ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 12 ਖ)
ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 12 ਖ)
Page Visitors: 1247

 

   ਸਿੱਖੀ  ਅਤੇ ਇਸ ਦੇ ਸਿਧਾਂਤ! (ਭਾਗ 12 ਖ) 
                  (ਭਗਉਤੀ)      
 ਗੁਰੂ ਗ੍ਰੰਥ ਸਾਹਿਬ ਜੀ ਦੇ 1347/48 ਅੰਕ ਤੇ,

 ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ਪੂਜਾ ਕਰਹਿ ਬਹੁਤੁ ਬਿਸਥਾਰਾ ॥
ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ਅੰਤਰ ਕੀ ਮਲੁ ਕਬ ਹੀ ਨ ਜਾਇ1
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ 1ਰਹਾਉ॥
ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥
ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ2
ਘੂਘਰ ਬਾਧਿ ਬਜਾਵਹਿ ਤਾਲਾ ॥ ਅੰਤਰਿ ਕਪਟੁ ਫਿਰਹਿ ਬੇਤਾਲਾ ॥
ਵਰਮੀ ਮਾਰੀ ਸਾਪੁ ਨ ਮੂਆ ॥ ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ3
ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥
ਦੇਸ ਛੋਡਿ ਪਰਦੇਸਹਿ ਧਾਇਆ ॥ ਪੰਚ ਚੰਡਾਲ ਨਾਲੇ ਲੈ ਆਇਆ 4
ਕਾਨ ਫਰਾਇ ਹਿਰਾਇ ਟੂਕਾ ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥
ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥ ਵੇਸਿ ਨ ਪਾਈਐ ਮਹਾ ਦੁਖਿਆਰੀ
5
ਬੋਲੈ ਨਾਹੀ ਹੋਇ ਬੈਠਾ ਮੋਨੀ ॥ ਅੰਤਰਿ ਕਲਪ ਭਵਾਈਐ ਜੋਨੀ ॥
ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥ ਹੁਕਮੁ ਨ ਬੂਝਹਿ ਵਿਆਪਿਆ ਮਮਤਾ 6
ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥ ਪੂਛਹੁ ਸਗਲ ਬੇਦ ਸਿੰਮ੍ਰਿਤੇ ॥
ਮਨਮੁਖ ਕਰਮ ਕਰੈ ਅਜਾਈ ॥ ਜਿਉ ਬਾਲੂ ਘਰ ਠਉਰ ਨ ਠਾਈ7
ਜਿਸ ਨੋ ਭਏ ਗੋੁਬਿੰਦ ਦਇਆਲਾ ॥ ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥
ਕੋਟਿ ਮਧੇ ਕੋਈ ਸੰਤੁ ਦਿਖਾਇਆ
ਨਾਨਕ ਤਿਨੁ ਕੈ ਸੰਗਿ ਤਰਾਇਆ 8
ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥ ਆਪਿ ਤਰੈ ਸਭੁ ਕੁਟੰਬੁ ਤਰਾਈਐ 1ਰਹਾਉ ਦੂਜਾ ॥

ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ਪੂਜਾ ਕਰਹਿ ਬਹੁਤੁ ਬਿਸਥਾਰਾ ॥
ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ਅੰਤਰ ਕੀ ਮਲੁ ਕਬ ਹੀ ਨ ਜਾਇ 1
ਅਰਥ:-

  ਹੇ ਭਾਈ, ਜੇ ਮਨ ਵਿਚ ਕ੍ਰੋਧ ਟਿਕਿਆ ਰਹੇ, ਬਲੀ ਹੰਕਾਰ ਵਸਿਆ ਰਹੇ, ਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ, ਖਿਲਾਰ ਕੇ, ਮਨੁੱਖ ਦੇਵ ਪੂਜਾ ਕਰਦੇ ਰਹਿਣ, ਜੇ ਤੀਰਥ ਆਦਿ ਉੱਤੇ ਇਸ਼ਨਾਨ ਕਰ ਕੇ ਸਰੀਰ ਤੇ ਧਾਰਮਿਕ ਚਿਨ੍ਹਾਂ ਦੇ ਨਿਸ਼ਾਨ ਲਾਏ ਜਾਣ, ਇਸ ਤਰ੍ਹਾਂ ਮਨ ਤੋਂ ਵਿਕਾਰਾਂ ਦੀ ਮੈਲ ਕਦੇ ਦੂਰ ਨਹੀਂ ਹੁੰਦੀ।1
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ 1ਰਹਾਉ॥
   ਹੇ ਭਾਈ, ਜੇ ਮਨ ਮਾਇਆ ਦੇ ਮੋਹ ਵਿਚ ਫਸਿਆ ਰਹੇ, ਬੰਦਾ ਵਿਸ਼ਨੂ ਭਗਤੀ ਦੇ ਵਿਖਾਵੇ ਦੇ ਚਿਨ੍ਹ ਆਪਣੇ ਸਰੀਰ ਤੇ ਬਣਾਂਦਾ ਰਹੇ, ਤਾਂ ਇਸ ਤਰੀਕੇ ਨਾਲ ਕਿਸੇ ਨੇ ਵੀ ਪ੍ਰਭੂ ਮਿਲਾਪ ਹਾਸਲ ਨਹੀਂ ਕੀਤਾ।1ਰਹਾਉ।
ਪਾਪ ਕਰਹਿ ਪੰਚਾਂ ਕੇ ਬਸਿ ਰੇਤੀਰਥਿ ਨਾਇ ਕਹਹਿ ਸਭਿ ਉਤਰੇ ॥
ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ 2
  ਹੇ ਭਾਈ, ਜਿਹੜੇ ਮਨੁੱਖ ਕਾਮਾਦਿਕ ਪੰਜਾਂ ਦੇ ਵੱਸ ਵਿਚ ਰਹਿ ਕੇ ਪਾਪ ਕਰਦੇ ਰਹਿੰਦੇ ਹਨ, ਕਿਸੇ ਤੀਰਥ ਤੇ ਇਸ਼ਨਾਨ ਕਰ ਕੇ ਆਖਦੇ ਹਨ ਕਿ ਸਾਡੇ ਸਾਰੇ ਪਾਪ ਲਹਿ ਗਏ ਹਨ, ਅਤੇ ਝਾਕਾ ਲਾਹ ਕੇ, ਮੁੜ ਮੁੜ ਉਹੀ ਪਾਪ ਕਰੀ ਜਾਂਦੇ ਹਨ, ਤੀਰਥ ਇਸ਼ਨਾਨ ਉਨ੍ਹਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ ਪਾਪਾਂ ਦੇ ਕਾਰਨ, ਬਨ੍ਹ ਕੇ ਜਮਰਾਜ ਦੇ ਦੇਸ ਵਿਚ ਅਪੜਾਏ ਜਾਂਦੇ ਹਨ।2
ਘੂਘਰ ਬਾਧਿ ਬਜਾਵਹਿ ਤਾਲਾ ॥ ਅੰਤਰਿ ਕਪਟੁ ਫਿਰਹਿ ਬੇਤਾਲਾ ॥
ਵਰਮੀ ਮਾਰੀ ਸਾਪੁ ਨ ਮੂਆ ॥ ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ3
  ਹੇ ਭਾਈ, ਜਿਹੜੇ ਮਨੁੱਖ ਘੁੰਗਰੂ ਬੰਨ੍ਹ ਕੇ ਕਿਸੇ ਮੂਰਤੀ ਅੱਗੇ, ਜਾਂ ਰਾਸਿ ਆਦਿਕ ਵਿਚ ਤਾਲ ਵਜਾਂਦੇ ਹਨ, ਤਾਲ ਸਿਰ ਨੱਚਦੇ ਹਨ, ਪਰ ਉਨ੍ਹਾਂ ਦੇ ਮਨ ਵਿਚ ਠੱਗੀ-ਫਰੇਬ ਹੈ, ਉਹ ਮਨੁੱਖ ਆਪਣੇ ਜੀਵਨ ਵਿਚ, ਤਾਲ ਤੋਂ ਖੁੰਝੇ ਫਿਰਦੇ ਹਨ। ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਵੇ, ਅਤੇ ਉਸ ਵਰਮੀ ਨੂੰ ਲਾਠੀਆਂ ਨਾਲ ਕੁਟਿਆ ਜਾਵੇ ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ ਸੱਪ ਨਹੀਂ ਮਰਦਾ। ਹੇ ਭਾਈ, ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਹ ਤੇਰੇ ਦਿਲ ਦੀ ਹਰੇਕ ਗੱਲ ਜਣਦਾ ਹੈ।3
ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥
ਦੇਸ ਛੋਡਿ ਪਰਦੇਸਹਿ ਧਾਇਆ ॥ ਪੰਚ ਚੰਡਾਲ ਨਾਲੇ ਲੈ ਆਇਆ 4
  ਹੇ ਭਾਈ, ਜਿਹੜਾ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੂਏ ਰੰਗ ਦੇ ਕਪੜੇ ਪਾਈ ਫਿਰਦਾ ਹੈ, ਓਵੇਂ ਕਿਸੇ ਬਿਪਤਾ ਦਾ ਮਾਰਿਆ, ਆਪਣੇ ਘਰੋਂ ਭੱਜਾ ਫਿਰਦਾ ਹੈ, ਆਪਣਾ ਵਤਨ ਛੱਡ ਕੇ, ਹੋਰ ਹੋਰ ਦੇਸਾਂ ਵਿਚ ਭੱਜਾ ਫਿਰਦਾ ਹੈ, ਅਜਿਹਾ ਮਨੁੱਖ ਕਾਮਾਦਿਕ ਪੰਜਾਂ ਚੰਡਾਲਾਂ ਨੂੰ ਤਾਂ ਆਪਣੇ ਅੰਦਰ, ਆਪਣੇ ਨਾਲ ਹੀ ਲਈ ਫਿਰਦਾ ਹੈ।4
ਕਾਨ ਫਰਾਇ ਹਿਰਾਇ ਟੂਕਾ ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥
ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥ ਵੇਸਿ ਨ ਪਾਈਐ ਮਹਾ ਦੁਖਿਆਰੀ5
  ਹੇ ਭਾਈ, ਜਿਹੜਾ ਮਨੁੱਖ ਆਪਣੇ ਵਲੋਂ ਸ਼ਾਂਤੀ ਦੀ ਖਾਤਰ ਕੰਨ ਪੜਵਾ ਕੇ, ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਣ ਲਈ ਹੋਰਨਾ ਦੀ ਰੋਟੀ ਤੱਕਦਾ ਹੈ, ਹਰੇਕ ਘਰ ਦੇ ਬੂਹੇ ਤੇ ਰੋਟੀ ਮੰਗਦਾ ਫਿਰਦਾ ਹੈ, ਉਹ ਸਗੋਂ ਤ੍ਰਿਪਤੀ ਤੋਂ, ਰੱਜਣ ਤੋ ਵਾਂਜਿਆ ਰਹਿੰਦਾ ਹੈ। ਉਹ ਮਨੁੱਖ ਆਪਣੀ ਇਸਤ੍ਰੀ ਛੱਡ ਕੇ, ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ ਹੈ। ਹੇ ਭਾਈ, ਨਿਰੇ ਧਾਰਮਿਕ ਪਹਿਰਾਵੇ ਨਾਲ, ਪਰਮਾਤਮਾ ਨਹੀਂ ਮਿਲਦਾ। ਇਸ ਤਰ੍ਹਾਂ ਸਗੋਂ ਉਸ ਦੀ ਜਿੰਦ ਜਿਆਦਾ ਦੁਖੀ ਹੁੰਦੀ ਹੈ।5
ਬੋਲੈ ਨਾਹੀ ਹੋਇ ਬੈਠਾ ਮੋਨੀ ॥ ਅੰਤਰਿ ਕਲਪ ਭਵਾਈਐ ਜੋਨੀ ॥
ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥ ਹੁਕਮੁ ਨ ਬੂਝਹਿ ਵਿਆਪਿਆ ਮਮਤਾ6
  ਹੇ ਭਾਈ, ਜਿਹੜਾ ਮਨੁੱਖ ਆਤਮਕ ਸ਼ਾਂਤੀ ਵਾਸਤੇ, ਜ਼ਬਾਨ ਨਾਲ ਨਹੀਂ ਬੋਲਦਾ, ਮੌਨਧਾਰੀ ਬਣ ਕੇ ਬੈਠ ਜਾਂਦਾ ਹੈ, ਉਸ ਦੇ ਅੰਦਰ ਤਾਂ ਕਾਮਨਾ ਟਿਕੀ ਰਹਿੰਦੀ ਹੈ, ਜਿਸ ਦੇ ਕਾਰਨ ਉਸ ਨੂੰ ਕਈ ਜੂਨਾਂ ਵਿਚ ਭਟਕਾਇਆ ਜਾਂਦਾ ਹੈ। ਉਹ ਅੰਨ ਖਾਣ ਤੋਂ ਪਰਹੇਜ਼ ਕਰਦਾ ਹੈ, ਇਸ ਤਰ੍ਹਾਂ ਸਰੀਰ ਉੱਤੇ ਦੁਖ ਹੀ ਸਹਾਰਦਾ ਹੈ।
 ਜਦ ਤੱਕ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ, ਮਾਇਆ ਦੀ ਮਮਤਾ ਵਿਚ ਫਸਿਆ ਹੀ ਰਹਿੰਦਾ ਹੈ।6
ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥ ਪੂਛਹੁ ਸਗਲ ਬੇਦ ਸਿੰਮ੍ਰਿਤੇ ॥
ਮਨਮੁਖ ਕਰਮ ਕਰੈ ਅਜਾਈ ॥ ਜਿਉ ਬਾਲੂ ਘਰ ਠਉਰ ਨ ਠਾਈ7
  ਹੇ ਭਾਈ, ਬੇ-ਸ਼ੱਕ ਵੇਦ ਸਿਮ੍ਰਿਤੀਆਂ ਆਦਿ ਧਰਮ-ਪੁਸਤਕਾਂ ਨੂੰ ਵੀ ਵਿਚਾਰਦੇ ਰਹੋ, ਗੁਰੂ ਦੀ ਸਰਨ ਤੋਂ ਬਗੈਰ, ਕਦੇ ਕਿਸੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕੀਤੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਆਪਣੇ ਵਲੋਂ ਜਿਹੜੇ ਵੀ ਧਾਰਮਕ ਕਰਮ ਕਰਦਾ ਹੈ, ਵਿਅਰਥ ਹੀ ਜਾਂਦੇ ਹਨ, ਜਿਵੇਂ ਰੇਤ ਦੇ ਘਰ ਦਾ ਨਿਸ਼ਾਨ ਹੀ ਮਿੱਟ ਜਾਂਦਾ ਹੈ ।7
ਜਿਸ ਨੋ ਭਏ ਗੋੁਬਿੰਦ ਦਇਆਲਾ ॥ ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥
ਕੋਟਿ ਮਧੇ ਕੋਈ ਸੰਤੁ ਦਿਖਾਇਆ ॥ ਨਾਨਕ ਤਿਨੁ ਕੈ ਸੰਗਿ ਤਰਾਇਆ8
  ਹੇ ਭਾਈ, ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋਇਆ, ਉਸ ਨੇ ਗੁਰੂ ਦਾ ਬਚਨ ਆਪਣੇ ਪੱਲੇ ਬੰਨ੍ਹ ਲਿਆ, ਪਰ ਇਹੋ ਜਿਹਾ ਸੰਤ ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਵੇਖਣ ਵਿਚ ਆਉਂਦਾ ਹੈ। ਨਾਨਕ ਤਾਂ ਇਹੋ ਜਿਹੇ ਸੰਤ ਜਨਾਂ ਦੀ ਸੰਗਤ ਵਿਚ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ।8
ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥ ਆਪਿ ਤਰੈ ਸਭੁ ਕੁਟੰਬੁ ਤਰਾਈਐ1ਰਹਾਉ ਦੂਜਾ ॥
  ਹੇ ਭਾਈ, ਜੇ ਮੱਥੇ ਦਾ ਭਾਗ ਜਾਗ ਪਏ ਤਾਂ ਅਜਿਹੇ ਸੰਤ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ। ਦਰਸ਼ਨ ਕਰਨ ਵਾਲਾ ਆਪ ਵੀ ਪਾਰ ਲੰਘਦਾ ਹੈ, ਅਤੇ ਆਪਣੇ ਪਰਿਵਾਰ ਨੂੰ ਵੀ ਪਾਰ, ਲੰਘਾ ਲੈਂਦਾ ਹੈ।1ਰਹਾਉ ਦੂਜਾ
  ਇਹ ਸੀ ਭਗਉਤੀ ਦਾ ਵਿਸਲੇਸ਼ਨ।
ਗੁਰੂ ਗ੍ਰੰਥ ਸਾਹਿਬ ਵਿਚ, 'ਭਗੌਤੀ ' ਅੱਖਰ ਨਹੀਂ ਹੈ, ਹੋਰ ਕਿਸੇ ਕਿਤਾਬ ਵਿਚ ਹੋਵੇ ਤਾਂ ਸਿੱਖਾਂ ਦਾ ਉਸ ਨਾਲ ਕੋਈ ਮਤਲਬ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਜੋ 'ਭਗਉਤੀ' ਅੱਖਰ ਹਨ, ਉਨ੍ਹਾਂ ਦੇ ਮਤਲਬ ਆਪਾਂ ਸਮਝੇ ਹਨ, ਉਸ ਦੇ ਚੰਗੇ-ਮਾੜੇ ਅਰਥ ਸਾਫ ਹਨ ਕਿ, ਵਿਸ਼ਨੂ ਦਾ ਭਗਤ 'ਭਗਉਤੀ' ਆਪਣੇ ਆਪ ਵਿਚ, ਦੂਸਰੇ ਸਧਾਰਨ ਭਗਤਾਂ ਵਾਙ ਹੀ ਇਕ ਭਗਤ ਹੈ, ਜੇ ਉਹ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚੱਲ ਕੇ ਰੱਬ ਨਾਲ ਜੁੜਦਾ ਹੈ ਤਾਂ ਉਹ ਇਕ ਚੰਗਾ ਭਗਤ ਹੋ ਜਾਂਦਾ ਹੈ, ਨਹੀਂ ਤਾਂ ਇਕ "ਭੇਖੀ ਭਗਤ"। ਇਸ ਅੱਖਰ ਨੂੰ ਗੁਰਮਤਿ ਵਿਚ ਕਿਸ ਨੇ ਅਤੇ ਕਿਵੇਂ ਏਨੀ ਮਾਨਤਾ ਦਿਵਾਈ ਹੈ ? ਕਿ ਇਹ, ਪਿੰਡ ਦੇ ਛੋਟੇ ਗੁਰਦਵਾਰੇ ਤੋਂ ਦਰਬਾਰ ਸਾਹਿਬ ਤੱਕ ਹਰ ਗੁਰਦਵਾਰੇ ਵਿਚ, ਹਰ ਅਰਦਾਸ ਵੇਲੇ, ਸਭ ਤੋਂ ਪਹਿਲਾਂ ਤਿੰਨ ਵਾਰੀ, ਇਸ 'ਭਗੌਤੀ' ਅੱਗੇ ਬੇਨਤੀ ਕੀਤੀ ਜਾਂਦੀ ਹੈ। (ਇਹੀ ਨਹੀਂ ਹੋਰ ਵੀ ਬਹੁਤ ਕੁਝ ਹੈ)  
ਅਤੇ ਹੁਣ ਤੱਕ ਸਿੱਖ ਚਿੰਤਕ ਇਸ ਨੂੰ ਕਿਵੇਂ ਬਰਦਾਸ਼ਤ ਕਰ ਰਹੇ ਹਨ
?
ਇਸ ਤੋਂ ਸਾਫ ਜ਼ਾਹਰ ਹੈ ਕਿ ਸਿੱਖੀ ਵਿਚ ਕਿੰਨੀਆਂ ਕਾਲੀਆਂ ਭੇਡਾਂ ਦੀ ਘੁਸ-ਪੈਠ ਹੋ ਚੁੱਕੀ ਹੈ ?ਗੁਰ ਸਿੱਖਾਂ ਨੂੰ ਇਸ ਪਾਸੇ ਧਿਆਨ ਦੇ ਕੇ, ਆਪਣੇ ਵੇਹੜੇ ਦੀ ਛੇਤੀ ਤੋਂ ਛੇਤੀ ਸਫਾਈ ਕਰ ਕੇ ਗੁਰੂ ਤੋਂ ਭੁੱਲ ਬਖਸ਼ਵਾ ਲੈਣੀ ਚਾਹੀਦੀ ਹੈ।
ਅਸੀਂ ਵੀ ਗੁਰਦਵਾਰਾ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਦਵਾਰਿਆਂ ਵਿਚੋਂ ਇਸ ਗਲਤ ਪਿਰਤ ਨੂੰ ਛੇਤੀ ਤੋਂ ਛੇਤੀ ਬੰਦ ਕੀਤਾ ਜਾਵੇ।

ਅਮਰ ਜੀਤ ਸਿੰਘ ਚੰਦੀ               (ਚਲਦਾ)              

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.