ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 32)
ਸੁਖਮਨੀ ਸਾਹਿਬ(ਭਾਗ 32)
Page Visitors: 1249

  ਸੁਖਮਨੀ ਸਾਹਿਬ(ਭਾਗ 32) 
  ਸਲੋਕੁ ॥
  ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥
  ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ
॥1॥
  ਨਿਰੰਕਾਰ, ਆਕਾਰ ਰਹਿਤ, ਅਕਾਲ-ਪੁਰਖ, ਸਰਗੁਣ, ਮਾਇਆ ਦੇ ਤਿੰਨਾਂ ਗੁਣਾ ਸਮੇਤ, ਜਗਤ-ਰੂਪ ਵੀ ਆਪ ਹੀ ਹੈ, ਨਿਰਗੁਨ, ਅਫੁਰ ਅਵਸਥਾ ਵਿਚ ਵੀ ਆਪ ਹੀ ਹੈ।  ਹੇ ਨਾਨਕ, ਇਹ ਸਾਰਾ ਜਗਤ, ਪ੍ਰਭੂ ਨੇ ਆਪ ਹੀ ਰਚਿਆ ਹੈ, ਤੇ ਜਗਤ ਦੇ ਜੀਵਾਂ ਵਿਚ ਬੈਠ ਕੇ, ਆਪ ਹੀ, ਆਪਣੇ ਆਪ ਨੂੰ ਯਾਦ ਕਰ ਰਿਹਾ ਹੈ।1।
ਅਸਟਪਦੀ ॥
  ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ ਪਾਪ ਪੁੰਨ ਤਬ ਕਹ ਤੇ ਹੋਤਾ ॥
  ਜਬ ਧਾਰੀ ਆਪਨ ਸੁੰਨ ਸਮਾਧਿ ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥
  ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥ 
  ਜਬ ਆਪਨ ਆਪ ਆਪਿ ਪਾਰਬ੍ਰਹਮ ॥ ਤਬ ਮੋਹ ਕਹਾ ਕਿਸੁ ਹੋਵਤ ਭਰਮ ॥
  ਆਪਨ ਖੇਲੁ ਆਪਿ ਵਰਤੀਜਾ ॥ ਨਾਨਕ ਕਰਨੈਹਾਰੁ ਨ ਦੂਜਾ
॥1॥
   ਜਦੋਂ ਜਗਤ ਦੇ ਜੀਵਾਂ ਦੀ ਅਜੇ ਕੋਈ ਸ਼ਕਲ ਹੀ ਨਹੀਂ ਸੀ, ਤਦੋਂ ਪਾਪ ਜਾਂ ਪੁੰਨ ਕਿਸ ਜੀਵ ਤੋਂ ਹੋ ਸਕਦਾ ਸੀ ?     ਜਦੋਂ ਪ੍ਰਭੂ ਨੇ ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ, ਜਦੋਂ ਆਪਣੇ-ਆਪ ਵਿਚ ਹੀ ਮਸਤ ਸੀ, ਤਦੋਂ  ਕਿਸ ਨੇ ਕਿਸ ਨਾਲ ਵੈਰ-ਵਿਰੋਧ ਕਮਾਉਣਾ ਸੀ ?        ਜਦੋਂ ਇਸ ਜਗਤ ਦਾ ਅਜੇ ਕੋਈ ਰੰਗ-ਰੂਪ ਹੀ ਨਹੀਂ ਸੀ ਤਦੋਂ ਦੱਸੋ ਖੁਸ਼ੀ ਜਾਂ ਚਿੰਤਾ ਕਿਸ ਨੂੰ ਹੋ ਸਕਦੇ ਸਨ ?      ਹੇ ਨਾਨਕ, ਆਪਣੀ ਜਗਤ ਰੂਪ ਖੇਡ, ਪ੍ਰਭੂ ਨੇ ਆਪ ਬਣਾਈ ਹੈ, ਉਸ ਤੋਂ ਬਿਨਾ, ਇਸ ਖੇਡ ਨੂੰ ਬਨਾਉਣ ਵਾਲਾ ਹੋਰ ਕੋਈ ਨਹੀਂ ਹੈ।1।
  ਜਬ ਹੋਵਤ ਪ੍ਰਭ ਕੇਵਲ ਧਨੀ ॥ ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥
  ਜਬ ਏਕਹਿ ਹਰਿ ਅਗਮ ਅਪਾਰ ॥ ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥
  ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥ ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥
  ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥ ਤਬ ਕਵਨ ਨਿਡਰੁ ਕਵਨ ਕਤ ਡਰੈ ॥
  ਆਪਨ ਚਲਿਤ ਆਪਿ ਕਰਨੈਹਾਰ ॥ ਨਾਨਕ ਠਾਕੁਰ ਅਗਮ ਅਪਾਰ
॥2॥
   ਜਦੋਂ ਮਾਲਕ ਪ੍ਰਭੂ, ਸਿਰਫ ਆਪ ਹੀ ਆਪ ਸੀ, ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ ਅਤੇ ਕਿਸ ਨੂੰ  ਮੁਕਤ ਸਮਝੀਏ ?        ਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਤੇ ਆਪ ਹੀ ਸੀ, ਤਦੋਂ ਦੱਸੋ ਨਰਕਾਂ ਵਿਚ ਆਉਣ ਵਾਲੇ ਕਿਹੜੇ ਜੀਵ ਸਨ ?        ਜਦੋਂ ਕਰਤਾਰ ਸਹਜ-ਸੁਭਾਏ, ਤ੍ਰਿਗੁਣੀ ਮਾਆਿ ਤੋਂ ਪਰੇ ਸੀ, ਅਜੇ ਮਾਇਆ ਰਚੀ ਹੀ ਨਹੀਂ ਸੀ, ਤਦੋਂ ਜੀਵ ਕਿੱਥੇ ਸਨ ਤੇ ਮਾਇਆ ਕਿੱਥੇ ਸੀ ?       ਜਦੋਂ ਪ੍ਰਭੂ ਆਪ ਹੀ ਆਪਣੀ ਜੋਤ ਜਗਾਈ ਬੈਠਾ ਸੀ, ਤਦੋਂ ਕੌਣ ਨਿਡਰ ਸੀ, ਤੇ ਕੌਣ ਕਿਸੇ ਤੋਂ ਡਰਦੇ ਸਨ ?       ਹੇ ਨਾਨਕ, ਅਕਾਲ-ਪੁਰਖ ਅਗਮ ਤੇ ਬੇਅੰਤ ਹੈ, ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ।2।
  ਅਬਿਨਾਸੀ ਸੁਖ ਆਪਨ ਆਸਨ ॥ ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥
  ਜਬ ਪੂਰਨ ਕਰਤਾ ਪ੍ਰਭੁ ਸੋਇ ॥ ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥
  ਜਬ ਅਬਿਗਤ ਅਗੋਚਰ ਪ੍ਰਭ ਏਕਾ ॥ ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥
  ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥
  ਆਪਨ ਆਪ ਆਪ ਹੀ ਅਚਰਜਾ ॥ ਨਾਨਕ ਆਪਨ ਰੂਪ ਆਪ ਹੀ ਉਪਰਜਾ
॥3॥
   ਜਦੋਂ ਅਕਾਲ-ਪੁਰਖ ਆਪਣੀ ਮੌਜ ਵਿਚ, ਆਪਣੇ ਹੀ ਸਰੂਪ ਵਿਚ ਟਿਕਿਆ ਬੈਠਾ ਸੀ, ਤਦੋਂ ਦੱਸੋ ਜੰਮਣਾ ਮਰਨਾ ਤੇ ਮੌਤ ਕਿੱਥੇ ਸਨ ?       ਜਦੋਂ ਕਰਤਾਰ, ਪੂਰਨ ਪ੍ਰਭੂ ਆਪ ਹੀ ਸੀ, ਤਦੋਂ ਦੱਸੋ, ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ ?  ਜਦੋਂ ਅਦ੍ਰਿਸਟ ਤੇ ਅਗੋਚਰ ਪ੍ਰਭੂ ਆਪ ਹੀ ਸੀ, ਤਦੋਂ ਚਿਤ੍ਰ-ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ ?      ਜਦੋਂ ਮਾਲਕ, ਮਾਇਆ ਰਹਿਤ ਅਥਾਹ ਆਪ ਹੀ ਸੀ ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ, ਤੇ ਕੌਣ ਮਾਇਆ ਦੇ ਬੰਧਨਾਂ ਵਿਚ ਬੱਝੇ ਹੋਏ ਸਨ ?       ਉਹ ਅਸਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ। ਹੇ ਨਾਨਕ, ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ।3। 
  ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥ ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥
  ਜਹ ਨਿਰੰਜਨ ਨਿਰੰਕਾਰ ਨਿਰਬਾਨ ॥ ਤਹ ਕਉਨ ਕਉ ਮਾਨ ਕਉਨ ਅਭਿਮਾਨ ॥
  ਜਹ ਸਰੂਪ ਕੇਵਲ ਜਗਦੀਸ ॥ ਤਹ ਛਲ ਛਿਦ੍ਰ ਲਗਤ ਕਹੁ ਕੀਸ ॥
  ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥ ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥
  ਕਰਨ ਕਰਾਵਨ ਕਰਨੈਹਾਰੁ ॥ ਨਾਨਕ ਕਰਤੇ ਕਾ ਨਾਹਿ ਸੁਮਾਰੁ
॥4॥
   ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ, ਓਥੇ ਉਹ ਮੈਲ ਰਹਿਤ ਸੀ, ਤਾਂ ਦਸੋ ਕਿ ਉਸ ਨੇ ਕੇਹੜੀ ਮੈਲ ਧੋਣੀ ਸੀ ?       ਜਿੱਥੇ ਮਾਇਆ-ਰਹਿਤ, ਆਕਾਰ-ਰਹਿਤ, ਤੇ ਵਾਸਨਾ-ਰਹਿਤ ਪ੍ਰਭੂ ਹੀ ਸੀ, ਓਥੇ  ਮਾਣ ਅਹੰਕਾਰ ਕਿਸ ਨੂੰ ਹੋਣਾ ਸੀ ?         ਜਿੱਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ, ਓਥੇ ਦੱਸੋ ਛਲ ਤੇ ਐਬ ਕਿਸ ਨੂੰ ਲਗ ਸਕਦੇ ਸਨ ?      ਜਦੋਂ ਜੋਤ-ਰੂਪ ਪ੍ਰਭੂ ਆਪਣੀ ਹੀ ਜੋਤ ਵਿਚ ਲੀਨ ਸੀ, ਤਦੋਂ ਕਿਸ ਨੂੰ ਮਾਇਆ ਦੀ ਭੁੱਖ ਹੋ ਸਕਦੀ ਸੀ ਤੇ ਕੌਣ ਰਜਿਆ ਹੋ ਸਕਦਾ ਸੀ ?        ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਕੋਲੋਂ ਕਰਵਾਉਣ ਵਾਲਾ ਹੈ।   ਹੇ ਨਾਨਕ ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ।4।
  ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥ ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥
  ਜਹ ਸਰਬ ਕਲਾ ਆਪਹਿ ਪਰਬੀਨ ॥ ਤਹ ਬੇਦ ਕਤੇਬ ਕਹਾ ਕੋਊ ਚੀਨ ॥
  ਜਬ ਆਪਨ ਆਪੁ ਆਪਿ ਉਰਿ ਧਾਰੈ ॥ ਤਉ ਸਗਨ ਅਪਸਗਨ ਕਹਾ ਬੀਚਾਰੈ ॥
  ਜਹ ਆਪਨ ਊਚ ਆਪਨ ਆਪਿ ਨੇਰਾ ॥ ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥
  ਬਿਸਮਨ ਬਿਸਮ ਰਹੇ ਬਿਸਮਾਦ ॥ ਨਾਨਕ ਅਪਨੀ ਗਤਿ ਜਾਨਹੁ ਆਪਿ
॥5॥
   ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ, ਜਦੋਂ ਹੋਰ ਕੋਈ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ, ਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ ?          ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ, ਤਦੋਂ ਕਿੱਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ ?  ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ, ਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ ? ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ ?     ਹੇ ਨਾਨਕ, ਪ੍ਰਭੂ ਅੱਗੇ ਅਰਦਾਸ ਕਰ ਤੇ ਆਖ, ਹੇ ਪ੍ਰਭੂ, ਤੂੰ ਆਪਣੀ ਗਤਿ ਆਪ ਹੀ ਜਾਣਦਾ ਹੈਂ, ਜੀਵ ਤੇਰੀ ਗਤਿ ਭਾਲਦੇ ਹੈਰਾਨ ਤੇ ਅਸਚਰਜ ਹੋ ਰਹੇ ਹਨ।5।       
  ਜਹ ਅਛਲ ਅਛੇਦ ਅਭੇਦ ਸਮਾਇਆ ॥ ਊਹਾ ਕਿਸਹਿ ਬਿਆਪਤ ਮਾਇਆ ॥
  ਆਪਸ ਕਉ ਆਪਹਿ ਆਦੇਸੁ ॥ ਤਿਹੁ ਗੁਣ ਕਾ ਨਾਹੀ ਪਰਵੇਸੁ ॥
  ਜਹ ਏਕਹਿ ਏਕ ਏਕ ਭਗਵੰਤਾ ॥ ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥
  ਜਹ ਆਪਨ ਆਪੁ ਆਪਿ ਪਤੀਆਰਾ ॥ ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥
  ਬਹੁ ਬੇਅੰਤ ਊਚ ਤੇ ਊਚਾ ॥ ਨਾਨਕ ਆਪਸ ਕਉ ਆਪਹਿ ਪਹੂਚਾ
॥6॥
    ਜਿਸ ਅਵਸਥਾ ਵਿਚ ਅਛੱਲ ਅਬਿਨਾਸੀ ਤੇ ਅਭੇਦ ਪ੍ਰਭੂ, ਆਪਣੇ ਆਪ ਵਿਚ ਟਿਕਿਆ ਹੋਇਆ ਹੈ,  ਓਥੇ ਕਿਸ ਨੂੰ ਮਾਇਆ ਪੋਹ ਸਕਦੀ ਹੈ ?        ਤਦ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ, ਮਾਇਆ ਦੇ  ਤਿੰਨਾਂ ਗੁਣਾਂ ਦਾ ਉਸ ਤੇ ਅਸਰ ਨਹੀਂ ਪੈਂਦਾ।          ਜਦ ਭਗਵਾਨ ਕੇਵਲ ਇਕ ਆਪ ਹੀ ਸੀ, ਤਦ ਕੌਣ ਬੇ-ਫਿਕਰ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ?         ਜਦੋਂ ਆਪਣੇ-ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ, ਤਦ ਕੌਣ ਬੋਲਦਾ ਸੀ ਤੇ ਕੌਣ ਸੁਣਨ ਵਾਲਾ ਸੀ ?       ਹੇ ਨਾਨਕ, ਪ੍ਰਭੂ ਬੜਾ ਬੇ-ਅੰਤ ਹੈ, ਸਭ ਤੋਂ ਉੱਚਾ ਹੈ, ਆਪਣੇ ਆਪ ਤਕ ਆਪ ਹੀ ਅੱਪੜਨ ਵਾਲਾ ਹੈ।6।
  ਜਹ ਆਪਿ ਰਚਿਓ ਪਰਪੰਚੁ ਅਕਾਰੁ ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥
  ਪਾਪੁ ਪੁੰਨੁ ਤਹ ਭਈ ਕਹਾਵਤ ॥ ਕੋਊ ਨਰਕ ਕੋਊ ਸੁਰਗ ਬੰਛਾਵਤ ॥
  ਆਲ ਜਾਲ ਮਾਇਆ ਜੰਜਾਲ ॥ ਹਉਮੈ ਮੋਹ ਭਰਮ ਭੈ ਭਾਰ ॥
  ਦੂਖ ਸੂਖ ਮਾਨ ਅਪਮਾਨ ॥ ਅਨਿਕ ਪ੍ਰਕਾਰ ਕੀਓ ਬਖ੍ਹਾਨ ॥
  ਆਪਨ ਖੇਲੁ ਆਪਿ ਕਰਿ ਦੇਖੈ ॥ ਖੇਲੁ ਸੰਕੋਚੈ ਤਉ ਨਾਨਕ ਏਕੈ
॥7॥
   ਜਦ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ, ਤੇ ਮਾਇਆ ਦੇ ਤਿੰਨਾਂ ਗੁਣਾਂ ਦਾ ਖਿਲਾਰਾ ਖਿਲਾਰ ਦਿੱਤਾ,     ਤਦੋਂ ਇਹ ਗੱਲ ਚਲ ਪਈ ਕਿ ਇਹ ਪਾਪ ਹੈ ਤੇ ਇਹ ਪੁੰਨ ਹੈ, ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸਵਰਗਾਂ ਦਾ  ਚਾਹਵਾਨ ਬਣਿਆ,     ਘਰਾਂ ਦੇ ਧੰਦੇ, ਮਾਇਆ ਦੇ ਬੰਧਨ, ਅਹੰਕਾਰ, ਮੋਹ, ਭੁਲੇਖੇ, ਡਰ, ਦੁੱਖ, ਸੁਖ, ਆਦਰ ਨਿਰਾਦਰੀ, ਇਹੋ ਜਿਹੀਆਂ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ।         ਹੇ ਨਾਨਕ, ਪ੍ਰਭੂ ਆਪਣਾ ਤਮਾਸ਼ਾ ਕਰ ਕੇ ਆਪ ਵੇਖ ਰਿਹਾ ਹੈ।  ਜਦੋਂ ਇਸ ਖੇਡ ਨੂੰ ਸਮੇਟਦਾ ਹੈ, ਤਾਂ ਇਕ ਆਪ ਹੀ ਆਪ ਹੋ ਜਾਂਦਾ ਹੈ।7।
  ਜਹ ਅਬਿਗਤੁ ਭਗਤੁ ਤਹ ਆਪਿ ॥ ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥
  ਦੁਹੂ ਪਾਖ ਕਾ ਆਪਹਿ ਧਨੀ ॥ ਉਨ ਕੀ ਸੋਭਾ ਉਨਹੂ ਬਨੀ ॥
  ਆਪਹਿ ਕਉਤਕ ਕਰੈ ਅਨਦ ਚੋਜ ॥ ਆਪਹਿ ਰਸ ਭੋਗਨ ਨਿਰਜੋਗ ॥
  ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥ ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥
  ਬੇਸੁਮਾਰ ਅਥਾਹ ਅਗਨਤ ਅਤੋਲੈ ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ
॥8॥21॥
   ਜਿੱਥੇ ਅਦ੍ਰਿਸ਼ਟ ਪ੍ਰਭੂ ਹੈ, ਓਥੇ ਉਸ ਦਾ ਭਗਤ ਹੈ, ਜਿੱਥੇ ਭਗਤ ਹੈ ਓਥੇ ਉਹ ਪ੍ਰਭੂ ਆਪ ਹੈ।     ਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ।       ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ, ਸੰਤ-ਜਨਾ ਦਾ ਪਰਤਾਪ ਤੇ ਮਾਇਆ ਦਾ ਪਰਭਾਵ, ਇਨ੍ਹਾਂ ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ।          ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ, ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ, ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ  ਨਿਰਲੇਪ ਹੈ।        ਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਨਾਮ ਨਾਲ ਜੋੜਦਾ ਹੈ,  ਤੇ ਜਿਸ ਨੂੰ ਚਾਹੁੰਦਾ ਹੈ,  ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ।          ਹੇ ਨਾਨਕ, ਇਉਂ ਅਰਦਾਸ ਕਰ ਤੇ ਆਖ, ਹੇ ਬੇ-ਅੰਤ, ਹੇ ਅਗਣਤ, ਹੇ ਅਡੋਲ ਪ੍ਰਭੂ, ਜਿਵੇਂ ਤੂੰ ਬੁਲਾਉਂਦਾ ਹੈਂ, ਤਿਵੇਂ ਤੇਰੇ ਦਾਸ ਬੋਲਦੇ ਹਨ।8।21।
   ਨੋਟ:-    ਇਸ ਅਸ਼ਟਪਦੀ ਵਿਚ ਇਸ ਖਿਆਲ ਦਾ ਖੰਡਣ ਕੀਤਾ ਹੈ ਕਿ ਜਗਤ ਦੀ ਰਚਨਾ, ਜੀਵਾਂ ਦੇ ਕਰਮਾਂ ਕਰ  ਕੇ ਹੋਈ, ਗੁਰ ਆਸ਼ੇ ਅਨੁਸਾਰ ਸਿਰਫ ਪਰਮਾਤਮਾ ਹੀ ਅਨਾਦੀ ਹੈ।  ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ-ਪੁਰਖ ਹੀ ਸੀ, ਤਦੋਂ ਨਾ ਕੋਈ ਜੀਵ ਸਨ, ਨਾ ਹੀ ਮਾਇਆ ਸੀ।    ਤਦੋਂ ਕਰਮਾਂ ਦਾ ਵੀ ਘਾਟਾ ਸੀ । ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ। ਕਰਮਾਂ ਦਾ, ਨਰਕ-ਸਵਰਗ ਦਾ, ਪਾਪ-ਪੁੰਨ ਦਾ ਸਿਲਸਿਲਾ ਤਦ ਸ਼ੁਰੂ ਹੋਇਆ, ਜਦੋਂ ਇਹ ਜਗਤ ਹੋਂਦ ਵਿਚ ਆ ਹੀ ਗਿਆ।     
      ਅਮਰ ਜੀਤ ਸਿੰਘ ਚੰਦੀ          (ਚਲਦਾ) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.