ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਨਾਨਕ ਜੀ ਦਾ ਪੰਥ ! (ਭਾਗ-1)
ਨਾਨਕ ਜੀ ਦਾ ਪੰਥ ! (ਭਾਗ-1)
Page Visitors: 1244

 

ਨਾਨਕ ਜੀ ਦਾ ਪੰਥ !  (ਭਾਗ-1)
      ਗੁਰੂ ਨਾਨਕ ਅਤੇ ਹੋਰ ਗੁਰੂ!
      ਗੁਰੂ ਨਾਨਕ ਜੀ  ਨੇ ਸਿੱਧਾਂ ਨਾਲ ਗੋਸ਼ਟ ਵੇਲੇ ਆਪਣਾ ਗੁਰੂ, ਸ਼ਬਦ ਦੱਸਿਆ ਹੈ,
            ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
            ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
            ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥44॥  (943)
      ਅਰਥ:-ਪ੍ਰਾਣ ਹੀ ਹਸਤੀ ਦਾ ਮੁੱਢ ਹਨ। ਇਹ ਮਨੁੱਖਾ ਜਨਮ ਦਾ ਸਮਾ ਹੀ ਸਤਿਗੁਰ (ਸ਼ਬਦ ਗੁਰੂ) ਦੀ ਸਿਖਿਆ ਲੈਣ ਦਾ ਵੇਲਾ ਹੈ। ਸ਼ਬਦ ਮੇਰਾ ਗੁਰੂ ਹੈ, ਉਸ ਸ਼ਬਦ ਵਿਚ ਲੱਗੀ ਮੇਰੀ ਸੁਰਤ ਦੀ ਲਗਨ ਹੀ ਉਸ ਦਾ ਚੇਲਾ ਹੈ।     ਮੈਂ ਅਕੱਥ (ਜਿਸ ਬਾਰੇ ਕੁਝ ਨਾ ਕਿਹਾ ਜਾ ਸਕੇ)ਗੁਰੂ ਬਾਰੇ ਕਥਨ ਕਰ ਕੇ, ਉਸ ਦੇ ਨਾਮ, ਹੁਕਮ ਦੀ ਪਾਲਣਾ ਕਰ ਕੇ, ਮਾਇਆ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਹਾਂ।  ਹੇ ਨਾਨਕ ਆਖ ਕਿ ਦੁਨੀਆ ਨੂੰ ਪਾਲਣ ਵਾਲਾ ਗੁਰੂ, ਹਰੇਕ ਯੁਗ ਵਿਚ ਮੌਜੂਦ ਹੈ।          ਕੇਵਲ ਸ਼ਬਦ ਗੁਰੂ ਹੀ ਹੈ ਜਿਸ ਦੀ ਮਦਦ ਨਾਲ, ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ। ਇਸ ਸ਼ਬਦ ਗੁਰੂ ਦੇ ਆਸਰੇ ਨਾਲ, ਗੁਰਮੁਖਾਂ ਨੇ ਆਪਣੇ ਅੰਦਰੋਂ ਹਉਮੈ ਦੀ ਅੱਗ ਦੂਰ ਕੀਤੀ ਹੈ।
            ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ॥7॥
 ਇਵੇਂ ਸਾਫ ਹੈ ਕਿ ਗੁਰੂ ਨਾਨਕ ਜੀ ਦਾ ਗੁਰੂ ਸ਼ਬਦ ਸੀ, ਸ਼ਬਦ ਕਿਤੇ ਲਿਖਿਆ ਹੋਇਆ ਨਹੀਂ ਸੀ, ਜੋ ਕੁਝ ਲਿਖਿਆ ਹੋਇਆ ਸੀ, ਉਸ ਬਾਰੇ ਨਾਨਕ ਜੀ ਸਾਫ ਕਰਦੇ ਹਨ ਕਿ,
ਸਲੋਕੁ॥     ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥        
            ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ॥1॥  (265)       
       ਅਰਥ:- ਬਹੁਤ ਸਾਸਤ੍ਰ ਤੇ ਬਹੁਤ ਸਿੰਮ੍ਰਿਤੀਆਂ ਹਨ, ਅਸਾਂ ਉਹ ਸਾਰੇ ਖੋਜ ਕੇ ਵੇਖੇ ਹਨ। (ਇਹ ਪੁਸਤਕਾਂ ਕਈ ਤਰ੍ਹਾਂ ਦੀ ਗਿਆਨ-ਚਰਚਾ, ਅਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੀਆਂ  ਹਨ,)      ਪਰ ਇਹ ਅਕਾਲ-ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ , ਇਨ੍ਹਾਂ ਸਦਕਾ, ਪ੍ਰਭੂ ਦੇ ਅਮੁੱਲ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ।  
   ਅਜਿਹੀ  ਹਾਲਤ ਵਿਚ ਗੁਰੂ ਨਾਨਕ ਜੀ ਨੇ ਸ਼ਬਦ (ਗੁਰੂ) ਤੋਂ ਪਰਮਾਤਮਾ ਦੇ ਨਾਮ ਦਾ ਗਿਆਨ ਕਿਵੇਂ ਹਾਸਲ ਕੀਤਾ ਹੋਵੇਗਾ ?
   ਸੁਭਾਵਕ ਹੈ ਕਿ ਪਰਮਾਤਮਾ ਵਲੋਂ ਬਖਸ਼ੀਆਂ ਗਿਆਨ ਇੰਦਰੀਆਂ ਰਾਹੀਂ ਹੀ ਕੁਦਰਤ ਵਿਚੋਂ ਹਾਸਲ ਕੀਤਾ ਹੋਵੇਗਾ।
            ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥8॥    (141)
  ਸਾਡੇ ਕੋਲ ਸਬੂਤ ਹੈ, ਅਜ ਤਕ ਦੁਨੀਆ ਦੀ ਕਿਸੇ ਪੁਸਤਕ ਵਿਚ ਪਰਮਾਤਮਾ ਅਤੇ  ਕੁਦਰਤ ਬਾਰੇ, ਉਹ ਸਚਾਈ ਲਿਖੀ ਨਹੀਂ ਮਿਲਦੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਹੈ। ਗੁਰੂ ਨਾਨਕ ਜੀ ਨੇ ਜਾਣੂ ਕਰਵਾਇਆ ਕਿ,
            ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
            ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
            ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥3॥ 
   ਅਰਥ:-  ਪਰਮਾਤਮਾ ਤੋਂ (ਸੂਖਮ ਤੱਤ) ਪਵਨ (ਹਵਾ) ਬਣਿਆ, ਪਵਣ ਤੋਂ, ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਸੰਸਾਰ ਰਚਿਆ ਗਿਆ, ਤੇ, ਇਸ ਰਚੇ ਸੰਸਾਰ ਦੀ ਹਰ ਚੀਜ਼ ਵਿਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ ।3।
            ਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥
            ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
            ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥4॥15॥    (19/20
   ਹੇ ਨਾਨਕ, ਜਿਸ ਮਨੁੱਖ ਦੀ, ਸ਼ਬਦ-ਗੁਰੂ ਨੇ ਰਾਖੀ ਕੀਤੀ, ਉਸ ਨੂੰ ਹਰ ਥਾਂ ਇੱਜ਼ਤ ਮਿਲੀ, ਵਿਕਾਰ ਉਸ ਤੋਂ ਦੂਰ ਹੋ ਗਏ, ਉਸ ਦਾ ਮਨ, ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਵੀ ਮਿਹਰ ਦੀ ਨਜ਼ਰ, ਕਰੀ ਰੱਖਦਾ ਹੈ, ਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿਚ, ਪ੍ਰਭੂ ਦੇ ਅਦਬ ਵਿਚ ਰੰਗਿਆ ਰਹਿੰਦਾ ਹੇ, ਸਦਾ-ਥਿਰ ਪ੍ਰਭੂ ਦੀ ਜੋਤ, ਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ।4।          
   ਇਸ ਮਗਰੋਂ ਗੁਰੂ ਸਾਹਿਬ ਨੇ ਬੰਦੇ ਦੇ, ਰੱਬ ਨਾਲ ਸਬੰਧ ਬਾਰੇ ਜਾਣੂ ਕਰਵਾਇਆ ਹੈ।
                 ਅਮਰ ਜੀਤ ਸਿੰਘ ਚੰਦੀ                (ਚਲਦਾ) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.