ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 20)
ਗੁਰੂ ਸਾਹਿਬ ਇਹ ਵੀ ਸਮਝਾਉਂਦੇ ਹਨ ਕਿ ਜਿਸ ਬੰਦੇ ਨੇ ਮਾਇਆ ਦੇ ਬੇ-ਸੁਆਦ ਰਸ ਦੀ ਅਸਲੀਅਤ ਜਾਣ ਲਈ ਹੈ, ਉਸ ਨੇ ਹੀ ਮਾਇਆ ਨੂੰ ਤਿਆਗ ਕੇ, ਆਤਮਕ ਰਸ ਮਾਣਿਆ ਹੈ, ਉਸ ਨੂੰ ਹੀ ਪ੍ਰਭੂ ਦੀ ਰਜ਼ਾ ਦਾ ਆਨੰਦ ਮਿਲ ਗਿਆ ਹੈ, ਫਿਰ ਉਸ ਨੂੰ ਮਾਇਆ ਦਾ ਰਸ ਚੰਗਾ ਨਹੀਂ ਲਗਦਾ। (35)
ਇਹ ਵੀ ਜਾਣਿਆ ਹੈ ਕਿ ਜੇ ਮਨ ਪ੍ਰਭੂ ਦੀ ਯਾਦ ਵਿਚ ਜੁੜ ਜਾਵੇ ਤਾਂ ਉਸ ਨੂੰ ਪ੍ਰਭੂ ਮਿਲ ਜਾਂਦਾ ਹੈ ਅਤੇ ਜੇ ਮਨ ਪ੍ਰਭੂ ਨਾਲ ਪਿਆਰ ਪਾ ਲਵੇ ਤਾਂ ਉਹ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। (36) ਅਤੇ
ਸਤਿ-ਸੰਗਤਿ ‘ਚ ਰਹਿ ਕੇ ਪ੍ਰਭੂ ਨੂੰ ਯਾਦ ਕੀਤਿਆਂ ਮਨ ਹਮੇਸ਼ਾ ਪ੍ਰਭੂ ਚਰਨਾਂ ਨਾਲ ਜੁੜਿਆ ਰਹਿੰਦਾ ਹੈ, ਅਤੇ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ। (37)
ਕਰਤਾਰ ਨਾਲ ਪਿਆਰ ਸਾਂਝ ਪਾਇਆਂ ਮਨ ਕਰਤਾਰ ਦਾ ਹੀ ਰੂਪ ਹੋ ਜਾਂਦਾ ਹੈ, ਅਜਿਹੀ ਮਿਲਣੀ ਬਾਰੇ ਉਸ ਮਨ ਅਤੇ ਕਰਤਾਰ ਤੋਂ ਇਲਾਵਾ ਹੋਰ ਕੋਈ ਨਹੀਂ ਜਾਣ ਸਕਦਾ। (38)
ਸੱਚੇ ਗੁਰੂ ਦੀ ਸਿਖਿਆ ਨਾਲ, ਮਨ ਹਰੀ ਵਿਚ ਪਰਚ ਜਾਂਦਾ ਹੈ ਅਤੇ ਜਦ ਅਜਿਹੇ ਮਨ ਵਿਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਵੇ ਤਾਂ ਉਸ ਹਾਲਤ ਵਿਚ ਮਨ ਨੂੰ ਹਰ ਥਾਂ ਅਤੇ ਹਰ ਜੀਵ ਵਿਚ ਰੱਬ ਹੀ ਰੱਬ ਨਜ਼ਰ ਆਉਂਦਾ ਹੈ। (39)
ਆਪਾਂ ਇਹ ਵੀ ਸਮਝਿਆ ਜੈ ਕਿ, ਜੇ ਕੋਈ ਮਨੁੱਖ ਅਕਾਲਪੁਰਖ ਦੀ ਭਾਲ ਵਿਚ ਜੁੜਦਾ ਹੈ ਤਾਂ ਉਹ ਅਕਾਲ ਦੇ ਗੁਣਾਂ ਨੂੰ ਯਾਦ ਕਰ-ਕਰ ਕੇ ਉਨ੍ਹਾਂ ਗੁਣਾਂ ਨਾਲ ਹੀ ਸਾਂਝ ਪਾਉਂਦਾ ਹੈ, ਫਿਰ ਉਹ ਸੰਸਾਰ ਸਮੁੰਦਰ ਤੋਂ ਪਾਰ ਹੁੰਦਿਆਂ ਢਿੱਲ ਨਹੀਂ ਲਾਉਂਦਾ ਅਤੇ ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। (40)
ਆਪਾਂ ਇਹ ਵੀ ਵਿਚਾਰਿਆ ਹੈ ਕਿ ਜੋ ਜੀਵ ਇਸਤਰੀ ਸੰਸਾਰ ਦੇ ਅਲਪ, ਛਿਣਕ ਸੁੱਖਾਂ ਨੂੰ ਤਿਆਗ ਕੇ ਪ੍ਰਭੂ ਪਤੀ ਦਾ ਸਦੀਵੀ ਸੁੱਖ ਪਾ ਲੈਂਦੀ ਹੈ, ਉਸ ਦੇ ਮਨ ਦੇ ਸਾਰੇ ਸੰਸੇ ਖਤਮ ਹੋ ਜਾਂਦੇ ਹਨ ਅਤੇ ਪ੍ਰਭੂ ਪਤੀ ਨਾਲ ਇਕ-ਮਿਕ ਹੋ ਜਾਦੀ ਹੈ। (41) ਅਤੇ
ਰੱਬ ਦੀ ਅਟੱਲ ਹਸਤੀ ਤੇ ਯਕੀਨ ਹੋ ਜਾਣ ਨਾਲ ਮਨ ਨੂੰ ਆਪਣੀ ਅਲੱਗ ਹਸਤੀ (ਹਉਮੈ) ਦਾ ਵਿਸ਼ਵਾਸ ਖਤਮ ਹੋ ਜਾਂਦਾ ਹੈ ਅਤੇ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। (42)
ਸਾਰੇ ਲੋਕ ਮਾਇਆ ਦੀ ਲਾਲਸਾ ਵਿਚ ਹੀ ਭਟਕਦੇ ਫਿਰਦੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਹੈ। ਪਰ ਜੋ ਜੀਵ, ਮਾਇਆ ਦੇ ਪਤੀ, ਉਸ ਨੂੰ ਬਨਾਉਣ ਵਾਲੇ ਪਰਮਾਤਮਾ ਨਾਲ ਪਿਆਰ ਪਾਉਂਦਾ ਹੈ, ਉਸ ਦੇ ਸਾਰੇ ਫਿਕਰ ਮੁੱਕ ਜਾਂਦੇ ਹਨ ਅਤੇ ਉਹ ਸਾਰੇ ਹੀ ਸੁਖ ਪਾ ਲੈਂਦਾ ਹੈ। (43)
ਮਾਇਆ ਲਈ ਖਪਦਿਆਂ, ਖਿਰਦਿਆਂ ਜੀਵ ਦੇ ਅਨੇਕਾਂ ਜਨਮ ਲੰਘ ਜਾਂਦੇ ਹਨ, ਪਰ ਉਹ ਮਾਇਆ ਦੇ ਪਤੀ ਨਾਲ ਨਹੀਂ ਜੁੜਦਾ। ਮਨੁੱਖਾ ਜਨਮ ਵਿਚ ਸੰਸਾਰ ਦੀ ਅਸਲੀਅਤ ਸਮਝ ਕੇ ਜੇ ਮਨ ਪ੍ਰਭੂ ਵਿਚ ਟਿਕ ਜਾਵੇ, ਤਾਂ ਉਹ ਆਪਣੇ ਮੂਲ ਨਾਲ ਇਕ-ਮਿਕ ਹੋ ਕੇ ਇਹ ਜੀਵਨ-ਖੇਡ ਜਿੱਤ ਸਕਦਾ ਹੈ। (44)
ਮਨੁੱਖਾ ਜਨਮ ਵਿਚ ਬੰਦੇ ਨੇ ਬਾਵਨ (52) (ਲੋੜ ਅਨੁਸਾਰ) ਅੱਖਰ, ਘੜ ਕੇ ਉਨ੍ਹਾਂ ਦੇ ਜੋੜ ਨਾਲ ਅਨੇਕਾਂ ਕਿਤਾਬਾਂ ਅਤੇ ਗ੍ਰੰਥ ਲਿਖ ਦਿੱਤੇ, ਪਰ ਇਨ੍ਹਾਂ ਅੱਖਰਾਂ ਰਾਹੀਂ ਉਹ, ਉਸ ਇਕ ਅੱਖਰ ਦੀ ਪਛਾਣ ਨਾ ਕਰ ਸਕਿਆ ਜਿਸ ਆਸਰੇ ਉਸ ਦਾ ਬੇੜਾ ਪਾਰ ਹੋਣਾ ਸੀ। ਕਬੀਰ ਜੀ ਕਹਿੰਦੇ ਹਨ ਕਿ ਸੱਚੀ ਗੱਲ ਇਹ ਹੈ ਕਿ ਗਿਆਨਵਾਨ ਬੰਦੇ ਹਮੇਸ਼ਾ ਨਿਰਭੈ, ਡਰ-ਰਹਿਤ ਰਹਿੰਦੇ ਹਨ।
ਪ੍ਰਭੂ ਨਾਲ ਜੁੜਨਾ ਅਤੇ ਪਿਆਰ ਪਾਉਣਾ ਤਾਂ ਗਿਆਨਵਾਨ ਲੋਕਾਂ ਦਾ ਵਰਤ-ਵਰਤਾਰਾ ਹੈ, ਕਿਉਂਕਿ ਗਿਆਨਵਾਨ ਲੋਕ ਹੀ ਤੱਤ ਦੀ, ਅਸਲੀਅਤ ਦੀ ਵਿਚਾਰ ਕਰਦੇ ਹਨ। ਪਰ ਕਿਸੇ ਬੰਦੇ ਦੇ ਵੱਸ ਦੀ ਕੀ ਗੱਲ ਹੈ ? ਬੰਦੇ ਦੇ ਵੱਸ ਦੀ ਗੱਲ ਨਹੀਂ ਹੈ, ਪ੍ਰਭੂ ਨੇ ਉਸ ਨੂੰ ਜੈਸੀ ਮੱਤ ਦਿੱਤੀ ਹੈ, ਉਹ ਆਪਣੀ ਮੱਤ ਅਨੁਸਾਰ ਹੀ ਉਸ ਇਕ ਅੱਖਰ ਨੂੰ ਸਮਝੇਗਾ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 20)
Page Visitors: 44