ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 17)
ਸੁਖਮਨੀ ਸਾਹਿਬ(ਭਾਗ 17)
Page Visitors: 1244

ਸੁਖਮਨੀ ਸਾਹਿਬ(ਭਾਗ 17)
ਸਲੋਕੁ ॥
ਮਨਿ ਸਾਚਾ ਮੁਖਿ ਸਾਚਾ ਸੋਇ ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ
॥1॥
  ਜਿਸ ਮਨੁੱਖ ਦੇ ਮਨ ਵਿਚ ਸਦਾ ਥਿਰ ਰਹਣ ਵਾਲਾ ਪ੍ਰਭੂ ਵਸਦਾ ਹੈ।  ਜੋ ਆਪਣੇ ਮੂੰਹ ਨਾਲ ਵੀ ਓਸੇ ਦਾ ਨਾਮ ਜਪਦਾ ਹੈ, ਜੋ ਹਰ ਥਾਂ, ਇਕ ਅਕਾਲ-ਪੁਰਖ ਤੋਂ ਬਿਨਾ, ਹੋਰ ਕਿਸੇ ਨੂੰ ਨਹੀਂ ਵੇਖਦਾ।       ਹੇ ਨਾਨਕ, ਉਹ ਮਨੁੱਖ, ਇਨ੍ਹਾਂ ਗੁਣਾਂ ਦੇ ਕਾਰਨ ਬ੍ਰਹਮ ਗਿਆਨੀ (ਜਿਸ ਨੂੰ ਬ੍ਰਹਮੰਡ ਬਾਰੇ ਗਿਆਨ ਹੈ) ਹੋ ਜਾਂਦਾ ਹੈ।1।       
ਅਸਟਪਦੀ ॥
ਬ੍ਰਹਮ ਗਿਆਨੀ ਸਦਾ ਨਿਰਲੇਪ ॥  ਜੈਸੇ ਜਲ ਮਹਿ ਕਮਲ ਅਲੇਪ ॥
ਬ੍ਰਹਮ ਗਿਆਨੀ ਸਦਾ ਨਿਰਦੋਖ ॥ ਜੈਸੇ ਸੂਰੁ ਸਰਬ ਕਉ ਸੋਖ ॥
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥
ਬ੍ਰਹਮ ਗਿਆਨੀ ਕੈ ਧੀਰਜੁ ਏਕ ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ
॥1॥
ਅਰਥ:- 
 ਬ੍ਰਹਮ ਗਿਆਨੀ ਮਨੁੱਖ, ਵਿਕਾਰਾਂ ਵਲੋਂ ਸਦਾ ਬੇ-ਦਾਗ ਰਹਿੰਦੇ ਹਨ, ਜਿਵੇਂ ਪਾਣੀ ਵਿਚ ਉੱਗੇ ਕਉਲ ਫੁਲ, ਚਿੱਕੜ ਤੋਂ ਸਾਫ ਹੁੰਦੇ ਹਨ।        ਜਿਵੇਂ ਸੂਰਜ, ਸਾਰੇ ਰਸਾਂ ਨੂੰ ਸੁਕਾ ਦਿੰਦਾ ਹੈ, ਉਸ ਤਰ੍ਹਾਂ ਹੀ ਬ੍ਰਹਮ-ਗਿਆਨੀ ਮਨੁੱਖ ਸਾਰੇ ਪਾਪ ਸਾੜ ਦਿੰਦੇ ਹਨ, ਪਾਪਾਂ ਤੋਂ ਬਚੇ ਰਹਿੰਦੇ ਹਨ।          ਜਿਵੇਂ ਹਵਾ, ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲਗਦੀ ਹੈ, ਤਿਵੇਂ, ਬ੍ਰਹਮ-ਗਿਆਨੀ ਦੇ ਅੰਦਰ ਸਭ ਵੱਲ ਇਕੋ ਜਿਹੀ ਨਜ਼ਰ ਨਾਲ ਤੱਕਣ ਦਾ ਸੁਭਾਉ ਹੁੰਦਾ ਹੈ।         ਕੋਈ ਭਲਾ ਕਹੇ, ਕੋਈ ਬੁਰਾ, ਬ੍ਰਹਮ-ਗਿਆਨੀ ਮਨੁੱਖ ਦੇ ਅੰਦਰ, ਇਕ ਤਾਰ ਹੌਸਲਾ ਬਣਿਆ ਰਹਿੰਦਾ ਹੈ, ਜਿਵੇਂ ਧਰਤੀ ਨੂੰ ਕੋਈ ਤਾਂ ਖੋਦਦਾ ਹੈ, ਤੇ ਕੋਈ ਉਸ ਤੇ ਚੰਦਨ ਦਾ ਲੇਪ ਕਰਦਾ ਹੈ, ਪਰ ਧਰਤੀ ਨੂੰ ਕੋਈ ਪਰਵਾਹ ਨਹੀਂ।        ਹੇ ਨਾਨਕ, ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ, ਹਰੇਕ ਚੀਜ਼ ਦੀ ਮੈਲ ਸਾੜ ਦੇਣੀ, ਤਿਵੇਂ ਬ੍ਰਹਮ-ਗਿਆਨੀ ਮਨੁੱਖ ਦਾ ਵੀ ਇਹੀ ਗੁਣ ਹੈ।1। 
 ( ਸਾਨੂੰ ਕਿਸੇ ਨੂੰ ਬ੍ਰਹਮ-ਗਿਆਨੀ ਕਹਣ ਤੋਂ ਪਹਿਲਾਂ ਇਨ੍ਹਾਂ ਗੁਣਾਂ ਦੀ ਪਰਖ ਕਰ ਲੈਣੀ ਚਾਹੀਦੀ ਹੈ)
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥
ਬ੍ਰਹਮ ਗਿਆਨੀ ਊਚ ਤੇ ਊਚਾ ॥ ਮਨਿ ਅਪਨੈ ਹੈ ਸਭ ਤੇ ਨੀਚਾ ॥
ਬ੍ਰਹਮ ਗਿਆਨੀ ਸੇ ਜਨ ਭਏ ॥ ਨਾਨਕ ਜਿਨ ਪ੍ਰਭੁ ਆਪਿ ਕਰੇਇ ॥
2॥
   ਜਿਵੇਂ ਪਾਣੀ, ਕਦੇ ਮੈਲਾ ਨਹੀਂ ਰਹਿ ਸਕਦਾ, ਕਿੰਨਾ ਵੀ ਗੰਦਾ ਹੋ ਜਾਵੇ, ਭਾਫ ਬਣ ਕੇ ਬਿਲਕੁਲ ਨਿਰਮਲ ਹੋ ਜਾਂਦਾ ਹੈ, ਤਿਵੇਂ ਹੀ ਬ੍ਰਹਮ-ਗਿਆਨੀ ਮਨੁੱਖ, ਵਿਕਾਰਾਂ ਦੀ ਮੈਲ ਤੋਂ ਬਚਿਆ ਰਹਿ ਕੇ ਸਦਾ ਨਿਰਮਲ ਹੁੰਦਾ ਹੈ।       ਜਿਵੇਂ ਧਰਤੀ ਉਤੇ ਸਭ ਥਾਂ ਆਕਾਸ਼ ਵਿਆਪਕ ਹੈ, ਤਿਵੇਂ ਬ੍ਰਹਮ-ਗਿਆਨੀ ਦੇ ਮਨ ਵਿਚ ਇਹ ਚਾਨਣ ਹੋ ਜਾਂਦਾ ਹੈ ਕਿ, ਪ੍ਰਭੂ ਹਰ ਥਾਂ ਮੌਜੂਦ ਹੈ।         ਬ੍ਰਹਮ-ਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ, ਕਿਉਂਕਿ, ਉਸ ਦੇ ਅੰਦਰ ਹੰਕਾਰ ਨਹੀਂ ਹੈ, ਤੇ ਕਿਸੇ ਦੇ ਚੰਗੇ-ਮੰਦੇ ਸਲੂਕ ਦਾ ਹਰਖ-ਸੋਗ ਵੀ ਨਹੀਂ ਹੈ।        ਬ੍ਰਹਮ-ਗਿਆਨੀ ਆਤਮਕ ਅਵਸਥਾ ਵਿਚ ਸਭ ਤੋਂ ਉੱਚਾ ਹੈ, ਪਰ ਆਪਣੇ ਮਨ ਵਿਚ, ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦਾ ਹੈ।         ਹੇ ਨਾਨਕ, ਉਹੀ ਮਨੁੱਖ, ਬ੍ਰਹਮ-ਗਿਆਨੀ ਬਣਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ।2।         
ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥ ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥
ਬ੍ਰਹਮ ਗਿਆਨੀ ਸਦਾ ਸਮਦਰਸੀ ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ
॥3॥
  ਬ੍ਰਹਮ-ਗਿਆਨੀ, ਸਾਰੇ ਬੰਦਿਆਂ ਦੇ ਪੈਰਾਂ ਦੀ ਖਾਕ ਹੋ ਕੇ ਰਹਿੰਦਾ ਹੈ, ਚ੍ਰਹਮ-ਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।       ਬ੍ਰਹਮ-ਗਿਆਨੀ ਦੀ ਸਭ ਉੱਤੇ ਖੁਸ਼ੀ ਹੁੰਦੀ ਹੈ, ਬ੍ਰਹਮ-ਗਿਆਨੀ ਸਭ ਨਾਲ ਹਮੇਸ਼ਾ ਖਿੜੇ ਮੱਥੇ ਮਿਲਦਾ ਹੈ, ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।          ਬ੍ਰਹਮ-ਗਿਆਨੀ, ਸਦਾ ਸੱਭ ਵੱਲ ਇਕੋ ਜਿਹੀ ਨਗਾਹ ਨਾਲ ਵੇਖਦਾ ਹੈ, ਉਸ ਦੀ ਨਜ਼ਰ ਤੋਂ, ਸਭ ਉੱਤੇ, ਅੰਮ੍ਰਿਤ ਦੀ ਵਰਖਾ ਹੁੰਦੀ ਹੈ।      ਬ੍ਰਹਮ-ਗਿਆਨੀ, ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਅਤੇ ਉਸ ਦੀ ਜੀਵਨ-ਜੁਗਤ, ਵਿਕਾਰਾਂ ਤੋਂ ਰਹਿਤ ਹੁੰਦੀ ਹੈ।       ਰੱਬੀ ਗਿਆਨ, ਬ੍ਰਹਮ-ਗਿਆਨੀ ਦੀ ਖੁਰਾਕ ਹੈ, ਬ੍ਰਹਮ-ਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ, ਹੇ ਨਾਨਕ, ਬ੍ਰਹਮ-ਗਿਆਨੀ ਦੀ ਸੁਰਤ, ਅਕਾਲ-ਪੁਰਖ ਨਾਲ ਜੁੜੀ ਹੁੰਦੀ ਹੈ।3।           
 ਬ੍ਰਹਮ ਗਿਆਨੀ ਏਕ ਊਪਰਿ ਆਸ ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥
ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ ਬ੍ਰਹਮ ਗਿਆਨੀ ਸੁਫਲ ਫਲਾ ॥
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ
॥4॥
  ਬ੍ਰਹਮ-ਗਿਆਨੀ, ਇਕ ਅਕਾਲ-ਪੁਰਖ ਉੱਤੇ ਆਸ ਰੱਖਦਾ ਹੈ, ਬ੍ਰਹਮ-ਗਿਆਨੀ ਦੀ ਉੱਚੀ ਆਤਮਕ ਅਵਸਥਾ ਦਾ ਕਦੇ ਨਾਸ ਨਹੀਂ ਹੁੰਦਾ।         ਬ੍ਰਹਮ ਗਿਆਨੀ, ਦੇ ਹਿਰਦੇ ਵਿਚ ਸਦਾ ਗਰੀਬੀ ਟਿਕੀ ਰਹਿੰਦੀ ਹੈ, ਅਤੇ ਉਸ ਨੂੰ ਦੂਸਰਿਆਂ ਦੀ ਭਲਾਈ ਕਰਨ ਦਾ ਸਦਾ ਚਾਉ ਚੜ੍ਹਿਆ ਰਹਿੰਦਾ ਹੈ।          ਬ੍ਰਹਮ-ਗਿਆਨੀ ਦੇ ਮਨ ਵਿਚ, ਮਾਇਆ ਦਾ ਜੰਜਾਲ ਨਹੀਂ ਵਿਆਪਦਾ, ਕਿਉਂ ਜੋ ਉਹ ਭਟਕਦੇ ਮਨ ਨੂੰ ਕਾਬੂ ਕਰ ਕੇ, ਮਾਇਆ ਵਲੋਂ ਰੋਕ ਸਕਦਾ ਹੈ।          ਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ, ਬ੍ਰਹਮ-ਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ, ਇਸ ਤਰ੍ਹਾਂ ਉਸ ਦਾ ਮਨੁਖਾ ਜਨਮ, ਭਲੀ-ਭਾਂਤ ਸਫਲ ਹੁੰਦਾ ਹੈ।     
        ਬ੍ਰਹਮ-ਗਿਆਨੀ ਦੀ ਸੰਗਤ ਵਿਚ  ਸਭ ਦਾ ਬੇੜਾ ਪਾਰ ਹੁੰਦਾ ਹੈ, ਹੇ ਨਾਨਕ, ਬ੍ਰਹਮ-ਗਿਆਨੀ ਰਾਹੀਂ, ਸਾਰਾ ਜਗਤ ਹੀ    ਪ੍ਰਭੂ ਦਾ ਨਾਮ ਜਪਣ ਲੱਗ ਜਾਂਦਾ ਹੈ,।4।     
ਬ੍ਰਹਮ ਗਿਆਨੀ ਕੈ ਏਕੈ ਰੰਗ ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥ ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥
ਬ੍ਰਹਮ ਗਿਆਨੀ ਸਦਾ ਸਦ ਜਾਗਤ ॥ ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥ ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ
॥5॥
   ਬ੍ਰਹਮ ਗਿਆਨੀ ਦੇ ਹਿਰਦੇ ਵਿਚ ਸਦਾ ਇਕ ਅਕਾਲ-ਪੁਰਖ ਦਾ ਪਿਆਰ ਵਸਦਾ ਹੈ, ਪ੍ਰਭੂ ਬ੍ਰਹਮ-ਗਿਆਨੀ ਦੇ ਅੰਗ-ਸੰਗ ਰਹਿੰਦਾ ਹੈ।        ਬ੍ਰਹਮ-ਗਿਆਨੀ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਹੀ ਟੇਕ ਹੈ, ਅਤੇ ਨਾਮ ਹੀ ਉਸਦਾ ਪਰਿਵਾਰ ਹੈ।                ਬ੍ਰਹਮ-ਗਿਆਨੀ, ਹਰ ਵੇਲੇ, ਵਿਕਾਰਾਂ ਦੇ ਹੱਲੇ ਵਲੋਂ ਸੁਚੇਤ ਰਹਿੰਦਾ ਹੈ, ਅਤੇ ਮੈਂ-ਮੈਂ ਕਰਨ ਵਾਲੀ ਮੱਤ ਛੱਡ ਦੇਂਦਾ ਹੈ।              ਬ੍ਰਹਮ ਗਿਆਨੀ, ਦੇ ਮਨ ਵਿਚ, ਉੱਚੇ ਸੁਖ ਦਾ ਮਾਲਕ, ਅਕਾਲ-ਪੁਰਖ ਵਸਦਾ ਹੈ, ਉਸ ਦੇ ਹਿਰਦੇ ਘਰ ਵਿਚ ਸਦਾ ਖੁਸ਼ੀ ਖੇੜਾ ਰਹਿੰਦਾ ਹੈ,       ਬ੍ਰਹਮ -ਗਿਆਨੀ ਮਨੁੱਖ, ਸਦਾ ਸੁਖ ਅਤੇ ਸ਼ਾਨਤੀ ਵਿਚ ਟਿਕਿਆ ਰਹਿੰਦਾ ਹੈ, ਹੇ ਨਾਨਕ, ਬ੍ਰਹਮ-ਗਿਆਨੀ ਦੀ ਇਹ ਉੱਚੀ ਆਤਮਕ ਅਵਸਥਾ ਕਦੇ ਨਾਸ ਨਹੀਂ ਹੁੰਦੀ।5।     
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥ ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥
ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ ਬ੍ਰਹਮ ਗਿਆਨੀ ਕਾ ਬਡ ਪਰਤਾਪ ॥
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥ ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ
॥6॥
  ਬ੍ਰਹਮ-ਗਿਆਨੀ ਮਨੁੱਖ ਅਕਾਲ-ਪੁਰਖ ਦਾ ਮਹਰਮ ਬਣ ਜਾਂਦਾ ਹੈ, ਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ।          ਬ੍ਰਹਮ-ਗਿਆਨੀ ਦੇ ਮਨ ਵਿਚ ਸਦਾ ਬੇਫਿਕਰੀ ਰਹਿੰਦੀ ਹੈ, ਉਸ ਦਾ ਉਪਦੇਸ਼ ਵੀ ਹੋਰਨਾਂ ਨੂੰ ਪਵਿਤ੍ਰ  ਕਰਨ ਵਾਲਾ ਹੁੰਦਾ ਹੈ।            ਬ੍ਰਹਮ-ਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ, ਪਰ ਓਹੀ ਮਨੁੱਖ ਬ੍ਰਹਮ-ਗਿਆਨੀ ਬਣਦਾ ਹੈ, ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ।         ਬ੍ਰਹਮ-ਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ, ਬ੍ਰਹਮ-ਗਿਆਨੀ ਤੋਂ ਸਦਾ ਸਦਕੇ ਜਾਈਏ। ਸ਼ਿਵ ਆਦਿਕ ਦੇਵਤੇ ਵੀ, ਬ੍ਰਹਮ-ਗਿਆਨੀ ਨੂੰ ਭਾਲਦੇ ਫਿਰਦੇ ਹਨ, ਹੇ ਨਾਨਕ, ਅਕਾਲ-ਪੁਰਖ ਆਪ ਬ੍ਰਹਮ-ਗਿਆਨੀ ਦਾ ਰੂਪ ਹੈ।6। 
ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥ ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਹਰੁ ॥ ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ
॥7॥
  ਬਰਹਮ-ਗਿਆਨੀ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਸਾਰੇ ਹੀ ਗੁਣ, ਬ੍ਰਹਮ-ਗਿਆਨੀ ਦੇ ਅੰਦਰ ਹਨ।          ਕੇਹੜਾ ਮਨੁੱਖ, ਬ੍ਰਹਮ-ਗਿਾਨੀ ਦੀ ਉੱਚੀ ਜ਼ਿੰਦਗੀ ਦਾ ਭੇਤ ਪਾ ਸਕਦਾ ਹੈ ?   ਬ੍ਰਹਮ-ਗਿਆਨੀ ਦੇ ਅੱਗੇ ਸਦਾ ਨਿਉਣਾ ਹੀ ਬਣਦਾ ਹੈ।
(ਪਰ ਅਜਿਹਾ ਵੀ ਨਹੀਂ ਹੈ ਕਿ, ਚਾਰ ਜਿਣੇ ਰਲ ਕੇ, ਅੱਜ-ਕਲ ਦੇ ਸੰਤ ਵਾਙ ਕਿਸੇ ਨੂੰ ਬ੍ਰਹਮ-ਗਿਆਨੀ ਬਣਾ ਦੇਣ ਅਤੇ ਤੁਸੀਂ ਉਸ ਦੀ ਪੂਜਾ ਸ਼ੁਰੂ ਕਰ ਦੇਵੋ, ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲੇ ਸਫੇ ਤੇ ਰੱਬ ਦੀ ਪਛਾਣ ਦਿੱਤੀ ਹੈ, ਜੇ ਉਹ ਖੂਬੀਆਂ ਕਿਸੇ ਵਿਚ ਮਿਲਦੀਆਂ ਹਨ, ਤਾਂ ਉਸ ਨੂੰ ਰੱਬ ਮੰਨ ਲਵੋ।      ਇਵੇਂ ਹੀ ਏਥੇ, ਬ੍ਰਹਮ-ਗਿਆਨੀ ਦੀ ਪਛਾਣ ਦੱਸੀ ਹੈ, ਜੇ ਕਿਸੇ ਵਿਚ ਇਹ ਖੂਬੀਆਂ ਮਿਲਦੀਆਂ ਹਨ ਤਾਂ ਤੁਸੀਂ ਉਸ ਨੂੰ ਬ੍ਰਹਮ-ਗਿਆਨੀ ਮੰਨ ਲਵੋ, ਕੋਈ ਹਰਜ ਨਹੀਂ, ਪਰ ਇਹ ਸਮਝ ਲਵੋ ਕਿ ਸਿੱਖੀ ਵਿਚ, ਆਪਣਾ ਕਾਰਜ, ਆਪ ਹੀ ਪੂਰਾ ਕਰਨਾ ਪੈਣਾ ਹੈ, ਕੋਈ ਤੁਹਾਨੂੰ ਸੇਧ ਤਾਂ ਦੇ ਸਕਦਾ ਹੈ, ਪਰ ਉਸ ਦੀ ਕਮਾਈ ਤੁਹਾਡੇ ਕਿਸੇ ਕੰਮ ਨਹੀਂ ਆ ਸਕਦੀ। ਅੱਗੇ ਹੀ ਸਿੱਖ, 'ਅਖੰਡ-ਪਾਠ' ਦੇ ਰੂਪ ਵਿਚ, ਸੰਤ-ਮਹਾਂ-ਪੁਰਖਾਂ ਦੇ ਥਾਪੜੇ ਦੇ ਰੂਪ ਵਿਚ, ਸਿੱਖੀ ਸਿਧਾਂਤ ਦੀ ਬਹੁਤ ਅਵੱਗਿਆ ਕਰ ਰਹੇ ਹਨ।)
  ਬ੍ਰਹਮ-ਗਿਆਨੀ ਦੀ ਮਹਿਮਾ ਦਾ ਅੱਧਾ ਅੱਖਰ ਵੀ ਨਹੀਂ ਕਿਹਾ ਜਾ ਸਕਦਾ, ਬ੍ਰਹਮ-ਗਿਆਨੀ ਸਾਰਿਆਂ ਦੇ ਪੂਜਣ ਯੋਗ ਹੈ।         
 ਬ੍ਰਹਮ-ਗਿਆਨੀ ਦੀ ਉੱਚੀ ਜ਼ਿੰਦਗੀ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ? ਉਸ ਦੀ ਹਾਲਤ, ਉਸ ਵਰਗਾ ਬ੍ਰਹਮ-ਗਿਆਨੀ ਹੀ ਜਾਣ ਸਕਦਾ ਹੈ।            ਬ੍ਰਹਮ-ਗਿਆਨੀ ਦੇ ਗੁਣਾਂ ਦੇ ਸਮੁੰਦਰ ਦਾ ਕੋਈ ਹੱਦ-ਬੰਨਾ ਨਹੀਂ ਹੈ, ਹੇ ਨਾਨਕ, ਬ੍ਰਹਮ ਗਿਆਨੀ ਦਾ ਸਦਾ ਆਦਰ ਕਰਦਾ ਰਹੁ।7।     
 ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
॥8॥8॥ 
 ਬ੍ਰਹਮ-ਗਿਆਨੀ ਸਾਰੇ ਜਗਤ ਦਾ ਬਨਾਉਣ ਵਾਲਾ ਹੈ, ਉਹ ਸਦਾ ਹੀ ਜਿਊਂਦਾ ਹੈ, ਜਨਮ-ਮਰਨ ਦੇ ਗੇੜ ਵਿਚ ਨਹੀਂ ਆਉਂਦਾ।         ਬ੍ਰਹਮ-ਗਿਆਨੀ, ਮੁਕਤੀ ਦਾ ਰਾਹ ਦੱਸਣ ਵਾਲਾ ਹੈ, ਉੱਚੀ ਆਤਮਕ ਜ਼ਿੰਦਗੀ ਦੇਣ ਵਾਲਾ ਹੈ, ਉਹੀ ਪੂਰਨ ਪੁਰਖ ਤੇ ਕਾਦਰ ਹੈ।           ਬ੍ਰਹਮ-ਗਿਆਨੀ, ਨਿਖਸਮਿਆਂ ਦਾ ਖਸਮ ਹੈ, ਸਭ ਦੀ ਸਹਾਇਤਾ ਕਰਦਾ ਹੈ, ਸਾਰਾ ਦਿਸਦਾ ਜਗਤ, ਬ੍ਰਹਮ-ਗਿਆਨੀ ਦਾ ਹੈ, ਉਹ ਤਾਂ ਪ੍ਰਤੱਖ ਰੂਪ ਵਿਚ, ਆਪ ਹੀ ਰੱਬ ਹੈ।          ਬ੍ਰਹਮ ਗਆਨੀ, ਦੀ ਮਹਿਮਾ ਕੋਈ ਬ੍ਰਹਮ-ਗਿਆਨੀ ਹੀ ਕਰ ਸਕਦਾ ਹੈ, ਹੇ ਨਾਨਕ, ਬ੍ਰਹਮ-ਗਿਆਨੀ ਸਭ ਜੀਵਾਂ ਦਾ ਮਾਲਕ ਹੈ।8।8।
   ਆਖਰੀ, ਮੁਕਦੀ ਗੱਲ ਇਹ ਹੈ ਕਿ, ਗੁਰੂ ਗ੍ਰੰਥ ਸਾਹਿਬ ਜੀ, ਹਰ ਗੱਲ ਦਾ ਨਿਰਣਾ, ਅਕਲ ਦੀ ਕਸਵੱਟੀ ਤੇ ਲਾ ਕੇ ਕਰਨ ਲਈ ਕਹਿੰਦੇ ਹਨ।    ਇਸ ਸੰਸਾਰ ਵਿਚ ਬਹੁਤ ਕੁਝ ਹੋ ਰਿਹਾ ਹੈ, ਜਿਸ ਸਤ-ਸੰਗੀ ਬਾਰੇ ਗੁਰੂ ਸਾਹਿਬ, ਕ੍ਰੋੜਾਂ ਵਿਚ, ਕੋਈ ਹੋਣ ਦੀ ਤਾਕੀਦ ਕਰਦੇ ਹਨ, ਸਿੱਖਾਂ ਨੇ ਉਨ੍ਹਾਂ ਸਤ-ਸੰਗੀਆਂ ਨਾਲੋਂ ਕਿਤੇ ਵੱਡੇ ਬਾਬਿਆ ਦਾ "ਸੰਤ-ਸਮਾਜ" ਬਣਾ ਧਰਿਆ ਹੈ, ਜਿਨ੍ਹਾ ਵਿਚੋਂ ਬਹਤਿਆਂ ਦੇ ਤਾ ਜੇਲ੍ਹਾਂ ਵਿਚ ਦਰਸ਼ਣ ਕੀਤੇ ਜਾ ਸਕਦੇ ਹਨ। ਇਹ ਸਾਰਾ ਕੁਝ ਕਿਰਤੀ ਸਿੱਖ ਚੰਗੀ ਤਰ੍ਹਾਂ ਜਾਣਦੇ ਹਨ, ਪਰ ਪਤਾ ਨਹੀਂ ਕਿਉਂ ਘੇਸਲ ਵੱਟੀ ਬੈਠੇ ਹਨ ?
ਸਿੱਖੋ ਸਮਝੋ, ਗੁਰੂ ਗ੍ਰੰਥ ਸਾਹਿਬ ਜੀ, ਆਪਣੇ ਵਰਗੇ ਕਿਰਤੀਆਂ ਲਈ ਹਨ, ਇਨ੍ਹਾਂ ਨੇਤਿਆਂ, ਇਨ੍ਹਾਂ ਬਾਬਿਆਂ, ਇਨ੍ਹਾਂ ਸਿੰਘ-ਸਾਹਿਬਾਂ, ਗੁਰੂ ਦੇ ਵਜ਼ੀਰਾਂ ਲਈ, ਗੁਰਦੁਆਰੇ ਦੇ ਪ੍ਰਬੰਧਿਕਾਂ ਲਈ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਸੰਭਾਲੋ। ਆਪ ਪੜ੍ਹੋ, ਆਪ ਸਮਝੌ, ਆਪ ਹੀ ਸਮਝੇ ਤੇ ਅੰਲ ਕਰੋ।  ਗਲਤੀਆਂ ਹੋਣਗੀਆਂ, ਕੋਈ ਗੱਲ ਨਹੀਂ "ਗੁਰੂ" ਅਤੇ "ਪ੍ਰਭੂ" ਜੋ ਅਭੁੱਲ ਹਨ, ਉਹ ਬਹੁਤ ਵੱਡੇ ਬਖਸ਼ਿੰਦ ਨੇ।   
  ਕਿਤੇ ਇਹ ਨਾ ਹੋਵੇ ਕਿ ਬੋਧੀਆਂ ਦੇ ਗ੍ਰੰਥਾਂ ਵਾਙ,  ਇਹ ਸੰਤ-ਮਹਾਂ-ਪੁਰਖ-ਬ੍ਰਹਮ-ਗਿਆਨੀ, ਸਿੰਘ-ਸਾਹਿਬ ਆਦਿ , ਗੁਰੂ ਗ੍ਰੰਥ ਸਾਹਿਬ ਨੂੰ ਹੀ, ਬ੍ਰਾਹਮਣ ਦੇ ਹੱਥ ਵੇਚ ਜਾਣ ?

                 ਅਮਰ ਜੀਤ ਸਿੰਘ ਚੰਦੀ                 (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.