ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 21)
ਸੁਖਮਨੀ ਸਾਹਿਬ(ਭਾਗ 21)
Page Visitors: 1218

ਸੁਖਮਨੀ ਸਾਹਿਬ(ਭਾਗ 21)     
ਸਲੋਕੁ ॥
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ
॥1॥
  ਇਸ ਸਾਰੇ ਜਗਤ ਦਾ ਮੂਲ ਕਾਰਣ ,  ਬਣਾਉਣ ਵਾਲਾ, ਇਕ ਅਕਾਲ-ਪੁਰਖ ਹੀ ਹੈ, ਕੋਈ ਦੂਜਾ ਨਹੀਂ।         ਹੇ ਨਾਨਕ, ਮੈਂ ਉਸ ਪ੍ਰਭੂ ਦੇ ਸਦਕੇ ਹਾਂ, ਜੋ ਜਲ ਵਿਚ, ਥਲ ਵਿਚ, ਤੇ ਧਰਤੀ ਦੇ ਤਲ ਉੱਤੇ, ਭਾਵ ਆਕਾਸ਼ ਵਿਚ, ਹਰ ਥਾਂ ਮੌਜੂਦ ਹੈ।1। 
 ਅਸਟਪਦੀ ॥
 ਕਰਨ ਕਰਾਵਨ ਕਰਨੈ ਜੋਗੁ ॥ ਜੋ ਤਿਸੁ ਭਾਵੈ ਸੋਈ ਹੋਗੁ ॥
ਖਿਨ ਮਹਿ ਥਾਪਿ ਉਥਾਪਨਹਾਰਾ ॥ ਅੰਤੁ ਨਹੀ ਕਿਛੁ ਪਾਰਾਵਾਰਾ ॥
ਹੁਕਮੇ ਧਾਰਿ ਅਧਰ ਰਹਾਵੈ ॥ ਹੁਕਮੇ ਉਪਜੈ ਹੁਕਮਿ ਸਮਾਵੈ ॥
ਹੁਕਮੇ ਊਚ ਨੀਚ ਬਿਉਹਾਰ ॥ ਹੁਕਮੇ ਅਨਿਕ ਰੰਗ ਪਰਕਾਰ ॥
ਕਰਿ ਕਰਿ ਦੇਖੈ ਅਪਨੀ ਵਡਿਆਈ ॥ ਨਾਨਕ ਸਭ ਮਹਿ ਰਹਿਆ ਸਮਾਈ
॥1॥
  ਪ੍ਰਭੂ ਸਭ ਕੁਝ ਕਰਨ ਦੀ ਸਮਰਥਾ, ਤੇ ਜੀਆਂ ਨੂੰ ਵੀ ਕੰਮ ਕਰਨ ਲਈ ਪ੍ਰੇਰਨ ਕਰਨ ਜੋਗਾ ਵੀ ਹੈ, ਓਹੀ ਕੁਝ ਹੁੰਦਾ ਹੈ, ਜੋ ਉਸ ਨੂੰ ਚੰਗਾ ਲਗਦਾ ਹੈ।          ਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ, ਨਾਸ ਵੀ ਕਰਨ ਵਾਲਾ ਹੈ, ਉਸ ਦੀ ਤਾਕਤ ਦਾ ਕੋਈ ਹੱਦ-ਬੰਨਾ ਨਹੀਂ ਹੈ।        ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ ਪੈਦਾ ਕਰ ਕੇ, ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ, ਜਗਤ ਉਸ ਦੇ ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ।        ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਵੀ ਉਸ ਦੇ ਹੁਕਮ ਵਿਚ ਹੀ ਹੈ, ਅਨੇਕਾਂ ਕਿਸਮਾਂ ਦੇ ਖੇਡ ਤਮਾਸ਼ੇ, ਉਸ ਦੇ ਹੁਕਮ ਵਿਚ ਹੋ ਰਹੇ ਹਨ।         ਆਪਣੀ ਬਜ਼ੁਰਗੀ ਦੇ ਕੰਮ ਕਰ ਕਰ ਕੇ ਆਪ ਹੀ ਵੇਖ ਰਿਹਾ ਹੈ। ਹੇ ਨਾਨਕ, ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ।1।
ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥ ਪ੍ਰਭ ਭਾਵੈ ਤਾ ਪਾਥਰ ਤਰਾਵੈ ॥
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥ ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥
ਪ੍ਰਭ ਭਾਵੈ ਤਾ ਪਤਿਤ ਉਧਾਰੈ ॥ ਆਪਿ ਕਰੈ ਆਪਨ ਬੀਚਾਰੈ ॥
ਦੁਹਾ ਸਿਰਿਆ ਕਾ ਆਪਿ ਸੁਆਮੀ ॥ ਖੇਲੈ ਬਿਗਸੈ ਅੰਤਰਜਾਮੀ ॥
ਜੋ ਭਾਵੈ ਸੋ ਕਾਰ ਕਰਾਵੈ ॥ ਨਾਨਕ ਦ੍ਰਿਸਟੀ ਅਵਰੁ ਨ ਆਵੈ
॥2॥
  ਜੇ ਪ੍ਰਭੂ ਨੂੰ ਚੰਗੀ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਕ ਅਵਸਥਾ ਦੇਂਦਾ ਹੈ, ਅਤੇ ਪੱਥਰ ਦਿਲਾਂ ਨੂੰ ਵੀ ਤਾਰ ਲੈਂਦਾ ਹੈ।         ਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਵੀ ਪ੍ਰਾਣੀ ਨੂੰ ਮੌਤ ਤੋਂ ਬਚਾ ਰੱਖਦਾ ਹੈ, ਉਸ ਦੀ ਮਿਹਰ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ।         ਜੇ ਅਕਾਲ-ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਚਲਨ ਵਾਲਿਆਂ ਨੂੰ, ਵਿਕਾਰਾਂ ਤੋਂ ਬਚਾ ਲੈਂਦਾ ਹੈ, ਜੋ ਕੁਝ ਕਰਦਾ ਹੈ, ਆਪਣੀ ਮਰਜ਼ੀ ਅਨੁਸਾਰ ਕਰਦਾ ਹੈ।          ਪ੍ਰਭੂ ਆਪ ਹੀ ਲੋਕ-ਪਰਲੋਕ ਦਾ ਮਾਲਕ ਹੈ, ਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਹੀ ਜਗਤ-ਖੇਡ ਖੇਡਣ ਵਾਲਾ ਹੈ, ਤੇ ਉਸ ਨੂੰ ਵੇਖ ਕੇ ਖੁਸ਼ ਹੁੰਦਾ ਹੈ।         ਜੋ ਉਸ ਨੂੰ ਚੰਗਾ ਲਗਦਾ ਹੈ, ਉਹੀ ਕੰਮ ਕਰਦਾ ਹੈ।     ਹੇ ਨਾਨਕ, ਉਸ ਵਰਗਾ ਕੋਈ ਹੋਰ ਨਹੀਂ ਦਿਸਦਾ।2।   
 ਕਹੁ ਮਾਨੁਖ ਤੇ ਕਿਆ ਹੋਇ ਆਵੈ ॥ ਜੋ ਤਿਸੁ ਭਾਵੈ ਸੋਈ ਕਰਾਵੈ ॥
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥ ਜੋ ਤਿਸੁ ਭਾਵੈ ਸੋਈ ਕਰੇਇ ॥
ਅਨਜਾਨਤ ਬਿਖਿਆ ਮਹਿ ਰਚੈ ॥ ਜੇ ਜਾਨਤ ਆਪਨ ਆਪ ਬਚੈ ॥
ਭਰਮੇ ਭੂਲਾ ਦਹ ਦਿਸਿ ਧਾਵੈ ॥ ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥
ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥ ਨਾਨਕ ਤੇ ਜਨ ਨਾਮਿ ਮਿਲੇਇ
॥3॥
  ਦੱਸੋ ਮਨੁੱਖ ਕੋਲੋਂ ਆਪਣੇ ਆਪ ਕਿਹੜਾ ਕੰਮ ਹੋ ਸਕਦਾ ਹੈ ?  ਜੋ ਪ੍ਰਭੂ ਨੂੰ ਚੰਗਾ ਲਗਦਾ ਹੈ, ਉਹੀ ਜੀਵ ਪਾਸੋਂ ਕਰਵਾਉਂਦਾ ਹੈ।       ਇਸ ਮਨੁੱਖ ਦੇ ਵੱਸ ਹੋਵੇ ਤਾਂ ਹਰੇਕ ਚੀਜ਼ ਸਾਂਭ ਲਵੇ।   ਪਰ ਅਜਿਹਾ ਨਹੀਂ ਹੈ, ਪ੍ਰਭੂ ਉਹੀ ਕੁਝ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ।         ਮੂਰਖਤਾ ਦੇ ਕਾਰਨ, ਮਨੁੱਖ ਮਾਇਆ ਵਿਚ ਰੁੱਝ ਜਾਂਦਾ ਹੈ, ਜੇ ਸਮਝ ਵਾਲਾ ਹੋਵੇ, ਤਾਂ ਆਪਣੇ ਆਪ ਇਸ ਤੋਂ ਬਚਿਆ ਰਹੇ,            ਪਰ ਇਸ ਦਾ ਮਨ ਭੁਲੇਖੇ ਵਿਚ ਭੁੱਲਾ ਹੋਇਆ, ਮਾਇਆ ਦੀ ਖਾਤਰ, ਦਸੀਂ ਪਾਸੀਂ ਦੌੜਦਾ ਹੈ, ਅੱਖ ਦੇ ਫੋਰ ਵਿਚ  ਚਹੁਾਂ ਪਾਸਿਆਂ ਵਿਚ ਦੌੜ-ਭੱਜ ਕਰ ਲੈਂਦਾ ਹੈ।          ਪ੍ਰਭੂ ਮਿਹਰ ਕਰ ਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖਸ਼ਦਾ ਹੈ, ਹੇ ਨਾਨਕ ਉਹ ਮਨੁੱਖ, ਨਾਮ ਵਿਚ ਟਿਕੇ ਰਹਿੰਦੇ ਹਨ।3।
ਖਿਨ ਮਹਿ ਨੀਚ ਕੀਟ ਕਉ ਰਾਜ ॥ ਪਾਰਬ੍ਰਹਮ ਗਰੀਬ ਨਿਵਾਜ ॥
ਜਾ ਕਾ ਦ੍ਰਿਸਟਿ ਕਛੂ ਨ ਆਵੈ ॥ ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥
ਜਾ ਕਉ ਅਪੁਨੀ ਕਰੈ ਬਖਸੀਸ ॥ ਤਾ ਕਾ ਲੇਖਾ ਨ ਗਨੈ ਜਗਦੀਸ ॥
ਜੀਉ ਪਿੰਡੁ ਸਭ ਤਿਸ ਕੀ ਰਾਸਿ ॥ ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥
ਅਪਨੀ ਬਣਤ ਆਪਿ ਬਨਾਈ ॥ ਨਾਨਕ ਜੀਵੈ ਦੇਖਿ ਬਡਾਈ
॥4॥
  ਖਿਣ ਵਿਚ ਪ੍ਰਭੂ ਕੀੜੇ ਵਰਗੇ ਨੀਵੇਂ ਮਨੁੱਖ ਨੂੰ ਰਾਜ ਦੇ ਦਿੰਦਾ ਹੈ, ਪ੍ਰਭੂ ਗਰੀਬਾਂ ਤੇ ਮਿਹਰ ਕਰਨ ਵਾਲਾ ਹੈ।             ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿਸ ਆਉਂਦਾ, ਇਕ ਪਲ ਵਿਚ ਉਸ ਨੂੰ, ਦਸੀਂ ਪਾਸੀਂ ਉੱਘਾ ਕਰ ਦਿੰਦਾ ਹੈ।        ਜਿਸ ਮਨੁੱਖ ਤੇ ਜਗਤ ਦਾ ਮਾਲਕ, ਪ੍ਰਭੂ ਆਪਣੀ ਬਖਸ਼ਿਸ਼ ਕਰਦਾ ਹੈ, ਉਸ ਦੇ ਕਰਮਾਂ ਦਾ ਲੇਖਾ ਨਹੀਂ ਗਿਣਦਾ।           ਇਹ ਜਿੰਦ ਅਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ, ਹਰੇਕ ਸਰੀਰ ਵਿਚ ਵਿਆਪਕ ਪਰਮਾਤਮਾ ਦਾ ਹੀ ਜਲਵਾ ਹੈ।     ਇਹ ਜਗਤ ਰਚਨਾ, ਉਸ ਨੇ ਆਪ ਰਚੀ ਹੈ, ਹੇ ਨਾਨਕ, ਆਪਣੀ ਇਸ ਬਜ਼ੁਰਗੀ ਨੂੰ, ਆਪ ਹੀ ਵੇਖ ਕੇ ਖੁਸ਼ ਹੋ ਰਿਹਾ ਹੈ।4।     
ਇਸ ਕਾ ਬਲੁ ਨਾਹੀ ਇਸੁ ਹਾਥ ॥ ਕਰਨ ਕਰਾਵਨ ਸਰਬ ਕੋ ਨਾਥ ॥
ਆਗਿਆਕਾਰੀ ਬਪੁਰਾ ਜੀਉ ॥ ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥
ਕਬਹੂ ਊਚ ਨੀਚ ਮਹਿ ਬਸੈ ॥ ਕਬਹੂ ਸੋਗ ਹਰਖ ਰੰਗਿ ਹਸੈ ॥
ਕਬਹੂ ਨਿੰਦ ਚਿੰਦ ਬਿਉਹਾਰ ॥ ਕਬਹੂ ਊਭ ਅਕਾਸ ਪਇਆਲ ॥
ਕਬਹੂ ਬੇਤਾ ਬ੍ਰਹਮ ਬੀਚਾਰ ॥ ਨਾਨਕ ਆਪਿ ਮਿਲਾਵਣਹਾਰ
॥5॥
  ਇਸ ਜੀਵ ਦੀ ਤਾਕਤ, ਇਸ ਦੇ ਆਪਣੇ ਹੱਥ ਵਿਚ ਨਹੀਂ ਹੈ, ਸਭ ਜੀਵਾਂ ਦਾ ਮਾਲਕ ਪ੍ਰਭੂ ਆਪ, ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ।          ਵਿਚਾਰਾ ਜੀਵ, ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ, ਹੁੰਦਾ ਉਹੀ ਹੈ, ਜੋ ਉਸ ਪ੍ਰਭੂ ਨੂੰ ਭਾਉਂਦਾ ਹੈ।        ਰੱਬ ਆਪ, ਕਦੀ ਉਚਿਆਂ ਵਿਚ ਕਦੀ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ, ਕਦੀ ਚਿੰਤਾ ਵਿਚ ਹੈ ਅਤੇ ਕਦੇ ਖੁਸ਼ੀ ਦੀ ਮੌਜ ਵਿਚ ਹੱਸ ਰਿਹਾ ਹੈ,         ਕਦੇ ਦੂਜਿਆਂ ਦੀ ਨਿੰਦਾ ਕਰਵਾੳੇੁਣ ਦੇ ਆਹਰ ਵਿਚ ਲੱਗਾ ਹੋਇਆ ਹੈ, ਕਦੇ ਖੁਸ਼ੀ ਦੇ ਕਾਰਨ, ਆਕਾਸ਼ ਵਿਚ ਉੱਚਾ ਚੜ੍ਹਦਾ ਹੈ, ਕਦੇ ਚਿੰਤਾ ਦੇ ਕਾਰਨ, ਪਾਤਾਲ ਵਿਚ ਡਿੱਗਾ ਪਿਆ ਹੈ।        ਕਦੇ ਆਪ ਹੀ ਰੱਬੀ ਵਿਚਾਰ ਦਾ ਮਹਰਮ ਹੈ। ਹੇ ਨਾਨਕ, ਜੀਵਾਂ ਨੂੰ ਆਪਣੇ ਨਾਲ ਮੇਲਣ ਵਾਲਾ ਵੀ ਆਪ ਹੀ ਹੈ।5।
 ਕਬਹੂ ਨਿਰਤਿ ਕਰੈ ਬਹੁ ਭਾਤਿ ॥ ਕਬਹੂ ਸੋਇ ਰਹੈ ਦਿਨੁ ਰਾਤਿ ॥
ਕਬਹੂ ਮਹਾ ਕ੍ਰੋਧ ਬਿਕਰਾਲ ॥ ਕਬਹੂੰ ਸਰਬ ਕੀ ਹੋਤ ਰਵਾਲ ॥
ਕਬਹੂ ਹੋਇ ਬਹੈ ਬਡ ਰਾਜਾ ॥ ਕਬਹੁ ਭੇਖਾਰੀ ਨੀਚ ਕਾ ਸਾਜਾ ॥
ਕਬਹੂ ਅਪਕੀਰਤਿ ਮਹਿ ਆਵੈ ॥ ਕਬਹੂ ਭਲਾ ਭਲਾ ਕਹਾਵੈ ॥
ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥ ਗੁਰ ਪ੍ਰਸਾਦਿ ਨਾਨਕ ਸਚੁ ਕਹੈ
॥6॥
  ਪ੍ਰਭੂ ਜੀਵਾਂ ਵਿਚ ਵਿਆਪਕ ਹੋ ਕੇ, ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ, ਕਦੇ ਦਿਨੇ-ਰਾਤ ਸੁੱਤਾ ਰਹਿੰਦਾ ਹੈ।        ਕਦੇ ਕ੍ਰੋਧ ਵਿਚ ਆ ਕੇ, ਬੜਾ ਡਰਾਉਣਾ ਲਗਦਾ ਹੈ, ਕਦੇ ਜੀਵਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ।         ਕਦੇ ਵੱਡਾ ਰਾਜਾ ਬਣ ਬੈਠਦਾ ਹੈ, ਕਦੇ ਇਕ ਨੀਂਵੀ ਜਾਤ ਦੇ ਮੰਗਤੇ ਦਾ ਸਾਂਗ ਬਣਾ ਰੱਖਿਆ ਹੈ।         ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ, ਕਦੇ ਚੰਗਾ ਅਖਵਾ ਰਿਹਾ ਹੈ।         ਜੀਵ ਉਸੇ ਤਰ੍ਹਾਂ ਜੀਵਨ ਬਤੀਤ ਕਰਦਾ ਹੈ, ਜਿਵੇਂ ਪ੍ਰਭੂ ਕਰਾਉਂਦਾ ਹੈ। ਹੇ ਨਾਨਕ, ਕੋਈ ਵਿਰਲਾ ਮਨੁੱਖ, ਗੁਰੂ ਦੀ ਕਿਰਪਾ ਨਾਲ, ਪ੍ਰਭੂ ਨੂੰ ਸਿਮਰਦਾ ਹੈ।6।   
ਕਬਹੂ ਹੋਇ ਪੰਡਿਤੁ ਕਰੇ ਬਖ੍ਹਾਨੁ ॥ ਕਬਹੂ ਮੋਨਿਧਾਰੀ ਲਾਵੈ ਧਿਆਨੁ ॥
ਕਬਹੂ ਤਟ ਤੀਰਥ ਇਸਨਾਨ ॥ ਕਬਹੂ ਸਿਧ ਸਾਧਿਕ ਮੁਖਿ ਗਿਆਨ ॥
ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥ ਅਨਿਕ ਜੋਨਿ ਭਰਮੈ ਭਰਮੀਆ ॥
ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥ ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥
ਜੋ ਤਿਸੁ ਭਾਵੈ ਸੋਈ ਹੋਇ ॥ ਨਾਨਕ ਦੂਜਾ ਅਵਰੁ ਨ ਕੋਇ
॥7॥
  ਸਰਬ-ਵਿਆਪੀ ਪ੍ਰਭੂ ਕਦੇ ਪੰਡਿਤ ਬਣ ਕੇ, ਦੂਜਿਆਂ ਨੂੰ ਉਪਦੇਸ਼ ਕਰ ਰਿਹਾ ਹੈ, ਕਦੇ ਮੋਨੀ ਸਾਧੂ ਹੋ ਕੇ, ਸਮਾਧੀ ਲਾਈ ਬੈਠਾ ਹੈ,           ਕਦੇ ਤੀਰਥਾਂ ਦੇ ਕੰਢੇ ਤੇ ਇਸ਼ਨਾਨ ਕਰ ਰਿਹਾ ਹੈ, ਕਦੇ ਸਿੱਧ ਤੇ ਸਾਧਿਕ ਦੇ ਰੂਪ ਵਿਚ, ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ।           ਕਦੇ ਕੀੜੇ, ਹਾਥੀ ਅਤੇ ਭੰਬਟ ਆਦਿ ਜੀਵ ਬਣਿਆ ਹੋਇਆ, ਆਪਣੇ ਜੀ ਬਣਾਏ ਹੋਏ ਜੂਨਾਂ ਦੇ ਚੱਕਰ ਵਿਚ ਭਉਂ ਰਿਹਾ ਹੈ।          ਬਹੁ-ਰੂਪੀਏ ਵਾਙ, ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ, ਜਿਵੇਂ ਪ੍ਰਭੂ ਨੂੰ ਭਾਉਂਦਾ ਹੈ, ਤਿਵੇਂ ਜੀਵਾਂ ਨੂੰ ਨਚਾਉਂਦਾ ਹੈ।         ਉਹੀ ਹੁੰਦਾ ਹੈ ਜੋ ਉਸ ਮਾਲਕ ਨੂੰ ਚੰਗਾ ਲਗਦਾ ਹੈ, ਹੇ ਨਾਨਕ, ਉਸ ਵਰਗਾ ਕੋਈ ਹੋਰ ਦੂਸਰਾ ਨਹੀਂ ਹੈ।7।   
ਕਬਹੂ ਸਾਧਸੰਗਤਿ ਇਹੁ ਪਾਵੈ ॥ ਉਸੁ ਅਸਥਾਨ ਤੇ ਬਹੁਰਿ ਨ ਆਵੈ ॥
ਅੰਤਰਿ ਹੋਇ ਗਿਆਨ ਪਰਗਾਸੁ ॥ ਉਸੁ ਅਸਥਾਨ ਕਾ ਨਹੀ ਬਿਨਾਸੁ ॥
ਮਨ ਤਨ ਨਾਮਿ ਰਤੇ ਇਕ ਰੰਗਿ ॥ ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥
ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥
ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ
॥8॥11॥
  ਜਦੋਂ ਕਦੋਂ ਪ੍ਰਭੂ ਦੀ ਅੰਸ਼, ਇਹ ਜੀਵ ਸਤ-ਸੰਗ ਵਿਚ ਅਪੜਦਾ ਹੈ, ਤਾਂ ਉਸ ਥਾਂ ਤੋਂ ਵਾਪਸ ਨਹੀੰਂ ਆਉਂਦਾ।  (ਸਾਫ ਸੇਧ ਹੈ ਕਿ ਪਰਮਾਤਮਾ ਨਾਲ ਇਕ-ਮਿਕ ਹੋਣ ਦਾ, ਇਕੋ ਇਕ ਸਾਧਨ, ਸਤ-ਸੰਗ ਵਿਚ ਜੁੜ ਕੇ, ਗੁਰੂ ਦੇ ਦੱਸੇ ਅਨੁਸਾਰ, ਰੱਬ ਦੇ ਨਾਮ ਦੀ ਵਿਚਾਰ ਕਰਨਾ ਹੀ ਹੈ, ਨਾ ਕਿ ਸਾਲਾਂ ਬੱਧੀ, ਦਿਨ ਵਿਚ ਕਈ ਕਈ ਵਾਰ ਰੱਟੇ ਲਾਉਣੇ)        ਕਿਉਂਕਿ ਸਤ-ਸੰਗ ਵਿਚ, ਇਸ ਜੀਵ, ਮਨੁੱਖ ਦੇ ਮਨ ਵਿਚ ਪ੍ਰਭੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਤੇ ਫਿਰ ਉਸ ਗਿਆਨ ਦੇ ਪ੍ਰਕਾਸ਼ ਵਾਲੀ ਹਾਲਤ ਦਾ ਨਾਸ ਨਹੀਂ ਹੁੰਦਾ।          ਜਿਨ੍ਹਾਂ ਮਨੁੱਖਾਂ ਦੇ ਤਨ-ਮਨ ਪ੍ਰਭੂ ਦੇ ਨਾਮ ਵਿਚ ਤੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵਸਦੇ ਹਨ।           ਸੋ ਜਿਵੇਂ ਪਾਣੀ ਵਿਚ ਪਾਣੀ ਆ ਰਲਦਾ ਹੈ, ਤਿਵੇਂ ਸਤ-ਸੰਗ ਵਿਚ ਟਿਕੇ ਹੋਏ ਦੀ ਆਤਮਾ, ਪ੍ਰਭੂ ਦੀ ਜੋਤ ਵਿਚ, ਲੀਨ ਹੋ ਜਾਂਦੀ ਹੈ।             ਉਸ ਦੇ ਜਨਮ-ਮਰਨ ਦੇ ਫੇਰੇ ਮੁੱਕ ਜਾਂਦੇ ਹਨ, ਪ੍ਰਭੂ ਚਰਨਾਂ ਵਿਚ ਉਸ ਨੂੰ ਟਿਾਕਾਣਾ ਮਿਲ ਜਾਂਦਾ ਹੈ।  ਹੇ ਨਾਨਕ, ਪ੍ਰਭੂ ਤੋਂ ਸਦਾ ਸਦਕੇ ਜਾਈਏ।8।11।
              ਅਮਰ ਜੀਤ ਸਿੰਘ ਚੰਦੀ          (ਚਲਦਾ)               

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.