ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 28)
ਸੁਖਮਨੀ ਸਾਹਿਬ(ਭਾਗ 28)
Page Visitors: 1258

  ਸੁਖਮਨੀ ਸਾਹਿਬ(ਭਾਗ 28) 
  ਸਲੋਕੁ ॥
   ਆਦਿ ਸਚੁ ਜੁਗਾਦਿ ਸਚੁ ॥
   ਹੈ ਭਿ ਸਚੁ ਨਾਨਕ ਹੋਸੀ ਭਿ ਸਚੁ
॥1॥
  ਅਰਥ:-
   ਪ੍ਰਭੂ, ਸ਼ੁਰੂ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਹੋਣ ਵੇਲੇ ਵੀ ਹੋਂਦ ਵਾਲਾ ਸੀ, ਅੱਜ ਵੀ ਹੋਂਦ ਵਾਲਾ ਹੈ ਅਤੇ  ਭਵਿੱਖ ਵਿਚ ਵੀ ਸਦਾ ਕਾਇਮ ਰਹੇਗਾ।1।   
  ਅਸਟਪਦੀ ॥ 
  ਚਰਨ ਸਤਿ ਸਤਿ ਪਰਸਨਹਾਰ ॥ ਪੂਜਾ ਸਤਿ ਸਤਿ ਸੇਵਦਾਰ ॥
  ਦਰਸਨੁ ਸਤਿ ਸਤਿ ਪੇਖਨਹਾਰ ॥ ਨਾਮੁ ਸਤਿ ਸਤਿ ਧਿਆਵਨਹਾਰ ॥
  ਆਪਿ ਸਤਿ ਸਤਿ ਸਭ ਧਾਰੀ ॥ ਆਪੇ ਗੁਣ ਆਪੇ ਗੁਣਕਾਰੀ ॥
  ਸਬਦੁ ਸਤਿ ਸਤਿ ਪ੍ਰਭੁ ਬਕਤਾ ॥ ਸੁਰਤਿ ਸਤਿ ਸਤਿ ਜਸੁ ਸੁਨਤਾ ॥
  ਬੁਝਨਹਾਰ ਕਉ ਸਤਿ ਸਭ ਹੋਇ ॥ ਨਾਨਕ ਸਤਿ ਸਤਿ ਪ੍ਰਭੁ ਸੋਇ
॥1॥
   ਪ੍ਰਭੂ ਦੇ ਚਰਨ ਸਦਾ-ਥਿਰ ਹਨ, ਪ੍ਰਭੂ ਦੇ ਚਰਨਾਂ ਨੂੰ ਛੋਹਣ ਵਾਲੇ ਵੀ ਸਦਾ-ਥਿਰ ਹੋ ਜਾਂਦੇ ਹਨ, ਪ੍ਰਭੂ ਦੀ ਪੂਜਾ ਵੀ ਸਦਾ ਨਿਭਣ ਵਾਲਾ ਕੰਮ ਹੈ, ਪੂਜਾ ਕਰਨ ਵਾਲੇ ਵੀ ਸਦਾ ਲਈ ਅਟੱਲ ਹੋ ਜਾਂਦੇ ਹਨ।         ਪ੍ਰਭੂ ਦਾ ਦੀਦਾਰ ਵੀ ਵੱਡੀ ਸਚਾਈ ਹੈ, ਦੀਦਾਰ ਕਰਨ ਵਾਲੇ ਵੀ ਜਨਮ-ਮਰਨ ਤੋਂ ਰਹਿਤ ਹੋ ਜਾਂਦੇ ਹਨ, ਪ੍ਰਭੂ ਦਾ ਨਾਮ ਸਦਾ ਅਟੱਲ ਹੈ, ਨਾਮ ਦਾ ਸਿਮਰਨ ਕਰਨ ਵਾਲੇ ਵੀ ਸਦਾ-ਥਿਰ ਹੋ ਜਾਂਦੇ ਹਨ।         ਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਵੀ ਹੋਂਦ ਵਾਲੀ ਹੈ। ਪ੍ਰਭੂ ਆਪ ਗੁਣ ਰੂਪ ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ।         ਪ੍ਰਭੂ ਦੀ ਸਿਫਤ-ਸਾਲਾਹ ਦਾ ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉਚਾਰਨ ਵਾਲਾ ਵੀ ਸਦਾ-ਥਿਰ ਹੋ ਜਾਂਦਾ ਹੈ, ਪ੍ਰਭੂ ਵਿਚ ਸੁਰਤ ਜੋੜਨੀ, ਸੱਚਾ ਕੰਮ ਹੈ, ਪਰਭੂ ਦਾ ਜੱਸ ਸੁਣਨ ਵਾਲਾ ਵੀ ਸੱਚ ਹੈ।      ਪ੍ਰਭੂ ਦੀ ਹੋਂਦ ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਵੀ ਹਸਤੀ ਵਾਲਾ ਦਿਸਦਾ ਹੈ, ਹੇ ਨਾਨਕ, ਪ੍ਰਭੂ ਆਪ ਵੀ ਸਦਾ-ਥਿਰ ਰਹਣ ਵਾਲਾ ਹੈ।1।

  ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥ ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥
  ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
  ਭੈ ਤੇ ਨਿਰਭਉ ਹੋਇ ਬਸਾਨਾ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥
  ਬਸਤੁ ਮਾਹਿ ਲੇ ਬਸਤੁ ਗਡਾਈ ॥ ਤਾ ਕਉ ਭਿੰਨ ਨ ਕਹਨਾ ਜਾਈ ॥
  ਬੂਝੈ ਬੂਝਨਹਾਰੁ ਬਿਬੇਕ ॥ ਨਾਰਾਇਨ ਮਿਲੇ ਨਾਨਕ ਏਕ
॥2॥
   ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ, ਉਸ ਨੇ ਸਭ ਕੁਝ ਕਰਨ ਵਾਲੇ ਤੇ ਜੀਵਾਂ ਕੋਲੋਂ ਕਰਵਾਉਣ ਵਾਲੇ ਜਗਤ ਦੇ ਮੂਲ ਨੂੰ ਪਛਾਣ ਲਿਆ ਹੈ।       ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦੀ ਹਸਤੀ ਦਾ ਭਰੋਸਾ ਬੱਝ ਗਿਆ ਹੈ,  ਉਸ ਦੇ ਮਨ ਵਿਚ ਸੱਚਾ ਗਿਆਨ ਪ੍ਰਗਟ ਹੋ ਗਿਆ ਹੈ।        ਉਹ ਮਨੁੱਖ, ਜਗਤ ਦੇ ਹਰ ਡਰ ਤੋਂ ਰਹਿਤ ਹੋ ਕੇ, ਨਿਡਰ ਹੋ ਕੇ ਵਸਦਾ ਹੈ, ਜੋ ਸਦਾ ਉਸ ਪ੍ਰਭੂ ਵਿਚ ਲੀਨ ਰਹੰਦਾ ਹੈ,ਜਿਸ ਤੋਂ ਉਹ ਪੈਦਾ ਹੋਇਆ ਹੈ।         ਜਿਵੇਂ ਇਕ ਚੀਜ਼ ਲੈ ਕੇ, ਉਸ ਕਿਸਮ ਦੀ ਚੀਜ਼ ਵਿਚ ਰਲਾ ਦਿੱਤੀ ਜਾਵੇ ਦੋਹਾਂ ਦਾ ਕੋਈ ਫਰਕ ਨਹੀਂ ਰਹਿ ਜਾਂਦਾ, ਤਿਵੇਂ ਜੋ ਮਨੁੱਖ ਪ੍ਰਭੂ ਚਰਨਾਂ ਵਿਚ ਲੀਨ ਹੈ, ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ।          ਪਰ ਇਸ ਵਿਚਾਰ ਨੂੰ ਵਿਚਾਰਨ ਵਾਲਾ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ, ਹੇ  ਨਾਨਕ, ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ, ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ।2। 
ਇਹ ਸਾਰੀਆਂ ਗੱਲਾਂ ਸਮਝਣ ਵਾਲੀਆਂ ਹਨ, ਕੀ ਰੱਟਾ ਲਾਉਣ ਨਾਲ ਇਹ ਸਮਝ ਆ ਜਾਵੇਗੀ ਕਿ ਪ੍ਰਭੂ ਸਚ-ਮੁਚ ਹੈ ? (ਇਹੀ ਕਾਰਨ ਹੈ ਕਿ ਗੁਰਮਤਿ ਨਾਲ ਜੁੜੇ ਵਿਦਵਾਨ ਹੀ, ਰੱਬ ਤੋਂ ਮੁਨਕਿਰ ਹਨ, ਫਿਰ ਰੱਬ ਨੂੰ ਹਿਰਦੇ ਵਿਚ ਕੌਣ ਟਿਕਾਏਗਾ ?  ਤੇ ਦੁਨੀਆ ਦੇ ਡਰ ਤੋਂ ਕਿਵੇਂ ਰਹਿਤ ਹੋਵੇਗਾ ? ਜੋ ਡੰਕੇ ਦੀ ਚੋਟ ਨਾਲ ਕਹਿੰਦੇ ਹਨ, ਕਿ ਸਿੱਖੀ ਅਨੁਸਾਰ ਆਵਾ-ਗਵਨ ਹੈ ਹੀ ਨਹੀਂ, ਉਹ ਕਿਵੇਂ ਸਮਝਣਗੇ ਕਿ "ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ, ਉਹ ਉਸ ਨਾਲ ਇਕ ਰੂਪ ਹੋ ਗਏ ਹਨ")   
 ਠਾਕੁਰ ਕਾ ਸੇਵਕੁ ਆਗਿਆਕਾਰੀ ॥ ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥ 
 ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥ ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥
  ਠਾਕੁਰ ਕਉ ਸੇਵਕੁ ਜਾਨੈ ਸੰਗਿ ॥ ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥
  ਸੇਵਕ ਕਉ ਪ੍ਰਭ ਪਾਲਨਹਾਰਾ ॥ ਸੇਵਕ ਕੀ ਰਾਖੈ ਨਿਰੰਕਾਰਾ ॥
  ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥ ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ
॥3॥
  ਪ੍ਰਭੂ ਦਾ ਸੇਵਕ, ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ, ਤੇ ਸਦਾ ਉਸ ਦੀ ਪੂਜਾ ਕਰਦਾ ਹੈ।        ਅਕਾਲ-ਪੁਰਖ ਦੇ ਸੇਵਕ ਦੇ ਮਨ ਵਿਚ, ਉਸ ਦੀ ਹਸਤੀ ਦਾ ਵਿਸ਼ਵਾਸ ਰਹਿੰਦਾ ਹੈ, ਇਸ ਕਰ ਕੇ ਹੀ ਉਸ ਦੀ ਜ਼ਿੰਦਗੀ ਦੀ ਮਰਯਾਦਾ ਸੁੱਚੀ ਹੈ।       ਸੇਵਕ ਆਪਣੇ ਮਾਲਕ-ਪ੍ਰਭੂ ਨੂੰ ਹਰ ਵੇਲੇ ਆਪਣੇ ਨਾਲ ਜਾਣਦਾ ਹੈ, ਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ।     ਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ, ਤੇ ਆਪਣੇ ਸੇਵਕ ਦੀ ਸਦਾ ਲਾਜ ਰੱਖਦਾ ਹੈ।       ਪਰ ਸੇਵਕ ਉਹੀ ਮਨੁੱਖ ਬਣ ਸਕਦਾ ਹੈ, ਜਿਸ ਤੇ ਪ੍ਰਭੂ ਆਪ ਮਿਹਰ ਕਰਦਾ ਹੈ, ਹੇ ਨਾਨਕ, ਅਜਿਹਾ ਸੇਵਕ ਪ੍ਰਭੂ ਨੂੰ ਪਲ-ਪਲ ਯਾਦ ਰਖਦਾ ਹੈ।3। 
 ਅਪੁਨੇ ਜਨ ਕਾ ਪਰਦਾ ਢਾਕੈ ॥ ਅਪਨੇ ਸੇਵਕ ਕੀ ਸਰਪਰ ਰਾਖੈ ॥
  ਅਪਨੇ ਦਾਸ ਕਉ ਦੇਇ ਵਡਾਈ ॥ ਅਪਨੇ ਸੇਵਕ ਕਉ ਨਾਮੁ ਜਪਾਈ ॥
  ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥ ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥
  ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥ ਪ੍ਰਭ ਕੇ ਸੇਵਕ ਊਚ ਤੇ ਊਚੇ ॥
  ਜੋ ਪ੍ਰਭਿ ਅਪਨੀ ਸੇਵਾ ਲਾਇਆ ॥ ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ
॥4॥
   ਪ੍ਰਭੂ ਆਪਣੇ ਸੇਵਕ ਦਾ ਪਰਦਾ ਢਕਦਾ ਹੈ, ਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ।       ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖਸ਼ਦਾ ਹੈ, ਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ।        ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰਖਦਾ ਹੈ, ਉਸ ਦੀ ਉੱਚ ਅਵਸਥਾ ਅਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀੰ ਲਗਾ ਸਕਦਾ।        ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂ ਜੋ ਪ੍ਰਭੂ ਦੇ ਸੇਵਕ ਉੱਚੇ ਤੋਂ ਉੱਚੇ ਹੁੰਦੇ ਹਨ।         ਪਰ ਹੇ ਨਾਨਕ, ਉਹ ਸੇਵਕ ਸਾਰੇ ਜਗਤ ਵਿਚ ਪ੍ਰਗਟ ਹੋਇਆ ਹੈ, ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ।4।           
  ਨੀਕੀ ਕੀਰੀ ਮਹਿ ਕਲ ਰਾਖੈ ॥ ਭਸਮ ਕਰੈ ਲਸਕਰ ਕੋਟਿ ਲਾਖੈ ॥
  ਜਿਸ ਕਾ ਸਾਸੁ ਨ ਕਾਢਤ ਆਪਿ ॥ ਤਾ ਕਉ ਰਾਖਤ ਦੇ ਕਰਿ ਹਾਥ ॥
  ਮਾਨਸ ਜਤਨ ਕਰਤ ਬਹੁ ਭਾਤਿ ॥ ਤਿਸ ਕੇ ਕਰਤਬ ਬਿਰਥੇ ਜਾਤਿ ॥
  ਮਾਰੈ ਨ ਰਾਖੈ ਅਵਰੁ ਨ ਕੋਇ ॥ ਸਰਬ ਜੀਆ ਕਾ ਰਾਖਾ ਸੋਇ ॥
  ਕਾਹੇ ਸੋਚ ਕਰਹਿ ਰੇ ਪ੍ਰਾਣੀ ॥ ਜਪਿ ਨਾਨਕ ਪ੍ਰਭ ਅਲਖ ਵਿਡਾਣੀ
॥5॥
   ਜਿਸ ਨਿੱਕੀ ਜਿਹੀ ਕੀੜੀ ਵਿਚ ਪ੍ਰਭੂ ਤਾਕਤ ਭਰਦਾ ਹੈ, ਉਹ ਕੀੜੀ, ਲੱਖਾਂ ਕ੍ਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦਿੰਦੀ ਹੈ।    ਜਿਸ ਜੀਵ ਦਾ ਸਵਾਸ ਪ੍ਰਭੂ ਆਪ ਨਹੀੰ ਕੱਢਦਾ, ਉਸ ਨੂੰ ਆਪ ਹੱਥ ਦੇ ਕੇ ਰੱਖਦਾ ਹੈ।        ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ, ਪਰ ਜੇ ਪ੍ਰਭੂ ਸਹਾਇਤਾ ਨਾ ਕਰੇ, ਤਾਂ ਉਸ ਦੇ ਸਾਰੇ ਕੰਮ ਵਿਅਰਥ ਜਾਂਦੇ ਹਨ।   ਪ੍ਰਭੂ ਤੋਂ ਬਿਨਾ, ਜੀਵਾਂ ਨੂੰ ਨਾ ਕੋਈ ਮਾਰ ਸਕਦਾ ਹੈ, ਨਾ ਰੱਖ ਸਕਦਾ ਹੈ। ਪ੍ਰਭੂ ਜੇਡਾ ਹੋਰ ਕੋਈ ਨਹੀਂ ਹੈ, ਸਾਰੇ ਜੀਵਾਂ ਦਾ  ਰਾਖਾ ਪ੍ਰਭੂ ਆਪ ਹੈ।     ਹੇ ਪ੍ਰਾਣੀ ਤੂੰ ਕਿਉਂ ਫਿਕਰ ਕਰਦਾ ਹੈਂ ?  ਹੇ ਨਾਨਕ ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ।5।
  ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥
  ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥
  ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥
  ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ਮਨ ਤਨ ਨਾਮਹਿ ਨਾਮਿ ਸਮਾਨੇ ॥
  ਊਠਤ ਬੈਠਤ ਸੋਵਤ ਨਾਮ ॥ ਕਹੁ ਨਾਨਕ ਜਨ ਕੈ ਸਦ ਕਾਮ
॥6॥
  ਹੇ ਭਾਈ, ਘੜੀ ਮੁੜੀ ਪ੍ਰਭੂ ਨੂੰ ਸਿਮਰੀਏ, ਤੇ ਨਾਮ ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦਰਿਆਂ ਨੂੰ ਸੰਤੁਸ਼ਟ ਕਰ ਦੇਵੀਏ।      ਜਿਸ ਗੁਰਮੁੱਖ ਨੇ ਨਾਮ ਰੂਪੀ ਰਤਨ ਲੱਭ ਲਿਆ ਹੈ, ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿਸਦਾ।       ਨਾਮ ਉਸ ਗੁਰਮੁੱਖ ਦਾ ਧਨ ਹੈ, ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ।      ਜੋ ਮਨੁੱਖ, ਨਾਮ ਦੇ ਸੁਆਦ ਵਿਚ ਰੱਜ ਗਏ ਹਨ, ਉਨ੍ਹਾਂ ਦੇ ਮਨ ਤਨ ਕੇਵਲ ਪ੍ਰਭੂ ਦੇ ਨਾਮ ਵਿਚ ਹੀ ਜੁੜੇ ਰਹਿੰਦੇ ਹਨ।       ਹੇ ਨਾਨਕ ਆਖ, ਕਿ ਉਠਦਿਆਂ ਬੈਠਦਿਆਂ  ਸੁਤਿਆਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਨਾ ਹੀ ਸੇਵਕਾਂ ਦਾ ਸਦਾ ਦਾ ਆਹਰ ਹੁੰਦਾ ਹੈ।6।
  ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ ਪ੍ਰਭਿ ਅਪਨੈ ਜਨ ਕੀਨੀ ਦਾਤਿ ॥
  ਕਰਹਿ ਭਗਤਿ ਆਤਮ ਕੈ ਚਾਇ ॥ ਪ੍ਰਭ ਅਪਨੇ ਸਿਉ ਰਹਹਿ ਸਮਾਇ ॥
  ਜੋ ਹੋਆ ਹੋਵਤ ਸੋ ਜਾਨੈ ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥
  ਤਿਸ ਕੀ ਮਹਿਮਾ ਕਉਨ ਬਖਾਨਉ ॥ ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥
  ਆਠ ਪਹਰ ਪ੍ਰਭ ਬਸਹਿ ਹਜੂਰੇ ॥ ਕਹੁ ਨਾਨਕ ਸੇਈ ਜਨ ਪੂਰੇ
॥7॥
   ਹੇ ਭਾਈ. ਆਪਣੀ ਜਬਾਨ ਨਾਲ ਦਿਨ ਰਾਤ ਪ੍ਰਭੂ ਦੇ ਗੁਣ ਗਾਵੋ, ਸਿਫਤ-ਸਾਲਾਹ ਦੀ ਇਹ ਬਖਸ਼ਿਸ਼ ਪ੍ਰਭੂ ਨੇ ਆਪਣੇ  ਸੇਵਕਾਂ ਤੇ ਹੀ ਕੀਤੀ ਹੈ।        ਸੇਵਕ, ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇਹਨ।          ਸੇਵਕ, ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ, ਤੇ ਜੋ ਕੁਝ ਹੋ ਰਿਹਾ ਹੈ, ਉਸ ਨੂੰ ਰਜ਼ਾ ਵਜੋਂ ਜਾਣਦਾ ਹੈ।      ਇਹੋ ਜਿਹੇ ਸੇਵਕ ਦੀ, ਮੈਂ ਕਿਹੜੀ ਵਡਿਆਈ ਦੱਸਾਂ ? ਮੈਂ ਉਸ ਸੇਵਕ ਦਾ ਇਕ ਗੁਣ ਵੀ ਬਿਆਨ ਕਰਨ ਜੋਗਾ ਨਹੀਂ।         ਹੇ ਨਾਨਕ ਆਖ, ਉਹ ਮਨੁੱਖ ਪੂਰੇ ਦਾਤੇ ਹਨ, ਜੋ ਅੱਠੋ ਪਹਰ, ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।7।
  ਮਨ ਮੇਰੇ ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ ਤਿਨ ਜਨ ਦੇਹਿ ॥
  ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥ ਸੋ ਜਨੁ ਸਰਬ ਥੋਕ ਕਾ ਦਾਤਾ ॥
  ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥
  ਅਵਰ ਸਿਆਨਪ ਸਗਲੀ ਛਾਡੁ ॥ ਤਿਸੁ ਜਨ ਕੀ ਤੂ ਸੇਵਾ ਲਾਗੁ ॥
  ਆਵਨੁ ਜਾਨੁ ਨ ਹੋਵੀ ਤੇਰਾ ॥ ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ
॥8॥17॥   
  ਹੇ ਮੇਰੇ ਮਨ, ਜੋ ਮਨੁੱਖ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵਸਦੇ ਹਨ, ਉਨ੍ਹਾਂ ਦੀ ਸਰਨੀ ਪਉ ਅਤੇ ਆਪਣਾ ਤਨ ਮਨ ਉਨ੍ਹਾਂ ਦੇ ਸਦਕੇ ਕਰ ਦੇਹ।        ਜਿਸ ਮਨੁੱਖ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ ਮਨੁੱਖ ਸਾਰੈ ਪਦਾਰਥ ਦੇਣ ਦੇ ਲਾਇਕ ਹੋ ਜਾਂਦਾ ਹੈ।  (ਗੁਰਮਤਿ ਵਿਚ ਐਸੀ ਕੋਈ ਸਕੀਮ ਨਹੀਂ ਹੈ, ਜਿਸ ਅਧੀਨ ਆਪਣੇ ਪ੍ਰਭੂ ਨੂੰ ਪਛਾਨਣ ਵਾਲਾਂ ਸਾਰੇ ਪਦਾਰਥ ਦੇਣ ਦੇ ਲਾਇਕ ਹੋ ਜਾਂਦਾ ਹੈ ?  ਇਕੋ ਹੀ ਢੰਗ ਹੈ, ਪ੍ਰਭੂ ਨੂੰ ਪਛਾਨਣ ਵਾਲਾ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਉਸ ਦੀ ਆਪਣੀ  ਅਲੱਗ ਪਛਾਣ ਨਹੀਂ ਰਹਿ ਜਾਂਦੀ, ਜਦ ਉਹ ਪ੍ਰਭੂ ਵਿਚ ਮਿਲ ਕੇ ਪ੍ਰਭੂ ਹੀ ਹੋ ਗਿਆ ਤਾਂ ਸਾਰੇ ਪਦਾਰਥ ਦੇਣ ਦੇ ਲਾਇਕ ਤਾਂ ਆਪੇ ਹੀ ਹੋ ਗਿਆ।) 
  ਹੇ ਮਨ, ਉਸ ਦੀ ਸਰਨ ਪਿਆਂ ਤੂੰ ਵੀ ਸਾਰੇ ਸੁਖ ਪਾਵੇਂਗਾ, ਉਸ ਦੇ ਦਰਸ਼ਨ ਕਰਨ ਨਾਲ ਸਾਰੇ ਪਾਪ ਦੂਰ ਕਰ ਲਵੇਂਗਾ।      ਹੋਰ ਚਤੁਰਾਈ ਛੱਡ ਦੇਹ ਤੇ ਉਸ ਸੇਵਕ ਦੀ ਸੇਵਾ ਵਿਚ ਲਗ ਜਾ।          ਹੇ ਨਾਨਕ, ਉਸ ਸੰਤ-ਜਨ ਦੇ ਸਦਾ ਪੈਰ ਪੂਜ, ਨਿਮਰਤਾ ਸਹਿਤ ਉਸ ਦੇ ਨਾਲ ਪ੍ਰਭੂ ਦੇ ਨਾਮ ਦੀ ਵਿਚਾਰ ਵਿਚ ਲੱਗ, ਫਿਰ ਤੇਰਾ ਜਗਤ ਵਿਚ ਆਉਣ ਜਾਣ ਨਹੀਂ ਹੋਵੇਗਾ।8।17।       
      (ਜਿਹੜੇ ਸਿੱਖ ਵਿਦਵਾਨ ਦਾਵਾ ਕਰਦੇ ਹਨ ਕਿ ਆਵਾ-ਗਵਣ ਸਿੱਖ ਸਿਧਾਂਤ ਦਾ ਵਿਸ਼ਾ ਨਹੀਂ ਹੈ, ਉਹ ਇਸ ਬਾਰੇ ਕੀ ਢੁੱਚਰ ਘੜਨਗੇ ?)
                     ਅਮਰ ਜੀਤ ਸਿੰਘ ਚੰਦੀ     (ਚਲਦਾ)                  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.