ਤੇ ਕਬਜ਼ਾ ਕੀਤੀ , ਸਿੱਖਾਂ ਦੇ ਦਸਵੰਧ ਦੇ ਅਰਬਾਂ ਰੁਪਏ , ਵਿਖਾਵਿਆਂ ਵਿਚ ਰੋੜ੍ਹਦੇ , ਉਨ੍ਹਾਂ ਪੈਸਿਆਂ ਆਸਰੇ ਸਾਡਾ ਵਿਰੋਧ ਕਰਦੇ , ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ , ਇਕ ਲੱਚਰ ਕਿਤਾਬ , ਬਚਿਤਰ ਨਾਟਕ ਨੂੰ ,ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਾਲ ਪਰਚਾਰਦੇ , ਅਤੇ ਹੋਰ ਬਹੁਤ ਸਾਰੀਆਂ ਮਿਲਗੋਭਾ ਕਿਤਾਬਾਂ ਨਾਲ ਸਿੱਖਾਂ ਨੂੰ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਰਹੇ ਹਨ । ਸੋ ਸਪੱਸ਼ਟ ਹੈ ਕਿ , ਜਿਨ੍ਹਾਂ ਨੇ ਇਹ ਬ੍ਰਾਹਮਣੀ ਰੀਤਾਂ ਸਾਡੇ ਗੱਲ ਪਾਈਆਂ ਹਨ , ਉਹ ਅਤੇ ਸਾਡੇ ਬਜ਼ੁਰਗ , ਇਕੋ ਨਹੀਂ ਹੋ ਸਕਦੇ।
                                   ਅਮਰ ਜੀਤ ਸਿੰਘ ਚੰਦੀ       
 
 
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.