ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 3)
ਸੁਖਮਨੀ ਸਾਹਿਬ(ਭਾਗ 3)
Page Visitors: 1284

 

ਸੁਖਮਨੀ ਸਾਹਿਬ(ਭਾਗ 3)      
 ਇਹ ਹੈ ਗੁਰਬਾਣੀ ਅਨੁਸਾਰ 'ਸਿਮਰਨ'। ਪ੍ਰਭੂ ਦੀ ਰਜ਼ਾ, ਉਸ ਦੇ ਹੁਕਮ ਵਿਚ ਚਲਦਿਆਂ, ਕੁਦਰਤ ਦੇ ਨਿਯਮਾਂ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਹੀ ਪ੍ਰਭੂ ਦਾ ਸਿਮਰਨ ਕਰਨਾ ਹੈ।
 (ਸਿੱਖ ਇਸ ਨੂੰ ਕਿਉਂ ਨਹੀਂ ਸਮਝ ਰਹੇ ? ਕਿਉਂ ਸਿਮਰਨ ਦਾ ਮਜ਼ਾਕ ਬਣਾ ਰਹੇ ਹਨ ?)
  ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
 ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
 ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
 ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥2॥   
  ਪ੍ਰਭੂ ਦਾ ਸਿਮਰਨ ਕਰਨ ਨਾਲ, ਜ਼ਿੰਦਗੀ ਦੇ ਸਫਰ ਵਿਚਲੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।      ਪ੍ਰਭੂ ਦਾ ਸਿਮਰਨ ਕਰਨ ਨਾਲ, ਵਿਕਾਰ ਰੂਪੀ ਦੁਸ਼ਮਨ ਟਲ ਜਾਂਦਾ ਹੈ।      ਪ੍ਰਭੂ ਦਾ ਸਿਮਰਨ ਕੀਤਿਆਂ ਜ਼ਿੰਦਗੀ ਦੇ ਸਫਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ।  ਕਿਉਂਕਿ       ਪ੍ਰਭੂ ਦਾ ਸਿਮਰਨ ਕਰਨ ਨਾਲ ਬੰਦਾ ਹਰ ਵੇਲੇ ਸੁਚੇਤ ਰਹਿੰਦਾ ਹੈ।      ਪ੍ਰਭੂ ਦਾ ਸਿਮਰਨ ਕਰਨ ਨਾਲ, ਜੀਵ ਉੱਤੇ ਕੋਈ ਡਰ ਦਬਾਉ ਨਹੀਂ ਪਾ ਸਕਦਾ।   ਅਤੇ     ਕੋਈ ਦੁੱਖ ਵਿਆਕਲ ਨਹੀਂ ਕਰ ਸਕਦਾ।      ਅਕਾਲ ਪੁਰਖ ਦਾ ਸਿਮਰਨ 'ਸਤ-ਸੰਗਤ' ਵਿਚ ਮਿਲਦਾ ਹੈ।        ਹੇ ਨਾਨਕ, ਅਕਾਲ-ਪੁਰਖ ਦੇ ਪਿਆਰ ਵਿਚ ਹੀ     ਸਾਰੇ ਖਜ਼ਾਨੇ ਪ੍ਰਤੀਤ ਹੁੰਦੇ ਹਨ।2।                 (ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ॥)   (72)       
 ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
 ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥
 ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥  ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥
 ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥  ਪ੍ਰਭ ਕੈ ਸਿਮਰਨਿ ਸੁਫਲ ਫਲਾ ॥
 ਸੇ ਸਿਮਰਹਿ ਜਿਨ ਆਪਿ ਸਿਮਰਾਏ ॥  ਨਾਨਕ ਤਾ ਕੈ ਲਾਗਉ ਪਾਏ ॥3॥
   ਪ੍ਰਭੂ ਦੇ ਸਿਮਰਨ ਵਿਚ ਹੀ ਸਾਰੀਆਂ ਰਿੱਧੀਆਂ ਸਿਧਿੀਆਂ ਤੇ ਨੌਂ ਖਜ਼ਾਨੇ ਹਨ।      ਪ੍ਰਭੂ ਦੇ ਸਿਮਰਨ ਵਿਚ ਹੀ ਗਿਆਨ, ਸੁਰਤ ਦਾ ਟਿਕਾਉ    ਤੇ      ਜਗਤ ਦੇ ਮੂਲ (ਪਰਮਾਤਮਾ) ਦੀ ਸੋਝੀ ਵਾਲੀ ਅਕਲ ਹੈ।       ਪ੍ਰਭੂ ਦੇ ਸਿਮਰਨ ਵਿਚ ਹੀ ਸਾਰੇ ਜਾਪ-ਤਾਪ ਤੇ ਦੇਵ-ਪੂਜਾ ਹਨ।        ਸਿਮਰਨ ਕਰਨ ਨਾਲ ਹੀ, ਪ੍ਰਭੂ ਤੋਂ ਬਿਨਾ, ਉਸ ਵਰਗੀ ਕਿਸੇ ਹਸਤੀ ਦੀ ਹੋਂਦ ਦਾ ਖਿਆਲ ਹੀ ਦੂਰ ਹੋ ਜਾਂਦਾ ਹੈ।        ਸਿਮਰਨ ਕਰਨ ਨਾਲ, ਘਰੇ ਬੈਠੇ ਹੀ ਤੀਰਥ ਦਾ ਇਸ਼ਨਾਨ ਕਰਨ ਵਾਲੇ ਹੋ ਜਾਈਦਾ ਹੈ,   ਤੇ   ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ।       ਪ੍ਰਭੂ ਦਾ ਸਿਮਰਨ ਕਰਨ ਨਾਲ, ਜਗਤ ਵਿਚ ਜੋ ਹੋ ਰਿਹਾ ਹੈ, ਉਹ ਭਲਾ ਪ੍ਰਤੀਤ ਹੁਂਦਾ ਹੈ,   ਤੇ       ਮਨੁੱਖਾ ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ।         ਹੇ ਨਾਨਕ ਆਖ, ਨਾਮ ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ,       ਮੈਂ ਉਨ੍ਹਾਂ ਸਿਮਰਨ ਕਰਨ ਵਾਲਿਆਂ ਦੇ ਪੈਰੀਂ ਲੱਗਾਂ।3।                
 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
 ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥ ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
 ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥  ਪ੍ਰਭ ਕੈ ਸਿਮਰਨਿ ਪੂਰਨ ਆਸਾ ॥
 ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥  ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
 ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥  ਨਾਨਕ ਜਨ ਕਾ ਦਾਸਨਿ ਦਸਨਾ ॥4॥
  ਪ੍ਰਭੂ ਦਾ ਸਿਮਰਨ ਕਰਨਾ, ਹੋਰ ਸਾਰੇ ਆਹਰਾਂ ਨਾਲੋਂ ਚੰਗਾ ਹੈ।      ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵ, ਵਿਕਾਰਾਂ ਤੋਂ ਬਚ ਜਾਂਦੇ ਹਨ।       ਪ੍ਰਭੂ ਦਾ ਸਿਮਰਨ ਕਰਨ ਨਾਲ ਮਾਇਆ ਦੀ ਤ੍ਰਿਹ ਮਿਟ ਜਾਂਦੀ ਹੈ,   ਕਿਉਂਕਿ       ਮਾਇਆ ਬਾਰੇ ਸੋਝੀ ਹੋ ਜਾਂਦੀ ਹੈ।       ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ,   ਤੇ       ਜੀਵ ਦੀ ਆਸ  ਪੂਰਨ ਹੋ ਜਾਂਦੀ ਹੈ,    ਯਾਨੀ        ਆਸਾਂ ਵਲੋਂ ਮਨ ਰੱਜ ਜਾਂਦਾ ਹੈ।       ਪ੍ਰਭੂ ਦਾ ਸਿਮਰਨ ਕਰਨ ਨਾਲ, ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ,    ਤੇ     ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਅਮਰ ਕਰ ਦੇਣ ਵਾਲਾ ਨਾਮ ਟਿਕ ਜਾਂਦਾ ਹੈ।        ਪ੍ਰਭੂ ਜੀ, ਗੁਰਮੁਖ ਮਨੁੱਖਾਂ ਦੀ ਜੀਭ ਉੱਤੇ ਵਸਦੇ ਹਨ ।        ਹੇ ਨਾਨਕ ਆਖ ਕਿ ਮੈਂ ਗੁਰਮੁਖਾਂ ਦੇ ਸੇਵਕਾਂ ਦਾ ਸੇਵਕ ਬਣਾ।4।   
  ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
 ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
 ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
 ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
 ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੰਗੈ ਰਵਾਲਾ ॥5॥
  ਜੋ ਮਨੁੱਖ, ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਵਾਨ ਹਨ,   ਤੇ    ਉਹ ਇੱਜ਼ਤ ਵਾਲੇ ਹਨ।         ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਰੱਬ ਦੇ ਦਰ ਅਤੇ  ਸਮਾਜ ਵਿਚ ਵੀ ਕਬੂਲ ਕੀਤੇ ਹੁੰਦੇ ਹਨ,    ਤੇ     ਉਹ ਸਭ ਮਨੁੱਖਾਂ ਤੋਂ ਚੰਗੇ ਹੁੰਦੇ ਹਨ।       ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਕਿਸੇ ਦੇ ਮੁਥਾਜ ਨਹੀੰ ਹਨ,     ਉਹ ਤਾਂ ਉਲਟਾ ਸਭ ਦੇ ਬਾਦਸ਼ਾਹ ਹਨ।    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਸੁਖੀ ਵਸਦੇ ਹਨ,    ਅਤੇ     ਸਦਾ ਲਈ ਜਨਮ-ਮਰਨ ਤੋਂ ਮੁਕਤ ਹੋ ਜਾਂਦੇ ਹਨ।           ਪ੍ਰਭੂ ਸਿਮਰਨ ਵਿਚ ਓਹੀ ਮਨੁੱਖ ਲਗਦੇ ਹਨ, ਜਿਨ੍ਹਾਂ ਉੱਤੇ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ।       ਹੇ ਨਾਨਕ, ਕੋਈ ਵਡਭਾਗੀ ਹੀੰ, ਇਨ੍ਹਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ ।5।
 ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
 ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥ ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
 ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥  ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
 ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥ ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
 ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥  ਨਾਨਕ ਸਿਮਰਨੁ ਪੂਰੈ ਭਾਗਿ ॥6॥
   ਜੋ ਮਨੁੱਖ, ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ,  ਉਨ੍ਹਾਂ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ।            ਜੋ ਮਨੁੱਖ, ਪ੍ਰਭੂ ਨੂੰ ਸਿਮਰਦੇ ਹਨ, ਉਨ੍ਹਾਂ ਦੇ ਮੂੰਹ ਸੋਹਣੇ ਲਗਦੇ ਹਨ,   ਉਨ੍ਹਾਂ ਦੀ ਉਮਰ ਸੁਖ ਵਿਚ ਗੁਜ਼ਰਦੀ ਹੈ।      ਜੋ ਮਨੁੱਖ, ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ,   ਉਨ੍ਹਾਂ ਦਾ ਜ਼ਿੰਦਗੀ ਗੁਜ਼ਾਰਨ ਦਾ ਢੰਗ ਨਿਰਮਲ ਹੋ ਜਾਂਦਾ ਹੈ।         ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਨੇ, ਉਨ੍ਹਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਹਨ। ਕਿਉਂਕਿ ਉਹ ਹਮੇਸ਼ਾ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ।   
     (ਏਥੇ ਅੱਖਰ "ਸੰਤ" ਆਇਆ ਹੈ, ਜੋ ਬਹੁਤਿਆਂ ਦਾ ਲਖਾਇਕ ਹੈ, ਬਹੁਤੇ ਸੰਤ, ਸਤ-ਸੰਗੀ, ਸਤ-ਸੰਗ ਵਿਚ ਜੁੜਨ ਵਾਲੇ,       
       ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਇਵੇਂ ਸੇਧ ਦਿੱਤੀ ਹੈ,
  ਪਰਗਟਿ ਪਾਹਾਰੈ ਜਾਪਦਾ ॥ ਸਭੁ ਨਾਵੈ ਨੋ ਪਰਤਾਪਦਾ ॥
  ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥3॥
  ਸਤਿਗੁਰ ਕਉ ਬਲਿ ਜਾਈਐ ॥ ਜਿਤੁ ਮਿਲਿਐ ਪਰਮ ਗਤਿ ਪਾਈਐ ॥
  ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥4॥  
  ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥
  ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥5॥  (72) 
ਅਰਥ:-  ਹੇ ਭਾਈ, ਪਰਮਾਤਮਾ ਇਸ ਦਿਸਦੇ ਜਗਤ-ਪਸਾਰੇ ਵਿਚ ਵਸਦਾ ਦਿਸ ਰਿਹਾ ਹੈ।    ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।        ਪਰ ਗੁਰੂ ਦੀ ਸਰਨ ਤੋਂ ਬਿਨਾ, ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਕਿਉਂਕਿ ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ।3।       ਹੇ ਭਾਈ ਗੁਰੂ ਤੋਂ ਕੁਰਬਾਨ ਹੋਣਾ ਚਾਹੀਦਾ ਹੈ,  ਕਿਉਂਕਿ ,  ਉਸ ਗੁਰੂ ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।          ਜਿਸ ਨਾਮ-ਪਦਾਰਥ ਨੂੰ ਦੇਵਤੇ, ਮਨੁੱਖ, ਰਿਸੀ-ਮੁਨੀ ਆਦ ਤਰਸਦੇ ਹਨ , ਉਸ ਪਦਾਰਥ ਦਾ ਸੱਚ ਸਤਿਗੁਰ (ਸ਼ਬਦ ਗੁਰੂ) ਨੇ ਸਮਝਾ ਦਿੱਤਾ ਹੈ।4।
  ਕਿਹੋ ਜਿਹੇ ਇਕੱਠ ਨੂੰ ਸਤ-ਸੰਗਤ ਸਮਝਣਾ ਚਾਹੀਦਾ ਹੈ ?     ਸਤਸੰਗਤਿ ਉਹ ਹੈ ਜਿੱਥੇ ਸਿਰਫ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ ।           ਹੇ ਨਾਨਕ, ਸਤਿਗੁਰ, ਸ਼ਬਦ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਪ੍ਰਭੂ ਦਾ ਹੁਕਮ ਹੀ ਉਸ ਦਾ ਨਾਮ ਹੈ। ਪਰਭੂ ਦਾ ਹੁਕਮ ਮੰਨਣਾ ਹੀ ਉਸ ਦਾ ਸਿਮਰਨ ਕਰਨਾ ਹੈ।5।
  ਸੁਖਮਨੀ ਸਾਹਿਬ ਵਿਚ ਬਹੁਟ ਸਾਰੇ "ਸੰਤ" ਅੱਖਰ ਵਰਤੇ ਗਏ ਹਨ, ਸਭ ਬਹੁ-ਵਚਨ ਹਨ, ਯਾਨੀ ਬਹੁਤੇ ਸੰਤ, ਸੰਤਾਂ ਦਾ ਇਕੱਠ, ਸਤ-ਸੰਗਤ । ਇਕ ਅੱਧ ਥਾਂ ਤੇ ਅੱਖਰ "ਸੰਤੁ" ਵਰਤਿਆ ਗਿਆ ਹੈ। ਜਦ ਉਹ ਆਵੇਗਾ ਤਾਂ ਉਸ ਦੀ ਵੀ ਸਰਲ ਵਿਆਖਿਆ ਕੀਤੀ ਜਾਵੇਗੀ।    ਹੈਰਾਨੀ ਦੀ ਗੱਲ ਤਾਂ ਇਹ ਹੈ ਕਿ, ਸੁਖਮਨੀ ਸਾਹਿਬ ਦਾ ਪਾਠ ਸੁਣ-ਸੁਣ ਕੇ, ਜਾਂ ਰੱਟਾ ਲਾ ਲਾ ਕੇ, ਸਿੱਖੀ ਵਿਚ ਹਜ਼ਾਰਾਂ ਸੰਤ ਬਣ ਗਏ, ਪਰ ਅਜੇ ਤੱਕ ਉਨ੍ਹਾਂ ਨੂੰ "ਸੰਤ" ਅੱਖਰ ਦੇ ਮਤਲਬ ਦਾ ਪਤਾ ਨਹੀਂ ਲੱਗਾ ।  
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥  ਨਾਨਕ ਸਿਮਰਨੁ ਪੂਰੈ ਭਾਗਿ ॥6॥
  ਸੰਤਾਂ ਦੀ ਕਿਰਪਾ ਨਾਲ ਹੀ, ਮਨ ਹਰ ਵੇਲੇ ਸਿਮਰਨ ਲਈ ਜਾਗਦਾ ਹੈ।       ਹੇ ਨਾਨਕ,  ਸਿਮਰਨ ਦੀ ਦਾਤ, ਵੱਡੀ ਕਿਸਮਤ ਨਾਲ ਮਿਲਦੀ ਹੈ।6। 
 ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
 ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥  ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
 ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥ ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
 ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
 ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥  ਨਾਨਕ ਤਿਨ ਜਨ ਸਰਨੀ ਪਇਆ ॥7॥
  ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ,  ਭਾਵ   ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ,     ਕਦੇ ਵੀ ਚਿੰਤਾ ਦੇ ਵੱਸ ਨਹੀਂ ਹੁੰਦਾ।        ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਅਕਾਲ-ਪੁਰਖ ਦੇ ਗੁਣ ਹੀ ਉਚਾਰਦਾ ਹੈ, ਉਸ ਨੂੰ ਸਿਫਤ-ਸਾਲਾਹ ਦੀ ਆਦਤ ਪੈ ਜਾਂਦੀ ਹੈ,   ਤੇ    ਉਹ ਸਦਾ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।          ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ ਮਨ ਰੂਪੀ ਆਸਣ ਡੋਲਦਾ ਨਹੀਂ,   ਅਤੇ    ਉਸ ਦੇ ਹਿਰਦੇ ਦਾ ਕਉਲ-ਫੁੱਲ ਸਦਾ ਖਿੜਿਆ ਰਹਿੰਦਾ ਹੈ।           ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰ, ਇਕ-ਰਸ ਸੰਗੀਤ ਜਿਹਾ ਵਜਦਾ ਰਹਿੰਦਾ ਹੈ।      ਪ੍ਰਭੂ ਦੇ ਸਿਮਰਨ ਨਾਲ ਜੋ ਸੁਖ ਮਿਲਦਾ ਹੈ, ਉਹ ਕਦੇ ਮੁਕਦਾ ਨਹੀਂ ।           ਉਹੀ ਮਨੁੱਖ ਪਰਭੂ ਨੂੰ ਸਿਮਰਦੇ ਹਨ, ਜਿਨ੍ਹਾਂ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ,       ਹੇ ਨਾਨਕ, ਕੋਈ ਵਡਭਾਗੀ ਹੀ, ਉਨ੍ਹਾਂ ਸਿਮਰਨ ਕਰਨ ਵਲੇ ਮਨੁੱਖਾਂ ਦੀ ਸਰਨ ਲੈਂਦਾ ਹੈ।7।
 ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਹਰਿ ਸਿਮਰਨਿ ਲਗਿ ਬੇਦ ਉਪਾਏ ॥
 ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥ ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
 ਹਰਿ ਸਿਮਰਨਿ ਧਾਰੀ ਸਭ ਧਰਨਾ ॥ ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
 ਹਰਿ ਸਿਮਰਨਿ ਕੀਓ ਸਗਲ ਅਕਾਰਾ ॥ ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
 ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥ ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥8॥1॥
   ਪ੍ਰਭੂ ਦਾ ਸਿਮਰਨ ਕਰ ਕੇ ਭਗਤਾਂ ਦੀ, ਸੰਸਾਰ ਵਿਚ ਸੋਭਾ ਹੁੰਦੀ ਹੈ।        ਸਿਮਰਨ ਵਿਚ ਜੁੜ ਕੇ ਹੀ ਰਿਸ਼ੀਆਂ ਨੇ, ਵੇਦ ਆਦਿ ਧਰਮ ਗ੍ਰੰਥ ਰਚੇ।          ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ,     ਸਿਮਰਨ ਦੀ ਬਰਕਤ ਨਾਲ, ਨੀਚ ਕਹੇ ਜਾਂਦੇ ਮਨੁੱਖ, ਸਾਰੇ ਜਗਤ ਵਿਚ ਪ੍ਰਗਟ ਹੋ ਗਏ।          ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ,      ਇਸ ਕਰ ਕੇ ਹੇ ਭਾਈ ਤੂੰ ਵੀ ਜਗਤ ਦੇ ਕਰਤਾ ਪ੍ਰਭੂ ਨੂੰ ਹਮੇਸ਼ਾ ਸਿਮਰ।          ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ,       ਜਿੱਥੇ ਸਿਮਰਨ ਹੈ, ਓਥੇ ਪ੍ਰਭੂ ਆਪ ਵੱਸਦਾ ਹੈ।    ਪ੍ਰਭੂ, ਮਿਹਰ ਕਰ ਕੇ, ਜਿਸ ਮਨੁੱਖ ਨੂੰ ਸਿਮਰਨ ਕਰਨ ਦੀ ਸਮਝ ਦੇਂਦਾ ਹੈ,   ਹੇ ਨਾਨਕ, ਉਸ ਮਨੁੱਖ ਨੇ ਗੁਰੂ ਦੀ ਸਿਖਿਆ ਦੁਆਰਾ ਸਿਮਰਨ ਦੀ ਦਾਤ ਪ੍ਰਾਪਤ ਕਰ ਲਈ ਹੈ।8।1।    
                         ਅਮਰ ਜੀਤ ਸਿੰਘ ਚੰਦੀ                 (ਚਲਦਾ)                          

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.